Fri. Aug 23rd, 2019

ਵਿਧਾਨ ਸਭਾ ਹਲਕਾ ਮਹਿਲ ਕਲਾਂ ਚ ਮੁਕਾਬਲਾ ਤਿਕੋਣਾ

ਵਿਧਾਨ ਸਭਾ ਹਲਕਾ ਮਹਿਲ ਕਲਾਂ ਚ ਮੁਕਾਬਲਾ ਤਿਕੋਣਾ
ਹਰ ਉਮੀਦਵਾਰ ਆਪਣੇ ਵਿਰੋਧੀ ਉਮੀਦਵਾਰ ਨੂੰ ਪਛਾੜ ਕੇ ਜੇਤੂ ਲਹਿਰ ਬਣਾਉਣੀ ਚਾਹੁੰਦਾ

ਮਹਿਲ ਕਲਾਂ (ਗੁਰਭਿੰਦਰ ਗੁਰੀ)- ਲੋਕ ਸਭਾ ਚੋਣਾਂ ਲਈ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਚੋਣ ਸਰਗਰਮੀਆਂ ਸਿਖਰਾਂ ਤੇ ਹਨ, ਛੋਟੀਆਂ ਜਨ ਸਭਾਵਾਂ, ਨੁੱਕੜ ਮੀਟਿੰਗਾਂ ਤੋਂ ਬਾਅਦ ਵੱਡੇ ਰੋਡ ਸੋਅ ਅਤੇ ਵੱਡੀਆਂ ਚੋਣ ਰੈਲੀਆਂ ਕਰਵਾਉਣ ਦੀਆਂ ਵਿਊਤਬੰਦੀਆਂ ਉਲੀਕੀਆਂ ਜਾ ਰਹੀਆਂ ਹਨ ਚੋਣ ਪ੍ਰਚਾਰ ਦੇ ਆਖਰੀ ਹਫਤੇ ਦੌਰਾਨ ਹਰ ਉਮੀਦਵਾਰ ਆਪਣੇ ਵਿਰੋਧੀ ਉਮੀਦਵਾਰ ਨੂੰ ਪਛਾੜ ਕੇ ਜੇਤੂ ਲਹਿਰ ਬਣਾਉਣੀ ਚਾਹੁੰਦਾ ਹੈ। ਹੁਣ ਤੱਕ ਦੇ ਚੋਣ ਸਮੀਕਰਨਾ ਦੀ ਸਮੀਖਿਆ ਕਰਨ ਤੋਂ ਬਾਅਦ ਸਾਹਮਣੇ ਆਉਂਦਾ ਹੈ ਕਿ ਕਾਂਗਰਸ,ਸ਼ੋ੍ਰਮਣੀ ਅਕਾਲੀ (ਬ) ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੋਣ ਟਰੈਕ ‘ਤੇ ਬਰਾਬਰ ਬਰਾਬਰ ਦੌੜ ਰਹੇ ਹਨ ਜਦਕਿ ਸ਼ੋ੍ਰਮਣੀ ਅਕਾਲੀ (ਅ) ਅਤੇ ਪੀ ਡੀ ਏ ਉਮੀਦਵਾਰ ਵੀ ਚੋਣ ਗੱਡੀ ਫਾਈਨਲ ਟਰੈਕ ਤੇ ਨਹੀ ਚੜ ਸਕੀ। ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂਂ ਵੱਲੋਂ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਮਾਲੀ ਸਾਧਨਾਂ ਦੀ ਵਧੇਰੇ ਵਰਤੋਂ ਕਰਨ ਤੋਂ ਇਲਾਵਾ ਹੋਰ ਹੀਲੇ ਵਸੀਲੇ ਕਰਨ ਤੋਂ ਬਾਅਦ ਵੀ ਢਿੱਲੋਂ ਦੀ ਚੋਣ ਮੁਹਿੰਮ ਉਸ ਪੜਾਅ ਤੇ ਨਹੀ ਪੁੱਜ ਸਕੀ ਜਿਥੇ ਖੜਕੇ ਕੇਵਲ ਸਿੰਘ ਢਿੱਲੋਂ ਜਾਂ ਉਸ ਦੇ ਸਮਰਥਕ ਹਿੱਕ ਥਾਪੜ ਕੇ ਜਿੱਤਣ ਦਾ ਦਾਅਵਾ ਕਰ ਸਕਦੇ ਹੋਣ।
ਅਕਾਲੀ -ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਅਤੇ ਉਸ ਦੇ ਸਮਰਥਕਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਆਮ ਲੋਕਾਂ ਵੱਲੋਂ ਬੇਅਦਬੀ ਕਾਂਡ ਸਬੰਧੀ ਖੁੱਲ ਕੇ ਵਿਰੋਧਤਾ ਨਾ ਹੋਣ ਕਰਕੇ ਵੱਡੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਪਰ ਢੀਂਡਸਾ ਤੇ ਉਸ ਦੇ ਸਮਰਥਕਾਂ ਵੱਲੋਂ ਚੋਣ ਜਿੱਤਣ ਲਈ ਜਿਆਦਾ ਟੇਕ ਕੇਵਲ ਸਿੰਘ ਢਿੱਲੋਂ ਦੇ ਵਿਰੋਧੀ ਗੁੱਟ ‘ਤੇ ਰੱਖੀ ਜਾ ਰਹੀ ਹੈ। ਢੀਂਡਸਾ ਦੇ ਮਹਿਲ ਕਲਾਂ ਵਿਖੇ ਮੁੱਖ ਚੋਣ ਦਫ਼ਤਰ ਚ ਬੈਠੇ ਇੱਕ ਸੀਨੀਅਰ ਅਕਾਲੀ ਆਗੂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਵਿਜੈਇੰਦਰ ਸਿੰਗਲਾ, ਬੀਬੀ ਭੱਠਲ ਅਤੇ ਧੀਮਾਨ ਧੜਾ ਸਾਡੀ ਬੇੜੀ ਪਾਰ ਲਗਾਵੇਗਾ, ਅਕਾਲੀਆਂ ਦਾ ਇਹ ਦਾਅਵਾ ਬੈਗਾਨੀ ਸ਼ਹਿ ‘ਤੇ ਮੁੱਛਾਂ ਮਨਾਉਣ ਵਾਂਗ ਹੀ ਕਿਹਾ ਜਾ ਸਕਦਾ ਹੈ। ਉਂਝ ਹਲਕੇ ਚ ਪਰਮਿੰਦਰ ਸਿੰਘ ਢੀਂਡਸਾ ਨੂੰ ਮਿਲ ਰਿਹਾ ਹੁੰਗਾਰਾ ਸੱਤਾ ਤੇ ਕਾਬਜ਼ ਪਾਰਟੀ ਦੇ ਉਮੀਦਵਾਰ ਦੀਆਂ ਚਿੰਤਾਵਾਂ ਚ ਵਾਧਾ ਕਰ ਰਿਹਾ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਚ ਚੋਣ ਸਰਗਰਮੀਆਂ ਦੌਰਾਨ ਸਥਾਨਕ ਅਕਾਲੀ ਆਗੂਆਂ ਵੱਲੋਂ ਮੀਡੀਆ ਦੇ ਇੱਕ ਵੱਡੇ ਹਿੱਸੇ ਨੂੰ ਅਕਾਲੀ ਦਲ ਦੀਆਂ ਚੋਣ ਮੀਟਿੰਗਾਂ ਦੇ ਸੁਨੇਹੇ ਨਾ ਲਗਾਉਣਾ ਵੀ ਹਲਕਾ ਮਹਿਲ ਕਲਾਂ ਚ ਅਕਾਲੀ ਦਲ ਦੀਆਂ ਚੋਣ ਵਿਊਂਤ ਬੰਦੀਆਂ ਤੇ ਸਵਾਲ ਖੜੇ ਕਰ ਰਿਹਾ ਹੈ। ਅਕਾਲੀ ਦਲ ਵੱਲੋਂ ਚੋਣ ਪ੍ਰਚਾਰ ਦੌਰਾਨ ਕੇਂਦਰ ਸਰਕਾਰ ਦੀਆਂ ਪਿਛਲੇ 5 ਵਰਿਆਂ ਦੀਆਂ ਪ੍ਰਾਪਤੀਆਂ ਤੇ ਖਾਸ ਜੋਰ ਦਿੱਤਾ ਜਾ ਰਿਹਾ ਹੈ ਜਾਂ ਇੰਝ ਕਹਿ ਲਿਆ ਜਾਵੇ ਕਿ ਅਕਾਲੀਆਂ ਵੱਲੋਂ ਮੋਦੀ ਦੇ ਨਾਮ ਤੇ ਵੋਟ ਮੰਗੀ ਜਾ ਰਹੀ ਹੈ। ਹਲਕਾ ਸੰਗਰੂਰ ਤੇ ਪਿਛਲੇ 20 ਵਰਿਆਂ ਦੇ ਰਿਕਾਰਡ ਮੁਤਾਬਿਕ ਵੋਟਰਾਂ ਨੇ ਕਿਸੇ ਉਮੀਦਵਾਰ ਨੂੰ ਦੁਬਾਰਾ ਲੋਕ ਸਭਾ ਦੀਆ ਪੌੜੀਆਂ ਨਹੀ ਚਾੜਿਆ। ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਇਹ ਸਰਕਾਰ ਨੂੰ ਤੋੜਨ ਦੇ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ। ਚੋਣ ਮੁਹਿੰਮ ਦੇ ਸ਼ੁਰੂਆਤੀ ਦੌਰ ਚ ਪਛੜਨ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਰਿਵਾਇਤੀ ਅੰਦਾਜ਼ ਚ ਪਰਤਦੇ ਹੋਏ ਢਿੱਲੋਂ ਤੇ ਢੀਂਡਸਾ ਦੀ ਪੈੜ ਚ ਪੈੜ ਮਿਲਾ ਲਈ ਹੈ। ਭਗਵੰਤ ਮਾਨ ਦੀਆਂ ਚੋਣ ਰੈਲੀਆਂ ਚ ਲੋਕਾਂ ਦਾ ਹੋ ਰਿਹਾ ਇਕੱਠ ਕੇਵਲ ਸਿੰਘ ਢਿੱਲੋਂਂ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣੀ ਚੋੋਣ ਮੁਹਿੰਮ ਦੀ ਸਮੀਖਿਆ ਕਰਨ ਲਈ ਜੋਰ ਪਾ ਰਿਹਾ ਹੈ। ਸ਼ੋ੍ਰਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਜੇਤੂ ਲੈਅ ਪ੍ਰਾਪਤ ਕਰਨ ਲਈ ਸਿਰਤੋੜ ਯਤਨ ਕਰ ਰਹੇ ਹਨ, ਮਾਨ ਦੀ ਚੋਣ ਮੁਹਿੰਮ ਦਾ ਜਿਕਰਯੋਗ ਪੱਖ ਹੈ ਕਿ ਅੱਜ ਦੀ ਘੜੀ ਤੱਕ ਮਾਨ ਆਪਣੀਆਂ ਪਿਛਲੀਆਂ ਚੋਣਾਂ ਦੌਰਾਨ ਆਪਣੇ ਖਿੱਲਰੇ ਵੋਟ ਬੈਂਕ ਨੂੰ ਇਕੱਠਾ ਕਰਨ ਚ ਕਾਮਯਾਬ ਹੋ ਰਿਹਾ ਹੈ ਅਤੇ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਭਗਵੰਤ ਮਾਨ ਦੀ ਮਦਦ ਕਰਨ ਵਾਲੇ ਨੌਜਵਾਨ ਸਿਮਰਨਜੀਤ ਸਿੰਘ ਮਾਨ ਦੀ ਚੋਣ ਮੁਹਿੰਮ ਚ ਮੂਹਰਲੇ ਮੁਹਾਜ਼ ਤੇ ਡਟੇ ਹੋਏ ਹਨ। ਪੀ ਡੀ ਏ ਉਮੀਦਵਾਰ ਜੱਸੀ ਜਸਰਾਜ ਦੀ ਚੋਣ ਮੁਹਿੰਮ ਸੁਖਪਾਲ ਸਿੰਘ ਖਹਿਰਾ, ਬੈਸ ਭਰਾ ਅਤੇ ਬਹੁਜਨ ਸਮਾਜ ਪਾਰਟੀ, ਖੱਬੀਆਂ ਪਾਰਟੀਆਂ ਦੇ ਚੋਟੀ ਦੇ ਆਗੂਆਂ ਦੀ ਗੈਰ ਹਜ਼ਾਰੀ ਕਾਰਨ ਰੰਗ ਨਹੀ ਫੜ ਸਕੀ। ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਚੋਣ ਪ੍ਰਚਾਰ ਦੇ ਆਖਰੀ ਹਫਤੇ ਦੌਰਾਨ ਉਮੀਦਵਾਰਾਂ ਵੱਲੋਂ ਚੋਣ ਜਿੱਤਣ ਲਈ ਕੀਤੀਆਂ ਸਰਗਰਮੀਆਂ ਅਤੇ ‘ ਹੀਲੇ ਵਸੀਲੇ’ ਕਿਸੇ ਵੀ ਉਮੀਦਵਾਰ ਨੂੰ ਚੋਣ ਜਿੱਤਣ ਚ ਸਹਾਈ ਹੋਣਗੇ।

Leave a Reply

Your email address will not be published. Required fields are marked *

%d bloggers like this: