Sat. May 25th, 2019

ਵਿਦਿਆਰਥੀ ਵਰਗ ਲਈ ਲਾਹੇਵੰਦ ਸਿੱਧ ਹੋ ਰਹੇ ਹਨ ਸਮਰ ਕੈਂਪ

ਵਿਦਿਆਰਥੀ ਵਰਗ ਲਈ ਲਾਹੇਵੰਦ ਸਿੱਧ ਹੋ ਰਹੇ ਹਨ ਸਮਰ ਕੈਂਪ

ਕਦੇ ਸਮਾਂ ਸੀ ਕਿ ਗਰਮੀਆਂ ਵਿੱਚ ਹੋਣ ਵਾਲੀਆਂ ਸਕੂਲਾਂ ਦੀਆਂ ਛੁੱਟੀਆਂ ਨੂੰ ਸਿਰਫ਼ ਛੁੱਟੀਆਂ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ। ਬੱਚਿਆਂ ਨੂੰ ਛੁੱਟੀਆਂ ਵਿੱਚ ਮਿਲਣ ਵਾਲ਼ਾ ਕੰਮ ਹੀ ਉਸ ਮਹੀਨੇ ਭਰ ਦੌਰਾਨ ਮੁਲਾਂਕਣ ਦਾ ਇੱਕ ਮਾਪਦੰਡ ਹੁੰਦਾ ਸੀ। ਜੋ ਬੱਚੇ ਮਿਹਨਤੀ ਹੁੰਦੇ ਸਨ, ਉਹ ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ‘ਤੇ ਆਪਣੇ ਪੜਾਈ ਦੇ ਸਤਰ ਨੂੰ ਬਰਕਰਾਰ ਰੱਖ ਪਾਉਂਦੇ ਸਨ ਅਤੇ ਜੋ ਔਸਤਨ ਦਰਜੇ ਜਾਂ ਕਮਜ਼ੋਰ ਵਿਦਿਆਰਥੀ ਹੁੰਦੇ ਸਨ ਉਹ ਇਨਾਂ ਛੁੱਟੀਆਂ ਦੌਰਾਨ ਪੜਾਈ ਵਿੱਚ ਪਛੜ ਜਾਂਦੇ ਸਨ। ਇਹ ਗੱਲ ਤਾਂ ਬਿਲਕੁੱਲ ਸਾਫ਼ ਹੈ ਕਿ ਸਿੱਖਿਆ, ਨਿਰੰਤਰ ਅਭਿਆਸ ਦਾ ਨਾਂ ਹੈ ਤੇ ਇਸ ਵਿੱਚ ਖੜੋਤ ਦਾ ਅਰਥ ਹੈ ਪਿੱਛੇ ਰਹਿ ਜਾਣਾ। ਅਜਿਹੇ ਹੀ ਕੁਝ ਕਾਰਨਾਂ ਕਰਕੇ ਸਿੱਖਿਆ ਦਾ ਪੱਧਰ ਵੀ ਦਿਨ ਪ੍ਰਤੀ ਦਿਨ ਨੀਂਵਾਂ ਹੁੰਦਾ ਜਾ ਰਿਹਾ ਸੀ। ਪਰ ਹੁਣ ਸੂਝਵਾਨ ਅਧਿਆਪਕਾਂ ਨੇ ਸਿੱਖਿਆ ਦੀ ਇਸ ਖੜੋਤ ਨੂੰ ਸਮਰ ਕੈਂਪਾਂ ਦੇ ਜ਼ਰੀਏ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਅਜਿਹੀ ਸਫ਼ਲ ਕੋਸ਼ਿਸ਼ ਜੋ ਕਿ ਬੱਚਿਆਂ ਅੰਦਰਲੀ ਛੁਪੀ ਕਲਾ ਨੂੰ ਉਜਾਗਰ ਵੀ ਕਰ ਰਹੀ ਹੈ।
ਬੱਚਾ ਕੋਰੀ ਸਲੇਟ ਦੀ ਤਰਾਂ ਹੁੰਦਾ ਹੈ। ਉਸ ਦਾ ਬਾਲ ਮਨ ਹਮੇਸ਼ਾਂ ਹੀ ਕੁਝ ਨਾ ਕੁਝ ਨਵਾਂ ਤੇ ਵੱਖਰਾ ਭਾਲਦਾ ਹੈ। ਸਕੂਲੀ ਪੱਧਰ ‘ਤੇ ਦਿੱਤੀ ਜਾਣ ਵਾਲ਼ੀ ਸਿੱਖਿਆ ਨੂੰ ਕਦੇ-ਕਦਾਈ ਉਹ ਬੋਝਲ਼ ਵੀ ਮਹਿਸੂਸ ਕਰਦਾ ਹੈ। ਪਰ ਜਦੋਂ ਉਸ ਲਈ ਕੁਝ ਨਵਾਂ ਤੇ ਵੱਖਰਾ ਕੀਤਾ ਜਾਂਦਾ ਹੈ ਤਾਂ ਉਹ ਚੰਗਾ ਤਾਂ ਮਹਿਸੂਸ ਕਰਦਾ ਹੀ ਹੈ ਸਗੋਂ ਜਲਦੀ ਸਿੱਖਦਾ ਵੀ ਹੈ। ਕਿਸੇ ਵੀ ਤਰਾਂ ਦੀਆਂ ਛੁੱਟੀਆਂ ਦੌਰਾਨ ਬੱਚੇ ਆਮ ਸਕੂਲੀ ਦਿਨਾਂ ਨਾਲ਼ੋਂ ਸੌਖੇ ਮਹਿਸੂਸ ਕਰਦੇ ਹਨ। ਜਿਨਾਂ ਅਧਿਆਪਕਾਂ ਨੂੰ ਸੌਖ ਭਰਪੂਰ ਦਿਨਾਂ ਵਿੱਚ ਬੱਚਿਆਂ ਨੂੰ ਸਿੱਖਿਆ ਦੇਣ ਦਾ ਚੱਜ ਆ ਜਾਂਦਾ ਹੈ, ਉਨਾਂ ਦੇ ਵਿਦਿਆਰਥੀ ਭਵਿੱਖ ਵਿੱਚ ਤਰੱਕੀਆਂ ਮਾਣਦੇ ਹਨ।

ਸਕੂਲੀ ਪੱਧਰ ਜਾਂ ਹੋਰ ਸਥਾਨਾਂ ‘ਤੇ ਲੱਗਣ ਵਾਲ਼ੇ ਸਮਰ ਕੈਂਪ ਬੱਚਿਆਂ ਦੇ ਮਨ ਦੇ ਵਲਵਲਿਆਂ ਨੂੰ ਸਭ ਸਾਹਮਣੇ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਇੱਕ ਤਾਂ ਇਨਾਂ ਕੈਂਪਾਂ ਦੌਰਾਨ ਜ਼ਿਆਦਾ ਗਰਮੀ ਹੋਣ ਕਾਰਨ ਸਮਾਂ ਘਟ ਰੱਖਿਆ ਜਾਂਦਾ ਹੈ ਦੂਜਾ ਕਈ ਤਰਾਂ ਦੀਆਂ ਗਤੀਵਿਧੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਸ ਕਾਰਨ ਬੱਚੇ ਇਨਾਂ ਕੈਂਪਾਂ ਵਿੱਚ ਆਉਣ ਲਈ ਉਤਾਵਲੇ ਰਹਿੰਦੇ ਹਨ। ਉਹ ਕੈਂਪ ਦੇ ਦੂਜੇ ਦਿਨ ਦੀ ਉਡੀਕ ਕਰਦੇ ਹਨ। ਆਪਣੇ ਵੱਲੋਂ ਕੁਝ ਨਾ ਕੁਝ ਪੇਸ਼ ਕਰਨ ਲਈ ਸਮਾਂ ਮੰਗਦੇ ਹਨ।
ਸਮਰ ਕੈਂਪਾਂ ਦੌਰਾਨ ਅਧਿਆਪਕ ਆਪ ਤਾਂ ਬੱਚਿਆਂ ਦੇ ਸਨਮੁੱਖ ਹੋ ਕੇ ਉਨਾਂ ਦੇ ਸਰੀਰਿਕ ਅਤੇ ਬੌਧਿਕ ਵਿਕਾਸ ਲਈ ਯਤਨ ਕਰਦਾ ਹੀ ਹੈ ਸਗੋਂ ਇਸ ਦੌਰਾਨ ਉਹ ਚੰਗੀਆਂ ਸਖ਼ਸ਼ੀਅਤਾਂ ਨੂੰ ਵੀ ਬੱਚਿਆਂ ਦੇ ਸਨਮੁੱਖ ਕਰਕੇ ਉਨਾਂ ਨਾਲ ਜਾਣੂ ਕਰਵਾਉਣ ਦੇ ਨਾਲ-ਨਾਲ ਸਿੱਖਿਆ ਰੂਪੀ ਅਹਿਮ ਕੜੀ ਵੀ ਜੋੜਦਾ ਹੈ। ਮਹਾਨ ਸਖ਼ਸ਼ੀਅਤਾਂ ਦੇ ਵਿਚਾਰ ਬੱਚਿਆਂ ਦੇ ਡਿਗੇ ਮਨੋਬਲ ਨੂੰ ਬਹਾਲ ਕਰਨ ਵਿੱਚ ਵੱਡੇ ਸਹਾਈ ਹੁੰਦੇ ਹਨ। ਇਸ ਦੌਰਾਨ ਜਦੋਂ ਕੋਈ ਇਲਾਕੇ ਦੀ ਮਹਾਨ ਹਸਤੀ ਆਪਣੇ ਬਚਪਨ ਦੇ ਦਿਨਾਂ ਨੂੰ ਬੱਚਿਆਂ ਦੇ ਸਨਮੁੱਖ ਰੱਖਦੀ ਹੈ ਤਾਂ ਬੱਚੇ ਸਾਰੀ ਵਾਰਤਾ ਨੂੰ ਧਿਆਨ ਨਾਲ ਸੁਣਦੇ ਹੀ ਨਹੀਂ ਸਗੋਂ ਉਨਾਂ ਆਪਣੀ ਜ਼ਿੰਦਗੀ ਵਿੱਚ ਕਿਸ ਤਰਾਂ ਤਰੱਕੀ ਕੀਤੀ, ਇਸ ਬਾਬਤ ਵੀ ਸਾਰੀ ਜਾਣਕਾਰੀ ਪ੍ਰਾਪਤ ਕਰਦੇ ਹਨ, ਜੋ ਕਿ ਉਨਾਂ ਦੇ ਸੁਨਹਿਰੀ ਭਵਿੱਖ ਲਈ ਬੇਹੱਦ ਕੀਮਤੀ ਵਿਚਾਰ ਹੁੰਦੇ ਹਨ।
ਇਨਾਂ ਕੈਂਪਾਂ ਵਿੱਚ ਹੋਣ ਵਾਲ਼ੇ ਕਈ ਤਰਾਂ ਦੇ ਮੁਕਾਬਲੇ ਵੀ ਉਨਾਂ ਨੂੰ ਅੱਗੇ ਲੈ ਕੇ ਜਾਣ ਵਿੱਚ ਸਹਾਈ ਹੁੰਦੇ ਹਨ। ਇਸ ਤਰਾਂ ਬੱਚਿਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਮਿਹਨਤੀ ਬੱਚਿਆਂ ਨੂੰ ਸਨਮਾਨਿਤ ਕਰਕੇ ਜਿੱਥੇ ਉਨਾਂ ਦੇ ਹੌਂਸਲੇ ਹੋਰ ਬੁਲੰਦ ਹੁੰਦੇ ਹਨ, ਉੱਥੇ ਹੀ ਕਮਜ਼ੋਰ ਵਰਗ ਦੇ ਵਿਦਿਆਰਥੀ ਇਨਾਂ ਕੈਂਪਾਂ ਦੌਰਾਨ ਅੱਗੇ ਵਧਣ ਲਈ ਪ੍ਰੇਰਿਤ ਹੁੰਦੇ ਹਨ। ਸੁੰਦਰ ਲਿਖਾਈ, ਗਿਆਨ ਪਰਖਣ ਮੁਕਾਬਲਾ, ਆਮ ਜਾਣਕਾਰੀ ਮੁਕਾਬਲਾ, ਦਸਤਾਰ ਮੁਕਾਬਲਾ, ਖੇਡਾਂ ਨਾਲ ਸਬੰਧਿਤ ਆਦਿ ਮੁਕਾਬਲੇ ਇਨਾਂ ਕੈਂਪਾਂ ਦੌਰਾਨ ਬੱਚਿਆਂ ਅੰਦਰ ਛੁਪੀ ਕਲਾ ਨੂੰ ਬਾਹਰ ਕੱਢਣ ਵਿੱਚ ਅਹਿਮ ਸਹਾਈ ਹੁੰਦੇ ਹਨ। ਭਾਸ਼ਣ ਮੁਕਾਬਲਾ ਜਿੱਥੇ ਉਨਾਂ ਦੀ ਝਿਜਕ ਨੂੰ ਦੂਰ ਕਰਦਾ ਹੈ, ਉੱਥੇ ਉਨਾਂ ਨੂੰ ਬੋਲਣ ਦੇ ਚੰਗੇ ਮੌਕੇ ਵੀ ਪ੍ਰਦਾਨ ਕਰਦਾ ਹੈ।
ਬਹੁਤ ਚੰਗਾ ਲਗਦਾ ਹੈ ਜਦੋਂ ਸਮਾਜ ਸੇਵੀ ਸੰਸਥਾਵਾਂ ਤੇ ਇਨਾਂ ਨਾਲ ਜੁੜੇ ਲੋਕ ਇਨਾਂ ਕੈਂਪਾਂ ਦੌਰਾਨ ਬੱਚਿਆਂ ਨੂੰ ਪੇ੍ਰਰਿਤ ਕਰਨ ਲਈ ਅੱਗੇ ਆਉਣ ਦੇ ਨਾਲ ਉਨਾਂ ਦੇ ਖਾਣ-ਪੀਣ ਦਾ ਸਹੀ ਪ੍ਰਬੰਧ ਵੀ ਕਰਦੇ ਹਨ। ਇਸ ਨਾਲ ਇੱਕ ਤਾਂ ਬੱਚੇ ਸੌਖੇ ਢੰਗ ਨਾਲ ਕੈਂਪਾਂ ਦਾ ਲਾਭ ਉਠਾ ਪਾਉਂਦੇ ਹਨ, ਦੂਜਾ ਸਕੂਲ ਜਾਂ ਪ੍ਰਬੰਧਕ ਵੀ ਅੱਗੇ ਤੋਂ ਹੋਰ ਉਪਰਾਲੇ ਕਰਨ ਲਈ ਉਤਾਵਲੇ ਰਹਿੰਦੇ ਹਨ। ਸਮਾਜ ਨਾਲ ਜੁੜੀਆਂ ਅਹਿਮ ਸਖ਼ਸ਼ੀਅਤਾਂ ਨੂੰ ਇਨਾਂ ਕੈਂਪਾਂ ਦੌਰਾਨ ਪੂਰਨ ਸਹਿਯੋਗ ਦੇ ਕੇ ਸਮਾਜ ਲਈ ਚੰਗੇ ਨਾਗਰਿਕ ਪੈਦਾ ਕਰਨ ਵਿੱਚ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ। ਚੰਗਾ ਹੋਵੇ ਜੇ ਅਜਿਹੇ ਕੈਂਪ ਲਾਉਣ ਵਾਲੇ ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਸਰਕਾਰੀ ਪੱਧਰ ਜਾਂ ਹੋਰ ਸੰਸਥਾਵਾਂ ਵੱਲੋਂ ਸਮੇਂ-ਸਮੇਂ ‘ਤੇ ਮਾਣ-ਸਨਮਾਨ ਮਿਲੇ ਤਾਂ ਕਿ ਉਹ ਭਵਿੱਖ ਵਿੱਚ ਹੋਰ ਵੀ ਚੰਗਾ ਕਰਨ ਲਈ ਪ੍ਰੇਰਿਤ ਹੋਣ ਅਤੇ ਅਜਿਹੇ ਉਪਰਾਲਿਆਂ ਸਦਕਾ ਹੋਰਨਾਂ ਲਈ ਵੀ ਚਾਨਣ ਮੁਨਾਰੇ ਬਣਨ।

ਬਲਵਿੰਦਰ ਸਿੰਘ ਮਕੜੌਨਾ,
ਪਿੰਡ ਤੇ ਡਾਕ – ਮਕੜੌਨਾ ਕਲਾਂ,
ਜ਼ਿਲਾ ਰੂਪਨਗਰ।
ਮੋਬਾਇਲ 98550-20025

Leave a Reply

Your email address will not be published. Required fields are marked *

%d bloggers like this: