Sat. Jul 20th, 2019

ਵਿਦੇਸ਼ ਲਿਜਾਣ ਦੇ ਨਾਮ ਤੇ ਵਿਆਹੁਤਾ ਨੂੰ ਵਰਗਲਾ ਕੇ 10 ਮਹੀਨੇ ਤਕ ਮੁਹਾਲੀ ਵਿੱਚ ਰੱਖਿਆ

ਵਿਦੇਸ਼ ਲਿਜਾਣ ਦੇ ਨਾਮ ਤੇ ਵਿਆਹੁਤਾ ਨੂੰ ਵਰਗਲਾ ਕੇ 10 ਮਹੀਨੇ ਤਕ ਮੁਹਾਲੀ ਵਿੱਚ ਰੱਖਿਆ
ਪੀੜਿਤ ਮਹਿਲਾ ਵਲੋਂ ਸ਼ਰੀਰਿਕ ਸ਼ੋਸ਼ਣ ਕਰਨ ਅਤੇ ਕੁੱਟਮਾਰ ਦੀ ਸ਼ਿਕਾਇਤ ਤੇ ਪੁਲੀਸ ਵਲੋਂ ਮਾਮਲਾ ਦਰਜ

ਐਸ ਏ ਐਸ ਨਗਰ: ਮੁਹਾਲੀ ਪੁਲੀਸ ਨੇ ਭਗਤਾ ਭਾਈਕਾ ਜਿਲ੍ਹਾ ਬਠਿੰਡਾ ਦੇ ਇੱਕ ਵਸਨੀਕ ਵਲੋਂ ਮੋਗਾ ਵਾਸੀ ਆਪਣੀ ਇੱਕ ਜਾਣਕਾਰ ਮਹਿਲਾ ਨੂੰ ਵਿਦੇਸ਼ ਲਿਜਾਣ ਦੇ ਨਾਮ ਤੇ ਵਰਗਲਾ ਕੇ ਉਸਨੂੰ 10 ਮਹੀਨੇ ਤਕ ਮੁਹਾਲੀ ਵਿੱਚ ਇੱਕ ਪੀ ਜੀ ਵਿੱਚ ਰੱਖ ਕੇ ਉਸਦਾ ਸ਼ਰੀਰਕ ਸ਼ੋਸ਼ਣ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਆਈ ਪੀ ਸੀ ਦੀ ਧਾਰਾ 376, 328, 323 ਤਹਿਤ ਮਾਮਲਾ ਦਰਜ ਕੀਤਾ ਹੈ| ਪੀੜਿਤ ਮਹਿਲਾ ਇਸ ਵੇਲੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ|
ਪੀੜਿਤ ਮਹਿਲਾ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਦੋ ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ| ਮਹਿਲਾ ਅਨੁਸਾਰ 11 ਮਹੀਨੇ ਪਹਿਲਾਂ ਗੁਰਮੀਤ ਸਿੰਘ ਬਬਲਾ ਵਾਸੀ ਰਾਮੂਵਾਲਾ ਥਾਣਾ ਭਗਤਾ ਭਾਈਕਾ ਜਿਲ੍ਹਾ ਬਠਿੰਡਾ (ਜੋ ਕਿ ਉਸ ਨੂੰ 4 ਸਾਲਾਂ ਤੋਂ ਜਾਣਦਾ ਸੀ ਤੇ ਵਿਆਹ ਤੋਂ ਪਹਿਲਾਂ ਉਸਦਾ ਦੋਸਤ ਸੀ) ਦਾ ਉਸਨੂੰ ਫੋਨ ਆਇਆ ਅਤੇ ਉਸਨੇ ਉਸਨੂੰ ਮਿਲਣ ਲਈ ਕਿਹਾ| ਪੀੜਿਤ ਮਹਿਲਾ ਅਨੁਸਾਰ ਗੁਰਮੀਤ ਸਿੰਘ ਵਲੋਂ ਵਾਰ ਵਾਰ ਫੋਨ ਕਰਨ ਤੇ ਉਹ ਇੱਥ ਦਿਨ ਉਸਨੂੰ ਮਿਲਣ ਆਪਣੇ ਪਤੀ ਨਾਲ ਮੋਗਾ ਆ ਗਈ ਜਿੱਥੇ ਉਸਦਾ ਪਤੀ ਦਵਾਈ ਲੈਣ ਲਈ ਬਾਜਾਰ ਚਲਾ ਗਿਆ ਅਤੇ ਉਹ ਮੋਗਵੇ ਨੇੜੇ ਪੁਲ ਕੋਲ ਖੜ੍ਹੀ ਹੋ ਗਈ| ਮਹਿਲਾ ਅਨੁਸਾਰ ਇਸ ਦੌਰਾਨ ਗੁਰਮੀਤ ਸਿੰਘ ਬਬਲਾ ਉਥੇ ਆਇਆ ਅਤੇ ਉਸ ਨੂੰ ਵਿਦੇਸ਼ ਲੈ ਕੇ ਜਾਣ ਦਾ ਝਾਂਸਾ ਦੇ ਕੇ ਮੁਹਾਲੀ ਲੈ ਗਿਆ|
ਮਹਿਲਾ ਅਨੁਸਾਰ ਗੁਰਮੀਤ ਨੇ ਮੁਹਾਲੀ ਵਿਚ ਸੰਨੀ ਦੀ ਪੀ ਜੀ ਵਿਚ ਕਮਰਾ ਕਿਰਾਏ ਤੇ ਲੈ ਕੇ ਉਸ ਨੂੰ ਉੱਥੇ ਰੱਖ ਲਿਆ ਜਿੱਥੇ ਉਹ ਕਰੀਬ 6 ਮਹੀਨੇ ਰਹੀ| ਉਥੇ ਗੁਰਮੀਤ ਸਿੰਘ ਬਬਲਾ ਉਸ ਨੂੰ ਉਸ ਨੂੰ ਯੂ ਐਸ ਏ ਲੈ ਕੇ ਜਾਣ ਦਾ ਲਾਲਚ ਦਿੰਦਾ ਰਿਹਾ ਅਤੇ ਨਸ਼ੇ ਦੇ ਟੀਕੇ ਲਗਾ ਕੇ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਉਂਦਾ ਰਿਹਾ| ਮਹਿਲਾ ਅਨੁਸਾਰ ਇਕ ਦਿਨ ਬਬਲਾ ਉਸ ਨੂੰ ਦੱਸੇ ਬਿਨਾਂ ਵਿਦੇਸ਼ ਚਲਾ ਗਿਆ ਅਤੇ ਫਿਰ ਬਬਲੇ ਦਾ ਦੋਸਤ ਬੱਬੂ ਉਸਦੀ ਮਦਦ ਕਰਨ ਲੱਗਿਆ| ਬਾਅਦ ਵਿੱਚ ਉਹਨਾਂ ਦੋਵਾਂ ਨੇ ਉਸ ਨੂੰ ਮਲੇਸ਼ੀਆ ਭੇਜ ਦਿੱਤਾ ਅਤੇ ਉੱਥੇ ਬਬਲਾ ਉਸ ਨਾਲ ਫੋਨ ਤੇ ਗੱਲਬਾਤ ਕਰਦਾ ਰਿਹਾ|
ਪੀੜਿਤ ਮਹਿਲਾ ਅਨੁਸਾਰ ਉਹ 5 ਮਹੀਨੇ ਮਲੇਸੀਆ ਵਿੱਚ ਰਹੀ ਅਤੇ ਫਿਰ ਬਬਲੇ ਨੇ ਉਸ ਨੂੰ ਇੰਡੀਆ ਬੁਲਾਇਆ ਅਤੇ ਬਬਲਾ ਉਸ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਲੈ ਕੇ 10 ਦਿਨ ਕਦੇ ਚੰਡੀਗੜ, ਕਦੇ ਮੁਹਾਲੀ ਅਤੇ ਕੁੰਭੜਾ ਰੱਖਦਾ ਰਿਹਾ| ਇਸ ਦੌਰਾਨ ਉਹ ਉਸ ਨਾਲ ਜਬਰਦਸਤੀ ਸ਼ਰੀਰਕ ਸਬੰਧ ਬਣਾਉਂਦਾ ਰਿਹਾ ਅਤੇ ਕੁੱਟਮਾਰ ਕਰਦਾ ਰਿਹਾ|
ਪੀੜਿਤ ਮਹਿਲਾ ਅਨੁਸਾਰ ਉਹ ਬੀਤੀ 21 ਮਾਰਚ ਨੂੰ ਉਹ ਮੁਹਾਲੀ ਅੱਡੇ ਤੋਂ ਬਸ ਲੈ ਕੇ ਆਪਣੇ ਪੇਕੇ ਘਰ ਬੁਰਜ ਲੱਧਾ ਸਿੰਘ ਵਾਲਾ ਚਲੀ ਗਈ, ਜਿਥੇ ਉਸਦੀ ਸਰੀਰਕ ਹਾਲਤ ਵੇਖ ਕੇ ਉਸਦੇ ਪਰਿਵਾਰ ਨੇ ਉਸ ਨੂੰ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾ ਦਿੱਤਾ| ਇਸਤੋਂ ਬਾਅਦ ਉਸ ਵਲੋਂ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਮੁਹਾਲੀ ਪੁਲੀਸ ਨੂੰ ਦਿੱਤੀ ਗਈ| ਉਸਨੇ ਮੰਗ ਕੀਤੀ ਕਿ ਉਸ ਨਾਲ ਵਿਦੇਸ਼ ਭੇਜਣ ਦਾ ਝੂਠਾ ਲਾਰਾ ਲਾ ਕੇ ਜਬਰਦਸਤੀ ਸਰੀਰਕ ਸੰਬਧ ਬਣਾਉਣ ਵਾਲੇ ਗੁਰਮੀਤ ਸਿੰਘ ਬਬਲਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ|
ਇਸ ਸੰਬੰਧੀ ਪੁਲੀਸ ਵਲੋਂ ਮੁੱਢਲੀ ਜਾਂਚ ਉਪਰੰਤ ਪੀੜਿਤ ਮਹਿਲਾ ਦੀ ਸ਼ਿਕਾਇਤ ਤੇ ਗੁਰਮੀਤ ਸਿੰਘ ਬਬਲਾ ਦੇ ਖਿਲਾਫ ਆਈ ਪੀ ਸੀ ਦੀ ਧਾਰਾ 376, 328, 323 ਤਹਿਤ ਮਾਮਲਾ ਦਰਜ ਕੀਤਾ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *

%d bloggers like this: