ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਵਿਸ਼ਣੂ ਪ੍ਰਭਾਕਰ : ਲੇਖਕ ਬਣਨ ਦੀ ਰੌਚਕ ਗਾਥਾ

ਵਿਸ਼ਣੂ ਪ੍ਰਭਾਕਰ : ਲੇਖਕ ਬਣਨ ਦੀ ਰੌਚਕ ਗਾਥਾ

ਹਿੰਦੀ ਭਾਸ਼ਾ ਦੇ ਸੁਪਰਿਚਿਤ ਲੇਖਕ ਵਿਸ਼ਣੂ ਪ੍ਰਭਾਕਰ ਦੀ ਜੀਵਨ- ਕਥਾ ਸਹਿਜ ਕਦਮਾਂ ਨਾਲ ਵਧਦੇ ਹੋਏ ਇੱਕ ਸੰਵੇਦਨਸ਼ੀਲ ਮਨੁੱਖ ਦੀ ਗੁੰਮਨਾਮ ਘਾਟੀਆਂ ਤੋਂ ਉੱਚੀ ਚੋਟੀ ਤੱਕ ਪਹੁੰਚਣ ਦੀ ਹੈਰਾਨਕੁੰਨ ਕਹਾਣੀ ਹੈ ਤੇ ਉੱਨੀ ਹੀ ਰੌਚਕ ਹੈ ਉਨ੍ਹਾਂ ਦੀ ਲੇਖਕ ਬਣਨ ਦੀ ਗਾਥਾ। ਉਨ੍ਹਾਂ ਦਾ ਜਨਮ 21ਜੂਨ1912 ਈ. ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਇੱਕ ਪਿੰਡ ਮੀਰਾਪੁਰ ਵਿੱਚ ਹੋਇਆ ਸੀ। ਇਸ ਛੋਟੇ ਜਿਹੇ ਪਿੰਡ ਅਤੇ ਇਸ ਦੀਆਂ ਸੁੰਦਰ ਸਾਂਸਕ੍ਰਿਤਕ ਪਰੰਪਰਾਵਾਂ ਬਾਰੇ ਉਨ੍ਹਾਂ ਨੇ ਖੁਦ ਆਪਣੀ ਸਵੈਜੀਵਨੀ ਦੇ ਪਹਿਲੇ ਭਾਗ ‘ਪੰਖਹੀਨ’ ਵਿੱਚ ਵਿਸਥਾਰ ਸਹਿਤ ਲਿਖਿਆ ਹੈ।

ਉਨ੍ਹਾਂ ਦੇ ਪਿੰਡ ਵਿੱਚ ਵੱਖ- ਵੱਖ ਜਾਤਾਂ ਦੇ ਲੋਕ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨਾਲ ਰਹਿੰਦੇ ਸਨ। ਦੂਰ-ਦੂਰ ਤੱਕ ਫਿਰਕੂਪੁਣੇ ਦੀ ਬੂ ਤੱਕ ਨਹੀਂ ਸੀ। ਈਦ ਹੋਵੇ ਜਾਂ ਦੀਵਾਲੀ- ਸਾਰੇ ਲੋਕ ਮਿਲਜੁਲ ਕੇ ਹਰ ਤਿਉਹਾਰ ਮਨਾਉਂਦੇ ਸਨ। ਈਦ ਹੁੰਦੀ ਤਾਂ ਹਿੰਦੂ ਲੋਕ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਖਾਸ ਤੌਰ ਤੇ ਦੁੱਧ ਭੇਟਾ ਕਰਦੇ ਸਨ ਤਾਂ ਕਿ ਉਹ ਚੰਗੀ ਤਰ੍ਹਾਂ ਸੇਵੀਆਂ ਬਣਾ ਸਕਣ।ਮੁਹੱਰਮ ਦੇ ਮੌਕੇ ਤੇ ਜਦੋਂ ਤਾਜੀਏ ਨਿਕਲਦੇ ਸਨ ਤਾਂ ਹਿੰਦੂ ਭੇਟਾ ਚੜਾ ਕੇ ਪੂਜਾ ਕਰਦੇ ਸਨ।
ਵਿਸ਼ਣੂ ਪ੍ਰਭਾਕਰ ਦੇ ਨਾਂ ਦਾ ਵੀ ਅਜੀਬ ਕਿੱਸਾ ਹੈ। ਬਚਪਨ ਵਿੱਚ ਉਨ੍ਹਾਂ ਦਾ ਨਾਂ ਤਾਂ ਵਿਸ਼ਣੂ ਹੀ ਸੀ, ਪਰ ਘਰ- ਪਰਿਵਾਰ ਜਾਂ ਪਿੰਡ ਵਾਲੇ ਕਦੇ ਵਿਸ਼ਣੂ ਸਿੰਹ ਤੇ ਕਦੇ ਵਿਸ਼ਣੂ ਦਿਆਲ ਕਹਿ ਕੇ ਬੁਲਾਉਂਦੇ ਸਨ। ਕੁਝ ਹੋਰ ਵੱਡੇ ਹੋਏ, ਤਾਂ ਬਾਰਾਂ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਮੇ ਕੋਲ ਹਿਸਾਰ ਆ ਗਏ। ਇੱਥੇ ਆਰੀਆ ਸਮਾਜੀ ਸਕੂਲ ਵਿੱਚ ਦਾਖਲਾ ਲਿਆ, ਤਾਂ ਨਾਂ ਵਿਸ਼ਣੂ ਗੁਪਤ ਲਿਖਾ ਦਿੱਤਾ ਗਿਆ ਅਤੇ ਇਸੇ ਨਾਂ ਹੇਠ ਦਸਵੀਂ ਪਾਸ ਕੀਤੀ। ਅੱਗੇ ਚੱਲ ਕੇ ਸਰਕਾਰੀ ਨੌਕਰੀ ਮਿਲੀ, ਤਾਂ ਉਹ ਵਿਸ਼ਣੂ ਗੁਪਤ ਤੋਂ ਵਿਸ਼ਣੂ ਦੱਤ ਹੋ ਗਏ।

ਵਿਸ਼ਣੂ ਜੀ ਨੇ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਉਹ ਇੱਕ ਸਰਕਾਰੀ ਨੌਕਰੀ ਵਿੱਚ ਸਨ। ਇਸ ਲਈ ਉਨ੍ਹਾਂ ਨੇ ‘ਪ੍ਰੇਮ ਬੰਧੂ’ ਉਪਨਾਮ ਹੇਠ ਲਿਖਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀਆਂ ਮੁੱਢਲੀਆਂ ਲਿਖਤਾਂ ਇਸੇ ਨਾਂ ਹੇਠ ਛਪੀਆਂ। ਕੁਝ ਵਰ੍ਹਿਆਂ ਤੱਕ ਇਹੋ ਨਾਂ ਚੱਲਿਆ। ਫਿਰ ਉਨ੍ਹਾਂ ਨੇ ਆਪਣੇ ਨਾਂ ਹੇਠ ਲਿਖਣਾ ਸ਼ੁਰੂ ਕੀਤਾ। ਪਰ ਉਹ ਸਿਰਫ ਵਿਸ਼ਣੂ ਨਾਂ ਹੇਠ ਲਿਖਦੇ ਸਨ। ਆਪਣੇ ਨਾਲ ਨਾਲ ਲੱਗਿਆ ‘ਦੱਤ’ ਜਾਂ ‘ਗੁਪਤ’ ਉਨ੍ਹਾਂ ਨੂੰ ਚੰਗਾ ਨਹੀਂ ਸੀ ਲੱਗਦਾ। ਇਸ ਤੋਂ ਇਲਾਵਾ ਸ਼ਾਇਦ ਪਛਾਣ ਛੁਪਾਉਣ ਲਈ ਵੀ ਇਹ ਕੀਤਾ ਹੋਵੇ। ਕਿਉਂਕਿ ਉਹ ਗੁਲਾਮੀ ਦਾ ਸਮਾਂ ਸੀ ਤੇ ਵਿਸ਼ਣੂ ਜੀ ਸਰਕਾਰੀ ਨੌਕਰੀ ਵਿੱਚ ਸਨ। ਆਲੋਚਨਾ ਸਮੇਂ ਉਹ ‘ਸੁਸ਼ੀਲ’ ਨਾਂ ਦੀ ਵਰਤੋਂ ਕਰਦੇ ਸਨ। ਪਿੱਛੋਂ ਉਹ ਵਿਸ਼ਣੂ ਪ੍ਰਭਾਕਰ ਵਜੋਂ ਸਾਹਿਤ- ਜਗਤ ਵਿੱਚ ਜਾਣੇ ਗਏ।

ਇੱਕ ਇੰਟਰਵਿਊ ਸਮੇਂ ਉਨ੍ਹਾਂ ਨੇ ਆਪਣੇ ਨਾਂ ਦੀ ਗਾਥਾ ਨੂੰ ਇਸ ਤਰ੍ਹਾਂ ਬਿਆਨ ਕੀਤਾ, “ਮੇਰੇ ਮਾਤਾ- ਪਿਤਾ ਨੇ ਮੇਰਾ ਨਾਂ ਸਿਰਫ ਵਿਸ਼ਣੂ ਰੱਖਿਆ ਸੀ… ਅੱਜ ਵਾਂਗ ਸਾਹਿਤਕ ਨਾਂਵਾਂ ਦੀ ਖੋਜ ਉਦੋਂ ਤੱਕ ਨਹੀਂ ਸੀ ਹੋਈ। ਪਰ ਦੇਵੀ- ਦੇਵਤਿਆਂ ਅਤੇ ਮਹਾਪੁਰਸ਼ਾਂ ਦੇ ਨਾਂ ਤੇ ਸੰਤਾਨ ਦਾ ਨਾਂ ਰੱਖਣ ਵਿੱਚ ਲੋਕ ਰੁਚੀ ਲੈਣ ਲੱਗ ਪਏ ਸਨ। ਮੇਰੇ ਵੱਡੇ ਭਰਾ ਦਾ ਨਾਂ ਬ੍ਰਹਮਾ ਰੱਖਿਆ ਗਿਆ। ਬ੍ਰਹਮਾ ਪਿੱਛੋਂ ਸੁਭਾਵਕ ਹੈ ਕਿ ਮੈਂ ਵਿਸ਼ਣੂ ਬਣ ਗਿਆ।… ਸਕੂਲ ਤੋਂ ਮੈਂ ਵਿਸ਼ਣੂ ਗੁਪਤ ਦੇ ਨਾਂ ਹੇਠ ਦਸਵੀਂ ਪਾਸ ਕੀਤੀ।… ਸਰਕਾਰੀ ਨੌਕਰੀ ਸਮੇਂ ਸਬੰਧਤ ਕਲਰਕ ਨੇ ਮੇਰੀ ਸਰਵਿਸ ਬੁੱਕ ਤਿਆਰ ਕੀਤੀ ਤਾਂ ਵਿਸ਼ਣੂ ਦੱਤ ਲਿਖਿਆ ਹੋਇਆ ਸੀ। ਕਲਰਕ ਨੇ ਦੱਸਿਆ ਕਿ ਇਸ ਦਫ਼ਤਰ ਵਿੱਚ ਕਈ ‘ਗੁਪਤ’ ਪਹਿਲਾਂ ਹੀ ਮੌਜੂਦ ਹਨ, ਇੱਕ ਹੋਰ ਵਧਣ ਨਾਲ ਅਸੁਵਿਧਾ ਹੋ ਜਾਣੀ ਸੀ, ਇਸ ਲਈ ਉਹਨੇ ਦੱਤ ਕਰ ਦਿੱਤਾ। ਪਰ ਮੈਂ ਲਿਖਣ ਸਮੇਂ ‘ਦੱਤ’ ਦਾ ਕਦੇ ਪ੍ਰਯੋਗ ਨਹੀਂ ਕੀਤਾ। ਇੱਕ ਸੰਪਾਦਕ ਕਹਿਣ ਲੱਗੇ, ‘ਵਿਸ਼ਣੂ ਨਾ ਬਹੁਤ ਛੋਟਾ ਹੈ, ਤੁਸੀਂ ਕੋਈ ਪ੍ਰੀਖਿਆ ਪਾਸ ਕੀਤੀ ਹੈ? ਮੈਂ ਜਵਾਬ ਦਿੱਤਾ ਕਿ ਮੈਂ ਹਿੰਦੀ ਪ੍ਰਭਾਕਰ ਪਾਸ ਹਾਂ।’ ਉਹਨੇ ਮੇਰਾ ਨਾਂ ਵਿਸ਼ਣੂ ਪ੍ਰਭਾਕਰ ਰੱਖ ਦਿੱਤਾ। ਮੈਨੂੰ ਵੀ ਇਹ ਨਾਂ ਚੰਗਾ ਲੱਗਿਆ ਅਤੇ ਮੈਂ ਨਿਸ਼ਚਾ ਕੀਤਾ ਕਿ ਮੇਰਾ ਨਾਂ ਵਿਸ਼ਣੂ ਪ੍ਰਭਾਕਰ ਹੀ ਰਹੇਗਾ…”

ਬਚਪਨ ਵਿੱਚ ਉਨ੍ਹਾਂ ਦੀ ਦਾਦੀ ਬੱਚਿਆਂ ਨੂੰ ਕਹਾਣੀਆਂ ਸੁਣਾਇਆ ਕਰਦੀ ਸੀ। ਸਾਰਿਆਂ ਨੂੰ ਆਪਣੇ ਪੱਲੂ ਦੀ ਓਟ ਵਿੱਚ ਬਿਠਾ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੀ ਸੀ। ਉਨ੍ਹਾਂ ਵਿੱਚ ਜੀਵਨ ਦੇ ਨਵੇਂ- ਨਵੇਂ ਅਨੁਭਵ ਸਨ, ਰਸ ਸੀ ਅਤੇ ਰੋਮਾਂਚ ਵੀ। ਬਾਲਕ ਵਿਸ਼ਣੂ ਨੂੰ ਦਾਦੀ ਤੋਂ ਕਹਾਣੀਆਂ ਸੁਣਨੀਆਂ ਬਹੁਤ ਚੰਗੀਆਂ ਲੱਗਦੀਆਂ। ਇਨ੍ਹਾਂ ਕਹਾਣੀਆਂ ਨੂੰ ਸੁਣਦੇ ਹੋਏ ਉਹ ਕਲਪਨਾ ਦੇ ਖੰਭਾਂ ਦੇ ਉੱਡਣ ਲੱਗਦੇ। ਉਨ੍ਹਾਂ ਦੇ ਲੇਖਕ ਬਣਨ ਦੀ ਨੀਂਹ ਸ਼ਾਇਦ ਇੱਥੋਂ ਹੀ ਤਿਆਰ ਹੋਈ।
ਵਿਸ਼ਣੂ ਜਦੋਂ ਮੀਰਾਪੁਰ ਦੇ ਇੱਕ ਸਕੂਲ ਵਿੱਚ ਪੜ੍ਹਨ ਗਏ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਆਪਣੀ ਸਵੈ ਜੀਵਨੀ ਦੇ ਪਹਿਲੇ ਹਿੱਸੇ ‘ਪੰਖਹੀਨ’ ਵਿੱਚ ਇਸ ਪ੍ਰਸੰਗ ਨੂੰ ਬੜੀ ਭਾਵੁਕਤਾ ਨਾਲ ਪ੍ਰਸਤੁਤ ਕੀਤਾ ਗਿਆ ਹੈ: “ਮੈਂ ਕਲਪਨਾ ਕੀਤੀ ਸੀ ਕਿ ਜਦੋਂ ਮੈਂ ਪੜ੍ਹਨ ਜਾਵਾਂਗਾ ਤਾਂ ਦਾਦੀ ਦੀ ਕਹਾਣੀ ਦੇ ਰਾਜਕੁਮਾਰ ਵਾਂਗ ਮੇਰੇ ਕੋਲ ਵੀ ਸੋਨੇ ਦੀ ਫੱਟੀ, ਚਾਂਦੀ ਦੀ ਕਲਮ ਅਤੇ ਹੀਰੇ ਦੀ ਦਵਾਤ ਹੋਵੇਗੀ। ਪਰ ਮਿਲੀ ਲੱਕੜ ਦੀ ਫੱਟੀ, ਕਾਨੇ ਦੀ ਕਲਮ ਅਤੇ ਮਿੱਟੀ ਦੀ ਦਵਾਤ… ਬੜੀ ਨਿਰਾਸ਼ਾ ਹੋਈ। ਉਦੋਂ ਤੱਕ ਇਹ ਮੇਰੇ ਬਾਲ- ਮਨ ਨੂੰ ਪ੍ਰਭਾਵਿਤ ਨਹੀਂ ਕਰਦਾ ਸੀ ਕਿ ਦੀਵਾ ਸੋਨੇ ਦਾ ਹੋਵੇ ਜਾਂ ਮਿੱਟੀ ਦਾ, ਮਹੱਤਵ ਉਹਦੀ ਲੋਅ ਦਾ ਹੀ ਹੁੰਦਾ ਹੈ। ਯਾਦ ਨਹੀਂ, ਪੰਡਿਤ ਉਮਾਦੱਤ ਦੀ ਜਮਾਤ ਵਿੱਚ ਕਿੰਨੇ ਦਿਨ ਪੜ੍ਹਿਆ। ਇੰਨਾ ਜ਼ਰੂਰ ਯਾਦ ਹੈ ਕਿ ਉੱਥੇ ਪਹਾੜੇ ਬਹੁਤ ਰਟਣੇ ਪੈਂਦੇ ਸਨ। ਉਦੋਂ ਦਸ਼ਮਲਵ ਪ੍ਰਣਾਲੀ ਤਾਂ ਪ੍ਰਚੱਲਿਤ ਨਹੀਂ ਸੀ, ਇਸ ਲਈ ਪਊਆ, ਅੱਧਾ, ਪੌਣਾ, ਸਵਾਇਆ, ਡਿਉਢਾ, ਢਾਇਆ, ਹੂੰਟਾ, ਖੀਂਚਾ, ਪੌਂਚਾ ਸਭ ਦੀ ਤੋਤਾ- ਰਟਣੀ ਹੁੰਦੀ ਸੀ। ਸਾਰੇ ਬੱਚੇ ਸਾਮੂਹਿਕ ਆਵਾਜ਼ ਵਿੱਚ ਅਰਦਾਸ ਵਾਂਗੂੰ ਬੋਲਦੇ ਸਨ- ਇੱਕ ਪਊਆ ਪਊਆ, ਦੋ ਪਊਆ ਅੱਧਾ, ਤਿੰਨ ਪਊਏ ਪੌਣਾ, ਚਾਰ ਪਊਏ ਇੱਕ। ਆਦਿ- ਆਦਿ।”
ਵਿਸ਼ਣੂ ਦੇ ਪਿਤਾ ਜੀ ਦੁਨੀਆਦਾਰੀ ਨਹੀਂ ਸਨ ਜਾਣਦੇ ਅਤੇ ਹਰ ਵੇਲੇ ਪੂਜਾ- ਪਾਠ ਵਿੱਚ ਲੱਗੇ ਰਹਿੰਦੇ ਸਨ।

ਪਿਤਾ ਦੀ ਤਮਾਕੂ ਦੀ ਦੁਕਾਨ ਸੀ, ਜੋ ਜ਼ਿਆਦਾ ਨਹੀਂ ਸੀ ਚੱਲਦੀ। ਉਹ ਸਵੇਰੇ ਤਿੰਨ ਵਜੇ ਉੱਠ ਕੇ ਪੂਜਾ- ਪਾਠ ਵਿੱਚ ਲੱਗ ਜਾਂਦੇ ਅਤੇ ਦਸ ਵਜੇ ਦੁਕਾਨ ਖੋਲ੍ਹਦੇ। ਸ਼ਾਮੀ ਚਾਰ ਵਜੇ ਦੁਕਾਨ ਬੰਦ ਕਰ ਦਿੰਦੇ। ਫਿਰ ਇੱਕ ਮੰਦਿਰ ਵਿੱਚ ਬੈਠ ਕੇ ਕਈ ਘੰਟੇ ਪੂਜਾ ਕਰਦੇ। ਇਹੋ ਉਨ੍ਹਾਂ ਦਾ ਰੋਜ਼ ਦਾ ਕੰਮ ਸੀ। ਉਨ੍ਹਾਂ ਦੀ ਦੁਕਾਨ ਵਿੱਚ ਕਈ ਤਰ੍ਹਾਂ ਦੇ ਤਮਾਕੂਆਂ ਦੇ ਟੋਕਰੇ ਸਨ ਅਤੇ ਅਜਿਹੇ ਹੀ ਇੱਕ ਟੋਕਰੇ ਵਿੱਚ ਕਿਤਾਬਾਂ ਭਰੀਆਂ ਹੁੰਦੀਆਂ ਸਨ, ਜਿਨ੍ਹਾਂ ਵਿੱਚ ‘ਸੁਖਸਾਗਰ’ ਤੋਂ ਲੈ ਕੇ ਕਿੱਸੇ ਕਹਾਣੀਆਂ ਦੀਆਂ ਕਿਤਾਬਾਂ ਵੀ ਸਨ। ‘ਕਿੱਸਾ ਸਾਢੇ ਤੀਨ ਯਾਰ’ ਅਤੇ ‘ਹਾਤਿਮ- ਤਾਈ’ ਸਭ ਤੋਂ ਪਹਿਲਾਂ ਵਿਸ਼ਣੂ ਨੇ ਉੱਥੇ ਹੀ ਪੜ੍ਹਿਆ। ਉਨ੍ਹਾਂ ਦੀ ਪਹਿਲੀ ਲਾਇਬ੍ਰੇਰੀ ਇਹੋ ਸੀ। ਪਿਤਾ ਦੀ ਦੁਕਾਨ ਦੇ ਨਾਲ ਹੀ ਹਬੀਬ ਦਰਜ਼ੀ ਦੀ ਦੁਕਾਨ ਸੀ। ਮਸ਼ੀਨ ਚਲਾਉਂਦੇ ਸਮੇਂ ਵੀ ਉਹ ਰਾਧੇਸ਼ਾਮ ਰਾਮਾਇਣ ਦਾ ਪਾਠ ਕਰਿਆ ਕਰਦਾ ਸੀ। ਇਨ੍ਹਾਂ ਕਿਤਾਬਾਂ ਨੇ ਹੀ ਉਹਨੂੰ (ਵਿਸ਼ਣੂ ਨੂੰ) ਕਲਪਨਾ ਦੇ ਖੰਭਾਂ ਤੇ ਬਹਿ ਕੇ ਉੱਡਣਾ ਸਿਖਾਇਆ।

ਜਦੋਂ ਉਹ ਛੋਟੇ ਸਨ ਤਾਂ ਚਾਚੇ ਨੇ ਉਨ੍ਹਾਂ ਨੂੰ ਗੋਦ ਲੈਣਾ ਚਾਹਿਆ ਅਤੇ ਇਸ ਦੀ ਪੂਰੀ ਤਿਆਰੀ ਵੀ ਕਰ ਲਈ ਗਈ। ਜਦੋਂ ਧਾਰਮਿਕ ਰਸਮ ਹੋਣ ਲੱਗੀ ਤਾਂ ਬਾਲਕ ਵਿਸ਼ਣੂ ਤੋਂ ਪੁੱਛਿਆ ਗਿਆ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਉਂ ਗੋਦ ਦੇਣ ਦੀ ਰਸਮ ਰੋਕ ਦਿੱਤੀ ਗਈ ਅਤੇ ਉਹ ਚਾਚੇ ਦੇ ਗੋਦ ਲਏ ਪੁੱਤਰ ਬਣਦੇ- ਬਣਦੇ ਰਹਿ ਗਏ। ਉਦੋਂ ਤਾਂ ਵਿਸ਼ਣੂ ਇੰਨੇ ਛੋਟੇ ਸਨ ਕਿ ਉਨ੍ਹਾਂ ਨੂੰ ਕੁਝ ਗਿਆਨ ਨਹੀਂ ਸੀ। ਪਰ ਕੁਝ ਵੱਡੇ ਹੋਣ ਤੇ ਮਾਂ ਨੇ ਦੱਸਿਆ ਤਾਂ ਉਨ੍ਹਾਂ ਨੂੰ ਕੁਝ ਹੈਰਾਨੀ ਹੋਈ।

ਇੱਥੋਂ ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਕੁਝ ਉਲਝਣਾਂ ਅਤੇ ਬੇਚੈਨੀਆਂ ਵੀ ਸ਼ੁਰੂ ਹੋ ਗਈਆਂ। ਚਾਚਾ ਅਮੀਰ ਸੀ, ਕੱਪੜੇ ਦੀ ਦੁਕਾਨ ਸੀ, ਖੂਬ ਚਲਦੀ ਸੀ, ਚਾਚੇ ਦੀ ਅਮੀਰੀ ਦਾ ਬੜਾ ਰੋਅਬ ਸੀ। ਪਿੱਛੋਂ ਉਨ੍ਹਾਂ ਨੇ ਵਿਸ਼ਣੂ ਦੇ ਛੋਟੇ ਭਰਾ ਨੂੰ ਗੋਦ ਲੈ ਲਿਆ।ਵਿਸ਼ਣੂ ਨੂੰ ਵਾਰ- ਵਾਰ ਅਹਿਸਾਸ ਕਰਵਾਇਆ ਗਿਆ ਕਿ ਜੇ ਚਾਚਾ ਉਨ੍ਹਾਂ ਨੂੰ ਗੋਦ ਲੈ ਲੈਂਦਾ ਤਾਂ ਉਨ੍ਹਾਂ ਦੀ ਪੂਰੀ ਜ਼ਿੰਦਗੀ ਹੀ ਬਦਲ ਜਾਣੀ ਸੀ। ਛੋਟੇ ਭਰਾ ਦੀ ਜੀਵਨ- ਸ਼ੈਲੀ, ਰਹਿਣ ਸਹਿਣ ਵਿੱਚ ਫਰਕ ਆ ਗਿਆ ਸੀ। ਹੌਲੀ- ਹੌਲੀ ਵਿਸ਼ਣੂ ਦੇ ਅੰਦਰ ਹੀਣਤਾ ਨੇ ਪ੍ਰਵੇਸ਼ ਕਰ ਲਿਆ। ਉਨ੍ਹਾਂ ਦੇ ਮਨ ਵਿੱਚ ਇਹ ਕੋਸ਼ਿਸ਼ ਸ਼ੁਰੂ ਹੋ ਗਈ ਕਿ ਉਹ ਹੋਰਾਂ ਨਾਲੋਂ ਕੁਝ ਵੱਖਰੇ ਨਜ਼ਰ ਆਉਣ। ਸ਼ਾਇਦ ਇਹੋ ਲੇਖਕ ਬਣਨ ਦੀ ਬੁਨਿਆਦ ਬਣੀ।

ਬਾਰਾਂ ਸਾਲ ਦੀ ਉਮਰ ਵਿੱਚ ਉਹ ਆਪਣੇ ਮਾਮੇ ਕੋਲ ਪੜ੍ਹਨ ਲਈ ਮੀਰਾਪੁਰ ਤੋਂ ਹਿਸਾਰ ਆ ਗਏ। ਇੱਥੇ ਪੜ੍ਹਨ ਲਈ ਬੜਾ ਕੁਝ ਸੀ। ਬਹੁਤ ਸਾਰੀਆਂ ਕਿਤਾਬਾਂ ਸਨ। ਇੱਥੇ ਆਰੀਆ ਸਮਾਜ ਦੀ ਲਾਇਬ੍ਰੇਰੀ ਵੀ ਸੀ। ਇੱਥੇ ਵਿਸ਼ਣੂ ਨੇ ਪ੍ਰਾਚੀਨ ਸਾਹਿਤ-ਵੇਦ,ਪੁਰਾਣ, ਬਾਈਬਲ, ਕੁਰਾਨ, ਮਹਾਂਭਾਰਤ, ਰਾਮਾਇਣ ਸਭ ਕੁਝ ਪੜ੍ਹਿਆ। ਪ੍ਰੇਮ ਚੰਦ, ਪ੍ਰਸਾਦ, ਬੰਕਿਮ, ਰਵੀਂਦਰ, ਸ਼ਰਤ, ਖਾਂਡੇਕਰ ਆਦਿ ਉਸ ਸਮੇਂ ਦੇ ਲੇਖਕਾਂ ਬਾਰੇ ਜਾਣਕਾਰੀ ਮਿਲੀ। ਪੜ੍ਹਦੇ- ਪੜ੍ਹਦੇ ਉਨ੍ਹਾਂ ਦੇ ਮਨ ਵਿੱਚ ਆਪਣਾ ਛਪਿਆ ਨਾਂ ਵੇਖਣ ਦੀ ਇੱਛਾ ਪ੍ਰਬਲ ਹੋ ਉੱਠੀ। 1926 ਦੀ ਗੱਲ ਹੈ। ਉਦੋਂ ਉਹ ਅੱਠਵੀਂ ਵਿੱਚ ਸਨ। ਇੱਕ ਦਿਨ ਚੁੱਪ ਚਾਪ ‘ਬਾਲਸਖਾ’ ਪੱਤ੍ਰਿਕਾ ਨੂੰ ਚਿੱਠੀ ਲਿਖੀ ਕਿ ਮੇਰਾ ਛੋਟਾ ਭਰਾ ਮੈਨੂੰ ਬੜਾ ਤੰਗ ਕਰਦਾ ਹੈ, ਮੈਂ ਕੀ ਕਰਾਂ? ਇਹ ਚਿੱਠੀ ਪੱਤ੍ਰਿਕਾ ਵਿੱਚ ਛਪ ਗਈ ਅਤੇ ਸੰਪਾਦਕ ਨੇ ਉਹਦਾ ਜਵਾਬ ਵੀ ਦਿੱਤਾ।
ਉਨ੍ਹਾਂ ਨੂੰ ਭਾਸ਼ਣ, ਵਾਦ- ਵਿਵਾਦ, ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਦਾ ਬੜਾ ਸ਼ੌਕ ਸੀ। ਦਸਵੀਂ ਪਾਸ ਕਰਨ ਪਿੱਛੋਂ ਤਾਂ ਉਹ ਆਰੀਆ ਸਮਾਜ ਵਿੱਚ ਵੀ ਭਾਸ਼ਣ ਦੇਣ ਲੱਗ ਪਏ। ਪਿੱਛੋਂ ਮੰਦਰਾਂ, ਮਸੀਤਾਂ, ਗੁਰਦੁਆਰਿਆਂ, ਲੋਕ- ਸਭਾਵਾਂ ਸਭ ਥਾਂ ਉਹਦੀ ਮੰਗ ਹੋਣ ਲੱਗੀ।

ਮਈ 1929 ਵਿੱਚ ਦਸਵੀਂ ਪਾਸ ਕਰਨ ਪਿੱਛੋਂ ਉਨ੍ਹਾਂ ਨੇ ਹਿਸਾਰ ਵਿੱਚ ਕੈਟਲ ਫਾਰਮ ਵਿੱਚ ਦਫ਼ਤਰੀ ਵਜੋਂ ਨੌਕਰੀ ਸ਼ੁਰੂ ਕੀਤੀ, ਪਿੱਛੋਂ ਕਲਰਕ ਬਣ ਗਏ। ਪਰ ਉਨ੍ਹਾਂ ਦਾ ਸੁਪਨਾ ਤਾਂ ਕੁਝ ਹੋਰ ਹੀ ਸੀ। ਘਰ ਵਿੱਚ ਸਾਹਿਤਕ ਕਿਤਾਬਾਂ ਅਤੇ ਪੱਤ੍ਰਿਕਾਵਾਂ ਆਉਂਦੀਆਂ ਸਨ। ਉਨ੍ਹਾਂ ਨੂੰ ਪੜ੍ਹਦੇ, ਤਾਂ ਇਉਂ ਲੱਗਦਾ,’ਅਜਿਹਾ ਤਾਂ ਮੈਂ ਵੀ ਲਿਖ ਸਕਦਾ ਹਾਂ!’ ਆਪਣੇ ਆਸਪਾਸ ਦੀ ਦੁਨੀਆਂ ਨੂੰ ਵੇਖਦੇ ਤਾਂ ਜਾਪਦਾ,’ਇਸ ਦੁਨੀਆਂ ਵਿੱਚ ਕਿੰਨਾ ਕੁਝ ਹੈ, ਜੋ ਮੈਨੂੰ ਲਿਖਣ ਲਈ ਸੱਦਾ ਦੇ ਰਿਹਾ ਹੈ। ਮੈਨੂੰ ਵੀ ਚਾਹੀਦਾ ਹੈ.. ਲਿਖਣ ਦਾ ਸੁਆਦ ਹੀ ਵੱਖਰਾ ਹੈ।’ ਅਤੇ ਇਕ ਦਿਨ ਉਨ੍ਹਾਂ ਨੇ ਸਵਾਮੀ ਦਯਾਨੰਦ ਤੇ ਜੋ ਭਾਸ਼ਣ ਦਿੱਤਾ ਸੀ, ਉਹ ਇੱਕ ਅਖ਼ਬਾਰ ਨੂੰ ਲੇਖ ਦੇ ਰੂਪ ਵਿੱਚ ਛਪਣ ਲਈ ਭੇਜ ਦਿੱਤਾ। ਲੇਖ ਦੀ ਸਵੀਕ੍ਰਿਤੀ ਮਿਲੀ ਤਾਂ ਉਹ ਰੋਮਾਂਚਿਤ ਹੋ ਉੱਠੇ। ਲਾਹੌਰ ਤੋਂ ਛਪਦੇ ‘ਹਿੰਦੀ ਮਿਲਾਪ’ ਵਿੱਚ ਪ੍ਰਕਾਸ਼ਿਤ ਇਸ ਲੇਖ ਉੱਤੇ ਉਨ੍ਹਾਂ ਨੇ ਆਪਣਾ ਨਾਂ ਲਿਖਿਆ ‘ਪ੍ਰੇਮ ਬੰਧੂ’। ਕਿਉਂਕਿ ਉਹ ਸਰਕਾਰੀ ਨੌਕਰ ਸਨ। ਇਹ ਨਾਂ ਕਈ ਸਾਲ ਚਲਦਾ ਰਿਹਾ।

1934 ਤੋਂ ਉਨ੍ਹਾਂ ਨੇ ਲਗਾਤਾਰ ਲਿਖਣਾ ਸ਼ੁਰੂ ਕਰ ਦਿੱਤਾ। ਉਦੋਂ ਉਹ ਚੌਵੀ ਵਰ੍ਹਿਆਂ ਦੇ ਸਨ। ਪੱਤਰ- ਪੱਤ੍ਰਿਕਾਵਾਂ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਛਪਣ ਲੱਗੀਆਂ। ਦੋਸਤਾਂ ਅਤੇ ਆਸਪਾਸ ਦੇ ਲੋਕਾਂ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ। ਵਿਸ਼ਣੂ ਜੀ ਨੂੰ ਲੱਗਿਆ ਕਿ ਕਲਮ ਵਿੱਚ ਵੱਡੀ ਸ਼ਕਤੀ ਹੈ। ਲਗਾਤਾਰ ਲਿਖ ਕੇ ਉਹ ਵੱਡੇ ਕੰਮ ਕਰ ਸਕਦੇ ਹਨ। ਆਪਣੇ ਸ਼ਬਦਾਂ ਦੀ ਤਾਕਤ ਨਾਲ ਸੁੱਤੇ ਹੋਏ ਦੇਸ਼ ਅਤੇ ਸਮਾਜ ਵਿੱਚ ਨਵੀਂ ਚੇਤਨਾ ਫੂਕ ਸਕਦੇ ਹਨ।

30 ਮਈ 1938 ਨੂੰ ਵਿਸ਼ਣੂ ਜੀ ਦੀ ਸ਼ਾਦੀ ਸੁਸ਼ੀਲਾ ਨਾਲ ਹੋਈ। ਬਾਰਾਤ ਕਨਖਲ (ਹਰਿਦੁਆਰ) ਗਈ। ਬਰਾਤ ਵਿੱਚ ਜੈਨੇਂਦਰ, ਨੇਮਿਚੰਦ੍ਰ ਜੈਨ, ਪ੍ਰਭਾਕਰ ਮਾਚਵੇ ਵਰਗੇ ਸੁਪ੍ਰਸਿੱਧ ਹਿੰਦੀ ਲੇਖਕ ਸ਼ਾਮਲ ਸਨ। ਸੁਸ਼ੀਲਾ ਵੀ ਸਾਹਿਤ ਦੀ ਚੰਗੀ ਪਾਠਕਾ ਸੀ। ਉਹਨੇ ਆਪਣੀਆਂ ਸਹੇਲੀਆਂ ਨੂੰ ਮਾਣ ਨਾਲ ਦੱਸਿਆ ਸੀ ਕਿ ਉਹਦੇ ਪਤੀ ਬਹੁਤ ਵੱਡੇ ਲੇਖਕ ਹਨ। ਇਸੇ ਹੀ ਸਾਲ ਸੁਭਾਸ਼ ਚੰਦਰ ਬੋਸ ਹਿਸਾਰ ਆਏ ਤਾਂ ਉਨ੍ਹਾਂ ਨੂੰ ਅਭਿਨੰਦਨ- ਪੱਤਰ ਦਿੱਤਾ ਗਿਆ, ਜੋ ਵਿਸ਼ਣੂ ਜੀ ਨੇ ਹੀ ਲਿਖਿਆ ਸੀ।

ਹੌਲੀ- ਹੌਲੀ ਪ੍ਰਸਿੱਧ ਪੱਤ੍ਰਿਕਾਵਾਂ ਵਿੱਚ ਉਨ੍ਹਾਂ ਦੀਆਂ ਲਿਖਤਾਂ ਛਪਣ ਲੱਗੀਆਂ ਤਾਂ ਸਾਹਿਤਕ ਜਗਤ ਵਿੱਚ ਵੀ ਉਨ੍ਹਾਂ ਦੀ ਪਹਿਚਾਣ ਬਣਨ ਲੱਗੀ। ਸਰਕਾਰੀ ਨੌਕਰੀ ਦੇ ਬਾਵਜੂਦ ਉਹ ਆਜ਼ਾਦੀ ਸੰਗਰਾਮ ਵਿੱਚ ਵੀ ਬਰਾਬਰ ਹਿੱਸਾ ਲੈਂਦੇ ਰਹੇ। ਪ੍ਰੇਮਚੰਦ ਅਤੇ ਜੈਨੇਂਦਰ ਨੇ ਵੀ ਉਨ੍ਹਾਂ ਦੀਆਂ ਕਹਾਣੀਆਂ ਦੀ ਪ੍ਰਸੰਸਾ ਕੀਤੀ।

ਹਿਸਾਰ ਤੋਂ ਦਿੱਲੀ ਆਉਣ ਪਿੱਛੋਂ ਉਨ੍ਹਾਂ ਨੇ ਕੁਝ ਸਮਾਂ ਇੱਕ ਸੰਸਥਾ ਵਿੱਚ ਪਾਰਟ ਟਾਈਮ ਕੰਮ ਕੀਤਾ। ਕਵੀ ਸੁਮਿਤਰਾਨੰਦਨ ਪੰਤ ਅਤੇ ਨਾਟਕਕਾਰ ਜਗਦੀਸ਼ ਚੰਦਰ ਮਾਥੁਰ ਦੇ ਕਹਿਣ ਤੇ ਉਹ ਆਕਾਸ਼ਵਾਣੀ ਦੇ ਨਾਟਕ ਵਿਭਾਗ ਨਾਲ ਜੁੜ ਗਏ। ਇਲਾਚੰਦਰ ਜੋਸ਼ੀ ਜਿਹੇ ਲੇਖਕਾਂ ਨਾਲ ਕੰਮ ਕਰਨ ਦਾ ਬੜਾ ਰੋਮਾਂਚਕ ਅਨੁਭਵ ਰਿਹਾ। ਆਕਾਸ਼ਵਾਣੀ ਨੂੰ ਆਮ ਜਨਤਾ ਨਾਲ ਜੋੜਨ ਲਈ ਉਨ੍ਹਾਂ ਨੇ ਉਸ ਸਮੇਂ ਬੜੇ ਰੌਚਿਕ ਪ੍ਰੋਗਰਾਮ ਸ਼ੁਰੂ ਕੀਤੇ। ਇੱਥੇ ਹੀ ਉਹ ਵੱਡੇ ਵੱਡੇ ਲੇਖਕਾਂ ਨੂੰ ਮਿਲੇ। ਰੂਸ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਭਾਰਤ ਆਏ ਤਾਂ ਵਿਸ਼ਣੂ ਜੀ ਨੂੰ ਰਿਪੋਰਟਿੰਗ ਦਾ ਕੰਮ ਮਿਲਿਆ। ਆਕਾਸ਼ਵਾਣੀ ਵਿੱਚ ਉਨ੍ਹਾਂ ਨੂੰ ਜੋ ਮਾਣ ਸਨਮਾਨ ਮਿਲਿਆ, ਜੋ ਵੱਡੀਆਂ ਜ਼ਿੰਮੇਵਾਰੀਆਂ ਉਨ੍ਹਾਂ ਨੇ ਸੰਭਾਲੀਆਂ, ਉਸ ਨਾਲ ਉਨ੍ਹਾਂ ਨੂੰ ਨਾ ਸਿਰਫ ਆਤਮਿਕ ਸੰਤੁਸ਼ਟੀ ਮਿਲੀ, ਸਗੋਂ ਉਨ੍ਹਾਂ ਦਾ ਅਨੁਭਵ- ਸੰਸਾਰ ਵੀ ਵਿਸਤ੍ਰਿਤ ਹੋਇਆ। ਉਹ ਇੱਥੇ 1955 ਵਿੱਚ ਆਏ ਸਨ 31ਮਾਰਚ 1957 ਨੂੰ ਉਨ੍ਹਾਂ ਨੇ ਆਪ ਹੀ ਇੱਥੋਂ ਅਸਤੀਫਾ ਦੇ ਦਿੱਤਾ । ਆਪਣੀ ਸਵੈ ਜੀਵਨੀ ਦੇ ਦੂਜੇ ਭਾਗ ‘ਮੁਕਤ ਗਗਨ ਮੇਂ’ ਵਿੱਚ ਇਸ ਗਾਥਾ ਦਾ ਦਿਲਚਸਪ ਬਿਆਨ ਮਿਲਦਾ ਹੈ।

ਬੇਸ਼ੱਕ ਵਿਸ਼ਣੂ ਪ੍ਰਭਾਕਰ ਮੁੱਖ ਤੌਰ ਤੇ ਕਹਾਣੀ ਲੇਖਕ ਹਨ ਪਰ ਉਨ੍ਹਾਂ ਨੇ ਨਾਵਲ, ਜੀਵਨੀ, ਯਾਦਾਂ, ਯਾਤਰਾ ਪ੍ਰਸੰਗ, ਬਾਲ ਸਾਹਿਤ ਦੇ ਨਾਲ- ਨਾਲ ਕਵਿਤਾਵਾਂ ਵੀ ਲਿਖੀਆਂ ਹਨ। ਉਹ ਲੇਖਕਾਂ ਅਤੇ ਪਾਠਕਾਂ ਦੋਹਾਂ ਨੂੰ ਬੜੇ ਪਿਆਰ ਨਾਲ ਮਿਲਦੇ ਸਨ।

ਵਿਸ਼ਣੂ ਪ੍ਰਭਾਕਰ ਨੇ ਆਪਣੀ ਮੌਤ (11ਅਪ੍ਰੈਲ 2009) ਪਿੱਛੋਂ ਸਰੀਰ- ਦਾਨ ਕਰਕੇ ਇੱਕ ਨਵਾਂ ਆਦਰਸ਼ ਪ੍ਰਸਤੁਤ ਕੀਤਾ। ਇਹ ਕੋਈ ਛੋਟੀ ਗੱਲ ਨਹੀਂ ਸੀ। ਇਸ ਨਾਲ ਉਨ੍ਹਾਂ ਦੀ ਸੋਚ ਦਾ ਅੰਦਾਜ਼ਾ ਹੁੰਦਾ ਹੈ ਕਿ ਜੋ ਉਨ੍ਹਾਂ ਨੇ ਕਿਹਾ, ਉਸ ਨੂੰ ਪੂਰਾ ਕਰਕੇ ਵਿਖਾ ਦਿੱਤਾ। ਇਸ ਤੋਂ ਪ੍ਰਭਾਵਿਤ ਹੋ ਕੇ ਡਾ. ਵਿਸ਼ਵਨਾਥ ਤ੍ਰਿਪਾਠੀ ਨੇ ਲਿਖਿਆ ਹੈ, “ਲੋਕੀਂ ਪ੍ਰਲੋਕ ਦੀ ਚਿੰਤਾ ਵਿੱਚ ਖਪਦੇ ਰਹਿੰਦੇ ਹਨ। ਵੇਖੋ, ਇਸ ਆਵਾਰਾ ਮਸੀਹੇ ਨੂੰ, ਜੀਹਨੇ ਆਪਣੀ ਲਾਸ਼ ਦਾ ਸਸਕਾਰ ਵੀ ਨਹੀਂ ਹੋਣ ਦਿੱਤਾ, ਜੋ ਮਰ ਕੇ ਵੀ ਕੰਮ ਆਇਆ।” ਸੱਚ ਤਾਂ ਇਹ ਹੈ ਕਿ ਵਿਸ਼ਣੂ ਪ੍ਰਭਾਕਰ ਦੀ ਜੀਵਨ- ਯਾਤਰਾ ਅਤੇ ਸਿਰਜਣ- ਯਾਤਰਾ ਦੋ ਵੱਖ- ਵੱਖ ਚੀਜ਼ਾਂ ਨਾ ਹੋ ਕੇ ਅਸਲ ਵਿੱਚ ਇੱਕ ਹੀ ਸਨ। ਉਨ੍ਹਾਂ ਦੇ ਲੇਖਕ ਹੋਣ ਅਤੇ ਵਾਸਤਵਿਕ ਜੀਵਨ ਵਿੱਚ ਕੋਈ ਫ਼ਰਕ ਨਹੀਂ ਸੀ। ਉਨ੍ਹਾਂ ਦੇ ਜੀਵਨ ਦੇ ਜੋ ਆਦਰਸ਼ ਸਨ, ਉਹੀ ਲੇਖਕ ਦੇ ਆਦਰਸ਼ ਵੀ ਬਣੇ। ਉਨ੍ਹਾਂ ਨੇ ਜੋ ਕੁਝ ਵੀ ਕਿਹਾ, ਉਸ ਨੂੰ ਪਹਿਲਾਂ ਆਪਣੇ ਜੀਵਨ ਵਿੱਚ ਅਪਣਾਇਆ। ‘ਚਲਤਾ ਚਲਾ ਜਾਊਂਗਾ’ ਕਵਿਤਾ ਵਿੱਚ ਉਨ੍ਹਾਂ ਨੇ ਸਾਹਿਤਕਾਰ ਹੋਣ ਦੇ 9ਅਰਥਾਂ ਨੂੰ ਖੂਬਸੂਰਤੀ ਨਾਲ ਬਿਆਨ ਕੀਤਾ ਹੈ:

ਮੈਂ ਰੌਸ਼ਨੀ ਨੂੰ ਉੱਗਦੇ ਹੋਏ ਵੇਖਿਆ ਹੈ
ਹਨੇਰੇ ਵਿੱਚ
ਮੈਂ ਸ਼ਬਦ ਨੂੰ ਜਾਗਦੇ ਹੋਏ ਵੇਖਿਆ ਹੈ ਖਲਾਅ ਵਿੱਚ
ਕਿਤੇ ਵੀ ਤਾਂ ਥੱਕੀ ਨਹੀਂ ਹੈ ਦ੍ਰਿਸ਼ਟੀ
ਕਿਤੇ ਵੀ ਤਾਂ ਰੁਕੀ ਨਹੀਂ ਹੈ ਸ੍ਰਿਸ਼ਟੀ
ਇਸ ਲਈ ਸ਼ਬਦ ਸ਼ਬਦ ਨਹੀਂ ਰਿਹਾ ਮੇਰੇ ਸਾਹਵੇਂ
ਅਰਥ ਹੋ ਗਿਆ ਹੈ
ਸ੍ਰਿਸ਼ਟੀ ਸ੍ਰਿਸ਼ਟੀ ਨਹੀਂ ਰਹੀ, ਦ੍ਰਿਸ਼ਟੀ ਹੋ ਗਈ ਹੈ
ਫਿਰ ਵੀ ਰੁਕਿਆ ਨਹੀਂ ਹਾਂ ਮੈਂ
ਚਲਦਾ ਆ ਰਿਹਾ ਹਾਂ
ਚਲਦਾ ਹੀ ਰਹਾਂਗਾ
ਕਿਉਂਕਿ ਮੈਂ ਅਜੇ ਦ੍ਰਿਸ਼ਟੀ ਨੂੰ ਅਰਥ ਦੇਣਾ ਹੈ
ਅਤੇ ਅਰਥ ਨੂੰ ਉਸ ਦਾ ਆਕਾਰ ਦੇਣਾ ਹੈ…

ਪ੍ਰੋ. ਨਵ ਸੰਗੀਤ ਸਿੰਘ
ਪੋਸਟਗ੍ਰੈਜੂਏਟ ਪੰਜਾਬੀ ਵਿਭਾਗ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ ਬਠਿੰਡਾ
9417692015

Leave a Reply

Your email address will not be published. Required fields are marked *

%d bloggers like this: