ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਚੌਥੀ ਵਾਰ ਹੋਇਆ ਮੁਲਤਵੀ!

ss1

ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਚੌਥੀ ਵਾਰ ਹੋਇਆ ਮੁਲਤਵੀ!

ਅੰਮ੍ਰਿਤਸਰ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਕਰਵਾਇਆ ਜਾਣ ਵਾਲਾ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਚੌਥੀ ਵਾਰ ਮੁਲਤਵੀ ਹੋ ਗਿਆ ਹੈ। ਹੁਣ ਇਹ ਸੰਮੇਲਨ ਇਸ ਮਹੀਨੇ ਦੀ 25-26 ਤਾਰੀਖ ਦੀ ਥਾਂ 25-26 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਕੀਤਾ ਜਾਵੇਗਾ।

  ਇਸ ਸੰਮੇਲਨ ਨੂੰ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਪਿਛਲੇ ਸਾਲ 24-24 ਅਕਤੂਬਰ ਦੀ ਤਾਰੀਖ ਤੈਅ ਕੀਤੀ ਗਈ ਸੀ ਪਰ ਪੰਜਾਬ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਕਾਂਡ ਤੋਂ ਬਾਅਦ ਇਸ ਸੰਮੇਲਨ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਸ ਸੰਮੇਲਨ ਲਈ 5-6ਫ਼ਰਵਰੀ ਦਾ ਐਲਾਨ ਕੀਤਾ ਗਿਆ ਪਰ ਪੰਥਕ ਹਾਲਾਤਾਂ ਨੂੰ ਦੇਖਦਿਆਂ ਹੋਈਆਂ ਇਸ ਨੂੰ ਫਿਰ ਟਾਲ ਦਿੱਤਾ ਗਿਆ ਅਤੇ 24-26 ਜੂਨ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ। 25 ਜੂਨ ਤੋਂ ਠੀਕ 13 ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਸ ਸੰਮੇਲਨ ਨੂੰ ਫਿਰ ਟਾਲ ਦਿੱਤਾ ਹੈ।

  ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਅੱਗੇ ਪਾਉਣ ਪਿੱਛੇ ਇਹ ਕਾਰਨ ਦੱਸਿਆ ਗਿਆ ਹੈ ਕਿ ਕਮੇਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਵੱਖ-ਵੱਖ ਦੇਸ਼ਾਂ ਅਮਰੀਕਾ, ਇੰਗਲੈਂਡ, ਕੈਨੇਡਾ, ਜਰਮਨੀ, ਆਸਟ੍ਰੇਲੀਆ ਅਤੇ ਪਾਕਿਸਤਾਨ ਆਦਿ ਤੋਂ ਪੰਜਾਬੀ ਭਾਸ਼ਾ ਦੇ ਮਾਹਰ ਵਿਦਵਾਨਾਂ ਅਤੇ ਪੰਜਾਬੀ ਪਿਆਰਿਆਂ ਨੂੰ 25-26 ਜੂਨ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਵਿੱਚ ਸੱਦਾ ਦਿੱਤਾ ਗਿਆ ਸੀ, ਪਰ ਗਵਾਂਢੀ ਦੇਸ਼ ਪਾਕਿਸਤਾਨ ਤੋਂ ਜਨਾਬ ਫਖਰ ਜਮਾਨ ਦੀ ਅਗਵਾਈ ਵਿੱਚ ਆਉਣ ਵਾਲੇ ਪੰਜਾਬੀ ਭਾਸ਼ਾ ਮਾਹਿਰਾਂ ਦਾ ਉਕਤ ਤਾਰੀਖ਼ ਨੂੰ ਸ੍ਰੀ ਅਨੰਦਪੁਰ ਸਾਹਿਬ ਆਉਣ ਲਈ ਵੀਜਾ ਨਹੀਂ ਲੱਗ ਸਕਿਆ।

  ਦੂਸਰਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਦੀ ਯਾਦ ‘ਚ ਚੱਪੜਚਿੜੀ ਵਿਖੇ ੨੬ ਜੂਨ ਨੂੰ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਹੀ ਸ਼੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰਕ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਦੀਆਂ ਸਮੇਂ-ਸਮੇਂ ਵੱਖ-ਵੱਖ ਸਥਾਨਾ ਤੇ ਹੋ ਰਹੇ ਸਮਾਗਮਾਂ ਵਿੱਚ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਤੇ ਇਸ ਦੇ ਇਲਾਵਾ ਅੱਤ ਦੀ ਗਰਮੀ ਕਾਰਣ ਵੀ ਫਿਲਹਾਲ ਇਹ ਸਮਾਗਮ ਅੱਗੇ ਪਾ ਦਿੱਤਾ ਗਿਆ ਹੈ।

  ਹੁਣ ਇਹ ਸਮਾਗਮ 25-26 ਸਤੰਬਰ ਨੂੰ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਵਿਖੇ ਹੀ ਕਰਵਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਜਲਦੀ ਹੀ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਵਾਲੀਆ ਹਸਤੀਆ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *