Sun. May 19th, 2019

ਵਿਰੋਧੀ ਧਿਰਾਂ ਰੋਜ਼ਗਾਰ ਮੇਲਿਆਂ ਦੀ ਨੁਕਤਾਚੀਨੀ ਕਰਨ ਦੀ ਬਿਜਾਏ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਲਈ ਖੁਦ ਅੱਗੇ ਆਉਣ-ਚੰਨੀ

ਵਿਰੋਧੀ ਧਿਰਾਂ ਰੋਜ਼ਗਾਰ ਮੇਲਿਆਂ ਦੀ ਨੁਕਤਾਚੀਨੀ ਕਰਨ ਦੀ ਬਿਜਾਏ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਲਈ ਖੁਦ ਅੱਗੇ ਆਉਣ-ਚੰਨੀ

ਲੁਧਿਆਣਾ- (ਪ੍ਰੀਤੀ ਸ਼ਰਮਾ): ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਨੇ ਬਾਦਲ ਪਰਿਵਾਰ, ਬਿਕਰਮ ਸਿੰਘ ਮਜੀਠੀਆ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰ. ਸੁਖਪਾਲ ਸਿੰਘ ਖਹਿਰਾ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਬਾਰੇ ਨੁਕਤਾਚੀਨੀ ਕਰਨ ਦੀ ਬਿਜਾਏ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਖੁਦ ਅੱਗੇ ਆਉਣ। ਜੇਕਰ ਉਹ ਇਸ ਤਰਾਂ ਨਹੀਂ ਕਰ ਸਕਦੇ ਤਾਂ ਉਹ ਬੇਲੋੜੀ ਬਿਆਨਬਾਜ਼ੀ ਛੱਡ ਕੇ ਪੰਜਾਬ ਸਰਕਾਰ ਨੂੰ ਆਪਣਾ ਕੰਮ ਕਰਨ ਦੇਣ ਤਾਂ ਜੋ ਪੰਜਾਬ ਦੇ ਨੌਜਵਾਨ ਇਨਾਂ ਰੋਜ਼ਗਾਰ ਮੇਲਿਆਂ ਦਾ ਲਾਭ ਲੈ ਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ।
ਅੱਜ ਸਥਾਨਕ ਗਿੱਲ ਸੜਕ ਸਥਿਤ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲੜਕੇ) ਵਿਖੇ ਲਗਾਏ ਗਏ ਮਹਾਂ ਰੋਜ਼ਗਾਰ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰ. ਚੰਨੀ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਪਰਿਵਾਰ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨਾਂ ਕਿਹਾ ਕਿ ਇਨਾਂ ਨੂੰ ਪੰਜਾਬ ਦੇ ਨੌਜਵਾਨਾਂ ਨਾਲ ਜੇਕਰ ਬਹੁਤ ਲਗਾਅ ਹੈ ਤਾਂ ਇਹ ਖੁਦ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਹਨ, ਤਾਂ ਫਿਰ ਇਹ ਖੁਦ ਕਿਉਂ ਨਹੀਂ ਨੌਜਵਾਨਾਂ ਲਈ ਰੋਜ਼ਗਾਰ ਮੇਲੇ ਲਗਾਉਂਦੇ? ਜਾਂ ਪੰਜਾਬੀ ਨੌਜਵਾਨਾਂ ਨੂੰ ਆਪਣੀਆਂ ਕੰਪਨੀਆਂ ਵਿੱਚ ਭਰਤੀ ਕਰਦੇ? ਉਨਾਂ ਬਾਦਲ ਪਰਿਵਾਰ ਦੇ ਉਦਯੋਗਾਂ ਆਰਬਿਟ, ਹੋਟਲ ਸਨਅਤ ਆਦਿ ਦਾ ਵੇਰਵਾ ਦਿੰਦਿਆਂ ਕਿਹਾ ਕਿ ਇਹ ਚਾਹੁੰਣ ਤਾਂ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਪੱਧਰ ‘ਤੇ ਨੌਕਰੀ ਦੇ ਸਕਦੇ ਹਨ। ਉਨਾਂ ਕਿਹਾ ਕਿ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿੱਚ ਫੂਡ ਪ੍ਰੋਸੈਸਿੰਗ ਉਦਯੋਗਾਂ ਬਾਰੇ ਮੰਤਰੀ ਹੈ, ਉਸਨੇ ਪੰਜਾਬ ਵਿੱਚ ਕੋਈ ਉਦਯੋਗ ਤਾਂ ਕੀ ਲੈ ਕੇ ਆਉਣਾ ਸੀ ਸਗੋਂ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਮੰਤਰਾਲੇ ਵਿੱਚ ਨੌਕਰੀ ਦਿਵਾਉਣ ਲਈ ਵੀ ਕੋਈ ਉਪਰਾਲਾ ਨਹੀਂ ਕੀਤਾ। ਉਨਾਂ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਆਪਣੇ ਸਟਾਲ ਲਗਾਉਣ, ਜੇਕਰ ਉਹ ਇਸ ਤਰਾਂ ਨਹੀਂ ਕਰ ਸਕਦੇ ਤਾਂ ਬੇਲੋੜੀ ਨੁਕਤਾਚੀਨੀ ਬੰਦ ਕਰ ਦੇਣ। ਉਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਲਗਾਏ ਗਏ 21 ਵੱਡੇ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈਣ ਲਈ 4 ਲੱਖ ਤੋ ਵਧੇਰੇ ਨੌਜਵਾਨਾਂ ਨੇ ਆਨਲਾਈਨ ਅਪਲਾਈ ਕੀਤਾ ਸੀ, ਜਿਸ ਵਿੱਚ ਪੰਜਾਬ ਸਰਕਾਰ ਨੇ 50 ਹਜ਼ਾਰ ਤੋਂ ਵਧੇਰੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਾਉਣ ਦਾ ਟੀਚਾ ਮਿਥਿਆ ਸੀ, ਜੋ ਕਿ ਸਹਿਜੇ ਹੀ ਪੂਰਾ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਨਾਂ ਮੇਲਿਆਂ ਦੌਰਾਨ ਦੇਸ਼ ਵਿਦੇਸ਼ ਦੀਆਂ 900 ਤੋਂ ਵਧੇਰੇ ਕੰਪਨੀਆਂ ਨੇ ਨੌਜਵਾਨਾਂ ਨੂੰ 10 ਹਜ਼ਾਰ ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਦਾ ਪੈਕੇਜ਼ ਦਿੱਤਾ ਗਿਆ ਹੈ, ਜੋ ਕਿ ਇਨਾਂ ਮੇਲਿਆਂ ਦੀ ਸਫ਼ਲਤਾ ਦੀ ਹਾਮੀ ਭਰਦਾ ਹੈ। ਉਨਾਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ 1984 ਦੇ ਸਿੱਖ ਕਤਲੇਆਮ ਦੀ ਜਾਂਚ ਦੇ ਨਾਮ ‘ਤੇ ਸਿੱਖਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸਿੱਖਾਂ ਨਾਲ ਇਨਸਾਫ਼ ਕਰਨ ਲਈ ਤਿੰਨ ਸਾਲ ਪਹਿਲਾਂ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਸੀ ਪਰ ਇਸ ਟੀਮ ਨੇ 141 ਮਾਮਲੇ ਬਿਨਾਂ ਜਾਂਚ ਦੇ ਹੀ ਬੰਦ ਕਰ ਦਿੱਤੇ ਸਨ, ਜੋ ਕਿ ਸਿੱਖਾਂ ਨਾਲ ਸਿੱਧੇ ਤੌਰ ‘ਤੇ ਧੱਕਾ ਹੈ। ਇਸ ਬਾਰੇ ਮਾਨਯੋਗ ਸੁਪਰੀਮ ਕੋਰਟ ਨੇ ਕੱਲ ਇੱਕ ਹੁਕਮ ਜਾਰੀ ਕਰਕੇ ਇਹ ਮਾਮਲੇ ਮੁੜ ਖੋਲਣ ਦਾ ਹੁਕਮ ਦਿੱਤਾ ਹੈ। ਉਨਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਹ ਨੈਤਿਕਤਾ ਦੇ ਤੌਰ ‘ਤੇ ਇਸ ਦੇ ਰੋਸ ਵਜੋਂ ਕੇਂਦਰੀ ਮੰਤਰਾਲੇ ਤੋਂ ਅਸਤੀਫਾ ਦੇਣ। ਡੇਰਾ ਵਿਵਾਦ ਘਟਨਾਕ੍ਰਮ ਬਾਰੇ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਪੰਜਾਬ ਅਤੇ ਨਾਲ ਲੱਗਦੇ ਪ੍ਰਦੇਸ਼ਾਂ ਵਿੱਚ ਥਾਂ-ਥਾਂ ਖੁੱਲੇ ਡੇਰਿਆਂ ਲਈ ਸੂਬੇ ਦੀ ਅਖੌਤੀ ਸਿੱਖ ਲੀਡਰਸ਼ਿਪ ਅਤੇ ਸ਼੍ਰੋਮਣੀ ਗੁਰਦੁੁਆਰਾ ਪ੍ਰਬੰਧਕ ਕਮੇਟੀ ਜਿੰਮੇਵਾਰ ਹੈ। ਉਨਾਂ ਕਿਹਾ ਕਿ ਜੇਕਰ ਸਿੱਖਾਂ (ਖਾਸ ਕਰਕੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ) ਨੂੰ ਇਨਾਂ ਨੇ ਸੰਭਾਲਿਆ ਹੁੰਦਾ ਤਾਂ ਅੱਜ ਸਿੱਖ ਆਸਥਾ ਦੇ ਨਾਮ ‘ਤੇ ਅਜਿਹੇ ਡੇਰਿਆਂ ਦੇ ਸ਼ਿਕਾਰ ਨਾ ਹੁੰਦੇ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਛੀ ਰਾਜਨੀਤੀ ਕਰਨ ਦੀ ਬਿਜਾਏ ਸਿੱਖ ਧਰਮ ਦੇ ਪ੍ਰਚਾਰ ਵੱਲ ਧਿਆਨ ਦੇਣਾ ਚਾਹੀਦਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਨੌਜਵਾਨਾਂ ਨੂੰ ਹੁਨਰਮੰਦ ਕਰਨ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਯੋਜਨਾ ਉਲੀਕੀ ਹੈ। ਜਿਸ ਤਹਿਤ ਨੌਜਵਾਨਾਂ ਨੂੰ ਹੁਨਰਮੰਦ ਕਰਕੇ ਨੌਕਰੀ ਦੇ ਕਾਬਿਲ ਬਣਾਇਆ ਜਾਵੇਗਾ। ਇਸ ਸਿਖ਼ਲਾਈ ਦੌਰਾਨ ਉਨਾਂ ਨੂੰ ਪ੍ਰਤੀ ਮਹੀਨਾ 5 ਹਜ਼ਾਰ ਰੁਪਏ ਭੱਤਾ ਵੀ ਦਿੱਤਾ ਜਾਇਆ ਕਰੇਗਾ। ਉਨਾਂ ਇਸ ਮੌਕੇ ਆਪਣੇ ਅਖ਼ਤਿਆਰੀ ਕੋਟੇ ਵਿੱਚ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲੜਕੇ) ਲੁਧਿਆਣਾ ਨੂੰ 50 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਉਨਾਂ ਕਿਹਾ ਕਿ ਸੂਬੇ ਵਿੱਚ ਦਿੱਤੀ ਜਾਣ ਵਾਲੀ ਤਕਨੀਕੀ ਸਿੱਖਿਆ ਵਿੱਚ ਕਈ ਸੁਧਾਰ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਸਮੇਂ ਦੇ ਹਾਣ ਦੀ ਸਿੱਖਿਆ ਗ੍ਰਹਿਣ ਕਰ ਸਕਣ।
ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਉਨਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀ ਦੇ ਕੇ ਆਪਣੇ ਪੈਰਾਂ ‘ਤੇ ਖੜੇ ਕਰਨ ਲਈ ਵੱਡਾ ਉਪਰਾਲਾ ਕੀਤਾ ਹੈ। ਉਨਾਂ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਭਵਿੱਖ ਵਿੱਚ ਲਗਾਤਾਰ ਜਾਰੀ ਰਹਿਣਗੇ ਅਤੇ ਹਰੇਕ ਪੜੇ ਲਿਖੇ ਨੌਜਵਾਨ ਨੂੰ ਉਸਦੀ ਕਾਬਲੀਅਤ ਮੁਤਾਬਿਕ ਨੌਕਰੀ ਜ਼ਰੂਰ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਭਾਰਤ ਭੂਸ਼ਣ ਆਸ਼ੂ, ਸ੍ਰ. ਅਮਰੀਕ ਸਿੰਘ ਢਿੱਲੋਂ, ਸ੍ਰੀ ਸੰਜੇ ਤਲਵਾੜ, ਸ੍ਰੀ ਰਾਕੇਸ਼ ਪਾਂਡੇ (ਸਾਰੇ ਵਿਧਾਇਕ), ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ, ਏ. ਡੀ. ਸੀ. ਪੀ. ਸ੍ਰੀ ਸੰਦੀਪ ਗਰਗ, ਕਾਰਜਕਾਰੀ ਮੈਜਿਸਟ੍ਰੇਟ ਸ੍ਰੀਮਤੀ ਸਵਾਤੀ ਟਿਵਾਣਾ, ਸ੍ਰ. ਕਮਲਜੀਤ ਸਿੰਘ ਕੜਵਲ, ਸ੍ਰ. ਕੁਲਵੰਤ ਸਿੰਘ, ਸ੍ਰ, ਭੁਪਿੰਦਰ ਸਿੰਘ ਸਿੱਧੂ, ਸ੍ਰੀ ਰਾਜੀਵ ਰਾਜਾ, ਸ੍ਰੀ ਗੁਰਪ੍ਰੀਤ ਸਿੰਘ ਗੋਗੀ, ਸ੍ਰੀਮਤੀ ਲੀਨਾ ਟਪਾਰੀਆ ਅਤੇ ਹੋਰ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ੍ਰ. ਜਸਵੰਤ ਸਿੰਘ ਭੱਠਲ ਅਤੇ ਐੱਮ. ਐੱਸ. ਡੀ. ਸੀ. ਦੀ ਇੰਚਾਰਜ ਮਿਸ ਸਵਾਤੀ ਠਾਕੁਰ ਨੇ ਸਮੂਹ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

%d bloggers like this: