Tue. Aug 20th, 2019

ਵਿਚਾਰ ਆਪੋ ਆਪਣੇ: ਜੱਥੇਦਾਰ ਹਵਾਰਾ ਵੱਲੋ ਬਣਾਈ ਆਰਜ਼ੀ ਪੰਜ ਮੈਂਬਰੀ ਕਮੇਟੀ ਬਨਾਮ ਪੰਥਕ ਰਵਾਇਤਾਂ ਅਨੁਸਾਰ ਗੁਰਮਤੇ ਦੀ ਪ੍ਰੰਪਰਾ ਦਾ ਉੱਚਾ ਤੇ ਸੁੱਚਾ ਮਹੱਤਵ

ਵਿਚਾਰ ਆਪੋ ਆਪਣੇ: ਜੱਥੇਦਾਰ ਹਵਾਰਾ ਵੱਲੋ ਬਣਾਈ ਆਰਜ਼ੀ ਪੰਜ ਮੈਂਬਰੀ ਕਮੇਟੀ ਬਨਾਮ ਪੰਥਕ ਰਵਾਇਤਾਂ ਅਨੁਸਾਰ ਗੁਰਮਤੇ ਦੀ ਪ੍ਰੰਪਰਾ ਦਾ ਉੱਚਾ ਤੇ ਸੁੱਚਾ ਮਹੱਤਵ

ਅੱਜ ਭਾਰਤੀ ਰਾਸ਼ਟਰ ਦੇ ਮੌਜੂਦਾ ਹਾਲਾਤ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਪੰਥ ਦੀ ਸਾਜਨਾ ਕਰਨ ਤੋਂ ਪਹਿਲਾਂ ਦੇ ਹਲਾਤਾ ਨਾਲ ਮੇਲ ਖਾਂਦੇ ਹਨ, ਮਤਲਬ ਇਤਿਹਾਸ ਮੁੜ ਦੁਹਰਾਇਆ ਜਾ ਰਿਹਾ ਹੈ।ਉਦੋਂ ਖਾਲਸਾ ਪੰਥ ਦੀ ਸਾਜਨਾ ਧਰਮ, ਸਮਾਜ਼ ਤੇ ਰਾਜਸੀ ਖੇਤਰ ਵਿੱਚ ਸੰਥਾਪਤ ਹੋਈਆਂ ਉਹਨਾਂ ਜ਼ਾਲਮ ਹਕੂਮਤਾਂ ਦੇ ਪੰਜੇ ਚੋ ਮੁਕਤ ਕਰਵਾਉਣ ਲਈ ਕੀਤੀ ਗਈ ਸੀ, ਜਿਹੜੀਆਂ ਹਿੰਦੂ ਤੇ ਮੁਗ਼ਲ ਰਾਜਸੀ ਤਾਕਤਾਂ ਆਮ ਲੋਕਾਂ ਦੀ ਖੁਸ਼ੀ ਨੂੰ ਗਮੀ, ਖੁਸ਼ਹਾਲੀ ਨੂੰ ਕੰਗਾਲੀ ਭੁੱਖ ਨੰਗ ਦਾ ਕੋਝਾ ਰੂਪ ਦੇ ਕੇ ਸਮਾਜ਼ ਦੀਆਂ ਸਦਾਚਾਰਕ ਕਦਰਾਂ-ਕੀਮਤਾਂ ਨੂੰ ਜ਼ਹਿਰ ਦੀ ਪੁੱਠ ਦੇ ਰਹੀਆਂ ਸਨ।
ਅੱਜ ਇੱਕੀਵੀਂ ਸਦੀ ਦੇ ਇਸ ਮੌਕੇ ਵੀ ਹਿੰਦੂਤਵੀ ਸਾਮਰਾਜੀ ਤਾਕਤਾਂ ਆਪਣੇ ਮਨਸੂਬਿਆਂ ਰਾਹੀਂ ਸਿੱਖ ਕੌਮ ਦੀਆਂ ਜੜ੍ਹਾਂ ਖੋਖਲੀਆਂ ਕਰਨ ਲਈ ਪੰਜਾਬੀ ਬੋਲੀ, ਸਿੱਖ ਇਤਿਹਾਸ, ਸਿੱਖ ਸਭਿਆਚਾਰ ਤੇ ਸਿੱਖ ਆਰਥਕਤਾ ਦੇ ਖੇਤਰ ਤੋਂ ਲੈਕੇ ਸਿੱਖੀ ਸਰੂਪ ਨੂੰ ਵਿਗਾੜਨ ਲਈ ਸਮਾਜ ਦੇ ਹਰ ਖੇਤਰ ਵਿੱਚ ਉਹ ਜੋ ਕਰ ਸਕਦੇ ਹਨ ,ਉਹ ਕਰ ਰਹੇ ਹਨ।
ਦੂਸਰੇ ਪਾਸੇ ਸਿੱਖ ਕੌਮ ਦੀ ਅੱਜ ਦੀ ਵਰਤਮਾਨ ਸਥਿਤੀ ਇਹ ਹੈ ਕਿ ਉਹ ਇਹਨਾਂ ਤਾਕਤਾਂ ਵਿਰੁੱਧ ਸੰਘਰਸ਼ ਲੜ ਵੀ ਰਹੇ ਹਨ ਪਰ ਅੱਜ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ
ਅਠਾਰਵੀਂ ਸਦੀ ਦੇ ਸਿੱਖਾਂ ਵਾਂਗ ਯੁੱਧ ਲੜਨ ਦਾ ਮਨੋਰਥ ਤੇ ਨਿਸ਼ਾਨਾ ਸਪੱਸ਼ਟ ਤੌਰ ਤੇ ਐਲਾਨ ਕਰਨ ਤੋਂ ਖੁੰਝ ਰਹੇ ਹਾਂ, ਅੱਜ ਖਾਲਸਾ ਪੰਥ ਦੁਸ਼ਮਣ ਤਾਕਤਾਂ ਦੇ ਸ਼ਕਤੀ ਸੋਮੇ, ਸਾਧਨਾਂ ਵਸੀਲਿਆਂ ਨੂੰ ਤਹਿਸ ਨਹਿਸ਼ ਕਰਨ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ , ਕਾਰਨ ਸਪੱਸ਼ਟ ਹੈ ਕਿ ਅਸੀਂ ਆਪਣੇ ਮੂਲ, ਪ੍ਰੰਪਰਾਵਾਂ ਤੇ ਰਵਾਇਤਾਂ ਨਾਲੋ ਟੁੱਟ ਚੁੱਕੇ ਹਾਂ।
ਸਿੱਖ ਕੌਮ ਯਾਦ ਕਰੇ ਕਿ ਸਿੰਘਾਂ ਨੇ ਗੁਰਮਤੇ ਦੀ ਰੋਸ਼ਨੀ ਵਿੱਚ ਸਭ ਤੋਂ ਪਹਿਲਾਂ ਤੇ ਵੱਡਾ ਹਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਤੇ ਜੱਥੇਦਾਰ ਦਰਬਾਰਾ ਸਿੰਘ ਦੀ ਜੱਥੇਦਾਰੀ ਹੇਠ ਮੁਲਤਾਨ ਤੋਂ ਲਹੌਰ ਨੂੰ ਆ ਰਹੇ ਸ਼ਾਹੀ ਮੁਕਾਮ ਉੱਪਰ ਖੁੱਡੀਆਂ ਦੇ ਮੁਕਾਮ ‘ਤੇ ਬੋਲਿਆਂ ਸੀ ਤੇ ਇਸ ਹਮਲੇ ਦੇ ਕਾਰਨ ਸਿੰਘਾਂ ਦੇ ਹੱਥ ਕੋਈ ਚਾਰ ਲੱਖ ਰੁਪਇਆ ਲੱਗਿਆਂ ਸੀ ,ਇਹ ਹਮਲਾ ਜੱਥੇਦਾਰ ਦਰਬਾਰਾ ਸਿੰਘ ਦੇ ਹੁਕਮਾਂ ਤੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ 400 ਸਿੰਘਾਂ ਨੇ ਦਿਨ ਦਿਹਾੜੇ ਕੀਤਾ ਸੀ।
ਉਪਰੋਕਤ ਇਤਿਹਾਸਕ ਹਵਾਲਾ ਦੇਣ ਦਾ ਮਨੋਰਥ ਤੇ ਕਾਰਨ ਇਹ ਹੀ ਹੈ ਕਿ ਜਦੋਂ ਤੱਕ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਪੰਥਕ ਰਵਾਇਤਾਂ ਅਨੁਸਾਰ ਤੇ ਗੁਰਮਤੇ ਦਾ ਸਿਧਾਂਤ ਲਾਗੂ ਕਰਕੇ ਸੰਘਰਸ਼ ਨਹੀਂ ਲੜੇਗੀ ਸਫਲਤਾ ਹੱਥ ਨਹੀਂ ਲੱਗਣੀ ਕਿਉਂਕਿ :-
ਖਾਲਸਾ ਪੰਥ ਦੀ ਯੁੱਧ ਨੀਤੀ ਤੇ ਮੋਰਚਿਆਂ ਦੀ ਸਫਲਤਾ ਲਈ ਗੁਰਮਤਿਆਂ ਦਾ ਵੱਡਾ ਹਿੱਸਾ ਹੈ। ਖਾਲਸਾ ਪੰਥ ਦੇ ਧਾਰਮਿਕ, ਸਮਾਜਿਕ ਤੇ ਰਾਜਸੀ ਖੇਤਰ ਵਿੱਚ ਗੁਰਮਤੇ ਤੇ ਗੁਰਮਤੇ ਦੀ ਪ੍ਰੰਪਰਾ ਨੂੰ ਬਹੁਤ ਹੀ ਉੱਚਾ ਤੇ ਸੁੱਚਾ ਮਹੱਤਵ ਪੂਰਨ ਅਸਥਾਨ ਪ੍ਰਾਪਤ ਹੈ। ਗੁਰਮਤੇ ਦੀ ਪ੍ਰਣਾਲੀ ਨੇ ਸਿੱਖ ਕੌਮ ਨੂੰ ਜਿੱਥੇ ਜੱਥੇਬੰਦਕ ਤੌਰ ਤੇ ਮਜ਼ਬੂਤ ਕੀਤਾ, ਉੱਥੇ ਗੁਰਮਤਿ ਵਿਚਾਰਧਾਰਾ ਦੇ ਉਦੇਸ਼ ਤੇ ਸਰਬੱਤ ਦੇ ਭਲੇ ਲਈ ਆਪਾ ਕੁਰਬਾਨ ਕਰ ਦੇਣ ਦੀ ਸੋਚ ਪ੍ਰਫੁਲਤ ਹੋਈ ਜਿਸ ਕਾਰਨ ਸਰਬੱਤ ਖਾਲਸਾ ਦੇ ਰੂਪ ਵਿੱਚ ਕੀਤੇ ਜਾਣ ਵਾਲੇ ਫੈਸਲਿਆਂ ਨੇ ਕੌਮ ਵਿੱਚ ਨਵੀਂ ਰੂਹ ਫੂਕੀ ਜੇ ਵਰਤਮਾਨ ਸਮੇਂ ਵਿੱਚ ਹੋਏ ਚੰਬੇ ਦੀ ਧਰਤੀ ਤੇ ਸਰਬੱਤ ਖਾਲਸਾ ਦੀ ਗੱਲ ਕਰੀਏ ਤਾਂ ਉਸ ਸਰਬੱਤ ਖਾਲਸਾ ਵਿੱਚੋਂ ਕੌਮ ਨੂੰ ਇੱਕ ਅਜਿਹਾ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਮਿਲਿਆ ਜ਼ੋ ਭਾਰਤੀ ਹਕੂਮਤ ਵੱਲੋਂ ਕਾਲ ਕੋਠੜੀ ਵਿੱਚ ਬੰਦ ਕੀਤਾ ਹੋਇਆ ਹੈ। ਕੌਮ ਨੇ ਅਕਾਲ ਤਖ਼ਤ ਸਾਹਿਬ ਦੇ ਸਰਕਾਰੀ ਜੱਥੇਦਾਰਾਂ ਨੂੰ ਨਾਕਾਰਦਿਆਂ ਉਹਨਾਂ ਦੇ ਸਮਾਨਅੰਤਰ ਨਵੇਂ ਜੱਥੇਦਾਰ ਥਾਪ ਕੇ ਪੁਰਾਤਨ ਰਵਾਇਤਾਂ ਅਨੁਸਾਰ ਸੰਘਰਸ਼ ਕਰਨ ਦਾ ਮੁੱਢ ਬੰਨ੍ਹਿਆ ਤੇ ਬਾਅਦ ਵਿੱਚ ਇਹਨਾਂ ਜੱਥੇਦਾਰਾਂ ਦੀ ਅਗਵਾਈ ਵਿੱਚ ਬਗਰਾੜੀ ਇਨਸਾਫ਼ ਮੋਰਚਾ ਲੱਗਿਆ ਜ਼ੋ ਛੇ ਮਹੀਨੇ ਚੱਲਿਆ , ਜਿੱਥੇ ਇੰਨਾ ਲੰਮਾ ਸਮਾਂ ਮੋਰਚਾ ਚੱਲਣਾ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ, ਇਸ ਮੋਰਚੇ ਨੇ ਸਿੱਖ ਪੰਥ ਨੂੰ ਇਹ ਸੁਨੇਹਾ ਜ਼ਰੂਰ ਦਿੱਤਾ ਕਿ ਕੌਮ ਸਿਧਾਂਤਕ ਤੌਰ ਤੇ ਜੱਥੇਬੰਦ ਹੋਏ ਬਿਨਾਂ ਸਫਲ ਨਹੀਂ ਹੋ ਸਕਦੀ।ਇਸ ਤੋਂ ਇਲਾਵਾ ਬਗਰਾੜੀ ਇਨਸਾਫ ਮੋਰਚੇ ਦੇ ਸ਼ਾਂਤਮਈ ਇਕੱਠ ਨੇ ਹਕੂਮਤਾਂ ਨੂੰ ਇਹ ਸੋਚਣ ਲਈ ਮਜਬੂਰ ਵੀ ਕੀਤਾ ਕਿ ਸਿੱਖ ਕੌਮ ਦਾ ਜੱਥੇਬੰਦਕ ਏਕਾ ਕਿਸੇ ਪਰਮਾਣੂ ਬੰਬ ਤੋਂ ਵੀ ਵੱਧ ਖਤਰਨਾਕ ਹੈ।
ਚੱਲੋ ਖੈਰ ! ਅੱਜ ਦੀ ਵਰਤਮਾਨ ਸਥਿਤੀ ਨੂੰ ਵੇਖਦਿਆਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ
ਕੌਮੀ ਏਕਤਾ ਦਾ ਮੁੱਢ ਬੰਨ੍ਹਣ ਲਈ ਪਹਿਲ ਕਦਮੀ ਕਰਦਿਆਂ ਪੁਰਾਤਨ ਰਵਾਇਤਾਂ ਅਨੁਸਾਰ ਗੁਰਮਤੇ ਦਾ ਸਿਧਾਂਤ ਲਾਗੂ ਕੀਤਾ ਹੈ। ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਆਰਜ਼ੀ ਪੰਜ ਮੈਂਬਰੀ ਕਮੇਟੀ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਕੌਮ ਧੜੇਬੰਦੀਆਂ ਛੱਡ ਕੇ ਇੱਕ ਨਿਸ਼ਾਨ, ਇੱਕ ਵਿਧਾਨ ਥੱਲੇ ਆਵੇ । ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੌਮ ਲਈ ਸਰਬੱਤ ਖਾਲਸਾ ਦੇ ਰੂਪ ਵਿੱਚ ਕੀਤੇ ਜਾਣ ਵਾਲੇ ਗੁਰਮਤਿਆਂ ਵਿੱਚਲਾ ਉਦੇਸ਼ ਤੇ ਨਿਸ਼ਾਨਾ ਭੁਲਾ ਦੇਣ ਵਾਲੀ ਗੱਲ ਨਹੀਂ ਹੁੰਦੀ ਅਤੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਐਲਾਨਿਆਂ ਹੋਇਆ ਪ੍ਰੋਗਰਾਮ ਪ੍ਰਵਾਨ ਚੜ੍ਹਾਉਣ ਤੇ ਉਸ ਤੇ ਪਹਿਰਾ ਦੇਣ ਦੀ ਜੁੰਮੇਵਾਰੀ ਸਮੁੱਚੀ ਕੌਮ ਉਪਰ ਬਰਾਬਰ ਹੁੰਦੀ ਹੈ। ਪੁਰਾਤਨ ਸਮਿਆਂ ਵਿੱਚ ਸਿੰਘਾਂ ਦੀਆਂ ਨਜ਼ਰਾਂ ਵਿੱਚ ਗੁਰਮਤੇ ਦਾ ਮਹੱਤਵ ਹੁੰਦਾ ਸੀ, ਜਿਸ ਕਾਰਨ ਗੁਰਮਤਿਆਂ ਅਨੁਸਾਰ ਲਏ ਫੈਸਲੇ ਸਮੇਂ ਦੇ ਨਾਲ ਨਾਲ ਆਪਣਾ ਭਰਪੂਰ ਅਸਰ ਵਿਖਾਉਂਦੇ ਰਹੇ ਹਨ।
ਇਸ ਲਈ ਅੱਜ ਫੇਰ ਸਾਡੇ ਸਾਹਮਣੇ ਉਹੀ ਚਣੌਤੀਆਂ ਬਰਕਰਾਰ ਹਨ ਜ਼ੋ ਕਦੇ ਅਠਾਰਵੀਂ ਸਦੀ ਦੇ ਸਿੱਖਾਂ ਸਾਹਮਣੇ ਸਨ। ਇਸ ਮੌਕੇ ਕੌਮ ਤੇ ਪੰਥਕ ਆਗੂ ਗੁਰਮਤੇ ਦੀ ਪ੍ਰੰਪਰਾ ਤੇ ਚੱਲਦਿਆਂ ਇਕੱਠੇ ਹੋ ਕੇ ਕਿਸੇ ਕੌਮੀ ਪਲੇਟਫਾਰਮ ਦੀ ਸਥਾਪਨਾ ਕਰਨ ਕਿਉਂਕਿ ਅੱਜ ਜਿੰਨੀਆਂ ਵੀ ਸਿਧਾਂਤਕ ਰਵਾਇਤਾਂ ਨਜ਼ਰੀਂ ਆ ਰਹੀਆਂ ਉਨ੍ਹਾਂ ਵਿੱਚੋ ਬਹੁਤ ਸਾਰੀਆਂ ਨੇ ਗੁਰਮਤੇ ਅਨੁਸਾਰ ਕੀਤੇ ਗਏ ਅਮਲ ਕਰਮ ਚੋ ਹੀ ਜਨਮ ਲਿਆ ਹੈ।
ਪਰ ਅੱਜ ਦੇ ਸਮੇਂ ਵਿਚ ਸਿੱਖ ਕੌਮ ਲਈ ਇਹ ਗੱਲ ਬੜੀ ਹੀ ਬਦਕਿਸਮਤੀ ਵਾਲੀ ਹੈ ਕਿ ਉਹ ਖਾਲਸਾ ਜ਼ੋ ਆਪਣੀਆਂ ਸਤਾਰ੍ਹਵੀਂ ਤੇ ਅਠਾਰ੍ਹਵੀਂ ਸਦੀ ਦੀਆਂ ਮਹਾਨ ਘਾਲਣਾਵਾਂ ਤੇ ਕੁਰਬਾਨੀਆਂ ਸਦਕਾ ਅਤੇ ਆਪਣੀ ਖ਼ਾਲਸਾਈ ਯੁੱਧ ਨੀਤੀ ਦੇ ਪੈਂਤੜੇ ਸਦਕਾ ਦਰਿਆ ਜਮਨਾ ਤੋਂ ਲੈਕੇ ਕਾਬਲ ਦੀਆਂ ਕੰਧਾਂ ਤੱਕ ਆਪਣੀ ਧਾਂਕ ਜਮਾਈ ਬੈਠਾ ਸੀ, ਅੱਜ ਆਪਣੀ ਪ੍ਰੰਪਰਾਗਤ ਨੀਤੀ ਦੇ ਅਧਾਰ ਨਾਲੋ ਬਹੁਤ ਹੱਦ ਤੱਕ ਟੁੱਟਿਆਂ ਹੋਣ ਕਾਰਨ ਆਪਣੀ ਜਨਮ ਭੂਮੀ ਪੰਜਾਬ ਅੰਦਰ ਹੀ ਗੁਲਾਮੀ ਦਾ ਜੀਵਨ ਬਤੀਤ ਕਰ ਰਿਹਾ ਹੈ।
ਇਸ ਲਈ ਆਓ ਖਾਲਸਾ ਜੀ ! ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਅਪਣਾਏ ਗੁਰਮਤੇ ਦੇ ਸਿਧਾਂਤ ਨੂੰ ਅੱਗੇ ਤੋਰਦਿਆਂ ਉਹਨਾਂ ਦੁਆਰਾ ਬਣਾਈ ਆਰਜ਼ੀ ਪੰਜ ਮੈਂਬਰੀ ਕਮੇਟੀ ਦੇ ਨੁਮਾਇੰਦਿਆਂ ਵਲੋਂ ਇੱਕ ਕੌਮੀ ਪੰਥਕ ਇਕੱਠ 27 ਜਨਵਰੀ ਨੂੰ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਸ਼ਾਹਪੁਰ ਸੈਕਟਰ 38 ਬੀ ਨੇੜੇ ਫਾਇਰ ਬ੍ਰਿਗੇਡ ਦਫਤਰ ਵਿਖੇ ਬੁਲਾਇਆ ਗਿਆ ਹੈ, ਇਸ ਪੰਥਕ ਇਕੱਠ ਵਿੱਚ ਪੰਥ ਨੂੰ ਦਰਪੇਸ਼ ਆ ਰਹੇ ਖ਼ਤਰੇ ਤੇ ਚਣੌਤੀਆਂ ਦਾ ਸਾਹਮਣਾ ਕਰਨ ਲਈ ਗੁਰਮਤੇ ਕੀਤੇ ਜਾਣਗੇ ਤੇ ਬਗਰਾੜੀ ਇਨਸਾਫ਼ ਮੋਰਚੇ ਦੀਆਂ ਤਿੰਨ ਮੰਗਾਂ ਦੀ ਪੂਰਤੀ ਲਈ ਗੁਰਮਤੇ ਕਰਨ ਤੋ ਬਾਅਦ ਅਗਲੇ ਸੰਘਰਸ਼ ਦਾ ਮੁੱਢ ਬੰਨ੍ਹਣ ਲਈ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਸੋ ਆਓ ਖਾਲਸਾ ਜੀ! ਇਹਨਾਂ ਹਾਲਤਾਂ ਵਿੱਚ ਹੁਣ ਇਸ ਗੱਲ ਦਾ ਫੈਸਲਾ ਤੁਸੀਂ ਆਪ ਕਰਨਾ ਕਿ ਗੁਰੂ ਨਾਨਕ ਸਾਹਿਬ ਦੇ ਰੁਸਨਾਏ ਮਾਰਗ ਤੇ ਚਲਦਿਆਂ ਹੋਇਆਂ ਆਪਾ ਆਜ਼ਾਦੀ , ਸਵੈਮਾਣ, ਗ਼ੈਰਤ, ਖੁਸ਼ਹਾਲੀ ਤੇ ਚੜਦੀ ਕਲਾ ਵਾਲਾ ਜੀਵਨ ਜੀਊਣਾ ਹੈ ਕਿ ਗੁਲਾਮੀ , ਅਪਮਾਨ, ਜ਼ਲਾਲਤ, ਮੰਦਹਾਲੀ ਤੇ ਢਹਿੰਦੀ ਕਲਾ ਵਾਲਾ ਜੀਵਨ ਹੰਢਾਉਣਾ ਹੈ।

ਦਲਜੀਤ ਸਿੰਘ ਸਿਧਾਣਾ

ਰਾਮਪੁਰਾ ਫੂਲ
94643-51318

Leave a Reply

Your email address will not be published. Required fields are marked *

%d bloggers like this: