ਵਿਧਾਨ ਸਭਾ ਵਿਚ ਦਸਤਾਰ ਦੀ ਬੇਅਦਬੀ ਦੀ ਵਾਪਰੀ ਘਟਨਾ ਦੁੱਖਦਾਈ – ਭਾਈ ਪਿੰਦਰਪਾਲ ਸਿੰਘ

ss1

ਵਿਧਾਨ ਸਭਾ ਵਿਚ ਦਸਤਾਰ ਦੀ ਬੇਅਦਬੀ ਦੀ ਵਾਪਰੀ ਘਟਨਾ ਦੁੱਖਦਾਈ – ਭਾਈ ਪਿੰਦਰਪਾਲ ਸਿੰਘ

ਭਿੱਖੀਵਿੰਡ 24 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਸਿੱਖ ਕੌਮ ਦੀ ਸ਼ਾਨ ਦਸਤਾਰ ਦਾ ਪੰਜਾਬ ਵਿਧਾਨ ਸਭਾ ਵਿਚ ਨਿਰਾਦਰ ਹੋਣਾ ਅਤਿ ਦੁੱਖਦਾਈ ਘਟਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਸਬਾ ਭਿੱਖੀਵਿੰਡ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਵਿਖੇ ਸਮਾਗਮ ਵਿਚ ਹਿੱਸਾ ਲੈਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਨੇ ਕੀਤਾ ਤੇ ਆਖਿਆ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਜਿਥੇ ਦੇਸ਼ਾਂ-ਵਿਦੇਸ਼ਾਂ ਵਿਚ ਸਾਡੇ ਸਿਰ ਦੀ ਸ਼ਾਨ ਦਸਤਾਰ ‘ਤੇ ਕਿੰਤੂ-ਪ੍ਰੰਤੂ ਹੋ ਰਿਹਾ ਹੈ, ਉਥੇ ਸਾਡੀ ਜਨਮ ਭੂਮੀ ਪੰਜਾਬ ਦੀ ਧਰਤੀ ਉਤੇ ਸਿੱਖਾਂ ਦੀ ਪੱਗੜੀ ਤੇ ਔਰਤਾਂ ਜਾਤੀ ਦਾ ਮਾਣ ਦੁਪੱਟੇ ਦਾ ਘੋਰ ਨਿਰਾਦਰ ਹੋ ਰਿਹਾ ਹੈ। ਭਾਈ ਪਿੰਦਰਪਾਲ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਵਿਚ ਅੰਮ੍ਰਿਤਧਾਰੀ ਵਿਧਾਇਕ ਪਿਰਮਲ ਸਿੰਘ ਖਾਲਸਾ ਦੀ ਦਸਤਾਰ ਦੀ ਬੇਅਦਬੀ ਵਰਗੀਆਂ ਮੰਦਭਾਗੀ ਘਟਨਾਵਾਂ ਨਾਲ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕਦਾ ਹੈ ਤੇ ਪੂਰੀ ਦੁਨੀਆਂ ਵਿਚ ਸਿੱਖਾਂ ਪ੍ਰਤੀ ਗਲਤ ਸ਼ੰਦੇਸ਼ ਵੀ ਜਾਂਦਾ ਹੈ। ਉਹਨਾਂ ਆਖਿਆ ਕਿ ਵਿਧਾਨ ਸਭਾ ਵਿਚ ਵਾਪਰੀ ਘਟਨਾ ਦੀ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਦਿ ਨਿੰਦਾ ਕਰ ਚੁੱਕੇ ਹਨ, ਉਥੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਵੱਲੋਂ ਵੀ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇ ਕੇ ਘਟਨਾ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਭਾਈ ਪਿੰਦਰਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਦਸਤਾਰ ਦੀ ਬੇਅਦਬੀ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਤਾਂ ਜੋ ਐਸੀਆਂ ਘਟਨਾਵਾਂ ਨਾ ਵਾਪਰ ਸਕਣ। ਇਸ ਮੌਕੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਵੀ ਘਟਨਾ ਨੂੰ ਮੰਦਭਾਗਾ ਦੱਸਿਆ।

Share Button

Leave a Reply

Your email address will not be published. Required fields are marked *