ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਵਾਹ ਓਏ ਕੋਰੋਨਿਆਂ ! ਤੂੰ ਆਹ ਦਿਨ ਵੀ ਵਿਖਾਉਣੇ ਸਨ

ਵਾਹ ਓਏ ਕੋਰੋਨਿਆਂ ! ਤੂੰ ਆਹ ਦਿਨ ਵੀ ਵਿਖਾਉਣੇ ਸਨ

ਕੋਰੋਨਾ ਚੀਨ ਤੋਂ ਤੁਰਦਾ-ਤੁਰਦਾ ਦੁਨੀਆਂ ਦੀ ਹਰ ਨੁੱਕਰ ਤੱਕ ਆਪਣੀ ਦਸਤਕ ਦੇ ਚੁੱਕਿਆ ਹੈ।ਮੌਜੂਦਾ ਸਮੇਂ ਵਿੱਚ ਇਹ ਲੋਕਾਂ ਦੀਆਂ ਜਾਨਾਂ ਹੀ ਨਹੀਂ ਲੈ ਰਿਹਾ,ਵਿਚਾਰੇ ਕਈ ਇਸਦੀ ਦਹਿਸ਼ਤ ਨਾਲ ਹੀ ਮਰੀ ਜਾਂਦੇ ਹਨ।ਗੱਲ ਇੱਥੇ ਹੀ ਨਹੀਂ ਮੁੱਕਦੀ ਸਗੋਂ ਕੁੱਝ ਤਾਂ ਡਰਦੇ ਮਾਰੇ ਖ਼ੁਦਕੁਸ਼ੀਆਂ ਕਰਨ ਦੇ ਰਾਹ ਤੁਰ ਪਏ ਹਨ।ਆਪਣੇ-ਆਪਣਿਆਂ ਤੋਂ ਦੂਰ ਕਰੇ ਹੋਏ ਹਨ।ਲੋਕ ਆਪਣੇ ਘਰਾਂ ਵਿੱਚ ਹੀ ਕੈਦ ਹੋ ਕੇ ਰਹਿ ਗਏ ਹਨ।ਕੋਈ ਸਮਾਂ ਸੀ ਜਦੋਂ ਛੋਟੇ ਬੱਚਿਆਂ ਨੂੰ ਮਾਂਊਂ ਦਾ ਡਰਾਵਾ ਦੇ ਕੇ ਡਰਾਇਆ ਜਾਂਦਾ ਸੀ ਪਰ ਹੁਣ ਹਰ ਛੋਟੇ-ਵੱਡੇ ਨੂੰ ਕੋਰੋਨਾ ਦੇ ਨਾਂ ਤੋਂ ਡਰ ਲੱਗਣ ਲੱਗ ਪਿਆ ਹੈ।ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਫਸੇ ਬੈਠੇ ਹਨ।ਕੋਈ ਮੌਜ ਮਸਤੀ ਕਰਨ ਗਿਆ ਕਿਸੇ ਦੇਸ਼ ਵਿੱਚ ਤੜਿਆ ਬੈਠਾ ਤੇ ਕੋਈ ਆਪਣੇ ਬਾਲ ਬੱਚਿਆਂ ਨੂੰ ਮਿਲਣ ਗਿਆ ਵਿਦੇਸ਼ ਦੀ ਧਰਤੀ ਤੇ ਰੁਕਣ ਲਈ ਮਜਬੂਰ ਹੋ ਗਿਆ।

ਵੱਡੇ-ਵੱਡੇ ਏਅਰਪੋਰਟ ਜਿਨ੍ਹਾਂ ਤੇ ਤਿਲ਼ ਸੁੱਟਣ ਦੀ ਵੀ ਜਗ੍ਹਾ ਨਹੀਂ ਸੀ ਹੁੰਦੀ,ਉਹ ਸੁੰਨਸਾਨ ਨਜਰ ਆਉਂਦੇ ਹਨ।ਗੱਡੀਆਂ ਦੇ ਪਹੀਏ ਜਾਮ ਹੋ ਗਏ ਹਨ।ਹਵਾਈ ਜਹਾਜ ਸਵਾਰੀਆਂ ਨਾ ਹੋਣ ਕਰਕੇ ਉਡਣਖੁਣੋਂ ਏਅਰਪੋਰਟਾਂ ਦਾ ਸ਼ਿਕਾਰ ਬਣੇ ਹੋਏ ਹਨ।ਚੰਗੀਆਂ-ਭਲੀਆਂ ਨੌਕਰੀਆਂ ਕਰਨ ਵਾਲੇ ਨੌਕਰੀਆਂ ਤੋਂ ਹੱਥ ਧੋ ਰਹੇ ਹਨ।ਸਾਰਾ ਦਿਨ ਸੜਕਾਂ ਤੇ ਦੁੜੰਗੇ ਲਾਉਣ ਵਾਲੇ ਬੱਚੇ ਘਰਾਂ ਦੈ ਅੰਦਰ ਮਾਪਿਆਂ ਦੀਆਂ ਝਿੜਕਾਂ ਖਾਣ ਲਈ ਮਜਬੂਰ ਹਨ।ਬਜੁਰਗ ਜਿਨ੍ਹਾਂ ਨੂੰ ਡਾਕਟਰਾਂ ਨੇ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹੋਣ ਕਰਕੇ ਸੈਰ ਕਰਨ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ,ਉਹ ਵੀ ਘਰਾਂ ਤੋਂ ਬਾਹਰ ਨਿਕਲਣ ਤੋਂ ਘਬਰਾਏ ਹੋਏ ਹਨ।ਲੋਕਾਂ ਦੀ ਜਿੰਦਗੀ ਬਦ ਤੋਂ ਬਦਤਰ ਬਣ ਗਈ ਹੈ।

ਜਿੰਮੀਂਦਾਰਾਂ ਦੀਆਂ ਫਸਲਾਂ ਖੇਤਾਂ ਵਿੱਚ ਰੁਲਣ ਲੱਗ ਪਈਆਂ ਹਨ।ਮਜਦੂਰ ਵਰਗ ਜੋ ਰੋਜ਼ਾਨਾ ਕਮਾ ਕੇ ਲਿਆਂਦੀ ਕਮਾਈ ਨਾਲ ਆਪਣੇ ਬੱਚਿਆਂ ਦਾ ਪੇਟ ਪਾਲ਼ਦਾ ਹੈ,ਉਹ ਘਰਾਂ ਵਿੱਚ ਵਿਹਲਾ ਬੈਠਾ ਹੈ।ਪੇਟ ਭਰਨ ਲਈ ਲਿਲ੍ਹਕੜੀਆਂ ਕੱਢ ਰਹੇ ਹਨ।ਕਈ ਤਾਂ ਇਹ ਵੀ ਕਹਿੰਦੇ ਨਜਰ ਆਉਂਦੇ ਹਨ ਕਿ ਭੁੱਖੇ ਰਹਿ ਕੇ ਮਰਨ ਨਾਲੋਂ ਤਾਂ ਅਸੀਂ ਕੋਰੋਨਾ ਨਾਲ ਮਰ ਜਾਈਏ,ਉਹੀ ਚੰਗਾ ਹੈ।ਕੋਰੋਨਾ ਦਾ ਕਹਿਰ ਪੂਰੀ ਦੁਨੀਆਂ ਨੂੰ ਛਟਪਟਾ ਰਿਹਾ ਹੈ।ਹਰ ਕੋਈ ਬਹੁਤ ਦਰਦਨਾਇਕ ਦੌਰ ਵਿੱਚ ਗੁਜਰ ਰਿਹਾ ਹੈ।ਜਿਹੜੇ ਲੋਕ ਇਸ ਮੁਸ਼ਕਿਲ ਘੜੀ ਵਿੱਚ ਕੰਮ ਕਰ ਰਹੇ ਹਨ,ਵਿਸ਼ੇਸ਼ ਤੌਰ ਤੇ ਟਰੱਕਾਂ ਵਾਲੇ,ਉਹ ਵੀ ਇੱਕ ਦਹਿਸ਼ਤ ਦੇ ਮਾਹੌਲ ਵਿੱਚ ਹੀ ਡਰਾਈਵਰੀ ਕਰ ਰਹੇ ਹਨ।ਭਾਵੇਂ ਹਰ ਕੋਈ ਆਪਣੇ ਵਲੋਂ ਇਤਿਹਾਦ ਵਰਤ ਰਿਹਾ ਹੈ ਪਰ ਫੇਰ ਵੀ ਕਿਤੇ ਨਾ ਕਿਤੇ ਮਾਮੂਲੀ ਜਿਹੀ ਕੁਤਾਹੀ ਵੀ ਭਾਰੀ ਪੈ ਸਕਦੀ ਹੈ।

ਸਾਰੇ ਦੇਸ਼ਾਂ ਦੀਆਂ ਸਰਕਾਰਾਂ ਇਸ ਕੁਦਰਤੀ ਆਫ਼ਤ ਨਾਲ ਪੂਰੇ ਜੋਰ-ਸ਼ੋਰ ਅਤੇ ਹੋਸ਼ ਨਾਲ ਮੁਕਾਬਲਾ ਕਰ ਰਹੀਆਂ ਹਨ।ਕੋਰੋਨਾ ਪੀੜਤਾਂ ਦਾ ਅੰਕੜਾ ਐਨੀ ਤੇਜੀ ਨਾਲ ਵੱਧ ਰਿਹਾ ਹੈ ਕਿ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਘਾਟ ਹੋਣ ਲੱਗ ਪਈ ਹੈ।ਐਨ.ਆਰ.ਆਈਜ਼ ਨੂੰ ਕਿਸੇ ਵੇਲੇ ਪਿੰਡ ਪਹੁੰਚਣ ਤੇ ਮਿਲਣ ਵਾਲਿਆਂ ਦਾ ਘੇਰਾ ਪਿਆ ਹੁੰਦਾ ਸੀ,ਉਥੇ ਹੀ ਹੁਣ ਉਨ੍ਹਾਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਣ ਦੀ ਵੀ ਕੋਸ਼ਿਸ ਹੋਣ ਲੱਗ ਪਈ ਹੈ।ਇਹ ਸਾਰਾ ਕੋਰੋਨਾ ਦਾ ਪਾਇਆ ਹੋਇਆ ਪੁਆੜਾ ਹੈ।ਘਰਾਂ ਵਿੱਚ ਬੱਝੇ ਲੋਕ ਮਾਨਸਿਕ ਰੋਗੀ ਵੀ ਬਣ ਰਹੇ ਹਨ।ਇਹ ਮਾੜਾ ਸਮਾਂ ਨਿਕਲਣ ਤੋਂ ਬਾਅਦ ਵੀ ਕਾਫੀ ਦੇਰ ਤੱਕ ਇਸਦੇ ਮਾਰੂੂ ਪ੍ਰਭਾਵ ਸਾਹਮਣੇ ਆਉਂਦੇ ਰਹਿਣਗੇ।

ਮਾੜੇ ਵਕਤ ਦੀ ਵੀ ਕੋਈ ਇੰਤਹਾ ਹੁੰਦੀ ਹੈ।ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਨੂੰ ਮੋਢਾ ਦੇਣ ਲਈ ਵੀ ਚਾਰ ਬੰਦੇ ਨਸੀਬ ਨਹੀਂ ਹੋ ਰਹੇ।ਲੋਕ ਸੰਸਕਾਰ ਕਰਨ ਤੋਂ ਵੀ ਡਰਨ ਲੱਗੇ ਹਨ।ਸਿੱਖ ਪੰਥ ਦੇ ਮਹਾਨ ਕੀਰਤਨੀਏ ਪਦਮ ਸ਼੍ਰੀ ਨਿਰਮਲ ਸਿੰਘ ਦੇ ਸੰਸਕਾਰ ਨੂੰ ਲੈ ਕੇ ਜੋ ਵਿਵਾਦ ਛਿੜਿਆ ਉਹ ਵੀ ਪੰਜਾਬੀਆਂ ਦੇ ਦਿਲਾਂ ਨੂੰ ਵਲੂੰਧਰਨ ਵਾਲਾ ਸੀ।ਭਾਵੇਂ ਸਾਰਾ ਕੁੱਝ ਅਗਿਆਨਤਾ ਦਾ ਨਤੀਜਾ ਸੀ ਪਰ ਜੋ ਕੁੱਝ ਵੀ ਹੋਇਆ,ਹੋਇਆ ਬਹੁਤ ਮਾੜਾ।ਇਸ ਮੁਸੀਬਤ ਦੀ ਘੜੀ ਵਿੱਚ ਲੋਕਾਂ ਨੂੰ ਘਬਰਾਹਟ ਵਿੱਚ ਆਉਣ ਦੀ ਬਜਾਏ ਸਹਿਜ ਅਤੇ ਠਰੰਮੇਂ ਤੋਂ ਕੰਮ ਲੈਣ ਦੀ ਲੋੜ ਹੈ।ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਬਿਨਾ ਕਿਸੇ ਪੱਖਪਾਤ ਦੇ ਲੋੜਵੰਦਾਂ ਦੀ ਮਦੱਦ ਕੀਤੀ ਜਾਵੇ।ਸਮਾਜ ਵਿੱਚ ਹਫੜਾ-ਦਫੜੀ ਦਾ ਪੈਦਾ ਹੋਇਆ ਮਾਹੌਲ ਕੋਰੋਨਾ ਨਾਲੋਂ ਵੀ ਘਾਤਕ ਹੋਵੇਗਾ।

ਇਸ ਬਿਪਤਾ ਦੇ ਸਮੇਂ ਅਫਵਾਹਾਂ ਦੇ ਫੈਲਣ ਨੂੰ ਵੀ ਠੱਲ੍ਹ ਪਾਉਣ ਦੀ ਲੋੜ ਹੈ।ਹਰ ਇੱਕ ਨੂੰ ਡਾਕਟਰੀ ਨੁਸਖੇ ਦੇਣ ਤੋਂ ਵੀ ਰੋਕਣਾ ਚਾਹੀਦਾ ਹੈ।ਅਫਵਾਹਾਂ ਵੀ ਕਈ ਵਾਰ ਨੁਕਸਾਨ ਕਰ ਦਿੰਦੀਆਂ ਹਨ।ਕੋਰੋਨਾ ਦੀ ਦਹਿਸ਼ਤ ਦੀ ਥਾਂ ਇਸ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।ਆਮ ਲੋਕ ਆਪਸ ਵਿੱਚ ਇਹ ਵੀ ਕਹਿੰਦੇ ਸੁਣੇ ਜਾਂਦੇ ਹਨ ਕਿ ਨਾ ਦਿਸਣ ਵਾਲੇ ਵਾਇਰਸ ਨੇ ਸਾਰੀ ਦੁਨੀਆਂ ਦੀਆਂ ਗੋਡਣੀਆਂ ਲੁਆਈਆਂ ਪਈਆਂ ਹਨ।ਜੇ ਕਿਤੇ ਇਹ ਦਿਸਣਯੋਗ ਹੁੰਦਾ ਤਾਂ ਲੋਕਾਂ ਨੇ ਇਸ ਨੂੰ ਦੌੜਾ-ਦੌੜਾ ਕੇ ਮਾਰਨਾ ਸੀ ਪਰ ਹੁਣ ਹਰ ਕੋਈ ਬੇਵੱਸ ਹੋਇਆ ਚਿੰਤਾ ਵਿੱਚ ਡੁੱਬਿਆ ਹੋਇਆ ਹੈ।

ਕੋਰੋਨਿਆਂ ਤੂੰ ਹੁਣ ਤੱਕ ਬਹੁਤ ਜਾਨਾਂ ਲੈ ਲਈਆਂ ਹਨ।ਲੋਕਾਂ ਨੂੰ ਉਹ ਦਿਨ ਵਿਖਾ ਦਿੱਤੇ ਹਨ ਜਿਨ੍ਹਾਂ ਦਾ ਕਦੇ ਕਿਸੇ ਨੇ ਕਿਆਸ ਵੀ ਨਹੀਂ ਕੀਤਾ ਸੀ।ਚਾਰ ਲੋਕਾਂ ਦੇ ਇਕੱਠੇ ਹੋਣ ਤੇ ਵੀ ਪਾਬੰਦੀ ਲਗਵਾ ਰੱਖੀ ਹੈ।ਖੌਫ਼ਜ਼ਦਾ ਲੋਕ ਘੁੱਟ-ਘੁੱਟ ਕੇ ਜੀਅ ਰਹੇ ਹਨ।ਲੋਕਾਂ ਦੇ ਚਿਹਰਿਆਂ ਤੋਂ ਮੁਸਕਰਾਹਟ ਖੋਹ ਲਈ ਹੈ।ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਹੀ ਸਕੇ-ਸਬੰਧੀਆਂ ਦੀ ਖਬਰਸਾਰ ਲੈ ਰਹੇ ਹਨ।ਸਿੱਧੇ ਤੌਰ ਤੇ ਮੇਲ-ਮਿਲਾਪ ਬੰਦ ਹੋ ਚੁੱਕਿਆ ਹੈ।ਸਹਿਮੇ ਹੋਏ ਲੋਕਾਂ ਦੇ ਮਨਾਂਵਿੱਚ ਢਹਿੰਦੀ ਕਲਾ ਭਾਰੂ ਹੋ ਰਹੀ ਹੈ।ਦੁਨੀਆਂ ਵਿੱਚ ਕੋਰੋਨਾ ਤੋਂ ਪ੍ਰਭਾਵਿੱਤ ਲੋਕਾਂ ਦਾ ਅੰਕੜਾ ਤੇਜੀ ਨਾਲ ਸ਼ੂਟ ਕਰ ਰਿਹਾ ਹੈ।ਇਸ ਦੁੱਖ ਦੀ ਘੜੀਵਿੱਚ ਤਾਂ ਅਰਦਾਸ ਹੀ ਕੀਤੀ ਜਾ ਸਕਦੀ ਹੈ ਕਿ ਛੇਤੀ ਹੀ ਇਸ ਨਾ-ਮੁਰਾਦ ਬੀਮਾਰੀ ਤੋਂ ਲੋਕਾਂ ਦਾ ਖਹਿੜਾ ਛੁੱਟੇ।ਲੋਕ ਆਮ ਜੀਵਨ ਜਿਊਣ ਦੇ ਯੋਗ ਹੋ ਜਾਣ।

ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
001-360-448-1989

Leave a Reply

Your email address will not be published. Required fields are marked *

%d bloggers like this: