Wed. Jul 24th, 2019

ਵਿਖਾਵੇ ਦੀ ਹੋੜ

ਵਿਖਾਵੇ ਦੀ ਹੋੜ

ਆਧੁਨਿਕ ਯੁੱਗ ਪ੍ਰਤੀਯੋਗਤਾ ਦਾ ਯੁੱਗ ਹੈ। ਪ੍ਰਤੀਯੋਗਤਾ ਦੇ ਇਸ ਦੌਰ ਵਿੱਚ ਹਰ ਕੋਈ ਇੱਕ ਦੂਜੇ ਤੋਂ ਵੱਧ ਕੇ ਵਿਖਾਵਾ ਕਰਨਾ ਲੋਚਦਾ ਹੈ, ਚਾਹੇ ਇਹਦੇ ਲਈ ਉਹ ਨੂੰ ਕਰਜ਼ਾ ਵੀ ਕਿਉਂ ਨਾ ਚੁੱਕਣਾ ਪਵੇ। ਗ਼ਰੀਬ ਤੋਂ ਗ਼ਰੀਬ ਤੇ ਸਧਾਰਨ ਤੋਂ ਸਧਾਰਨ ਬੰਦਾ ਵੀ ਇਸ ਵਿਖਾਵੇ ਦੀ ਲਪੇਟ ਵਿੱਚ ਆ ਗਿਆ ਹੈ। ਇਸ ਪੂੰਜੀਵਾਦੀ ਨਿਜ਼ਾਮ ਵਿੱਚ ਹਰ ਚੀਜ਼ ਉਪਲਬਧ ਹੈ, ਬੱਸ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਹੈ।
ਇਸ ਲੇਖ ਵਿੱਚ ਅਸੀਂ ਸਿਰਫ਼ ਵਿਆਹਾਂ ਤੇ ਹੁੰਦੀਆਂ ਫ਼ਜ਼ੂਲ- ਖ਼ਰਚੀਆਂ ਬਾਰੇ ਗੱਲ ਕਰਾਂਗੇ। ਮੈਂ ਆਪਣੇ ਵਿਖਾਵਾ- ਰਹਿਤ ਵਿਆਹ ਦੀ ਗੱਲ ਦੱਸਦਾ ਹਾਂ: ਮੈਂ ਆਪਣੇ ਵਿਆਹ ਤੇ ਵਿਖਾਵੇ ਦੀ ਕੋਈ ਚੀਜ਼ ਨਹੀਂ ਸੀ ਕੀਤੀ। ਨਾ ਬੈਂਡ- ਵਾਜਾ ਲੈ ਕੇ ਗਿਆ ਤੇ ਨਾ ਹੀ ਵੀਡੀਓ ਜਾਂ ਫੋਟੋਗ੍ਰਾਫਰ। ਮੇਰੇ ਵੱਲੋਂ ਆਪਣੇ ਵਿਆਹ ਵਿੱਚ ਸਧਾਰਨਤਾ ਨੂੰ ਪਹਿਲ ਦਿੱਤੀ ਗਈ ਤੇ ਅਸੀਂ ਸਿਰਫ਼ ਇੱਕੀ ਮੈਂਬਰ ਵਿਆਹ ਵਿੱਚ ਸ਼ਾਮਲ ਹੋਏ। ਇਸ ਸਧਾਰਨਤਾ ਕਰਕੇ ਮੇਰੇ ਸਹੁਰੇ- ਪਰਿਵਾਰ ਵਾਲੇ ਬਹੁਤ ਸਾਰੀਆਂ ਵਿਖਾਵੇ ਦੀਆਂ ਰਸਮਾਂ ਕਰਨ ਤੋਂ ਵੀ ਵਾਂਝੇ ਰਹਿ ਗਏ। ਮੈਨੂੰ ਸ਼ਹਿਰੀ ਸਮਝ ਕੇ ਲੜਕੀ ਵਾਲਿਆਂ ਵੱਲੋਂ ਮੇਰਾ ਵਿਆਹ ਹੋਟਲ ਵਿੱਚ ਰੱਖਿਆ ਗਿਆ, ਜਦਕਿ ਪਿੰਡ ਵਿੱਚ ਮੇਰੇ ਸਹੁਰੇ- ਪਰਿਵਾਰ ਦਾ ਕਾਫੀ ਖੁੱਲ੍ਹਾ- ਡੁੱਲਾ ਘਰ ਸੀ, ਜਿੱਥੇ ਬੜੇ ਆਰਾਮ ਨਾਲ ਬਰਾਤ ਤੇ ਮੈਂਬਰਾਂ ਦੀ ਆਓ- ਭਗਤ/ ਖਾਤਰਦਾਰੀ ਕੀਤੀ ਜਾ ਸਕਦੀ ਸੀ।
ਇਹੋ ਜਿਹੀ ਹੀ ਇੱਕ ਹੋਰ ਝਾਕੀ ਬੀਤੇ ਦਿਨੀਂ ਮੈਨੂੰ ਵੇਖਣ ਨੂੰ ਮਿਲੀ। ਮੇਰੀ ਇੱਕ ਵਿਦਿਆਰਥਣ ਦੀ ਸ਼ਾਦੀ ਸੀ। ਉਹਨੇ ਮੈਨੂੰ ਸ਼ਾਦੀ ਦਾ ਕਾਰਡ ਦਿੱਤਾ ਤੇ ਸ਼ਾਦੀ ਤੇ ਪਹੁੰਚਣ ਦੀ ਤਾਕੀਦ ਵੀ ਕੀਤੀ ਸੀ। ਉਂਜ ਤਾਂ ਮੈਂ ਵਿਆਹਾਂ- ਸ਼ਾਦੀਆਂ ਦੇ ਸਮਾਗਮਾਂ ਵਿੱਚ ਘੱਟ ਹੀ ਜਾਂਦਾ ਹਾਂ, ਪਰ ਲੜਕੀ ਦੇ ਵਾਰ- ਵਾਰ ਕਹਿਣ ਤੇ ਮਜਬੂਰਨ ਮੈਨੂੰ ਜਾਣਾ ਪਿਆ। ਹਾਲਾਂਕਿ ਮੇਰੇ ਵਰਗੇ ਬੰਦੇ ਲਈ ਉੱਥੇ ਕੁਝ ਨਹੀਂ ਹੁੰਦਾ। ਖੈਰ…
ਲੜਕੀ ਵਾਲਿਆਂ ਵੱਲੋਂ ਘਰ ਵਿੱਚ ਹੀ ਬਰਾਤ ਦਾ ਸਵਾਗਤ ਕੀਤਾ ਜਾਣਾ ਸੀ, ਜਿਸ ਦਾ ਜ਼ਿਕਰ ਕਾਰਡ ਵਿੱਚ ਵੀ ਕੀਤਾ ਹੋਇਆ ਸੀ ਪਰ ਐਨ ਮੌਕੇ ਤੇ ਮੌਸਮ ਖ਼ਰਾਬ ਹੋਣ ਕਰਕੇ(ਮੀਂਹ ਪੈਣ ਕਰਕੇ) ਲੜਕੀ ਵਾਲਿਆਂ ਨੇ ਨੇੜੇ ਦਾ ਇੱਕ ਮੈਰਿਜ ਪੈਲੇਸ ਖੜ੍ਹੇ ਪੈਰ ਮਹਿੰਗੇ ਮੁੱਲ ਤੇ ਬੁੱਕ ਕਰਵਾ ਲਿਆ।ਹਾਲਾਂਕਿ ਇਹਦੀ ਕੋਈ ਲੋੜ ਨਹੀਂ ਸੀ। ਵਿਆਹ ਵਾਲੀ ਲੜਕੀ ਦੀਆਂ ਕੁਝ ਸਹੇਲੀਆਂ (ਮੇਰੀਆਂ ਹੋਰ ਵਿਦਿਆਰਥਣਾਂ) ਵੀ ਵਿਆਹ ਵਿੱਚ ਪੂਰਾ ਸਜ- ਧੱਜ ਕੇ ਪੁੱਜੀਆਂ ਹੋਈਆਂ ਸਨ। ਠੰਢ ਬਹੁਤ ਪੈ ਰਹੀ ਸੀ ਤੇ ਉਤੋਂ ਮੀਂਹ ਵੀ ਪੈਣ ਲੱਗਾ। ਪਰ ਮੈਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਵਿਆਹ ਵਾਲੀ ਲੜਕੀ, ਜੋ ਉਂਜ ਵੀ ਨਾਜ਼ਕ/ ਪਤਲੀ ਜਿਹੀ ਸੀ, ਨੇ ਲਹਿੰਗਾ ਪਹਿਨਿਆ ਹੋਇਆ ਸੀ ਤੇ ਉਤੋਂ ਟਾਪ, ਬਿਨਾਂ ਬਾਹਵਾਂ ਦਾ। ਉਹਦੀਆਂ ਹੋਰ ਸਹੇਲੀਆਂ ਨੇ ਵੀ ਕਢਾਈ ਵਾਲੇ ਸੂਟ ਪਹਿਨੇ ਹੋਏ ਸਨ ਤੇ ਹੇਠਾਂ ਪੈਨਸਲ- ਹੀਲ ਦੇ (ਬਿਨਾਂ ਜੁਰਾਬਾਂ ਤੋਂ) ਸੈਂਡਲ। ਮੀਂਹ ਤੇ ਠੰਢ ਕਾਰਨ ਲੋਕ ਕੰਬਦੇ ਜਾ ਰਹੇ ਸਨ। ਪਰ ਇਹਨਾਂ ਕੁੜੀਆਂ ਵੱਲ ਵੇਖ ਕੇ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਉਨ੍ਹਾਂ ਨੇ ਦਿਖਾਵੇ ਦੀ ਖ਼ਾਤਰ ਕਿੰਨਾ ਹਾਰ- ਸ਼ਿੰਗਾਰ ਕੀਤਾ ਹੋਇਆ ਸੀ ਤੇ ਸੂਟਾਂ ਦੀ ਕਢਾਈ ਵਿਖਾਉਣ ਲਈ ਕੋਈ ਵੀ ਜੈਕਿਟ ਜਾਂ ਕੋਟੀ ਵਗੈਰਾ ਨਹੀਂ ਸੀ ਪਹਿਨੀ, ਸ਼ਾਲਾਂ ਦਾ ਤਾਂ ਨਾਂ ਹੀ ਕੀ ਲੈਣਾ…।
ਮੈਂ ਬਾਅਦ ਵਿੱਚ ਉਨ੍ਹਾਂ ਵਿਦਿਆਰਥਣਾਂ ਤੋਂ ਇਹੋ-ਜਿਹੀ ਸ਼ਾਨੋ- ਸ਼ੌਕਤ ਕਰਨ ਦਾ ਕਾਰਨ ਪੁੱਛਿਆ, ਤਾਂ ਉਨ੍ਹਾਂ ਨੇ ਬਿਨਾਂ ਝਿਜਕ ਤੋਂ ਜਵਾਬ ਦਿੱਤਾ, “ਸਰ, ਇਹੋ ਤਾਂ ਮੌਕੇ ਹੁੰਦੇ ਨੇ ਸੱਜਣ- ਸੰਵਰਨ ਦੇ… ਕਦੇ- ਕਦਾਈਂ ਤਾਂ ਵਿਆਹਾਂ ਤੇ ਜਾਈਦੈ… ਤੇ ਜੇ ਬੰਦਾ ਸਧਾਰਨ ਜਿਹਾ ਬਣ ਕੇ ਜਾਵੇ, ਤਾਂ ਉਹਨੂੰ ਕੋਈ ਵਿੰਹਦਾ ਹੀ ਨਹੀਂ…।” ਮੈਂ ਸੋਚਣ ਲੱਗਿਆ ਕੀ ਇਹੋ ਸਾਡਾ ਵਿਰਸਾ ਹੈ?… ਸਾਡਾ ਵਿਰਸਾ ਤਾਂ ਇੰਨਾ ਸਮਰੱਥ ਹੈ ਕਿ ਅਸੀਂ ਪੰਜਾਬੀ ਪਹਿਰਾਵਾ(ਸਲਵਾਰ ਕਮੀਜ਼, ਬਾਗ, ਫੁਲਕਾਰੀ) ਪਹਿਨ ਕੇ ਵੀ ਆਪਣਾ ਹਾਰ-ਸ਼ਿੰਗਾਰ ਪ੍ਰਗਟਾ ਸਕਦੇ ਹਾਂ।
ਇਹੋ ਜਿਹੇ ਹੀ ਇਕ ਹੋਰ ਵਿਆਹ ਦੀ ਮੈਨੂੰ ਯਾਦ ਆ ਰਹੀ ਹੈ, ਜਿਸ ਵਿੱਚ ਕੁੜੀ ਵਾਲਿਆਂ ਨੇ 65 ਪ੍ਰਕਾਰ ਦੀਆਂ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਸਨ। ਕੁੜੀ ਵਾਲੇ ਤੇ ਕੁੜੀ ਵੀ ਮੇਰੀ ਜਾਣਕਾਰ ਸੀ ਤੇ ਇਹ ਗੱਲ ਕੁੜੀ ਨੇ ਮੈਨੂੰ ਖ਼ਾਸ ਤੌਰ ਤੇ ਦੱਸੀ ਸੀ ਕਿ ਉਹਦੇ ਵਿਆਹ ਵਿੱਚ ਕਿੰਨੀਆਂ ਖਾਣ- ਪੀਣ ਦੀਆਂ ਚੀਜ਼ਾਂ ਹਨ। ਜਦ ਮੈਂ ਉਹਨੂੰ ਪੁੱਛਿਆ ਕਿ ਤੂੰ ਕਿੰਨੀਆਂ ਚੀਜ਼ਾਂ ਦਾ ਸੁਆਦ ਵੇਖਿਆ… ਤਾਂ ਉਹਨੇ ਦੱਸਿਆ ਕਿ ਇੱਕ ਦਾ ਵੀ ਨਹੀਂ… ਫਿਰ ਮੈਂ ਜਾਨਣਾ ਚਾਹਿਆ ਕਿ ਜੇ ਤੂੰ ਇੱਕ ਵੀ ਚੀਜ਼ ਨਹੀਂ ਖਾਧੀ, ਤਾਂ ਫਿਰ ਇੰਨੀਆਂ ਚੀਜ਼ਾਂ ਬਣਾਉਣ ਦਾ ਕੀ ਫਾਇਦਾ। ਉਹਨੇ ਮਾਣ ਨਾਲ ਕਿਹਾ ਸੀ, “ਬਰਾਤੀਆਂ ਨੂੰ ਤਾਂ ਦੱਸਣਾ ਸੀ,ਵਿਖਾਉਣਾ ਸੀ ਕਿ ਅਸੀਂ ਵੀ ਕੋਈ ਚੀਜ਼ ਹਾਂ…”
ਇਵੇਂ ਹੀ ਇੱਕ ਹੋਰ ਮਿੱਤਰ ਦੇ ਵਿਆਹ ਦੀ ਘਟਨਾ ਹੈ। ਉਹਨੇ ਦਾਜ-ਦਹੇਜ ਲੈਣ ਤੋਂ ਸਾਫ਼ ਇਨਕਾਰ ਕਰਦਿਆਂ ਕੁੜੀ ਵਾਲਿਆਂ ਨੂੰ ਇੰਨਾ ਹੀ ਕਿਹਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਪਰ ਇੰਨਾ ਜ਼ਰੂਰ ਕਰਿਓ ਕਿ ਬਰਾਤ ਦੀ ਸੇਵਾ ਗੱਡ ਕੇ ਹੋਵੇ… ਉਹ ਵੀ ਇਹੋ ਵਿਖਾਉਣਾ ਚਾਹੁੰਦਾ ਸੀ ਕਿ ਬਰਾਤੀ ਕਿਸੇ ਗੱਲੋਂ ਨਾਰਾਜ਼ ਨਾ ਹੋ ਜਾਣ। ਮਤਲਬ ਦਾਰੂ ਵੀ ਹੋਵੇ, ਤੇ ਮੁਰਗ- ਮੁਸੱਲਮ ਵੀ।
ਅੱਜ ਕੱਲ੍ਹ ਦੇ ਵਿਆਹਾਂ ਦੀ ਤਾਂ ਗੱਲ ਛੱਡੋ, ਭੋਗਾਂ/ ਮਰਨਿਆਂ- ਪਰਨਿਆਂ ਦੇ ਸਮਾਗਮਾਂ ਵਿੱਚ ਵੀ ਪੂਰਾ ਵਿਖਾਵਾ ਹੁੰਦਾ ਹੈ। ਮੌਤ ਦੇ ਭੋਗ ਤੇ ਲੱਡੂ, ਜਲੇਬੀਆਂ, ਪਕੌੜੇ ਪਰੋਸੇ ਜਾਂਦੇ ਹਨ। ਪਤਾ ਨਹੀਂ ਉਹ ਮੌਤ ਤੇ ਖੁਸ਼ੀ ਪ੍ਰਗਟ ਕਰ ਰਹੇ ਹੁੰਦੇ ਨੇ ਜਾਂ ਗਮੀ। ਜਦਕਿ ਮਰਗ ਦੇ ਭੋਗ ਤਾਂ ਬਹੁਤ ਹੀ ਸਧਾਰਨ ਹੋਣੇ ਚਾਹੀਦੇ ਹਨ, ਜਿੱਥੇ ਸਿਰਫ਼ ਬਾਹਰੋਂ ਆਏ ਮਹਿਮਾਨਾਂ ਲਈ ਹੀ ਰੋਟੀ- ਦਾਲ ਪਰੋਸੀ ਜਾਵੇ।
ਵਿਆਹਾਂ ਉੱਤੇ ਮਹਿੰਗੇ ਮੈਰਿਜ ਪੈਲੇਸ, ਮਹਿੰਗੀਆਂ ਗੱਡੀਆਂ ਦੇ ਤੋਹਫੇ, ਸ਼ਰਾਬਾਂ, ਫਾਲਤੂ ਭੋਜਨ, ਖਾਣੇ ਦੀਆਂ ਸਟਾਲਾਂ, ਡੀ.ਜੇ., ਅਸ਼ਲੀਲ ਤੇ ਦੂਹਰੇ ਅਰਥਾਂ ਵਾਲੇ ਚਾਲੂ ਗੀਤ, ਲਾਈਟਾਂ ਦੀ ਚਕਾਚੌਂਧ, ਬੰਦੂਕਾਂ ਦੇ ਫਾਇਰ ਆਦਿ ਸਾਡੀ ਆਪ ਸਹੇੜੀ ਬਰਬਾਦੀ ਦੇ ਕਾਰਨ ਹਨ, ਜੀਹਨੂੰ ਆਮ ਸ਼ਬਦਾਂ ਵਿੱਚ ‘ਅੱਡੀਆਂ ਚੁੱਕ ਕੇ ਫਾਹਾ ਲੈਣਾ’ ਕਿਹਾ ਜਾਂਦਾ ਹੈ।
ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਹੋ ਜਿਹੇ ਸਮਾਗਮਾਂ ਵਿੱਚ ਕੀਤੀ ਫ਼ਜ਼ੂਲ ਖਰਚੀ ਅਤੇ ਲੋੜ ਤੋਂ ਵੱਧ ਵਿਖਾਵਾ ਸਾਡੀ ਬਰਬਾਦੀ ਦਾ ਕਾਰਨ ਬਣ ਸਕਦੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ‘ਉਤਸ਼ਾਹ’ ਪ੍ਰਾਜੈਕਟ ਵੱਲੋਂ ਚਲਾਈ ਹੋਈ ਮੁਹਿੰਮ ‘ਸਾਦੇ ਵਿਆਹ ਸਾਦੇ ਭੋਗ- ਨਾ ਕਰਜ਼ਾ ਨਾ ਚਿੰਤਾ ਰੋਗ’ ਵਿੱਚ ਇਸ ਤੱਥ ਤੇ ਜ਼ੋਰ ਦਿੱਤਾ ਗਿਆ ਹੈ ਕਿ ਸਾਨੂੰ ਵਿਖਾਵੇ ਨਾਲੋਂ ਸਾਧਾਰਨਤਾ ਵਿੱਚ ਰਹਿਣਾ ਚਾਹੀਦਾ ਹੈ, ਜਿਸ ਨਾਲ ਕਰਜ਼ੇ ਅਤੇ ਖੁਦਕੁਸ਼ੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।

ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ,
ਤਲਵੰਡੀ ਸਾਬੋ
ਬਠਿੰਡਾ
9417692015

Leave a Reply

Your email address will not be published. Required fields are marked *

%d bloggers like this: