Thu. Oct 17th, 2019

ਵਿਸ਼ੇਸ਼ 21 ਜੂਨ, ਕੌਮਾਂਤਰੀ ਯੋਗ ਦਿਵਸ ‘ਤੇ: ਕਰੋ ਯੋਗ ਤੇ ਰਹੋ ਨਿਰੋਗ

ਵਿਸ਼ੇਸ਼ 21 ਜੂਨ, ਕੌਮਾਂਤਰੀ ਯੋਗ ਦਿਵਸ ‘ਤੇ: ਕਰੋ ਯੋਗ ਤੇ ਰਹੋ ਨਿਰੋਗ

 

ਪ੍ਰਵੀਨ ਕੁਮਾਰ ਥਿੰਦ

ਅਕਸਰ ਯੋਗਾ ਅਚਾਰੀਆ ਇਸ ਗੱਲ ਵਿੱਚ ਯਕੀਨ ਰੱਖਦੇ ਹਨ ਕਿ ਹਰ ਯੋਗ ਕਰਨ ਵਾਲ਼ਾ ਵਿਆਕਤੀ ਸਿਹਤਮੰਦ ਰਹਿੰਦਾ ਹੈ ਭਾਵ ਉਸ ਦਾ ਸਰੀਰ ਰੋਗਾਂ ਤੋਂ ਮੁਕਤ ਹੋ ਕਿ ਨਿਰੋਗ ਹੋ ਜਾਂਦਾ ਹੈ। ਇਹ ਲੋਕਾਂ ਦੀ ਅਜਮਾਈ ਹੋਈ ਵਿਧੀ ਹੈ। ਇਸੇ ਦੇ ਪ੍ਰਭਾਵ ਕਰਕੇ ਅੱਜ ਭਾਰਤੀ ਯੋਗ ਪੱਧਤੀ ਨੂੰ ਪੂਰੇ ਵਿਸ਼ਵ ਅੰਦਰ ਮਾਨਤਾ ਮਿੱਲ ਚੁੱਕੀ ਹੈ। ਇਸੇ ਲਈ 21 ਜੂਨ ਨੂੰ ਕੌਮਾਂਤਰੀ ਪੱਧਰ ‘ਤੇ ਯੋਗਾ ਕੈਂਪ ਲਗਾਏ ਜਾਂਦੇ ਹਨ। ਭਾਰਤ ਵਿੱਚ ਇਸ ਦਿਨ ਨੂੰ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਅੰਦਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ, ਗੈਰ-ਸਰਕਾਰੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਤੋਂ ਇਲਾਵਾ ਭਾਰਤ ਦੇ ਪ੍ਰਧਾਨ-ਮੰਤਰੀ ਤੇ ਹੋਰ ਮੰਤਰੀ ਵੀ ਯੋਗਾ ਕੈਂਪ ਵਿੱਚ ਸ਼ਿਰਕਤ ਕਰਦੇ ਹਨ।
ਇਸ ਯੋਗਾ ਕੈਂਪ ਨੂੰ ਸਿਹਤਵਰਧਕ ਬਣਾਉਣ ਲਈ ਜਰੂਰੀ ਹੈ ਕਿ ਇਸ ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਕਿਸੇ ਤਜ਼ਰਬੇਕਾਰ ਤੇ ਮਾਹਿਰ ਅਧਿਆਪਕ ਦੀ ਦੇਖ-ਰੇਖ ਅਧੀਨ ਹੀ ਕਰੀਏ। ਪਰੰਤੂ ਅਜਿਹਾ ਹਰ ਕੈਂਪ ਵਿੱਚ ਦੇਖਣ ਨੂੰ ਨਹੀਂ ਮਿਲਦਾ। ਜਿੱਥੇ ਸਹੀ ਤਰੀਕੇ ਨਾਲ਼ ਕੀਤਾ ਯੋਗ ਸਰੀਰ ਨੂੰ ਨਿਰੋਗ ਬਣਾਉਂਦਾ ਹੈ ਉੱਥੇ ਨਾਲ਼ ਯੋਗ ਦੀਆਂ ਗ਼ਲਤ ਵਿਧੀਆਂ ਮਨੁੱਖੀ ਸਰੀਰ ਨੂੰ ਹਾਨੀ ਵੀ ਪਹੁੰਚਾਉਂਦੀਆਂ ਹਨ। ਅਜਿਹਾ ਕਰਨ ਨਾਲ਼ ਸਰੀਰ ਦੇ ਕਈ ਅੰਗਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਜਾਂ ਇੰਝ ਕਹਿ ਲਵੋ ਕਿ ਨੀਮ ਹਕੀਮ ਖਤਰਾ ਜਾਨ ਵਾਲ਼ੀ ਗੱਲ ਹੋ ਜਾਂਦੀ ਹੈ।ਸੋ ਸਾਨੂੰ ਯੋਗ ਕਰਨ ਤੋਂ ਪਹਿਲਾਂ ਉਸ ਨਾਲ਼ ਸਬੰਧਿਤ ਸਾਵਧਾਨੀਆਂ ਬਾਰੇ ਜਰੂਰ ਅਵਗਤ ਹੋਣਾ ਚਾਹੀਦਾ ਹੈ ਤਾਂ ਜੋ ਹਰ ਪ੍ਰਾਣੀ ਇਸ ਦਾ ਲਾਭ ਲੈ ਸਕੇ।
ਯੋਗ ਕਰਨ ਦੀਆਂ ਜਰੂਰੀ ਹਦਾਇਤਾਂ ਵਿੱਚ ਇਹ ਗੱਲ ਵਿਚਾਰਨ ਯੋਗ ਹੈ ਕਿ ਜਿਸ ਵੀ ਕਿਸੇ ਵਿਆਕਤੀ ਨੂੰ ਸਾਹ ਦੀ ਬਿਮਾਰੀ, ਦਿਲ ਦੇ ਰੋਗ, ਹਰਨੀਆਂ, ਲੀਵਰ ਦੀ ਬਿਮਾਰੀ, ਰੀੜ ਦੀ ਹੱਡੀ ਦੀ ਸਮੱਸਿਆ, ਗੁਰਦੇ ਦੀ ਬਿਮਾਰੀ, ਸ਼ੂਗਰ, ਘੱਟ ਜਾਂ ਜਿਆਦਾ ਬਲੱਡ ਪ੍ਰੈਸ਼ਰ, ਖੂਨ ਦੀ ਕਮੀ, ਗਰਭਵਤੀ ਔਰਤਾਂ ਜਾਂ ਕੋਈ ਵੱਡਾ ਅਪ੍ਰੇਸ਼ਨ ਹੋਣ ਦੀ ਸੂਰਤ ਵਿੱਚ ਆਪਣੇ ਡਾਕਟਰ ਜਾਂ ਯੋਗਾ ਅਚਾਰੀਆ ਦੀ ਸਲਾਹ ਤੋਂ ਬਿਨਾ ਕੋਈ ਵੀ ਯੋਗ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ‘ਤੇ ਸਰੀਰ ਨੂੰ ਕੋਈ ਵਿਕਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਛੋਟੇ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਲਿਹਾਜ਼ ਨਾਲ਼ ਹੀ ਯੋਗ ਕਿਰਿਆਵਾਂ ਕਰਵਾਉਣੀਆਂ ਚਾਹੀਦੀਆਂ ਹਨ।
ਅੱਜ ਸਿਰਫ਼ ਭਾਰਤੀ ਹੀ ਨਹੀਂ ਬਲਕਿ ਸੰਸਾਰ ਦੇ ਕਈ ਦੇਸ਼ ਇਸ ਦਾ ਲਾਭ ਲੈ ਰਹੇ ਹਨ। ਦੇਖਣ ਵਿੱਚ ਆ ਰਿਹਾ ਹੈ ਕਿ ਬਿਮਾਰ ਲੋਕ ਡਾਕਟਰੀ ਸਿਹਤ ਸਹੂਲਤਾਂ ਦੇ ਨਾਲ਼-ਨਾਲ਼ ਯੋਗ ਕਰਕੇ ਆਪਣੇ ਆਪ ਨੂੰ ਰਿਸ਼ਟ-ਪੁਸ਼ਟ ਕਰ ਰਹੇ ਹਨ। ਕੈਂਸਰ, ਗੁਰਦੇ ਫੇਲ, ਦਿਲ ਦੇ ਰੋਗ, ਸਰਵਾਇਕਲ, ਥਾਈਰਾਇਡ, ਅੱਖਾਂ ਦੀਆਂ ਬਿਮਾਰੀਆਂ, ਬੀ.ਪੀ., ਸ਼ੂਗਰ, ਅਨੀਂਦਰਾ, ਡਿਪਰੈਸ਼ਨ, ਮੁਟਾਪਾ ਆਦਿ ਬਿਮਾਰੀਆਂ ਨੂੰ ਠੀਕ ਕਰਨ ਲਈ ਯੋਗ ਦਾ ਸਹਾਰਾ ਲੈ ਰਹੇ ਨੇ। ਕੁੱਝ ਇੱਕ ਬਿਮਾਰੀਆਂ ਲਈ ਤਾਂ ਯੋਗ ਇਨਾਂ ਕਾਰਗਰ ਹੈ ਕਿ ਹੁਣੇ ਕਰੋ ਹੁਣੇ ਪਾਓ ਵਾਲ਼ਾ ਸਿਧਾਂਤ ਲਾਗੂ ਕਰਦਾ ਹੈ। ਜੇਕਰ ਯੋਗ ਨੂੰ ਕੁੱਝ ਸਾਵਧਾਨੀਆਂ ਨਾਲ਼ ਕੀਤਾ ਜਾਵੇ ਤਾਂ ਇਸ ਦੇ ਜ਼ਰੂਰ ਹੀ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਦੇ ਨਾਲ਼ ਅਸੀਂ ਆਪਣੇ ਸਰੀਰ ਨੂੰ ਸਿਹਤਮੰਦ ਬਣਾ ਸਕਦੇ ਹਾਂ। ਇਸ ਦੀ ਵਰਤੋਂ ਸਿਰਫ ਇੱਕ ਦਿਨ ਕਰਨ ਨਾਲ਼ ਅਰਾਮ ਨਹੀਂ ਆਉਂਦਾ ਬਲਕਿ ਰੋਜ਼ ਮਰਹਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਪਵੇਗਾ। ਤਾਂ ਹੀ ਅਸੀਂ ਇਸਦਾ ਲਾਹਾ ਲੈ ਸਕਦੇ ਹਾਂ। ਆਓ ਸਾਰੇ 21 ਜੂਨ ਜਾਨੀ ਕਿ ਕੌਮਾਂਤਰੀ ਯੋਗ ਦਿਵਸ ਵਾਲ਼ੇ ਦਿਨ ਆਪਣੇ ਆਪ ਨੂੰ ਯੋਗ ਨਾਲ਼ ਜੋੜੀਏ ਤੇ ਸਿਹਤ ਨੂੰ ਨਿਰੋਗ ਬਣਾਈਏ।

ਪ੍ਰਵੀਨ ਕੁਮਾਰ ਥਿੰਦ
ਮਕਸੂਦਾਂ, ਜਲੰਧਰ-8
9815460451

Leave a Reply

Your email address will not be published. Required fields are marked *

%d bloggers like this: