Thu. Oct 17th, 2019

ਵਿਕਾਸ ਦੇ ਨਾਂ ਹੇਠ ਰੁੱਖਾਂ ਦੀ ਬਲੀ

ਵਿਕਾਸ ਦੇ ਨਾਂ ਹੇਠ ਰੁੱਖਾਂ ਦੀ ਬਲੀ

ਅੱਜ ਸਮੁੱਚੇ ਭਾਰਤ ਵਿੱਚ ਕੇਂਦਰ ਸਰਕਾਰਾਂ ਤੋਂ ਲੈ ਕੇ ਰਾਜ ਸਰਕਾਰਾਂ ਤੱਕ ਇੱਕ ਹੀ ਨਾਅਰਾ ਵਿਕਾਸ ਦਾ ਦਿੱਤਾ ਜਾ ਰਿਹਾ ਹੈ। ਜਿੱਧਰ ਦੇਖੋ ਵਿਕਾਸ। ਇਸ ਵਿਕਾਸ ਹੇਠ ਸਾਡੀਆਂ ਕਈ ਬਹੁ ਕੀਮਤੀ ਕੁਦਰਤੀ ਚੀਜ਼ਾਂ ਖਤਮ ਹੋ ਰਹੀਆਂ ਹਨ। ਵਿਕਾਸ ਦੇ ਨਾਮ ਹੇਠ ਰੁੱਖਾਂ ਦੀ ਨਜਾਇਜ਼ ਕਟਾਈ ਬਹੁਤ ਹੋ ਰਹੀਂ ਹੈ। ਉਸ ਬਾਰੇ ਕੁਝ ਵੀ ਸੋਚਿਆ ਨਹੀਂ ਜਾ ਰਿਆ।
ਪੰਜਾਬ ਅੰਦਰ ਦਸ ਸਾਲ ਰਾਜ ਕਰ ਰਹੀਂ ਪਾਰਟੀ ਨੇ ਵੀ ਵੱਡੇ ਪੱਧਰ ਤੇ ਵਿਕਾਸ ਦਾ ਢੰਡੋਰਾ ਪਿੱਟਿਆ। ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਚੌੜੀਆਂ ਸੜਕਾਂ, ਪੁਲ ਤੇ ਸੀਵਰੇਜ਼ ਦੇ ਕੰਮ ਸ਼ੁਰੂ ਕੀਤੇ। ਇਹ ਕੰਮ ਹਾਲੇ ਤੱਕ ਅੱਧ ਪਚੱਧ ਹੀ ਚਲੇ ਹਨ ਪਰ ਇਨਾਂ ਕਾਰਜਾਂ ਹੇਠ ਬੇਸਮਝੀ ਨਾਲ ਵੱਡੇ ਪੁਰਾਣੇ ਰੁੱਖਾਂ ਤੇ ਦਰੱਖਤਾ ਆਦਿ ਨੂੰ ਕੱਟਣ ਦੀ ਮੁਹਿੰਮ ਵੀ ਜ਼ੋਰ ਸ਼ੋਰ ਨਾਲ ਚੱਲੀ। ਬੇਸ਼ੱਕ ਸਰਕਾਰੀ ਕੰਮ ਹੌਲੀ ਚਾਲ ਚੱਲਦੇ ਹਨ ਪਰ ਦਰੱਖਤ ਕੱਟਣ ਦੀ ਰਫਤਾਰ ਪੂਰੀ ਤੇਜ਼ ਚੱਲੀ, ਵੱਡੇ ਤੇ ਪੁਰਾਣੇ ਦਰੱਖਤ ਇਉਂ ਵੱਢ ਸੁੱਟੇ ਜਿਵੇਂ ਆਲੂ ਪਿਆਜ ਚੀਰਦੇ ਹਾਂ।
ਜੇ ਹੋਰ ਕਿਸੇ ਸ਼ਹਿਰ ਦੀ ਗੱਲ ਨਾ ਕਰੀਏ ਤਾਂ ਪੁਰਾਤਨ ਧਾਰਮਿਕ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਵਿੱਚ ਹੀ ਵੱਡੇ ਤੇ ਪੁਰਾਣੇ ਦਰੱਖਤ ਆਮ ਹੀ ਵੱਢ ਸੁੱਟੇ। ਬੜਾ ਰੌਲਾ ਪਿਆ ਸਮਾਜ ਸੇਵੀ ਅੱਗੇ ਆਏ ਪਰ ….। ਹੋਰ ਵੀ ਸਮੁੱਚੇ ਪੰਜਾਬ ਦਾ ਹਾਲ ਇਸੇ ਤਰਾਂ ਹੀ ਦੇਖਦੇ ਹਾਂ। ਲੁਧਿਆਣਾ ਵਿੱਚ ਜਗਰਾਓ ਸੜਕ ਤੋਂ ਦੱਖਣੀ ਬਾਈਪਾਸ ਤੇ ਦੋਰਾਹਾ, ਨੀਲੋ ਨਹਿਰ ਤੋਂ ਲੈ ਰੋਪੜ ਤੱਕ ਨਹਿਰ ਦੀ ਸੜਕ ਵਾਲੀ ਪੱਟੜੀ ਹੀ ਦਰੱਖਤਾਂ ਤੋਂ ਸਾਫ਼ ਕਰ ਦਿੱਤੀ।
ਹੁਣ ਤਾਜੀ ਵਾਰੀ ਲੁਧਿਆਣਾ ਤੋਂ ਖਰੜ-ਚੰਡੀਗੜ ਸੜਕ ਦੀ ਹੈ। ਪਿਛਲੀ ਸਰਕਾਰ ਜਲਦਬਾਜੀ ਕਰ ਲੁਧਿਆਣਾ ਤੋਂ ਕੋਹਾੜਾ-ਸਮਰਾਲਾ ਖਮਾਣੋਂ ਤੱਕ ਕੰਮ ਸ਼ੁਰੂ ਕਰਵਾ ਕੇ ਸਭ ਤੋਂ ਪਹਿਲਾਂ ਬਲੀ ਦਰੱਖਤਾਂ ਦੀ ਦੇ ਕੇ ਗਈ ਹੈ। ਜਿਹੜੇ ਵੀ ਇਨਸਾਨ ਵਾਤਾਵਰਣ ਪ੍ਰੇਮੀ ਹਨ ਉਨਾਂ ਤੋਂ ਤਾਂ ਇਹ ਬਰਦਾਸ਼ਤ ਨਹੀਂ ਹੁੰਦਾ, ਪਰ ਕਰ ਵੀ ਕੀ ਸਕਦੇ ਹਾਂ ਸਰਕਾਰੀ ਹੁਕਮ ਜੋ ਹੈ।
ਮੈਂ ਇਹ ਨਹੀਂ ਕਹਿੰਦਾ ਕਿ ਵਿਕਾਸ ਨਾ ਹੋਵੇ ਪਰ ਸਭ ਕਾਸੇ ਦੀ ਕੋਈ ਨਾ ਕੋਈ ਵਿਉਤਵੰਦੀ ਤਾਂ ਜ਼ਰੂਰੀ ਹੈ। ਪਿਛਲੇ ਸਮੇਂ ਵਿੱਚ ਜਿਥੇ ਵੀ ਦਰੱਖਤ ਪੁੱਟੇ ਹਨ ਉਥੇ ਲੱਗ ਨਹੀਂ ਸਕੇ ਤੇ ਨਾ ਹੀ ਕਿਸੇ ਨੇ ਸੋਚਿਆ ਹੈ। ਜੰਗਲਾਤ ਵਿਭਾਗ ਦੀ ਚੁੱਪੀ ਵੀ ਗਲਤ ਹੈ। ਹਾਂ, ਲੋਕ ਖੁਦ ਬੂਟੇ ਜ਼ਰੂਰ ਲਗਾ ਕੇ ਆਪਣੀ ਜਿੰਮੇਵਾਰੀ ਨਿਭਾਅ ਰਹੇ ਹਨ।
ਰੁੱਖਾਂ ਦੀ ਅਹਿਮੀਅਤ ਉਥੇ ਜਾ ਕੇ ਦੇਖੋ ਜਿੱਥੇ ਕੁਦਰਤੀ ਹੀ ਧਰਤੀ ਵਿੱਚ ਕੋਈ ਚੀਜ਼ ਨਹੀਂ ਹੋ ਸਕਦੀ। ਦੁਬਈ ਜਿਹੇ ਦੇਸ਼ਾਂ ਵਿੱਚ ਹਾਈਵੇ ਅਤੇ ਸੜਕਾਂ ਤਾਂ ਬਹੁਤ ਬਣ ਗਈਆਂ ਪਰ ਉੱਥੇ ਰੁੱਖ ਨਾ ਹੋਣ ਕਾਰਨ ਤਪਸ ਹੀ ਤਪਸ ਹੈ। ਕਈ ਯੂਰਪੀ ਤੇ ਹੋਰ ਮੁਲਕਾਂ ਵਿੱਚ ਪੁਰਾਣੇ ਨਦੀਆਂ ਨਹਿਰਾਂ ਆਦਿ ਤੇ ਪੁਰਾਤਨ ਦਰੱਖਤ ਅਸੀਂ ਹੁਣ ਵੀ ਤੱਕ ਸਕਦੇ ਹਾਂ, ਉੱਥੇ ਕਿਹੜਾ ਵਿਕਾਸ ਨਹੀਂ ਹੁੰਦਾ। ਉਨਾਂ ਸਾਰੀ ਵਿਉਤਵੰਦੀ ਕਈ ਸਾਲ ਪਹਿਲਾਂ ਹੀ ਕੀਤੀ ਹੁੰਦੀ ਹੈ। ਹੋਰ ਤਾਂ ਹੋਰ ਚੰਡੀਗੜ ਹੀ ਵੇਖ ਲਓ, ਆਪਣੇ ਜਨਮ ਸਮੇਂ ਤੋਂ ਇਸੇ ਤਰਾਂ ਹੀ ਹਰਾ-ਭਰਾ ਰਹੇਗਾ ਤੇ ਪੁਰਾਤਨ ਦਰੱਖਤਾਂ ਨਾਲ ਨਵੇਂ ਬੂਟੇ ਆਦਿ ਲੱਗ ਰਹੇ ਹਨ। ਉੱਥੇ ਕਿਹੜਾ ਵਿਕਾਸ ਨਹੀਂ ਹੁੰਦਾ।
ਜਰਾ ਸੋਚੋ ਕੱਟੇ ਜਾ ਰਹੇ ਰੁੱਖਾਂ ਦੀਆਂ ਜੜਾਂ- ਪੱਤਿਆਂ ਟਾਹਣੀਆਂ ਆਦਿ ਵਿੱਚ ਕਿੰਨੇ ਜੀਵ-ਜੰਤੂਆਂ ਦਾ ਰਹਿਣ ਬਸੇਰਾ, ਕਿੰਨੇ ਰੂਪਾਂ ਵਿੱਚ ਹੈ, ਦਰੱਖਤ ਗਾਇਬ ਹੋਣ ਤੇ ਉਹ ਕਿੱਥੇ ਜਾਣਗੇ ਤੇ ਕਿਵੇਂ ਬਚਣਗੇ ਉਨਾਂ ਦੀਆਂ ਜਾਤੀਆਂ ਅਲੋਪ ਹੋ ਰਹੀਆਂ ਹਨ।
ਅੰਤ ਵਿੱਚ ਮੇਰੀ ਸਭ ਸਰਕਾਰਾਂ ਨੂੰ ਬੇਨਤੀ ਹੈ ਕਿ ਵਿਕਾਸ ਦੇ ਨਾਂ ਹੇਠ ਰੁੱਖਾਂ ਦੀ ਅੰਨੀ ਕਾਤਲੋਗਾਰਦ ਨਾ ਕਰੋ। ਸੋਚ ਸਮਝ ਕੇ ਪਲਾਨ ਬਣਾਓ। ਰੁੱਖ ਕੱਟਣ ਤੋਂ ਬਿਨਾਂ ਸਰਦਾ ਹੈ ਤਾਂ ਸਾਰੋ। ਆਮ ਜਨਤਾ ਨੂੰ ਬੇਨਤੀ ਹੈ ਕਿ ਸਾਡੀ ਸਿਹਤ ਤੇ ਮਾੜਾ ਅਸਰ ਪੈਣ ਤੇ ਆਉਣ ਵਾਲੀਆਂ ਪੀੜੀਆਂ ਲਈ ਵੱਧ ਤੋਂ ਵੱਧ ਬੂਟੇ ਲਾਓ ਤਾਂ ਕਿ ਵੱਧ ਰਹੀਂ ਤਪਸ਼ ਤੇ ਬਿਮਾਰੀਆਂ ਤੋਂ ਬਚ ਸਕੀਏ।

ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿਆਣਾ)
ਮੋਬਾ: 92175-92531

Leave a Reply

Your email address will not be published. Required fields are marked *

%d bloggers like this: