Sat. Aug 17th, 2019

ਵਿਰਾਸਤ-ਏ-ਖਾਲਸਾ ਬਣਿਆ ਏਸ਼ੀਆ ‘ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ, ‘ਏਸ਼ੀਆ ਬੁੱਕ ਆਫ ਰਿਕਾਰਡਜ਼ ‘ਚ ਨਾਮ ਹੋਇਆ ਦਰਜ

ਵਿਰਾਸਤ-ਏ-ਖਾਲਸਾ ਬਣਿਆ ਏਸ਼ੀਆ ‘ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ, ‘ਏਸ਼ੀਆ ਬੁੱਕ ਆਫ ਰਿਕਾਰਡਜ਼ ‘ਚ ਨਾਮ ਹੋਇਆ ਦਰਜ
ਮਹਿਜ਼ ਸਾਢੇ 7 ਵਰਿਆਂ ‘ਚ ਸੈਲਾਨੀਆਂ ਦੀ ਗਿਣਤੀ ਇੱਕ ਕਰੋੜ ਟੱਪੀ, ਵਿਸ਼ਵ ਰਿਕਾਰਡ ਬਨਾਉਣਾ ਹੋਵੇਗਾ ਅਗਲਾ ਟੀਚਾ: ਕੈਬਨਿਟ ਮੰਤਰੀ ਚੰਨੀ

ਸ੍ਰੀ ਅਨੰਦਪੁਰ ਸਾਹਿਬ, 10 ਅਗਸਤ (ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬ ਸਰਕਾਰ ਵੱਲੋਂ ਮੁਕੱਦਸ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਦੁਨੀਆਂ ਦਾ ਵਿਲੱਖਣ ਅਜਾਇਬ ਘਰ ‘ਵਿਰਾਸਤ-ਏ-ਖਾਲਸਾ’ ਹੁਣ ਭਾਰਤ ਤੋਂ ਬਾਅਦ ਏਸ਼ੀਆ ‘ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ ਤੇ ਇਸਦਾ ਨਾਮ ‘ਏਸ਼ੀਆ ਬੁੱਕ ਆਫ ਰਿਕਾਰਡਜ਼’ ‘ਚ ਦਰਜ ਹੋ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ।
ਕੈਬਨਿਟ ਮੰਤਰੀ ਚੰਨੀ ਨੇ ਦੱਸਿਆ ਕਿ ਏਸ਼ੀਆ ਬੁੱਕ ਆਫ ਰਿਕਰਾਡਜ਼ ਵੱਲੋਂ ਇਸਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਸਮੁੱਚੇ ਏਸ਼ੀਆ ਵਿੱਚ ਵਿਰਾਸਤ-ਏ-ਖਾਲਸਾ ਹੁਣ ਤੱਕ ਦਾ ਇਕਲੌਤਾ ਅਜਾਇਬ ਘਰ ਹੈ ਜਿੱਥੇ ਇੱਕ ਦਿਨ ਵਿੱਚ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਵਿਰਾਸਤ-ਏ-ਖਾਲਸਾ ਵਿਖੇ 20 ਮਾਰਚ 2019 ਨੂੰ 20569 ਸੈਲਾਨੀਆਂ ਨੇ ਦਰਸ਼ਨ ਕੀਤੇ ਸਨ।
ਅਸਲ ‘ਚ ਇਹ ਵਿਰਾਸਤ-ਏ-ਖਾਲਸਾ ਵੱਲੋਂ ਬਣਾਇਆ ਗਿਆ ਤੀਸਰਾ ਰਿਕਾਰਡ ਹੈ। ਇਸਤੋਂ ਪਹਿਲਾਂ ਫਰਵਰੀ 2019 ਵਿੱਚ ਲਿਮਕਾ ਬੁੱਕਾ ਆਫ ਰਿਕਾਰਡਜ਼ ਅਤੇ ਫਿਰ ਇੰਡੀਆ ਬੁੱਕ ਆਫ ਰਿਕਾਰਡਜ਼ ਵੱਲੋਂ ਵਿਰਾਸਤ-ਏ-ਖਾਲਸਾ ਨੂੰ ਭਾਰਤ ‘ਚੋ ਸਭ ਤੋਂ ਵੱਧ ਵੇਖੇ ਜਾਣ ਵਾਲੇ ਅਜਾਇਬ ਘਰ ਹੋਣ ਦੀ ਪੁਸ਼ਟੀ ਕੀਤੀ ਸੀ।
ਕੈਬਨਿਟ ਮੰਤਰੀ ਚੰਨੀ ਅੱਗੇ ਦੱਸਿਆ ਕਿ ਪੰਜਾਬ ਦੇ 550 ਸਾਲਾਂ ਦੇ ਸ਼ਾਨਾਮੱਤੇ ਤੇ ਗੌਰਵਮਈ ਇਤਿਹਾਸ ਨੂੰ ਰੂਪਮਾਨ ਕਰਨ ਵਾਲੇ ਵਿਰਾਸਤ-ਏ-ਖਾਲਸਾ ਵਿਖੇ ਮਹਿਜ਼ ਸਾਢੇ 7 ਸਾਲਾਂ ‘ਚ ਇੱਕ ਕਰੋੜ ਤੋਂ ਵੱਧ ਦੇਸ਼, ਦੁਨੀਆਂ ਤੋਂ ਆਉਣ ਵਾਲੇ ਸੈਲਾਨੀ ਦਰਸ਼ਨ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਦਿਨੋਂ ਦਿਨ ਦੁਨੀਆਂ ਭਰ ਦੇ ਵਿੱਚ ਵਿਲੱਖਣ ਪਹਿਚਾਣ ਲਈ ਜਾਣਿਆ ਜਾਣ ਵਾਲਾ ਵਿਰਾਸਤ-ਏ-ਖਾਲਸਾ ਲਗਾਤਾਰ ਆਪਣੀਆਂ ਖੂਬੀਆਂ ਕਰਕੇ ਮਕਬੂਲ ਹੁੰਦਾ ਜਾ ਰਿਹਾ ਹੈ।ਇਸਦੀ ਮਨਮੋਹਕ ਤੇ ਵਿੱਲਖਣ ਭਵਨ ਨਿਰਮਾਣ ਕਲਾ, ਇਸਦਾ ਆਲਾ ਦਰਜੇ ਦਾ ਰੱਖ-ਰਖਾਵ ਰੋਜ਼ਾਨਾਂ ਹਜ਼ਾਰਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਉਹਨਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਸਖਸ਼ੀਅਤਾਂ ਦੀ ਆਮਦ ਤੇ ਉਹਨਾਂ ਵੱਲੋਂ ਕੀਤੀ ਸ਼ਲਾਂਘਾ ਸਦਕਾ ਹੀ ਵਿਰਾਸਤ-ਏ-ਖਾਲਸਾ ਅੱਜ ਏਸ਼ੀਆ ਮਹਾਂਦੀਪ ‘ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਸਕਿਆ ਹੈ। ਜੋ ਕਿ ਹੁਣ ਵਿਦਿਆਰਥੀਆਂ, ਆਰਚੀਟੈਕਟਾਂ ਵਾਸਤੇ ਇੱਕ ਖੋਜ ਕੇਂਦਰ ਵੱਜੋਂ ਵੀ ਵਿਕਸਿਤ ਹੁੰਦਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਸਾਡਾ ਅਗਲਾ ਟੀਚਾ ਵਿਰਾਸਤ-ਏ-ਖਾਲਸਾ ਨੂੰ ਦੁਨੀਆਂ ਭਰ ‘ਚੋ ਨੰਬਰ ਇੱਕ ਦਾ ਅਜਾਇਬ ਘਰ ਬਨਾਉਣਾ ਹੈ ਤੇ ਇਸ ਵਾਸਤੇ ਸਾਡੀ ਕੌਸ਼ਿਸ਼ ਹੋਵੇਗੀ ਕਿ ਜਲਦੀ ਤੋਂ ਜਲਦੀ ‘ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼’ ਵਿੱਚ ਇਸਦਾ ਨਾਮ ਦਰਜ ਕਰਵਾਇਆ ਜਾ ਸਕੇ।
ਸ੍ਰੀ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਸੱਭਿਆਚਾਰਕ ਤੇ ਸੈਰ ਸਪਾਟਾ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਹਰ ਪੱਖ ਤੋਂ ਲਗਾਤਾਰ ਵਧੀਆ ਕਾਰਗੁਜ਼ਾਰੀ ਦੇਣ ਦੇ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਊਰਜ਼ਾ ਵਿਕਾਸ ਏਜੰਸੀ ਵੱਲੋਂ ਅਯੋਜਿਤ ‘ਪੰਜਾਬ ਲੈਵਲ ਐਨਰਜੀ ਕੰਜ਼ਰਵੇਸ਼ਨ ਅਵਾਰਡ ਮੁਕਾਬਲਿਆਂ’ ਵਿੱਚ ਵਿਰਾਸਤ-ਏ-ਖਾਲਸਾ ਵੱਲੋਂ ਕੀਤੀ ਗਈ ਊਰਜ਼ਾ ਦੀ ਜ਼ਿਕਰਯੋਗ ਬੱਚਤ ਵਾਸਤੇ ਅਤੇ ਇਸ ਪਾਸੇ ਕੀਤੇ ਜਾ ਰਹੇ ਕਾਬਲੇਤਾਰੀਫ ਉੱਦਮਾਂ ਵਾਸਤੇ ਦੂਸਰਾ ਸਥਾਨ ਦੇ ਕੇ ਨਵਾਜ਼ਿਆ ਗਿਆ ਸੀ। ਇਹੀ ਨਹੀਂ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਜਦੋਂ ਤੋਂ ਵਿਰਾਸਤ-ਏ-ਖਾਲਸਾ ਹੋਂਦ ‘ਚ ਆਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸ੍ਰੀ ਆਨੰਦਪੁਰ ਸਾਹਿਬ ਸ਼ਹਿਰ ਤੇ ਇਲਾਕੇ ਦੀ ਆਰਥਿਕਤਾ ਨੂੰ ਜ਼ਬਰਦਸਤ ਹੁਲਾਰਾ ਵੀ ਮਿਲਿਆ ਹੈ।
ਨਿਰਦੇਸ਼ਕ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਪੰਜਾਬ ਅਤੇ ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਕਾਰੀ ਅਫਸਰ, ਸ੍ਰੀ ਮਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ 22 ਨਵੰਬਰ 1998 ਨੂੰ ਵਿਰਾਸਤ-ਏ-ਖਾਲਸਾ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਜਿਸਤੋਂ ਬਾਅਦ ਇਮਾਰਤ ਦਾ ਨਿਰਮਾਣ ਕਾਰਜ ਮੁਕੰਮਲ ਹੋਣ ਤੇ ਸਾਲ 2006 ਵਿੱਚ ਇਸਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਜਦਕਿ ਇਸਤੋਂ ਬਾਅਦ ਅਜਾਇਬ ਘਰ ਦੇ ਪਹਿਲੇ ਭਾਗ ਦਾ ਉਦਘਾਟਨ 25 ਨਵੰਬਰ 2011 ਅਤੇ ਦੂਸਰਾ ਭਾਗ 25 ਨਵੰਬਰ 2016 ਨੂੰ ਵਿਸ਼ਵ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ ਸੀ।

Leave a Reply

Your email address will not be published. Required fields are marked *

%d bloggers like this: