ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਵਿੱਚ ਲੱਗਾ ਪੰਜਾਬ ਦਾ ਪਹਿਲਾਂ ‘ਈ-ਟੁਆਇਲਟਸ’ ਯੂਨਿਟ

ss1

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਵਿੱਚ ਲੱਗਾ ਪੰਜਾਬ ਦਾ ਪਹਿਲਾਂ ‘ਈ-ਟੁਆਇਲਟਸ’ ਯੂਨਿਟ

ਲੁਧਿਆਣਾ (ਪ੍ਰੀਤੀ ਸ਼ਰਮਾ) ਸਥਾਨਕ ਜਮਾਲਪੁਰ ਵਿਖੇ ਚੱਲ ਰਹੇ ਬਲਾਂਈਂਡ ਬੱਚਿਆਂ ਲਈ ਵਿਸ਼ੇਸ਼ ਸਕੂਲ ਦੇ ਵਿਦਿਆਰਥੀਆਂ ਨੂੰ ਤੋਹਫ਼ਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਇਥੇ ‘ਈ-ਟੁਆਇਲਟਸ’ ਯੂਨਿਟ ਦਾ ਉਦਘਾਟਨ ਕੀਤਾ। ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਲੱਗਣ ਵਾਲਾ ਇਹ ਪਹਿਲਾ ਯੂਨਿਟ ਹੈ, ਜੋ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਕਰੀਬ ਸਾਢੇ 6 ਲੱਖ ਰੁਪਏ ਦੀ ਲਾਗਤ ਨਾਲ ਲਗਵਾਇਆ ਗਿਆ ਹੈ। ਇਹ ਯੂਨਿਟ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਨਿੱਤ ਦਿਨ ਦੀ ਕਿਰਿਆ ਸੋਧਣ ਵੇਲੇ ਆਉਂਦੀ ਸਮੱਸਿਆ ਨੂੰ ਖ਼ਤਮ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ, ਓਸਵਾਲ ਗਰੁੱਪ ਤੋਂ ਸ੍ਰੀ ਨਵਦੀਪ ਸ਼ਰਮਾ ਤੇ ਸ੍ਰੀ ਵਿਵੇਕ ਨਾਇਰ, ਉੱਪ ਅੰਕੜਾ ਸਲਾਹਕਾਰ ਸ੍ਰ. ਚਰਨਜੀਤ ਸਿੰਘ, ਕਾਰਜਕਾਰੀ ਇੰਜੀਨੀਅਰ ਸ੍ਰ. ਜਸਵਿੰਦਰ ਸਿੰਘ ਚਾਹਲ, ਸਕੂਲ ਪ੍ਰਿੰਸੀਪਲ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਯੂਨਿਟ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ੍ਰੀ ਭਗਤ ਨੇ ਦੱਸਿਆ ਕਿ ਦੋ ਕੁ ਮਹੀਨੇ ਪਹਿਲਾਂ ਸਕੂਲ ਦਾ ਦੌਰਾ ਕਰਨ ਮੌਕੇ ਉਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਨਾਰਮਲ ਪਖ਼ਾਨਾ ਵਰਤਣ ਵਿੱਚ ਬਹੁਤ ਸਮੱਸਿਆ ਪੇਸ਼ ਆਉਂਦੀ ਹੈ ਅਤੇ ਇਥੇ ਵਧੀਆ ਪਖ਼ਾਨਿਆਂ ਦੀ ਬਹੁਤ ਲੋੜ ਹੈ। ਇਸ ਲੋੜ ਨੂੰ ਪ੍ਰਮੁੱਖਤਾ ਦਿੰਦਿਆਂ ਇਥੇ ਦੱਖਣ ਭਾਰਤ, ਦਿੱਲੀ ਅਤੇ ਮੁੰਬਈ ਦੀ ਤਰਜ਼ ‘ਤੇ ‘ਈ-ਟੁਆਇਲਟਸ’ ਸਥਾਪਤ ਕਰਨ ਦਾ ਨਿਰਣਾ ਕੀਤਾ ਗਿਆ ਸੀ। ਕਰੀਬ ਡੇਢ ਮਹੀਨੇ ਦੇ ਲਗਾਤਾਰ ਸਿਵਲ ਵਰਕ ਨਾਲ ਇਹ ਕੰਮ ਮੁਕੰਮਲ ਕਰ ਲਿਆ ਗਿਆ ਹੈ। ਸ੍ਰੀ ਭਗਤ ਨੇ ਦੱਸਿਆ ਕਿ ਇਹ ਟੁਆਇਲਟਸ ਵਾਤਾਵਰਣ ਅਨਕੂਲ ਅਤੇ ਸੈਂਸਰ ਅਧਾਰਿਤ ਸਵੈਚਾਲਤ (ਆਟੋਮੈਟਿਕ) ਹਨ। ਇਨਾਂ ਪਖ਼ਾਨਿਆਂ ਵਿੱਚ ਇੱਕ ਵਾਰ ਵਰਤਿਆ ਜਾਣ ਵਾਲਾ ਪਾਣੀ ਮੁੜ ਵੀ ਵਰਤਿਆ ਜਾ ਸਕਦਾ ਹੈ। ਵਰਤੋਂ ਕਰਨ ਉਪਰੰਤ ਇਨਾਂ ਪਖ਼ਾਨਿਆਂ ਵਿੱਚੋਂ ਬਦਬੂ (ਸਮੈੱਲ) ਵੀ ਨਹੀਂ ਆਉਂਦੀ। ਇਸ ਤੋਂ ਇਲਾਵਾ ਇਨਾਂ ਪਖ਼ਾਨਿਆਂ ਨੂੰ ਆਸਾਨੀ ਨਾਲ ਕਿਸੇ ਹੋਰ ਢੁੱਕਵੀਂ ਜਗਾ ‘ਤੇ ਤਬਦੀਲ (ਸ਼ਿਫਟ) ਵੀ ਕੀਤਾ ਜਾ ਸਕਦਾ ਹੈ। ਇਨਾਂ ਪਖ਼ਾਨਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਅਤੇ ਬਾਅਦ ਪਖ਼ਾਨਿਆਂ ਦੀ ਆਪਣੇ ਆਪ ਸਫ਼ਾਈ ਹੋ ਜਾਇਆ ਕਰੇਗੀ। ਜਦਕਿ 10 ਬੱਚਿਆਂ ਵੱਲੋਂ ਵਰਤੋਂ ਕਰਨ ਉਪਰੰਤ ਪਖ਼ਾਨੇ ਆਪਣੇ ਆਪ ਧੋਤੇ ਜਾਇਆ ਕਰਨਗੇ। ਉਨਾਂ ਕਿਹਾ ਕਿ ਇਹ ਆਪਣੇ ਤਰਾਂ ਦਾ ਪਹਿਲਾ ਯੂਨਿਟ ਹੈ, ਜੋ ਕਿ ਪੰਜਾਬ ਵਿੱਚ ਸਥਾਪਤ ਕੀਤਾ ਗਿਆ ਹੈ। ਜਲਦ ਹੀ ਅਜਿਹੇ ਪਖ਼ਾਨਿਆਂ ਦੀ ਸਥਾਪਨਾ ਜ਼ਿਲੇ ਦੇ ਹੋਰ ਹਿੱਸਿਆਂ ਵਿੱਚ ਵੀ ਕੀਤੀ ਜਾਵੇਗੀ। ਇਸ ਮੌਕੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਸ੍ਰੀ ਭਗਤ ਨੇ ਕਿਹਾ ਕਿ ਉਨਾਂ ਨੂੰ ਇਸ ਸਕੂਲ ਅਤੇ ਬੱਚਿਆਂ ਨਾਲ ਬਹੁਤ ਲਗਾਓ ਹੈ, ਇਸੇ ਕਾਰਨ ਉਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨਾਂ ਦੀ ਕਿਸੇ ਵੀ ਲੋੜ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ ਅਤੇ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਅਤੇ ਜ਼ਿਲਾ ਪ੍ਰਸਾਸ਼ਨ ਇਸ ਸਕੂਲ ਦੀ ਬੇਹਤਰੀ ਲਈ ਇਸੇ ਤਰਾਂ ਯਤਨ ਕਰਦੇ ਰਹਿਣਗੇ। ਇਸ ਮੌਕੇ ਬੱਚਿਆਂ ਨੂੰ ਲੱਡੂ ਅਤੇ ਹੋਰ ਖਾਣ ਪੀਣ ਦਾ ਸਮਾਨ ਵੀ ਵੰਡਿਆ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਨੂੰ 10ਵੀਂ ਤੋਂ 12ਵੀਂ ਜਮਾਤ ਤੱਕ ਅਪਗ੍ਰੇਡ ਕਰ ਦਿੱਤਾ ਗਿਆ ਹੈ, ਜਿਸ ਲਈ ਲੋੜੀਂਦੀ ਇਮਾਰਤ ਉਸਾਰਨ ਅਤੇ ਸਟਾਫ਼ ਦੀ ਭਰਤੀ ਪ੍ਰਕਿਰਿਆ ਚਾਲੂ ਹੈ। ਸ਼ੁਰੂਆਤੀ ਗੇੜ ਵਿੱਚ ਸਕੂਲ ਦੀ ਕਾਇਆ ਕਲਪ ਕਰਨ ਲਈ ਨਾਹਰ ਗਰੁੱਪ ਆਫ਼ ਕੰਪਨੀਜ਼ ਵੱਲੋਂ ਚਲਾਈ ਜਾ ਰਹੀ ‘ਓਸਵਾਲ ਫਾਊਂਡੇਸ਼ਨ’ ਵੱਲੋਂ ਕਰੀਬ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੀ ਇਮਾਰਤ ਤਿਆਰ ਕੀਤੀ ਜਾ ਰਹੀ ਹੈ। ਇਹ ਇਮਾਰਤ ਕੋਈ ਆਮ ਇਮਾਰਤ ਨਹੀਂ ਹੋਵੇਗੀ, ਸਗੋਂ ਇਸ ਦੀਆਂ ਦੀਵਾਰਾਂ ਵਿੱਚ ਅਲੱਗ-ਅਲੱਗ ਜਗਾ ‘ਤੇ ਸੈਂਸਰ ਲਗਾਏ ਜਾਣਗੇ, ਜੋ ਕਿ ਅੱਖਾਂ ਦੀ ਰੌਸ਼ਨੀ ਤੋਂ ਸੱਖਣੇ ਬੱਚਿਆਂ ਨੂੰ ਦਿਸ਼ਾ ਅਗਵਾਈ ਦੇਣ ਵਿੱਚ ਸਹਾਈ ਸਿੱਧ ਹੋਣਗੇ। ਇਹ ਇਮਾਰਤ ਅਗਲੇ ਵਿਦਿਅਕ ਸੈਸ਼ਨ ਤੋਂ ਪਹਿਲਾਂ-ਪਹਿਲਾਂ ਤਿਆਰ ਹੋ ਜਾਣ ਦੀ ਸੰਭਾਵਨਾ ਹੈ, ਜਿਸ ਉਪਰੰਤ ਇਥੇ 11ਵੀਂ ਅਤੇ 12ਵੀਂ ਜਮਾਤ ਦੀ ਪੜਾਈ ਸ਼ੁਰੂ ਹੋ ਜਾਵੇਗੀ।

Share Button

Leave a Reply

Your email address will not be published. Required fields are marked *