ਵਿਧਾਨ ਸਭਾ ਬਣੀ ਅਖਾੜਾ, ਅਕਾਲੀ ਨੇ ਲਾਇਆ ਬਾਹਰ ਸੈਸ਼ਨ

ss1

ਵਿਧਾਨ ਸਭਾ ਬਣੀ ਅਖਾੜਾ, ਅਕਾਲੀ ਨੇ ਲਾਇਆ ਬਾਹਰ ਸੈਸ਼ਨ

ਬੇਅਦਬੀ ਮਾਮਲੇ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਤੇ ਪੰਜਾਬ ਵਿਧਾਨ ਸਭਾ ਵਿੱਚ ਬਹਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਖੂਬ ਰੌਲਾ-ਰੱਪਾ ਪਾਇਆ। ਸਪੀਕਰ ਨੂੰ 15 ਮਿੰਟਾਂ ਲਈ ਸਦਨ ਦੀ ਕਾਰਵਾਈ ਟਾਲਣੀ ਪਈ। ਇਸ ਮਗਰੋਂ ਅਕਾਲੀ ਦਲ ਨੇ ਵਾਕਆਊਟ ਕਰਕੇ ਵਿਧਾਨ ਸਭਾ ਦੇ ਬਾਹਰ ਆਪਣਾ ਸੈਸ਼ਨ ਲਾ ਲਿਆ।

ਦਰਅਸਲ ਰੌਲ਼ੇ ਦੀ ਵਜ੍ਹਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਲਾਏ ਇਲਜ਼ਾਮਾਂ ਦੀ ਜਾਂਚ ਲਈ ਹਾਊਸ ਕਮੇਟੀ ਦੀ ਮੰਗ ਕਰਨਾ ਸੀ। ਸੁਖਬੀਰ ਬਾਦਲ ਨੇ ਇਲਜ਼ਾਮ ਲਾਏ ਸੀ ਕਿ ਕਾਂਗਰਸੀ ਮੰਤਰੀਆਂ, ‘ਆਪ’ ਲੀਡਰ ਸੁਖਪਾਲ ਖਹਿਰਾ ਤੇ ਸਿੱਖ ਪ੍ਰਚਾਰਕ ਬਲਜੀਤ ਦਾਦੂਵਾਲ ਦੀ ਆਪਸ ਵਿੱਚ ਫੋਨ ’ਤੇ ਗੱਲਬਾਤ ਹੁੰਦੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਆਕਾਲੀਆਂ ’ਤੇ ਇਲਜ਼ਾਮ ਲਾਇਆ ਕਿ ਉਹ ਗੁਮਰਾਹ ਕਰਕੇ ਸਦਨ ਦੀ ਕਾਰਵਾਈ ਵਿੱਚ ਅੜਿੱਕਾ ਡਾਹ ਰਹੇ ਹਨ। ਉਨ੍ਹਾਂ ਦੇ ਅਜਿਹਾ ਕਹਿਣ ਪਿੱਛੋਂ ਅਕਾਲੀ ਲੀਡਰ ਇਕੱਠੇ ਹੋ ਕੇ ਸਪੀਕਰ ਦੇ ਸਾਹਮਣੇ ਆ ਗਏ।

ਵਿਧਾਨ ਸਭਾ ਦੇ ਬਾਹਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਸੁਖਬੀਰ ਬਾਦਲ ’ਤੇ ਇਲਜ਼ਾਮ ਲਾਇਆ ਕਿ ਉਹ ਰਿਪੋਰਟ ਤੋਂ ਧਿਆਨ ਹਟਾਉਣ ਲਈ ਸਿਆਸਤਦਾਨਾਂ ਦੀਆਂ ਕਾਲਾਂ ਦੇ ਵੇਰਵੇ ਇਕੱਠੇ ਕਰਨ ’ਚ ਲੱਗੇ ਹੋਏ ਹਨ। ਖਹਿਰਾ ਨੇ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਨੇ ਝੂਠੀਆਂ ਗੱਲਾਂ ਕੀਤੀਆਂ ਹਨ ਤੇ ਆਪਣੇ ਸਿਆਸੀ ਵਿਰੋਧੀਆਂ ਨੂੰ ISI ਦੇ ਏਜੰਟ ਕਰਾਰ ਦਿੱਤਾ ਹੈ, ਉਨ੍ਹਾਂ ਨਾਲ ਵੀ ਉਹੀ ਵਾਪਰੇਗਾ ਜੋ ਅਮਰੀਕਾ ਵਿੱਚ ਮਨਜੀਤ ਸਿੰਘ ਜੀਕੇ ਨਾਲ ਹੋਈ ਹੈ।

ਇਸੇ ਦੌਰਾਨ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀਆਂ ’ਤੇ ਜਸਟਿਸ ਰਣਜੀਤ ਦੀ ਰਿਪੋਰਟ ਸੁੱਟਣ ਦਾ ਇਲਜ਼ਾਮ ਲਾਇਆ ਤੇ ਰਿਪੋਰਟ ਦੀ ਬੇਅਦਬੀ ਕਰਨ ਲਈ ਅਕਾਲੀਆਂ ਵਿਰੁੱਧ ਮਤਾ ਪਾਸ ਕਰਨ ਦੀ ਵੀ ਮੰਗ ਕੀਤੀ, ਕਿਉਂਕਿ ਰਿਪੋਰਟ ਅੰਦਰ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਲਿਖੀਆਂ ਹੋਈਆਂ ਸਨ। ਇਸ ਤੋਂ ਬਾਅਦ ਸਦਨ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।

ਸਦਨ ਵਿੱਚ ਸੁਖਬੀਰ ਬਾਦਲ ਦੇ ਇਸ ਇਲਜ਼ਾਮ ’ਤੇ ਵੀ ਚੰਗਾ ਰੌਲ਼ਾ ਪਿਆ ਕਿ ‘ਆਪ’ ਵਿਧਾਇਕ, ਜਸਟਿਸ ਰਣਜੀਤ ਸਿੰਘ, ਕਮਿਸ਼ਨ ਰਜਿਸਟਰਾਰ ਤੇ ਦੋ ਮੰਤਰੀਆਂ ਨੇ ਇੱਕ ਫਾਰਮ ਹਾਊਸ ’ਤੇ ਬੈਠ ਕੇ ਰਿਪੋਰਟ ਤਿਆਰ ਕੀਤੀ ਹੈ। ਮੁੱਖ ਮੰਤਰੀ ਨੇ ਆਪਣਾ ਬਿਆਨ ਪੜ੍ਹਦਿਆਂ ਇਸ ਗੱਲੋਂ ਇਨਕਾਰ ਕੀਤਾ ਕਿ ਬਾਦਲ ਵੱਲੋਂ ਦੱਸੇ ਟਾਵਰ ਅਸਲ ਵਿੱਚ ਕਿਤੇ ਮੌਜੂਦ ਹੀ ਨਹੀਂ ਹਨ।

Share Button

Leave a Reply

Your email address will not be published. Required fields are marked *