Mon. Jun 17th, 2019

ਵਿਰਾਸਤ-ਏ-ਖਾਲਸਾ ਦੇ ਸਫਲਤਾ ਪੂਰਵਕ 7 ਸਾਲ

ਵਿਰਾਸਤ-ਏ-ਖਾਲਸਾ ਦੇ ਸਫਲਤਾ ਪੂਰਵਕ 7 ਸਾਲ
7 ਸਾਲਾਂ ਵਿੱਚ 95 ਲੱਖ 75 ਹਜ਼ਾਰ ਤੋਂ ਵੱਧ ਸੰਗਤਾਂ ਨੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕੀਤੇ
ਕਰੀਬ 20 ਫੀਸਦੀ ਵਿਦੇਸ਼ੀ ਸੈਲਾਨੀਆਂ ਦਾ ਵੀ ਰਿਹਾ ਆਕਰਸ਼ਣ ਦਾ ਕੇਂਦਰ
ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਕੀਤਾ ਇਤਿਹਾਸਿਕ ਦੌਰਾ

ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਦਵਿੰਦਰਪਾਲ ਸਿੰਘ): ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਗਏ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ ਨਿਰਮਾਣ ਦੌਰਾਨ ਸ਼ਾਇਦ ਕਿਸੇ ਨੇ ਵੀ ਇਹ ਸੋਚਿਆ ਨਹੀਂ ਹੋਵੇਗਾ ਕਿ ਇੱਥੇ ਬਣਨ ਵਾਲਾ ‘ਵਿਰਾਸਤ-ਏ-ਖਾਲਸਾ’ ਜਦੋਂ ਵਿਸ਼ਵ ਦੀ ਸੰਗਤ ਦੇ ਲਈ ਖੋਲਿਆ ਜਾਵੇਗਾ ਤਾਂ ਇਹ ਇਨਾ ਕੁ ਮਕਬੂਲ ਹੋ ਜਾਵੇਗਾ ਕਿ ਇੱਥੇ ਵਿਦੇਸ਼ੀ ਪ੍ਰਧਾਨ ਮੰਤਰੀ ਵੀ ਉਚੇਚੇ ਤੌਰ ਤੇ ਹੀ ਨਹੀਂ ਪਹੁੰਚਣਗੇ ਬਲਕਿ ਪੰਜਾਬ ਦੀ ਸਰਹੱਦ ‘ਤੇ ਵਸਦੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਇਸ ਮਹਾਨ ਅਜਾਇਬ ਘਰ ਨੂੰ ਪਹਿਲੇ 7 ਸਾਲਾਂ ਦੌਰਾਨ ਹੀ 95 ਲੱਖ 75 ਹਜ਼ਾਰ ਸੈਲਾਨੀ ਵੇਖ ਚੁੱਕੇ ਹਨ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਗੌਰਵਮਈ ਇਤਿਹਾਸ ਲਈ ਵੱਡੇ ਮਾਣ ਵਾਲੀ ਗੱਲ ਹੈ।
ਵਿਦੇਸ਼ੀ ਮਹਿਮਾਨਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਸਾਲ 2005 ‘ਚ ਬਰਤਾਨੀਆ ਦੇ ਪ੍ਰਿੰਸ ਚਾਰਲਜ਼ ਅਤੇ ਕੈਮਿਲਾ ਪਾਰਕਰ ਨੇ ਨਿਰਮਾਣ ਅਧੀਨ ਇਸ ਕੰਪਲੈਕਸ ਦਾ ਦੌਰਾ ਕੀਤਾ ਜਦਕਿ ਉਸਤੋਂ ਬਾਅਦ 14 ਅਪਰੈਲ 2006 ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੰਪਲੈਕਸ ਦਾ ਇੱਕ ਹਿੱਸਾ ਸੰਤਾਂ ਮਹਾਂਪੁਰਸ਼ਾਂ ਦੀ ਹਾਜ਼ਰੀ ‘ਚ ਸੰਗਤਾਂ ਨੂੰ ਸਮਰਪਿਤ ਕੀਤਾ। ਅਤੇ ਬਾਅਦ ਵਿੱਚ ਪੰਜਾਬ ਸਰਕਾਰ ਨੇ 25 ਨਵੰਬਰ 2011 ਨੂੰ ਇਹ ਪ੍ਰੋਜੈਕਟ ਆਮ ਸੈਲਾਨੀਆਂ ਦੇ ਲਈ ਖੋਲ ਦਿੱਤਾ। ਜਿਸਤੋਂ ਬਾਅਦ ਅੱਜ ਤੱਕ 7 ਸਾਲਾਂ ‘ਚ ਜਿੱਥੇ 95 ਲੱਖ 75 ਹਜ਼ਾਰ ਤੋਂ ਵੱਧ ਸੈਲਾਨੀ ਵੇਖ ਚੁੱਕੇ ਹਨ ਉੱਥੇ ਹੀ ਅੰਕੜੇ ਇਹ ਵੀ ਬਿਆਨ ਕਰਦੇ ਹਨ ਕਿ ਦੁਨੀਆ ਦੇ ਅੱਠਵੇਂ ਅਜੂਬੇ ਵੱਜੋਂ ਜਾਣਿਆ ਜਾਣ ਵਾਲਾ ਇਹ ‘ਵਿਰਾਸਤ-ਏ-ਖਾਲਸਾ’ ਦੇਸ਼ ਦਾ ਸਭ ਤੋਂ ਤੇਜ਼ੀ ਦੇ ਨਾਲ ਵੇਖਿਆ ਜਾਣ ਵਾਲਾ ਅਜਾਇਬ ਘਰ ਵੀ ਬਣਦਾ ਜਾ ਰਿਹਾ ਹੈ। ਮਾਹਰਾਂ ਦੇ ਇਹ ਮੰਨਣਾ ਹੈ ਕਿ ਜੇਕਰ ਇਸਨੂੰ ਵੇਖਣ ਲਈ ਸਮਾਂ ਜਾਂ ਸਮਰੱਥਾ ਨਿਰਧਾਰਿਤ ਨਾ ਹੁੰਦੀ ਤਾਂ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਕਈ ਗੁਣਾਂ ਤੱਕ ਵੱਧ ਹੋਣੀ ਸੀ।
ਜਦਕਿ ਖਾਸ ਤੇ ਰੌਚਕ ਤੱਥ ਇਹ ਹੈ ਕਿ ‘ਵਿਰਾਸਤ-ਏ-ਖਾਲਸਾ’ ਵੇਖਣ ਵਾਲੇ ਸੈਲਾਨੀਆਂ ਵਿੱਚੋਂ ਕਿਸੇ ਨੇ ਵੀ ਨਾਂਹਪੱਖੀ ਰੁਝਾਨ ਨਹੀਂ ਵਿਖਾਇਆ। ਜਾਣਕਾਰਾਂ ਦਾ ਇਹ ਮੰਨਣਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਵਿੱਚ ਇਹ ਪਹਿਲਾ ਅਜਿਹਾ ਅਜਾਇਬ ਘਰ ਹੈ ਜਿੱਥੇ ਰੋਜ਼ਾਨਾਂ 7-8 ਹਜ਼ਾਰ ਸੈਲਾਨੀ ਦਰਸ਼ਨਾਂ ਦੇ ਲਈ ਆਉਂਦੇ ਹਨ ਭਾਂਵੇ ਕਿ ਹੁਣ ਪ੍ਰਬੰਧਕਾਂ ਵੱਲੋਂ ਸੈਲਾਨੀਆਂ ਲਈ ਸਮਾਂ ਘਟਾਏ ਜਾਣ ਕਰਕੇ ਸੈਲਾਨੀਆਂ ਦੀ ਗਿਣਤੀ ਲਗਭਗ 5 ਹਜਾਰ ਰਹਿ ਗਈ ਹੈ। ਵਿਰਾਸਤ-ਏ-ਖਾਲਸਾ’ ਦੀ ਅਕਾਸ਼ ਨੂੰ ਚੁੰਬਦੀ ਇਮਾਰਤ ਇਉਂ ਪ੍ਰਤੀਤ ਹੁੰਦੀ ਹੈ ਕਿ ਜਿਵੇਂ ਧਰਤੀ ਵਿੱਚੋ ਕੋਈ ਚੀਜ਼ ਨਿੱਕਲ ਰਹੀ ਹੋਵੇ। ਇਹੀ ਕਾਰਨ ਹੈ ਕਿ ਜੇਕਰ ਇਸ ਮਹਾਨ ਕੰਪਲੈਕਸ ਦੀ ਤੁਲਨਾ ਦੁਨੀਆਂ ਦੇ ਅਜੂਬਿਆਂ ਨਾਲ ਕੀਤੀ ਜਾਵੇ ਤਾਂ ਅਜੌਕੇ ਸਮੇਂ ਅੰਦਰ ਜੇਕਰ ਕੋਈ ਅੱਠਵਾਂ ਅਜੂਬਾ ਵੇਖਣਾ ਹੋਵੇ ਤਾਂ ਉਹ ‘ਵਿਰਾਸਤ-ਏ-ਖਾਲਸਾ’ ਹੀ ਹੋਵੇਗਾ।
ਇੱਥੇ ਇਹ ਲਿਖਣਾ ਬਣਦਾ ਹੈ ਕਿ ਜਿੱਥੇ ਵਿਰਾਸਤ-ਏ-ਖਾਲਸਾ ਨੂੰ ਹੁਣ ਤੱਕ 95 ਲੱਖ 75 ਹਜ਼ਾਰ ਤੋਂ ਵੱਧ ਦੇਸ਼ੀ ਤੇ ਵਿਦੇਸ਼ੀ ਸੈਲਾਨੀਆਂ ਨੇ ਵੇਖਿਆ ਹੈ ਉੱਥੇ ਕਈ ਵਿਦੇਸ਼ੀ ਆਗੂਆਂ ਤੋਂ ਇਲਾਵਾ ਕਈ ਦੇਸ਼ਾਂ ਦੇ ਐਂਬੈਸਡਰਾਂ,ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ , ਮੋਰੀਸ਼ਸ ਦੇ ਰਾਸ਼ਟਰਪਤੀ , ਪੰਜਾਬ ਦੇ ਮੁੱਖ ਮੰਤਰੀ ਸਹਿਬਾਨ, ਪੰਜਾਬ ਦੇ ਰਾਜਪਾਲ ਸਹਿਬਾਨ, ਭਾਰਤ ਅਤੇ ਵੱਖ-ਵੱਖ ਦੇਸ਼ਾਂ ਦੇ ਮੈਂਬਰ ਪਾਰਲੀਮੈਂਟ ਸਹਿਬਾਨਾਂ ਨੇ ਵੀ ਇਸਦੇ ਦਰਸ਼ਨ ਕੀਤੇ ਹਨ। ਹੋਰ ਤਾਂ ਹੋਰ ਹਾਰਪਰ ਨੂੰ ਇਸ ਗੱਲ ਦਾ ਮਾਣ ਵੀ ਪ੍ਰਾਪਤ ਹੋਇਆ ਹੈ ਕਿ ਉਹ ਵਿਰਾਸਤ-ਏ-ਖਾਲਸਾ ਵੇਖਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ ਹਨ ਅਤੇ ਉਂਨਾਂ ਇਸ ਪ੍ਰਾਪਤੀ ‘ਤੇ ਆਪਣੇ ਆਪ ਨੂੰ ਸਭ ਤੋਂ ਵੱਧ ਭਾਗਸ਼ਾਲੀ ਵਿਅਕਤੀ ਵੀ ਦੱਸਿਆ ਸੀ।
ਜੇਕਰ ਵਿਰਾਸਤ-ਏ-ਖਾਲਸਾ ਦੇ ਦੂਸਰੇ ਭਾਗ ਦੀ ਗੱਲ ਕੀਤੀ ਜਾਵੇ ਤਾਂ ਇਹ ਭਾਗ ਪਹਿਲੇ ਭਾਗ ਨਾਲੋਂ ਕਿਤੇ ਜ਼ਿਆਦਾ ਆਧੁਨਿਕ ਅਤੇ ਕਿਤੇ ਜ਼ਿਆਦਾ ਵਧੀਆ ਬਣਾਇਆ ਹੈ। ਕਿਉਂਕਿ ਮੌਜੂਦਾ ਅਤਿ ਆਧੁਨਿਕ ਤਕਨੀਕਾਂ ਦੇ ਨਾਲ ਲੈਸ ਇਸ ਭਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਤੋਂ ਬਾਅਦ ਅਜ਼ਾਦੀ ਦੇ ਸੰਘਰਸ਼ ਤੱਕ ਦਾ ਸਮੁੱਚਾ ਇਤਿਹਾਸ ਬੁਹਤ ਹੀ ਸੰਜੀਦਗੀ ਦੇ ਨਾਲ ਵਿਖਾਇਆ ਗਿਆ ਹੈ। ਪ੍ਰਬੰਧਕਾਂ ਅਨੁਸਾਰ ਇਸ ਭਾਗ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼, ਮਿਸਲ ਕਾਲ,ਮਹਾਰਾਜਾ ਰਣਜੀਤ ਸਿੰਘ, ਰਾਸ਼ਟਰੀ ਅੰਦੋਲਨ, ਪੰਜਾਬ ਅੰਦੋਲਨ ਆਦਿ ਬੁਹਤ ਹੀ ਆਧੁਨਿਕ ਉਪਕਰਣਾਂ ਦੇ ਨਾਲ ਵਿਖਾਏ ਗਏ ਹਨ ਤਾਂ ਜੋ ਨੌਜੁਆਨ ਪੀੜੀ ਦੇ ਲਈ ਇਹ ਰਹਿੰਦੀ ਦੁਨੀਆਂ ਤੱਕ ਚਾਨਣ ਮੁਨਾਰਾ ਬਣ ਸਕੇ।
ਜੇਕਰ ਇਸ ਵਿਰਾਸਤ-ਏ-ਖਾਲਸਾ ਦੇ ਡਿਜ਼ਾਈਨ ਅਤੇ ਇਸਦੇ ਅੰਦਰ ਬਣੀਆਂ ਗੈਲਰੀਆਂ ‘ਤੇ ਝਾਤ ਮਾਰੀ ਜਾਵੇ ਤਾਂ ਵਿਸ਼ਵ ਪ੍ਰਸਿੱਧ ਆਰਕੀਟੈਕਟ ਮੋਸ਼ੇ ਸੈਫਦੀ ਵਲੋਂ ਡਿਜ਼ਾਈਨ ਕੀਤੇ ਗਈ ਇਸ ਵਿਲੱਖਣ ਇਮਾਰਤ ਵਿੱਚ ਦੋ ਪ੍ਰਵੇਸ਼ ਦੁਆਰ ਆਮ ਜਨਤਾ ਦੇ ਲਈ ਹਨ।ਇਨਾਂ ਵਿੱਚੋਂ ਇੱਕ ਤਾਂ ਕਿਲਾ ਅਨੰਦਗੜ ਸਾਹਿਬ ਵਾਲੇ ਪਾਸੇ ਤੋਂ ਹੈ ਜਿੱਥੇ ਸੰਗਤ ਪੈਦਲ ਹੀ ਅੰਦਰ ਦਾਖਿਲ ਹੋ ਸਕਦੀ ਹੈ ਜਦੋਂਕਿ ਦੂਸਰਾ ਸੜਕ ਵਾਲੇ ਪਾਸੇ ਤੋਂ ਹੈ ਜੋ ਕਿ ਵਾਹਨਾਂ ਵਾਸਤੇ ਬਣਾਇਆ ਗਿਆ ਹੈ।
ਇੱਥੇ ਖਾਸ ਗੱਲ ਇਹ ਹੈ ਕਿ ‘ਵਿਰਾਸਤ-ਏ-ਖਾਲਸਾ’ ਹੁਣ ਸ੍ਰੀ ਆਨੰਦਪੁਰ ਸਾਹਿਬ ਦੇ ਨਾਲ ਲਗਦੇ ਇਲਾਕੇ ਦੇ ਲੋਕਾਂ ਲਈ ਲਾਈਫ ਲਾਈਨ ਬਣ ਚੁੱਕਾ ਹੈ। ਕਿਉਂਕਿ ਇਸਦੇ ਹੋਂਦ ‘ਚ ਆਉਣ ਦੇ ਨਾਲ ਸਿੱਧੇ ਤੇ ਅਸਿੱਧੇ ਢੰਗ ਦੇ ਨਾਲ ਵਪਾਰ ‘ਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ ਹੈ। ਇਹੀ ਨਹੀਂ ਇੱਕ ਸੰਸਥਾ ਵੱਲੋਂ ਕੀਤੀ ਗਈ ਖੋਜ ਅਨੁਸਾਰ ‘ਵਿਰਾਸਤ-ਏ-ਖਾਲਸਾ’ ਦੇ 40 ਕਿਲੋਮੀਟਰ ਦੇ ਘੇਰੇ ਅੰਦਰ ਛੋਟੇ ਦੁਕਾਨਦਾਰਾਂ, ਢਾਬਿਆਂ, ਮਕੈਨਿਕਾਂ, ਹੋਟਲਾਂ, ਧਾਰਮਿਕ ਸਥਾਨਾਂ ਦੀ ਆਮਦਨ ਵੀ ਕਾਫੀ ਵਧੀ ਹੈ। ਹੋਰ ਤਾਂ ਹੋਰ ‘ਵਿਰਾਸਤ-ਏ-ਖਾਲਸਾ’ ਬਣਨ ਤੋਂ ਬਾਅਦ ਜਿੱਥੇ ਸ੍ਰੀ ਆਨੰਦਪੁਰ ਸਾਹਿਬ ਸਣੇ ਇੱਥੇ ਆਉਂਦੇ ਮਾਰਗਾਂ ‘ਤੇ ਹੋਟਲਾਂ ਦੀ ਗਿਣਤੀ ਕਾਫੀ ਵਧੀ ਹੈ ਉੱਥੇ ਹੀ ਬੈਂਕਿੰਗ ਸੈਕਟਰ ਨੂੰ ਵੀ ਕਾਫੀ ਹੁੰਗਾਰਾ ਮਿਲਿਆ ਹੈ। ਪੇਡਾਂ ਵਲੋਂ ਇਸ ਵਿਰਾਸਤੇ-ਏ-ਖਾਲਸਾ ਨੂੰ ਊਰਜਾ ਬਚਾਉਣ ਵਿਚ ਮੋਹਰੀ ਸੰਸਥਾ ਹੋਣ ਦਾ ਮਾਣ ਵੀ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: