ਵਜੀਫਾ ਪ੍ਰਾਪਤੀ ਲਈ ਲੋੜੀਂਦੇ ਸਰਟੀਫਿਕੇਟ ਬਣਵਾਉਣ ਜਾਂਦੇ ਵਿਦਿਆਰਥੀ ਤੇ ਮਾਪੇ ਹੋ ਰਹੇ ਨੇ ਖੱਜਲ ਖੁਆਰ

ss1

ਵਜੀਫਾ ਪ੍ਰਾਪਤੀ ਲਈ ਲੋੜੀਂਦੇ ਸਰਟੀਫਿਕੇਟ ਬਣਵਾਉਣ ਜਾਂਦੇ ਵਿਦਿਆਰਥੀ ਤੇ ਮਾਪੇ ਹੋ ਰਹੇ ਨੇ ਖੱਜਲ ਖੁਆਰ
ਸਵਿਧਾ ਕੇਂਦਰ ਬਣੇ ਹੁਣ ਦੁਵਿਧਾ ਕੇਂਦਰ- ਮਾਪੇ

9-23
ਤਲਵੰਡੀ ਸਾਬੋ, 09 ਅਗਸਤ (ਗੁਰਜੰਟ ਸਿੰਘ ਨਥੇਹਾ)- ਸਕੂਲੀ ਵਿਦਿਆਰਥੀਆਂ ਨੂੰ ਵਜ਼ੀਫਾ ਜਾਰੀ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਰਕਾਰ ਵੱਲੋਂ ਮੰਗੇ ਗਏ ਆਮਦਨ, ਜਾਤੀ ਅਤੇ ਰੈਜ਼ੀਡੈਂਸ ਸਰਟੀਫਿਕੇਟ ਬਣਾਉਣ ਲਈ ਸਥਾਨਕ ਸੁਵਿਧਾ ਕੇਂਦਰ ਵਿਚ ਆ ਰਹੀ ਪ੍ਰੇਸ਼ਾਨੀ ਅਤੇ ਖੱਜਲ ਖੁਆਰੀ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਜਿਸ ਦੇ ਚਲਦਿਆਂ ਲੋਕਾਂ ਦੀ ਮੰਗ ਹੈ ਕਿ ਇਸ ਕਵਾਇਦ ਵਿਚ ਲੋੜੀਂਦਾ ਸੁਧਾਰ ਕਰਕੇ ਬੱਚਿਆਂ ਅਤੇ ਮਾਪਿਆਂ ਨੂੰ ਰਾਹਤ ਦਿੱਤੀ ਜਾਵੇ।
ਪਿੰਡ ਰਾਈਆ ਦੇ ਮੈਂਬਰ ਪੰਚਾਇਤ ਸੁਖਚਰਨ ਸਿੰਘ, ਕਾਲਾ ਸਿੰਘ ਬੁਰਜ ਪ੍ਰਧਾਨ ਐਸ ਸੀ ਵਿੰਗ ਕਾਂਗਰਸ ਕਮੇਟੀ ਮੌੜ, ਹੀਰਾ ਲਾਲ ਬੰਗੀ ਦੀਪਾ ਅਤੇ ਅਮਰੀਕ ਸਿੰਘ ਬਹਿਮਣ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੋਸ਼ ਲਾਇਆ ਕਿ ਜਿੱਥੇ ਫਾਰਮ ਭਰਨ ਵਜੋਂ ਹੀ ਲੋਕਾਂ ਦੀ 200 ਤੋਂ 300 ਰੁਪਏ ਪ੍ਰਤੀ ਪਾਰਮ ਭਰਵਾਈ ਲੈ ਕੇ ਐਸ ਡੀ ਐਮ ਦੀ ਨੱਕ ਹੇਠ ਹੀ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਉੱਥੇ ਸੁਵਿਧਾ ਕੇਂਦਰ ਵਿਚ ਫਾਰਮ ਜਮ੍ਹਾਂ ਕਰਵਾਉਣ ਤੋਂ ਮੁਲਾਜਮਾਂ ਵੱਲੋਂ ਆਨਾ ਕਾਨੀ ਕੀਤੀ ਜਾ ਰਹੀ ਹੈ ਅਤੇ ਪੰਜਪੰਜ ਦਿਨਾਂ ਦੀ ਤਾਰੀਕ ਪਾ ਕੇ ਟੋਕਨ ਦਿੱਤੇ ਜਾ ਰਹੇ ਹਨ। ਮਾਪਿਆਂ ਨੇ ਕਿਹਾ ਕਿ ਸੁਵਿਧਾ ਕੇਂਦਰ ਲੋਕਾਂ ਦੀ ਸਹੂਲਤ ਲਈ ਸਨ ਪ੍ਰੰਤੂ ਹੋ ਰਹੀ ਖੱਜਲ ਖੁਆਰੀ ਤੋਂ ਇੰਝ ਲੱਗਦਾ ਹੈ ਜਿਵੇਂ ਇਹ ਸੁਵਿਧਾ ਕੇਂਦਰ ਨਹੀਂ ਦੁਵਿਧਾ ਕੇਂਦਰ ਬਣ ਗਏ ਹੋਣ।
ਓਧਰ ਦੂਜੇ ਪਾਸੇ ਸਚਾਈ ਇਹ ਹੈ ਕਿ ਸਰਕਾਰ ਵੱਲੋਂ ਥੋੜ੍ਹੇ ਸਮੇਂ ਵਿਚ ਮੰਗੇ ਗਏ ਇਹਨਾਂ ਸਰਟੀਫਿਕੇਟਾਂ ਕਾਰਨ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਮਹਣਾ ਕਰਨ ਪੈ ਰਿਹਾ ਹੈ ਉੱਥੇ ਸੁਵਿਧਾ ਕੇਂਦਰਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਵਾਧੂ ਮਿਹਨਤ ਕਰਕੇ ਵੀ ਲੋਕਾਂ ਦੀ ਨਰਾਜ਼ਗੀ ਝੱਲਣੀ ਪੈ ਰਹੀ ਹੈ ਜਿਸ ਨਾਲ ਪੰਜਾਬੀ ਦਾ ਅਖਾਣ ‘ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ’ ਇਸ ਮਾਮਲੇ ‘ਚ ਖਰਾ ਉੱਤਰਦਾ ਜਾਪਦਾ ਹੈ।
ਇਸ ਸੰਬੰਧੀ ਜਦੋਂ ਸੁਵਿਧਾ ਸੈਂਟਰ ਦੇ ਮੁਲਾਜ਼ਮਾਂ ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਤਿੰਨ ਸਕੈਨਰ ਇਸ ਕੰਮ ਲਈ ਲਾਏ ਹੋਏ ਹਾਂ ਅਤੇ ਇੱਕ ਬੱਚੇ ਦਾ ਇੱਕ ਫਾਰਮ ਨੈੱਟ ‘ਤੇ ਅਪਲੋਡ ਕਰਨ ‘ਤੇ ਤਕਰੀਬਨ ਵੀਹ ਮਿੰਟ ਲੱਗ ਜਾਂਦੇ ਹਨ। ਲਿਹਾਜਾ ਇੱਕ ਦਿਨ ਵਿਚ ਮਸਾਂ ਇਕ ਸੌ ਫਾਰਮ ਅਪਲੋਡ ਹੁੰਦਾ ਹੈ। ਜਦੋਂ ਕਿ ਸਬ ਡਵੀਜਨ ਵਿਚ ਪੈਂਦੇ ਪਿੰਡਾਂ ‘ਚੋਂ ਰੋਜ਼ਾਨਾ ਛੇ ਸੱਤ ਸੌ ਦੇ ਕਰੀਬ ਫਾਰਮ ਆ ਰਹੇ ਹਨ। ਉਹਨਾਂ ਦੱਸਿਆ ਕਿ ਅਸੀਂ ਅੱਜ ਤੋਂ ਟੋਕਨ ਸਿਸਟਮ ਲਾਗੂ ਕੀਤਾ ਹੈ ਤਾਂ ਜੋ ਬੱਚਿਆਂ ਅਤੇ ਮਾਪਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਫਾਲਤੂ ਗੇੜ੍ਹੇ ਨਾ ਮਾਰਨੇ ਪੈਣ।
ਇਸ ਸਮੱਸਿਆ ਦੇ ਸੰਬੰਧ ਵਿਚ ਐਸ ਡੀ ਐਮ ਤਲਵੰਡੀ ਸਾਬੋ ਵਰਿੰਦਰ ਸਿੰਘ ਨੇ ਕਿਹਾ ਕਿ ਸਭ ਦੇ ਸਰਟੀਫਿਕੇਟ ਬਣਾ ਦਿੱਤੇ ਜਾਣਗੇ।

Share Button

Leave a Reply

Your email address will not be published. Required fields are marked *