Tue. Jul 23rd, 2019

ਲੰਡਨ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਦਿੱਤਾ ਵੱਡਾ ਝਟਕਾ

ਲੰਡਨ ਦੀ ਅਦਾਲਤ ਨੇ ਵਿਜੇ ਮਾਲਿਆ ਨੂੰ ਦਿੱਤਾ ਵੱਡਾ ਝਟਕਾ

ਨਵੀਂ ਦਿੱਲੀ: ਲੰਡਨ ਦੀ ਅਦਾਲਤ ਦੇ ਵੱਲੋਂ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਦਰਅਸਲ, ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਅਦਾਲਤ ਦੇ ਵੱਲੋਂ ਮਾਲਿਆ ਦੀ ਹਵਾਲਗੀ ਖਿਲਾਫ਼ ਦਿੱਤੀ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਉਸਨੂੰ ਜੇਲ੍ਹ ਜਾਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਇਸ ਮਾਮਲੇ ਵਿੱਚ ਭਾਰਤ ਸਰਕਾਰ ਹੁਣ ਜਲਦ ਹੀ ਮਾਲਿਆ ਦੀ ਹਵਾਲਗੀ ਪ੍ਰਕਿਰਿਆ ਨੂੰ ਅੱਗੇ ਵਧਾ ਸਕਦੀ ਹੈ। ਜਿਸ ਤੋਂ ਬਾਅਦ ਇੰਗਲੈਂਡ ਸਰਕਾਰ ਜਲਦੀ ਹੀ ਮਾਲਿਆ ਨੂੰ ਭਾਰਤ ਸਰਕਾਰ ਦੇ ਹਵਾਲੇ ਕਰ ਸਕਦੀ ਹੈ।

ਪਿਛਲੇ ਦਿਨੀਂ ਮਾਲਿਆ ਦੇ ਵਕੀਲਾਂ ਵੱਲੋਂ ਕੋਰਟ ਵਿੱਚ ਕਿਹਾ ਗਿਆ ਸੀ ਕਿ ਮਾਲਿਆ ਹੁਣ ਭਾਰਤੀ ਬੈਂਕਾਂ ਨੂੰ ਸੰਤੁਸ਼ਟ ਕਰਨ ਲਈ ਆਪਣੀ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਤਿਆਗਣਾ ਚਾਹੁੰਦੇ ਹਨ। ਤੁਹਾਨੂੰ ਇਥੇ ਦੱਸ ਦੇਈਏ ਕਿ ਮਾਲਿਆ ਦਾ ਭਾਰਤੀ ਬੈਂਕਾਂ ‘ਤੇ ਕਰੀਬ 1.14 ਅਰਬ ਪਾਊਂਡ ਦਾ ਬਕਾਇਆ ਹੈ। ਕੋਰਟ ਦੇ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਉਹ ਹਰ ਹਫਤੇ18,325.31 ਪਾਊਂਡ ਖਰਚ ਕਰ ਸਕਦਾ ਹੈ। ਜਿਸ ਨੂੰ ਲੈ ਕੇ ਮਾਲਿਆ ਦੇ ਵੱਲੋਂ ਪਿਛਲੇ ਹਫਤੇ ਬ੍ਰਿਟੇਨ ਦੀ ਕੋਰਟ ਵਿੱਚ ਸੁਣਵਾਈ ਦੌਰਾਨ ਇਸ ਰਾਸ਼ੀ ਨੂੰ ਘਟਾ ਕੇ 29,500 ਪਾਊਂਡ ਕਰਨ ਦੀ ਪੇਸ਼ਕਸ਼ ਕੀਤੀ ਸੀ।

ਜ਼ਿਕਰਯੋਗ ਹੈ ਕਿ ਵਿਜੇ ਮਾਲਿਆ ਨੇ ਹਮੇਸ਼ਾ ਹੀ ਟਵਿੱਟਰ ਦੇ ਜ਼ਰੀਏ ਆਪਣੀ ਗੱਲ ਨੂੰ ਸਾਹਮਣੇ ਰੱਖਿਆ ਹੈ। ਬੀਤੇ ਦਿਨੀਂ ਮਾਲਿਆ ਦੇ ਵੱਲੋਂ ਟਵੀਟ ਕਰਕੇ ਕਿਹਾ ਗਿਆ ਸੀ ਕਿ ਉਸ ਉੱਤੇ ਬੈਂਕਾਂ ਦੇ ਜਿੰਨੇ ਵੀ ਬਕਾਏ ਹਨ, ਉਸ ਤੋਂ ਜ਼ਿਆਦਾ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਉਸਨੇ ਕਿਹਾ ਕਿ ਉਸਨੂੰ ਬਿਨਾਂ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਗੌੜਾ ਘੋਸ਼ਿਤ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਮਾਲਿਆ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਹੁਣ ਉਸਦੇ ਵੱਲੋਂ ਸ਼ੇਅਰ ਅਤੇ ਜਾਇਦਾਦ ਵੇਚ ਕੇ ਕਰਜ਼ਾ ਚੁਕਾਉਣ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਇਹ ਸਭ ਕੁਝ ਉਹ ਆਪਣੇ ਪ੍ਰਸਤਾਵ ਵਿੱਚ ਸ਼ਾਮਲ ਕਰ ਚੁੱਕਾ ਸੀ। ਉਸਨੇ ਦੱਸਿਆ ਕਿ ਉਸਦੇ ਵੱਲੋਂ ਪਹਿਲਾਂ ਮਦਰਾਸ ਹਾਈ ਕੋਰਟ ਦੇ ਸਾਹਮਣੇ ਜਿਹੜਾ ਪ੍ਰਸਤਾਵ ਰੱਖਿਆ ਸੀ, ਉਸ ਵਿੱਚ ਉਸਦੇ ਵੱਲੋਂ ਜਾਇਦਾਦਾਂ ਨੂੰ ਵੇਚ ਕੇ ਕਰਜ਼ਾ ਚੁਕਾਉਣ ਦਾ ਜ਼ਿਕਰ ਕੀਤਾ ਗਿਆ ਸੀ, ਪਰ ਉਸ ਸਮੇਂ ਉਸਦੀ ਗੱਲ ਨਹੀਂ ਮੰਨੀ ਗਈ।

Leave a Reply

Your email address will not be published. Required fields are marked *

%d bloggers like this: