Fri. Apr 19th, 2019

ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਢੁਕਵੇਂ ਸਮੇਂ ‘ਤੇ-ਬਾਦਲ

ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਢੁਕਵੇਂ ਸਮੇਂ ‘ਤੇ-ਬਾਦਲ
• ਅਕਾਲੀ-ਭਾਜਪਾ ਗੱਠਜੋੜ ਸਿਆਸੀ ਪਾਰਟੀਆਂ ਲਈ ਮਿਸਾਲ
• ਫਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ
• ਗ੍ਰਾਂਟਾਂ ਦੀ ਸਹੀ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼
• ਕੁਦਰਤੀ ਸਰੋਤਾਂ ‘ਤੇ ਸਥਾਨਕ ਲੋਕਾਂ ਦਾ ਹੀ ਹੱਕ-ਮੁੱਖ ਮੰਤਰੀ
• ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਪਾਣੀਆਂ ਤੋਂ ਵਾਂਝੇ ਕਰਨ ਦੇ ਯਤਨ ‘ਚ
• ਪਾਣੀਆਂ ਦੀ ਰਾਖੀ ਲਈ ਲੋਕਾਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ
• ਮੁੱਖ ਮੰਤਰੀ ਵੱਲੋਂ ਮਹਿਲ ਕਲਾਂ ਹਲਕੇ ਵਿੱਚ ਸੰਗਤ ਦਰਸ਼ਨ

22-21 (1)
ਮਹਿਲ ਕਲਾਂ (ਬਰਨਾਲਾ), 21 ਜੁਲਾਈ (ਗੁਰਭਿੰਦਰ ਗੁਰੀ/ ਪਰਦੀਪ ਕੁਮਾਰ): ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਬੰਧਾਂ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਗੱਠਜੋੜ ਸਾਂਝੇ ਤੌਰ ‘ਤੇ ਲੜੇਗਾ ਜਿਸ ਲਈ ਉਮੀਦਵਾਰਾਂ ਦਾ ਐਲਾਨ ਢੁਕਵੇਂ ਸਮੇਂ ‘ਤੇ ਕੀਤਾ ਜਾਵੇਗਾ।
ਅੱਜ ਮਹਿਲ ਕਲਾਂ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ ਦੇ ਐਲਾਨ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਲਈ ਅਜੇ ਕਾਫ਼ੀ ਸਮਾਂ ਬਾਕੀ ਹੈ ਅਤੇ ਉਮੀਦਵਾਰਾਂ ਦਾ ਐਲਾਨ ਸਹੀ ਸਮਾਂ ਆਉਣ ‘ਤੇ ਕਰ ਦਿੱਤਾ ਜਾਵੇਗਾ। ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਦੀ ਨਾਖੁਸ਼ੀ ਸਬੰਧੀ ਸਵਾਲ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਿਆਸੀ ਪਾਰਟੀਆਂ ‘ਚ ਤਾਲਮੇਲ ਦੀ ਇਕ ਮਿਸਾਲ ਹੈ ਅਤੇ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਦੋਵਾਂ ਪਾਰਟੀਆਂ ਨੇ ਭਾਰਤੀ ਜਮਹੂਰੀਅਤ ਵਿੱਚ ਗੱਠਜੋੜ ਦੀ ਸਿਆਸਤ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕੋ ਇੱਕ ਗਠਜੋੜ ਹੈ ਜਿਸ ਨੇ ਲੋਕਾਂ ਦਾ ਵਿਸਵਾਸ਼ ਜਿੱਤਿਆ ਹੈ ਅਤੇ ਦੋਵਾਂ ਪਾਰਟੀਆਂ ਵਿੱਚ ਅੱਜ ਤੱਕ ਗਠਜੋੜ ਧਰਮ ਦੇ ਮਾਮਲੇ ‘ਤੇ ਕਦੀ ਵੀ ਵਿਰੋਧੀ ਵਿਚਾਰ ਦੇਖਣ ਨੂੰ ਨਹੀਂ ਮਿਲੇ।
ਸੰਗਤ ਦਰਸ਼ਨ ਵਿੱਚ ਭਾਜਪਾ ਆਗੂਆਂ ਦੇ ਨਾ ਆਉਣ ਦੇ ਸਬੰਧੀ ਸ. ਬਾਦਲ ਨੇ ਕਿਹਾ ਕਿ ਸੰਗਤ ਦਰਸ਼ਨ ਲੋਕਾਂ ਨਾਲ ਮਿਲਣ ਦਾ ਪ੍ਰੋਗਰਾਮ ਹੈ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਕੇਵਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਦਾ ਸਿਆਸਤ ਨਾਲ ਕੋਈ ਵੀ ਸਬੰਧ ਨਹੀਂ ਹੈ ਅਤੇ ਇਹ ਨਿਰੋਲ ਵਿਕਾਸ ਨਾਲ ਸਬੰਧਤ ਸਰਗਰਮੀ ਹੈ।
ਮੀਂਹ ਨਾਲ ਫਸਲਾਂ ਨੂੰ ਹੋਏ ਨੁਕਸਾਨ ਹੋਣ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਫਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਡਿਪਟੀ ਕਮਿਸ਼ਨ ਨੂੰ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਫਸਲਾਂ ਦੇ ਨੁਕਸਾਨ ਦਾ ਢੁਕਵਾਂ ਮੁਆਵਜਾ ਦਿੱਤਾ ਜਾਵੇਗਾ। ਗ੍ਰਾਂਟਾਂ ਦੀ ਸਹੀ ਢੰਗ ਨਾਲ ਵਰਤੋਂ ਨਾ ਹੋਣ ਸਬੰਧੀ ਸਵਾਲ ਬਾਰੇ ਮੁੱਖ ਮੰਤਰੀ ਨੇ ਗ੍ਰਾਟਾਂ ਦੀ ਸਹੀ ਢੰਗ ਨਾਲ ਵਰਤੋਂ ਨੂੰ ਯਕੀਨੀ ਬਨਾਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਅਣਗਹਿਲੀ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਜੇ ਕੋਈ ਦੋਸ਼ੀ ਨਿਕਲਿਆ ਉਸ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕੁਦਰਤੀ ਸਰੋਤਾਂ ਨੂੰ ਕੁਦਰਤ ਦਾ ਵਰਦਾਨ ਦੱਸਦੇ ਹੋਏ ਕਿਹਾ ਕਿ ਦੁਨੀਆ ਦੇ ਹਰੇਕ ਇਲਾਕੇ ਨੂੰ ਕੁਦਰਤ ਨੇ ਕੋਈ ਨਾ ਕੋਈ ਅਨਮੋਲ ਤੋਹਫਾ ਦਿੱਤਾ ਹੈ ਅਤੇ ਇਨ੍ਹਾਂ ਸਰੋਤਾਂ ‘ਤੇ ਉੱਥੋਂ ਦੇ ਲੋਕਾਂ ਦਾ ਹੀ ਹੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਧਰਤੀ ਹੀਰੇ ਜਵਾਹਰਾਤਾਂ ਤੋਂ ਲੈ ਕੇ ਵੱਖ-ਵੱਖ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ ਅਤੇ ਇਸੇ ਤਰ੍ਹਾਂ ਹੀ ਪੰਜਾਬ ਨੂੰ ਵੀ ਕੁਦਰਤ ਨੇ ਅਨਮੋਲ ਪਾਣੀਆਂ ਅਤੇ ਜ਼ਰਖੇਜ਼ ਜ਼ਮੀਨ ਦਾ ਤੋਹਫ਼ਾ ਦਿੱਤਾ ਹੈ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਸੂਬੇ ਨੂੰ ਕੁਦਰਤ ਦੀ ਨਿਆਮਤ ਪਾਣੀਆਂ ਤੋਂ ਵਾਂਝਾ ਕਰਨ ਲਈ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਵਾਪਰ ਗਿਆ ਤਾਂ ਸਮੁੱਚੇ ਸੂਬੇ ਦੀ ਆਰਥਿਕਤਾ ਦਰਹਮ-ਬਰਹਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਾਣੀਆਂ ਨਾਲ ਕੇਵਲ ਕਿਸਾਨੀ ਨੂੰ ਹੀ ਨੁਕਸਾਨ ਨਹੀਂ ਹੋਵੇਗਾ ਸਗੋਂ ਇਸ ਨਾਲ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਸਣੇ ਸਮੁੱਚੇ ਲੋਕਾਂ ਨੂੰ ਢਾਹ ਲੱਗੇਗੀ ਕਿਉਂਕਿ ਸੂਬੇ ਦੀ ਸਾਰੀ ਆਰਥਿਕਤਾ ਖੇਤੀ ‘ਤੇ ਟਿਕੀ ਹੋਈ ਹੈ। ਪਾਣੀਆਂ ਦੀ ਅਣਹੋਂਦ ਨਾਲ ਏਥੋਂ ਦੀ ਧਰਤੀ ਦੇ ਬੰਜਰ ਹੋ ਜਾਣ ਦੀ ਸੂਰਤ ਵਿੱਚ ਇਨ੍ਹਾਂ ਸਾਰੇ ਵਰਗਾਂ ਨੂੰ ਜੀਵਨ ਚਲਾਉਣ ਦੇ ਲਾਲੇ ਪੈ ਜਾਣਗੇ। ਸ. ਬਾਦਲ ਨੇ ਥੋੜ੍ਹੇ ਸਮੇਂ ਵਿੱਚ ਹੀ ਪਾਣੀਆਂ ਬਾਰੇ ਆਉਣ ਵਾਲੇ ਫੈਸਲੇ ਨੂੰ ਦੇਖਣ ਹੋਏ ਲੋਕਾਂ ਨੂੰ ਪਾਣੀਆਂ ਦੀ ਰਾਖੀ ਲਈ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਸੂਬੇ ਦੇ ਹਿੱਤਾਂ ਲਈ ਅੱਜ ਤੱਕ ਕੇਵਲ ਸ੍ਰੋਮਣੀ ਅਕਾਲੀ ਦਲ ਨੇ ਹੀ ਲੜਾਈ ਲੜੀ ਹੈ ਅਤੇ ਹੁਣ ਵੀ ਉਹ ਸੂਬੇ ਦੇ ਹਿੱਤਾਂ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਲੜਾਈ ਤੋਂ ਪਿੱਛੇ ਨਹੀਂ ਹਟੇਗਾ। ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪਾਣੀਆਂ ਦੇ ਸਬੰਧ ਵਿੱਚ ਨਿਭਾਈ ਜਾ ਰਾਹੀ ਸੂਬੇ ਵਿਰੋਧੀ ਭੂਮਿਕਾ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ।
ਅਕਾਲੀ-ਭਾਜਪਾ ਸਰਕਾਰ ਲੋਕਾਂ ਦੀ ਭਲਾਈ ਲਈ ਕੀਤੀਆਂ ਪਹਿਲ ਕਦਮੀਆਂ ਨੂੰ ਗਿਣਾਉਂਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਟਿਊਬਵੈਲਾਂ ਦੀ ਬਿਜਲੀ ਮੁਫ਼ਤ ਦਿੱਤੀ ਅਤੇ ਹੁਣ ਕਿਸਾਨਾਂ ਲਈ 50,000 ਰੁਪਏ ਤੱਕ ਦੇ ਖੇਤੀ ਕਰਜ਼ੇ ਬਿਨ ਵਿਆਜ ਯਕੀਨੀ ਬਣਾਉਣ ਤੋਂ ਇਲਾਵਾ ਵੱਖ-ਵੱਖ ਵਰਗਾਂ ਲਈ ਸਿਹਤ ਬੀਮੇ ਦੀ ਸਹੂਲਤ ਵੀ ਯਕੀਨੀ ਬਣਾਈ ਹੈ। ਇਸ ਤੋਂ ਇਲਾਵਾ ਕੈਂਸਰ ਅਤੇ ਹੈਪੇਟਾਈਟਸ-ਸੀ ਵਰਗੀਆਂ ਬਿਮਾਰੀਆਂ ਦੇ ਮੁਫ਼ਤ ਇਲਾਜ ਦੀ ਵਿਵਸਥਾ ਕੀਤੀ ਗਈ ਹੈ। ਸ਼ਗਨ ਸਕੀਮ ਦੀ ਰਾਸ਼ੀ ਦੁੱਗਣੀ ਕਰਨ ਤੋਂ ਇਲਾਵਾ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਨੂੰ ਦਿੱਤੀ ਜਾਂਦੀ ਪੈਨਸ਼ਨ ਦੀ ਰਾਸ਼ੀ ਵੀ 250 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਅੱਜ ਮਹਿਲ ਕਲਾਂ, ਨਿਹਾਲੂਵਾਲ, ਕੁਤਬਾ, ਮਾਂਗੇਵਾਲ ਅਤੇ ਗੁਰਮ ਵਿਖੇ ਸੰਗਤ ਦਰਸ਼ਨ ਕਰਕੇ ਢਾਈ ਦਰਜਨ ਦੇ ਕਰੀਬ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਦਿੱਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਸ. ਅਜੀਤ ਸਿੰਘ ਸ਼ਾਂਤ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐਸ ਕਰੁਣਾ ਰਾਜੂ, ਡੀ ਆਈ ਜੀ ਸ੍ਰੀ ਬਲਕਾਰ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ, ਐਸ.ਐਸ.ਪੀ. ਸ੍ਰੀ ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਕੰਤਾ ਉਪ ਚੇਅਰਮੈਨ ਪੇਡਾ, ਗੁਰਪ੍ਰੀਤ ਸਿੰਘ ਬਣਾਂਵਾਲੀ ਜ਼ਿਲ੍ਹਾਂ ਕੋਆਰਡੀਨੇਟਰ, ਰੁਪਿੰਦਰ ਸਿੰਘ ਸੰਧੂ ਚੇਅਰਮੈਨ ਜ਼ਿਲ੍ਹਾਂ ਯੋਜਨਾ ਕਮੇਟੀ, ਸੰਜੀਵ ਸ਼ੌਰੀ ਜ਼ਿਲ੍ਹਾਂ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸਹਿਰੀ, ਪਰਮਜੀਤ ਸਿੰਘ ਖਾਲਸਾ ਜ਼ਿਲ੍ਹਾਂ ਪ੍ਰਧਾਨ ਦਿਹਾਤੀ, ਇੰਜ. ਗੁਰਜਿੰਦਰ ਸਿੰਘ ਸਿੱਧੂ, ਰੂਬਲ ਗਿੱਲ ਕੈਨੇਡਾ, ਰਮਿੰਦਰ ਸਿੰਘ ਰੰਮੀ ਢਿੱਲੋ, ਗੁਰਜਿੰਦਰ ਗਿੰਦੀ, ਮਨੂੰ ਜਿੰਦਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: