Sat. Nov 16th, 2019

ਵਡੇਰਿਆਂ ਦਾ ਕੁੱਝ ਨਹੀਂ ਬਣਨਾ – ਬਚਿਆਂ ਵਲ ਧਿਆਨ ਦਿਉ

ਵਡੇਰਿਆਂ ਦਾ ਕੁੱਝ ਨਹੀਂ ਬਣਨਾ – ਬਚਿਆਂ ਵਲ ਧਿਆਨ ਦਿਉ

ਦਲੀਪ ਸਿੰਘ ਵਾਸਨ, ਐਡਵੋਕੇਟ

ਅੱਜ ਆਜ਼ਾਦੀ ਅਤੇ ਇਹ ਵਾਲਾ ਪਰਜਾਤੰਤਰ ਆਇਆ ਇਸ ਮੁਲਕ ਵਿੱਚ ਸਤ ਦਹਾਕਿਆਂ ਤੋਂ ਵੀ ਉਤੇ ਦਾ ਸਮਾਂ ਹੋ ਗਿਆ ਹੈ। ਹਾਲਾਂ ਵੀ ਇਹ ਆਖਿਆ ਜਾ ਰਿਹਾ ਹੈ ਕਿ ਇਹ ਦੇਸ਼ ਵਿਕਸਿਤ ਦੇਸ਼ਾਂ ਦੀ ਸੂਚੀ ਵਿੱਚ ਆਪਣਾ ਨਾਮ ਨਹੀਂ ਲਿਖਵਾ ਸਕਿਆ। ਅਰਥਾਤ ਸਤ ਦਹਾਕਿਆਂ ਵਿੱਚ ਵੀ ਅਸੀਂ ਵਿਕਾਸ-ਸ਼ੀਲ ਦੇਸ਼ਾਂ ਦੀ ਕਤਾਰ ਵਿਚੋਂ ਬਾਹਰ ਨਿਕਲਕੇ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਜਾਕੇ ਖਲੋਅ ਨਹੀਂ ਪਾਏ। ਇਹ ਦੇਸ਼ ਕੁਦਰਤੀ ਵਸੀਲਿਆਂ ਨਾਲ ਭਰਿਆ ਪਿਆ ਹੈ। ਇਸ ਦੇਸ਼ ਦਾ ਇਤਿਹਾਸ ਇਹ ਦਸਦਾ ਹੈ ਕਿ ਇਸ ਮੁਲਕ ਨੂੰ ਲੁਟਣ ਆਏ ਲੋਕਾਂ ਨੇ ਲੁਟਾਂ ਵੀ ਕੀਤੀਆਂ ਸਨ, ਪਰ ਇਸ ਦੇਸ਼ ਦੀ ਅਮੀਰੀ ਅਤੇ ਵਧੀਆ ਜੀਵਨ ਦੇਖਕੇ ਇਥੇ ਹੀ ਰਹਿ ਗਏ ਸਨ ਅਤੇ ਸਦੀਆਂ ਤਕ ਸਾਡੇ ਉਤੇ ਰਾਜ ਵੀ ਕਰਦੇ ਰਹੇ ਹਨ। ਉਹ ਪੂਰਾ ਜ਼ੋਰ ਲਗਾਂਦੇ ਰਹੇ ਹਨ ਕਿ ਅਸੀਂ ਪਛੜ ਜਾਈਏ, ਪਰ ਕਾਮਯਾਬ ਨਹੀਂ ਹੋ ਸਕੇ ਸਨ।

ਅਸੀਂ ਆਜ਼ਾਦ ਹੋਏ ਅਤੇ ਅਸਾਂ ਪਰਜਾਤੰਤਰ ਵੀ ਸਥਾਪਿਤ ਕੀਤਾ ਅਤੇ ਅਸਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਇਸ ਭਾਰਤ ਨੂੰ ਦੁਨੀਆਂ ਦਾ ਮਿਸਾਲੀ ਮੁਲਕ ਬਣਾ ਦਿਆਂਗ। ਅਰਥਾਤ ਇਸ ਮੁਲਕ ਵਿੱਚ ਵਸਦੇ ਹਰ ਨਾਗਰਿਕ ਨੂੰ ਪਹਿਲੀਆਂ ਪੰਜ ਬੁਨਿਆਦਾ ਲੋੜਾਂ ਪੂਰੀਆਂ ਕਰ ਦੇਵਾਂਗੇ। ਅਸੀਂ ਆਪਣੇ ਵਿਧਾਨ ਵਿੱਚ ਹੀ ਇਹ ਵਾਅਦਾ ਕਰ ਦਿਤਾ ਸੀ ਕਿ ਅਸੀਂ ਹਰ ਨਾਗਰਿਕ ਨੂੰ ਵਾਜਬ ਸਿਹਤ, ਵਾਜਬ ਵਿਦਿਆ, ਵਾਜਬ ਸਿਖਲਾਈ, ਵਾਜਬ ਰੁਜ਼ਗਾਰ ਦੇਵਾਂਗੇ ਅਤੇ ਹਰ ਆਦਮੀ ਦੀ ਆਮਦਨ ਇਤਨੀ ਬਣਾ ਦੇਵਾਂਗੇ ਕਿ ਉਹ ਅਜ ਦੇ ਸਮਿਆਂ ਵਿੱਚ ਜਦ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਹੋਈ ਪ੍ਰਗਤੀ ਨੇ ਕਿਤਨਾ ਕੁਝ ਬਣਾਕੇ ਸਾਡੇ ਸਾਹਮਣੇ ਕਰ ਦਿਤਾ ਹੈ, ਹਰ ਨਾਗਰਿਕ ਇਸ ਤਰਕੀ ਦਾ ਲਾਭ ਉਠਾ ਸਕੇਗਾ ਅਤੇ ਅਜ ਦੇ ਸਮਿਆ ਵਿੱਚ ਹਰ ਕਿਸੇ ਨੂੰ ਵਾਜਬ ਜਿਹਾ ਜੀਵਨ ਜਿਉਣ ਦਾ ਮੌਕਾ ਦਿਤਾ ਜਾਵੇਗਾ। ਇਹ ਗਲਾਂ ਅਸਾਂ ਆਜ਼ਾਦੀ ਦੀ ਜੰਗ ਸਮੇਂ ਵੀ ਆਖੀਆਂ ਸਨ ਅਤੇ ਜਦ ਅਸੀਂ ਆਪਣਾ ਸੰਵਿਧਾਨ ਬਣਾ ਰਹੇ ਸਾਂ ਤਾਂ ਵੀ ਅਸਾਂ ਲੋਕਾਂ ਨਾਲ ਇਹ ਗਲਾਂ ਵਾਅਦਾ ਕਰਕੇ ਲਿਖ ਦਿਤੀਆਂ ਸਨ ਅਤੇ ਅਜ ਤਕ ਲਿਖੀਆਂ ਪਈਆਂ ਹਨ। ਸਾਡਾ ਮੁਲਕ ਤਰਕੀ ਕਰਦਾ ਗਿਆ ਅਤੇ ਸਾਡੇ ਮੁਲਕ ਦੇ ਬੰਦਿਆਂ ਦਾ ਕੁਝ ਵੀ ਨਾ ਬਣਿਆ ਅਤੇ ਅਜ ਘਟੋ ਘਟ ਚੋਥੀ ਪੀੜ੍ਹੀ ਚਲ ਰਹੀ ਹੈ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਅਜ ਵੀ ਬਹੁਤ ਸਾਰੇ ਲੋਕਾਂ ਪਾਸ ਵਾਜਬ ਜਿਹੀ ਸਿਹਤ ਨਹੀਂ ਹੈ। ਵਾਜਬ ਜਿਹੀ ਵਿਦਿਆ ਨਹੀਂ ਹੈ। ਵਾਜਬ ਜਿਹੀ ਕਿੱਤਾ ਸਿਖਲਾਈ ਨਹੀਂ ਹੈ। ਵਾਜਬ ਜਿਹਾ ਰੁਜ਼ਗਾਰ ਨਹੀਂ ਹੈ ਅਤੇ ਅਜ ਵੀ ਬਹੁਤੇ ਲੋਕਾਂ ਦੀ ਵਾਜਬ ਜਿਹੀ ਆਮਦਨ ਨਹੀਂ ਹੈ। ਅਰਥਾਤ ਹਰ ਤਰ੍ਹਾਂ ਦੀ ਤਰਕੀ ਹੁੰਦੀ ਰਹੀ, ਪਰ ਇਸ ਮੁਲਕ ਵਿੱਚ ਵਸਦੇ ਲੋਕਾਂ ਦਾ ਜੀਵਨ ਪਧਰ ਉਚਾ ਨਾ ਚੁਕਿਆ ਜਾ ਸਕਿਆ।

ਚਾਹੀਦਾ ਤਾਂ ਇਹ ਸੀ ਕਿ ਅਸੀਂ 1950 ਵਿੱਚ ਹੀ ਜਦ ਅਸੀਂ ਆਪਣਾ ਸੰਵਿਧਾਨ ਬਣਾਕੇ ਲਾਗੂ ਕਰਨ ਜਾ ਰਹੇ ਸਾਂ, ਸਾਨੂੰ ਆਪਣੇ ਲੋਕਾਂ ਵਲ ਧਿਆਨ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਸੀ। ਜਿਹੜੇ ਲੋਕੀਂ ਬਚਪਨ ਵਿਚੋਂ ਬਾਹਰ ਆ ਚੁਕੇ ਸਨ ਉਨ੍ਹਾਂ ਦਾ ਸੁਧਾਰ ਕਰਨ ਦਾ ਵਖਰਾ ਤਰੀਕਾ ਅਪਨਾਉਣਾ ਚਾਹੀਦਾ ਸੀ ਅਤੇ ਬਚਿਆਂ ਵਲ ਖਾਸ ਧਿਆਨ ਦਿਤਾ ਜਾਣਾ ਚਾਹੀਦਾ ਸੀ ਤਾਂਕਿ ਅਸੀਂ ਆਪਣੇ ਦੇਸ਼ ਦੇ ਬਚਿਆਂ ਨੂੰ ਉਸ ਸਮਾਜ ਵਿੱਚ ਜਿਉਣ ਜੋਗਾ ਬਣਾ ਸਕਦੇ ਸਾਂ ਜਿਸ ਸਮਾਜ ਦੀ ਅਸੀਂ ਕਲਪਨਾ ਕਰ ਰਹੇ ਸਾਂ। ਅਗਰ ਅਸੀਂ ਉਦੋਂ ਹੀ ਧਿਆਨ. ਦਿੰਦੇ ਕਿ ਇਹ ਹਰ ਬਚਾ ਸਾਡੇ ਦੇਸ਼ ਦਾ ਭਵਿਖ ਹੈ, ਸਾਡਾ ਕਲ ਦੇ ਸਮਾਜ ਦਾ ਨਾਗਰਿਕ ਹੈ ਅਤੇ ਅਸੀਂ ਕੈਸੇ ਨਾਗਰਿਕਾਂ ਦੀ ਕਲਪਨਾ ਕਰ ਰਹੇ ਸਾਂ, ਸਾਡੇ ਲਈ ਲਾਜ਼ਮੀ ਸੀ ਕਿ ਅਸੀਂ ਆਪਣੇ ਮੁਲਕ ਦੇ ਹਰ ਬਚੇ ਵਲ ਧਿਆਨ ਦਿੰਦੇ ਅਤੇ ਉਸਦੀ ਤਿਆਰੀ ਕਰਨ ਲਈ ਯਤਨ ਕਰਦੇ। ਜਿਹੜੇ ਬਚਿਆਂ ਦੇ ਮਾਪੇ ਬਚੇ ਦੀਆਂ ਤਿਆਰੀਆਂ ਆਪ ਕਰ ਸਕਦੇ ਸਨ ਉਨ੍ਹਾਂ ਨੂੰ ਸਲਾਹ ਦਿਤੀ ਜਾ ਸਕਦੀ ਸੀ ਅਤੇ ਜਿਹੜੇ ਗਰੀਬ ਅਤੇ ਅਨਪੜ੍ਹ ਲੋਕੀਂ ਆਪ ਕੁਝ ਵੀ ਕਰਨ ਜੋਗੇ ਨਹੀਂ ਸਨ, ਮੁਲਕ ਉਨ੍ਹਾਂ ਬਚਿਆਂ ਨੂੰ ਅਪਨਾ ਲੈਂਦਾ ਅਤੇ ਵਾਜਬ ਜਿਹੀ ਤਿਆਰੀ ਕਰਨ ਦਾ ਯਤਨ ਕਰਦਾ।

1947 ਤੋਂ ਲੈਕੇ ਅਜ ਤਕ ਚੌਥੀ ਪੀੜ੍ਹੀ ਤਕ ਅਸੀਂ ਆ ਪੁਜੇ ਹਾਂ, ਪਰ ਅਜ ਵੀ ਅਗਰ ਸਹੀ ਸਹੀ ਸਰਵੇਖਣ ਕੀਤਾ ਜਾਵੇ ਤਾਂ ਸਾਡੇ ਮੁਲਕ ਦੇ ਨਾਗਰਿਕ ਉਹ ਜੀਵਨ ਪਧਰ ਤਕ ਨਹੀਂ ਪੁਜ ਸਕੇ ਜਿਥੋਂ ਤਕ ਸਾਡਾ ਮੁਲਕ ਤਰਕੀ ਕਰਦਾ ਕਰਦਾ ਪੁਜ ਚੁਕਾ ਹੈ। ਅਜ ਸਾਡੇ ਮੁਲਕ ਦੀਆਂ ਧੂਮਾਂ ਪਈਆਂ ਹੋਈਆਂ ਹਨ, ਪਰ ਜਦ ਕੋਈ ਯਾਤਰੀ ਸਾਡੇ ਮੁਲਕ ਦੀ ਤਰਕੀ ਦੇਖਣ ਆਉਂਦਾ ਹੈ ਤਾਂ ਹੈਰਾਨ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਇਸ ਮੁਲਕ ਵਿੱਚ ਹਾਲਾਂ ਵੀ ਮੈਲੇਕੁਚੈਲੇ, ਉਤਰਨ ਪਹਿਨੇ, ਸੁਕੇ ਸੜੇ, ਕਮਜ਼ੋਰ ਅਤੇ ਬਿਮਾਰ ਲੋਕਾਂ ਦੀ ਭਰਮਾਰ ਹੈ। ਬਹੁਤ ਹੀ ਘਟ ਲੋਕਾਂ ਪਾਸ ਵਾਜਬ ਜਿਹੀ ਵਿਦਿਆ ਹੈ। ਬਹੁਤ ਹੀ ਘਟ ਲੋਕਾਂ ਪਾਸ ਵਾਜਬ ਜਿਹੀ ਸਿਖਲਾਈ ਹੈ। ਅਤੇ ਇਹ ਭੀੜ ਜਿਹੀ ਹਰ ਪਾਸੇ ਘੁਮ ਰਹੀ ਹੈ ਅਤੇ ਸਾਫ ਪਿਆ ਪਤਾ ਲਗਦਾ ਹੈ ਕਿ ੲਹ ਲੋਕੀਂ ਬੇਰੁਜ਼ਗਾਰ ਹਨ ਅਤੇ ਇਹ ਮੰਗਤੇ, ਇਹ ਸੰਤ ਸਾਧ, ਇਹ ਝੁਗੀਆਂ, ਇਹ ਕਚੇ ਮਕਾਨ ਦੇਖਕੇ ਆਪ ਹੀ ਇਹ ਅੰਦਾਜ਼ਾ ਲਗ ਜਾਂਦਾ ਹੈ ਕਿ ਹਿਸ ਮੁਲਕ ਦੀ ਤਰਕੀ ਇਕ-ਪਾਸੜ ਰਹੀ ਹੈ, ਅਰਥਾਤ ਇਹ ਕਾਰਖਾਨੇ, ਇਹ ਵਿਉਪਾਰਕਿਰ ਅਦਾਰੇ, ਇਹ ਬਾਜ਼ਾਰ ਵਿੱਚ ਆ ਗਿਆ ਮਾਲ ਅਤੇ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਪੁਜੀਆਂ ਸਾਡੀਆਂ ਚੀਜ਼ਾਂ ਇਹ ਦਰਸਾ ਰਹੀਆਂ ਹਨ ਕਿ ਇਸ ਮੁਲਕ ਨੇ ਦੂਜੇ ਮਲਕਾਂ ਵਰਗੀ ਤਰਕੀ ਕਰ ਲਿਤੀ ਹੈ, ਪਰ ਮੁਲਕ ਦੇ ਲੋਕਾਂ ਅਜ ਦੇ ਵਕਤਾਂ ਦਾ ਹਾਣੀ ਬਨਾਉਣ ਲਈ ਕੋਈ ਖਾਸ ਉਪਰਾਲਾ ਕੀਤਾ ਨਹੀਂ ਲਗਦਾ।

ਇਹ ਵੀ ਆਖਿਆ ਜਾ ਸਕਦਾ ਹੈ ਕਿ ਸਾਡੇ ਮੁਲਕ ਵਿੱਚ ਇਹ ਜਿਹੜਾ ਰਾਜਸੀ ਲੋਕਾਂ ਦਾ ਰਾਜ ਆ ਗਿਆ ਹੈ ਇਹ ਜਾਣ ਬੁਝਕੇ ਲੋਕਾਂ ਦਾ ਜੀਵਨ ਪਧਰ ਨਿਚਲੇ ਦਰਜੇ ਦਾ ਰਖਣਾ ਚਾਹ ਰਹੇ ਹਨ ਤਾਂਕਿ ਇਹ ਲੋਕੀਂ ਗੁਰਬਤ ਵਿੱਚ ਹੀ ਚਕਰ ਮਾਰੀ ਜਾਣ ਅਤੇ ਕਦੀ ਵੀ ਇਹ ਆਜ਼ਾਦੀ ਅਤੇ ਇਸ ਪਰਜਾਤੰਤਰ ਬਾਰੇ ਨਾ ਸੋਚਣ। ਅਗਰ ਮੁਲਕ ਦੇ ਲੋਕੀਂ ਸਿਆਣੇ ਬਣ ਗਏ ਤਾਂ ਇਹ ਰਾਜਸੀ ਲੋਕਾਂ ਦੇ ਟੋਲੇ ਜਿਹੜੇ ਸਤ ਦਹਾਕਿਆਂ ਤੋਂ ਰਾਜ ਕਰਦੇ ਆ ਰਹੇ ਹਨ, ਇਹ ਵੋਟਾ ਵਿੱਚ ਵੀ ਜਿਤ ਨਹੀਂ ਸਕਣਗੇ। ਇਹ ਵੀ ਲਗਦਾ ਹੈ ਕਿ ਇਸ ਮੁਲਕ ਦੇ ਅਮੀਰ ਟੋਲੇ ਵੀ ਨਹੀਂ ਚਾਹੁੰਦੇ ਕਿ ਇਹ ਲੋਕਾਂ ਦੀ ਜੀਵਨ ਪਧਰ ਉਚਾ ਹੋ ਉਠੇ ਕਿਉਂਕਿ ਫਿਰ ਸਸਤੇ ਮਜ਼ਦੂਰ ਅਤੇ ਸੇਵਾਦਾਰਬ ਵੀ ਨਹੀਂ ਮਿਲਣਗੇ। ਅਤੇ ਇਹ ਸਾਜ਼ਿਸ਼ਾਂ ਕੋਈ ਅਜ ਦੀਆਂ ਨਹੀਂ ਚਲੀਆਂ ਆ ਰਹੀਆਂ ਬਲਕਿ ਸਾਡਾ ਮਿਥਿਹਾਸ ਵੀ ਸੁਦਾਮਿਆਂ ਨਾਲ ਭਰਿਆ ਪਿਆ ਸੀ। ਸਾਡਾ ਸਾਰਾ ਇਤਿਹਾਸ ਵੀ ਸੁਦਾਮਿਆਂ ਨਾਲ ਭਰਿਆ ਰਿਹਾ ਹੈ ਅਤੇ ਸਾਡੇ ਸਤ ਦਹਾਕਿਆਂ ਦਾ ਆਜ਼ਾਦੀ ਅਤੇ ਇਹ ਪਰਜਾਤੰਤਰ ਵਾਲਾ ਇਤਿਹਾਸ ਵੀ ਸੁਦਾਮਿਆਂ ਦੀ ਗਿਣਤੀ ਵਧਾਉਂਦਾ ਰਿਹਾ ਹੈ ਅਤੇ ਅਜ ਦੇ ਸਮਿਆਂ ਵਿੱਚ ਜਦ ਅਸੀਂ ਕਿਥੇ ਦੇ ਕਿਥੇ ਜਾ ਸਕਦੇ ਸਾਂ, ਅਜ ਵੀ ਸਾਡਾ ਨਾਮ ਪਛੜੇ ਅਤੇ ਗਰੀਬ ਲੋਕਾਂ ਵਿੱਚ ਗਿਣਿਆ ਜਾ ਰਿਹਾ ਹੈ।

ਵੈਸੇ ਹੁਣ ਤਾਂ ਸਾਡੀ ਸਮਝ ਵਿੱਚ ਆ ਜਾਣਾ ਚਾਹੀਦਾ ਹੈ ਕਿ ਲੋਕਾਂ ਦੀ ਹਾਲਤ ਠੀਕ ਕਰਨਾ ਹੀ ਵਕਤ ਦੀਆਂ ਸਰਕਾਰਾਂ ਦਾ ਕੰਮ ਹੁੰਦਾ ਹੈ। ਸਾਡੀਆਂ ਤਿੰਨ ਪੀੜ੍ਹੀਆਂ ਤਾ ਬੁਢੀਆਂ ਹੋ ਚੁਕੀਆਂ ਹਨ ਅਤੇ ਇਹ ਜਿਹੜੇ ਬਚੇ ਹਨ ਇਹ ਹੀ ਅਗਰ ਮੁਲਕ ਦਾ ਭਵਿਖ ਸਮਝ ਲਿਤੇ ਜਾਣ ਅਤੇ ਮੁਲਕ ਇੰਨ੍ਹਾਂ ਉਤੇ ਨਜ਼ਰ ਰਖਣ ਲਗ ਪਵੇ ਅਤੇ ਇੰਨ੍ਹਾਂ ਨੂੰ ਕਲ ਦੇ ਭਾਰਤੀ ਨਾਗਰਿਕ ਸਮਝਕੇ ਤਿਆਰ ਕਰਨ ਦਾ ਸਿਲਸਿਲਾ ਸ਼ੁਰੂ ਕਰ ਦੇਵੇ ਤਾਂ ਇਸ ਕੰਮ ਉਤੇ ਘਟੋ ਘਟ 20 ਸਾਲ ਲਗਣਗੇ। ਉਹੀ ਪੰਜ ਗਲਾਂ ਮੁਖ ਹਨ ਕਿ ਹਰ ਬਚੇ ਦੀ ਵਾਜਬ ਸਿਹਤ, ਵਾਜਬ ਵਿਦਿਆ, ਵਾਜਬ ਸਿਖਲਾਈ, ਵਾਜਬ ਰੁਜ਼ਗਾਰ ਅਤੇ ਵਾਜਬ ਆਮਦਨ ਧਿਆਨ ਵਿੱਚ ਰਖਕੇ ਬਚਿਆਂ ਦੀ ਤਿਆਰੀ ਸ਼ੁਰੂ ਕਰ ਦਿਤੀ ਜਾਵੇ। ਇਹ ਗਲਾਂ ਅਗਰ ਸਾਡਾ ਮੁਲਕ ਸ਼ੁਰੂ ਵਿੱਚ ਹੀ ਧਿਆਨ ਵਿੱਚ ਰਖ ਲੈਂਦਾ ਤਾਂ ਇਹ ਜਿਹੜੀ ਅਜ ਇਤਨੀ ਆਬਾਦੀ ਵਧ ਗਈ ਹੈ, ਇਹ ਵੀ ਨਹੀਂ ਸੀ ਵਧਣੀ ਕਿਉਂਕਿ ਸਰਕਾਰ ਅਤੇ ਲੋਕਾਂ ਨੂੰ ਪਤਾ ਹੋਣਾ ਸੀ ਕਿ ਬਚਾ ਪੈਦਾ ਹੀ ਨਹੀਂ ਕਰਨਾ ਬਲਕਿ ਬਚਾ ਵਾਜਬ ਢੰਗ ਨਾਲ ਤਿਆਰ ਵੀ ਕਰਨਾ ਹੈ। ਸਾਡੀਆ ਮੁਢਲੀਆਂ ਗਲਤੀਆ ਨੇ ਸਾਡੇ ਲਈ ਵਡੀਆਂ ਮੁਸੀਬਤਾ ਖੜੀਆਂ ਕਰ ਦਿਤੀਆਂ ਹਨ ਅਤੇ ਅਜ ਅਸੀਂ ਦੁਨੀਆਂ ਭਰ ਵਿੱਚ ਆਪਣਾ ਮੂੰਹ ਦਿਖਾਉਦ ਜੋਗੇ ਨਹੀਂ ਹਾਂ। ਇਸ ਮੁਲਕ ਵਿੱਚ ਬਾਹਰੋਂ ਆਇਆ ਹਰ ਆਦਮੀ ਇਹ ਆਖ ਰਿਹਾ ਹੈ ਕਿ ਇਸ ਮੁਲਕ ਵਿੱਚ ਲੋਕਾਂ ਦੀ ਭੀੜ ਹੈ, ਮੰਗਤੇ ਜ਼ਿਆਦ ਹਨ ਅਤੇ ਇਸ ਮੁਲਕ ਵਿੱਚ ਹਾਲਾਂ ਵੀ ਗੁਰਬਤ ਹੈ ਅਤੇ ਪਛੜਾਪਣ ਵੀ ਹੈ। ਇਹ ਮਾੜੀਆਂ ਗਲਾਂ ਹਨ ਅਤੇ ਜਿਥੇ ਅਸੀਂ ਹਰ ਪਾਸੇ ਦੀ ਤਰਕੀ ਕਰ ਲਿਤੀ ਹੈ ਇਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਜਿਤਨੀ ਜਲਦੀ ਹੋ ਸਕੇ ਅਜ ਦੇ ਬਚਿਆਂ ਵਲ ਧਿਆਨ ਦਿਤਾ ਜਾਵੇ ਅਤੇ ਅਗਲੇ 20 ਸਜਾਲ ਅਸੀਂ ਲੋਕਾਂ ਦੀ ਜੀਵਨ-ਪਧਰ ਚੁਕਣੀ ਹੈ। ਇਹ ਸਾਡਾ ਰਾਸ਼ਟਰੀ ਨਿਸ਼ਾਨਾ ਹੋਣਾ ਚਾਹੀਦਾ ਹੈ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ-147001

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: