ਵਿਦਿਆਰਥੀ ਮਿਹਨਤ ਨਾਲ ਆਪਣੇ ਹੁਨਰ ਨੂੰ ਤਰਾਸ਼ਣ: ਮਿੱਤਲ

ss1

ਵਿਦਿਆਰਥੀ ਮਿਹਨਤ ਨਾਲ ਆਪਣੇ ਹੁਨਰ ਨੂੰ ਤਰਾਸ਼ਣ: ਮਿੱਤਲ

Photo-Convocation-Function-dt-7-6-16

ਲਹਿਰਾਗਾਗਾ/ਸੰਗਰੂਰ: ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨਿਰਿੰਗ ਐਂਡ ਟੈਕਨੋਲੋਜੀ ਲਹਿਰਾਗਾਗਾ ਦੀ ਪਹਿਲੀ ਕਨਵੋਕੇਸ਼ਨ ਮੌਕੇ ਕਾਲਜ ਦੇ 250 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕਰਨ ਲਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਨਾਲ ਆਪਣੇ ਹੁਨਰ ਨੂੰ ਤਰਾਸ਼ਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਡਿਗਰੀਆਂ ਹਾਸਲ ਕਰਨਾ ਵਿਦਿਆਰਥੀਆਂ ਦੇ ਜੀਵਨ ਦਾ ਇੱਕ ਯਾਦਗਾਰੀ ਪਲ ਹੈ ਅਤੇ ਇਸ ਡਿਗਰੀ ਦੇ ਆਧਾਰ ‘ਤੇ ਨੌਕਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਮਾਜ ਦੀ ਸੇਵਾ ਪ੍ਰਤੀ ਵੀ ਸਮਰਪਿਤ ਹੋਣ ਨੂੰ ਤਰਜੀਹ ਦੇਣ।

ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਮਿੱਤਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਵੱਲੋਂ ਇਕੱਠਿਆਂ ਹੀ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੁੜ ਤੋਂ ਤੀਜੀ ਵਾਰ ਗਠਜੋੜ ਦੀ ਸਰਕਾਰ ਇਤਿਹਾਸਕ ਜਿੱਤ ਹਾਸਿਲ ਕਰਕੇ ਆਪਣੀ ਸਰਕਾਰ ਬਣਾਏਗੀ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਸਮੇਂ ਵਿੱਚ ਸੂਬੇ ਦਾ ਜਿੰਨਾ ਵਿਕਾਸ ਹੋਇਆ ਹੈ ਇਸਨੂੰ ਲੋਕ ਭਲੀ ਭਾਂਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹਮੇਸ਼ਾਂ ਰਾਜ ਦੇ ਲੋਕਾਂ ਦੀ ਭਲਾਈ ਅਤੇ ਲੋਕ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਫੈਸਲੇ ਕੀਤੇ ਹਨ। ਸ੍ਰੀ ਮਿੱਤਲ ਨੇ ਕਿਹਾ ਸੂਬੇ ਅੰਦਰ ਪਹਿਲਾਂ ਤੋਂ ਹੀ ਵਿਆਪਕ ਪੱਧਰ ‘ਤੇ ਚੱਲ ਰਹੇ ਸਮੁੱਚੇ ਵਿਕਾਸ ਕਾਰਜਾਂ ਦੀ ਗਤੀ ਨੂੰ ਮੌਜੂਦਾ ਸਾਲ ‘ਚ ਹੋਰ ਤੇਜ਼ ਕੀਤਾ ਗਿਆ ਹੈ ਅਤੇ ਨਿਰਧਾਰਤ ਸਮੇਂ ਅੰਦਰ ਵਿਕਾਸ ਕਾਰਜ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮਿਆਰੀ ਸਿੱਖਿਆ ਦਾ ਪ੍ਰਸਾਰ, ਸਿਹਤ ਸੇਵਾਵਾਂ, ਸਾਫ਼ ਸੁਥਰੀਆਂ ਸੜਕਾਂ, ਪੀਣ ਵਾਲਾ ਸਾਫ਼ ਪਾਣੀ ਆਦਿ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਉਪਰੰਤ ਕਨਵੋਕੇਸ਼ਨ ਵਿੱਚ ਸ਼ਾਮਿਲ ਹੋਏ ਸ੍ਰੀ ਮਿੱਤਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਯੁੱਗ ਤਕਨੀਕੀ ਯੁੱਗ ਹੈ ਅਤੇ ਸਮੇਂ ਦਾ ਹਾਣੀ ਬਣਨ ਲਈ ਵਿਦਿਆਰਥੀਆਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਲਈ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਡਿਗਰੀ ਹਾਸਿਲ ਕਰਨ ਵਾਲੇ ਕਾਲਜ ਦੇ 250 ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਕਿ ਦੇਸ਼ ਅਤੇ ਸੂਬੇ ਦੀ ਤਰੱਕੀ ਵਿੱਚ ਵਿਦਿਆਰਥੀ ਵਰਗ ਦਾ ਬਹੁਤ ਵੱਡਾ ਯੋਗਦਾਨ ਹੈ। ਕਨਵੋਕੇਸ਼ਨ ਦਾ ਅਗਾਜ਼ ਮੁੱਖ ਮਹਿਮਾਨ ਵੱਲੋਂ ਸ਼ਮ੍ਹਾਂ ਰੋਸ਼ਨ ਕਰਕੇ ਕੀਤਾ ਗਿਆ। ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਮਨੋਜ ਬਾਲੀ ਨੇ ਸਵਾਗਤੀ ਸ਼ਬਦ ਸਾਂਝੇ ਕਰਨ ਤੋਂ ਬਾਅਦ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਇਸ ਤੋਂ ਬਾਅਦ ਤਕਨੀਕੀ ਸਿੱਖਿਆ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਡਾ. ਮੋਹਨਬੀਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਭਾਜਪਾ ਆਗੂ ਸ੍ਰੀ ਵਿਨੋਦ ਗੁਪਤਾ,  ਐਡਵੋਕੇਟ ਸ੍ਰੀ ਵਰਿੰਦਰ ਗੋਇਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿਗ ਕਮੇਟੀ ਦੇ ਮੈਂਬਰ ਸ .ਰਾਮਪਾਲ ਸਿੰਘ ਬਹਿਣੀਪਾਲ, ਸ੍ਰੀ ਸਤਪਾਲ ਸਿੰਗਲਾ, ਸ੍ਰੀ ਦੀਵਾਨ ਗੋਇਲ, ਸ੍ਰੀ ਸੰਕਰ ਬਾਂਸਲ, ਸ੍ਰੀ ਸੋਰਭ ਗੋਇਲ, ਐਸ.ਡੀ.ਐਮ. ਮਿਸ ਨਵਰੀਤ ਕੌਰ ਸੇਖੋਂ ਅਤੇ ਹੋਰ ਅਧਿਕਾਰੀ, ਆਗੂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *