ਲੰਗਰ ਤੋਂ ਜੀਐਸਟੀ ਮਾਫੀ ਲਈ ਸੰਸਦ ਭਵਨ ਦੇ ਬਾਹਰ ਸਾਂਸਦਾਂ ਵੱਲੋਂ ਰੋਸ ਵਿਖਾਵਾ

ss1

ਲੰਗਰ ਤੋਂ ਜੀਐਸਟੀ ਮਾਫੀ ਲਈ ਸੰਸਦ ਭਵਨ ਦੇ ਬਾਹਰ ਸਾਂਸਦਾਂ ਵੱਲੋਂ ਰੋਸ ਵਿਖਾਵਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਦੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਅੱਜ ਉਸ ਸਮੇਂ ਇਕ ਵਾਰ ਫਿਰ ਪ੍ਰਮਾਣਿਤ ਹੋਈ ਜਦ ਉਨ੍ਹਾਂ ਲੰਗਰ ਤੋਂ ਜੀ.ਐਸ.ਟੀ. ਸਮਾਪਤ ਕਰਨ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣ ਲਈ ਸੰਸਦ ਭਵਨ ਦੇ ਬਾਹਰ ਰੋਸ਼ ਵਿਖਾਵੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦਾਂ ਨੂੰ ਵੀ ਨਾਲ ਜੋੜ ਲਿਆ। ਅੱਜ ਸੰਸਦ ਭਵਨ ਦੇ ਬਾਹਰ ਲੰਗਰ ਤੋਂ ਜੀ.ਐਸ.ਟੀ. ਖਤਮ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਰੋਸ਼ ਵਿਖਾਵੇ ਵਿਚ ਜਿੱਥੇ ਪੰਜਾਬ ਤੋਂ ਕਾਂਗਰਸ ਪਾਰਟੀ ਦੇ ਸਾਂਸਦ ਸ੍ਰੀ ਸੰਤੋਖ ਚੌਧਰੀ, ਸ: ਗੁਰਜੀਤ ਸਿੰਘ ਔਜਲਾ, ਸ: ਰਵਨੀਤ ਸਿੰਘ ਬਿੱਟੂ ਨੇ ਭਾਗ ਲਿਆ ਉਥੇ ਹੀ ਬਿਹਾਰ ਤੋਂ ਸਾਂਸਦ ਰੰਜੀਤਾ ਰੰਜਨ ਨੇ ਵੀ ਸ਼ਿਰਕਤ ਕੀਤੀ। ਜਦ ਕਿ ਮਨੁੱਖਤਾ ਭਲਾਈ ਦੇ ਇਸ ਕਾਰਜ ਲਈ ਕੇਂਦਰ ਸਰਕਾਰ ਨੂੰ ਮਨਾਉਣ ਲਈ ਸ੍ਰੀ ਸੁਨੀਲ ਜਾਖੜ ਨੇ ਪਾਰਟੀਲਾਈਨ ਤੋਂ ਉਪਰ ਉਠ ਕੇ  ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦਾਂ ਸ: ਸੁਖਦੇਵ ਸਿੰਘ ਢਿਡਸਾਂ ਅਤੇ ਸ: ਬਲਵਿੰਦਰ ਸਿੰਘ ਭੂੰਦੜ ਨੂੰ ਵੀ ਇਸ ਮੰਗ ਨਾਲ ਜੋੜਿਆ ਅਤੇ ਇੰਨ੍ਹਾਂ ਸਭ ਸਾਂਸਦਾਂ ਨੇ ਮੰਗ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਦੁਰਗਿਆਣਾ ਮੰਦਰ ਦੇ ਲੰਗਰਾਂ ਦੀ ਰਸਦ ਤੇ ਲੱਗਣ ਵਾਲੇ ਜੀਐਸਟੀ ਨੂੰ ਮਾਫ ਕੀਤਾ ਜਾਵੇ।  ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਦੁਰਗਿਆਨਾ ਮੰਦਰ ਦੇ ਲੰਗਰ ਤੇ ਲੱਗਣ ਵਾਲੇ ਰਾਜ ਸਰਕਾਰ ਦੇ ਹਿੱਸੇ ਦਾ ਜੀ.ਐਸ.ਟੀ. ਕਰ ਵਾਪਿਸ ਲੈ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਹੀ ਤਰਜ ਤੇ ਕੇਂਦਰ ਸਰਕਾਰ ਵੀ ਆਪਣੇ ਹਿੱਸੇ ਦੇ ਜੀ.ਐਸ.ਟੀ. ਨੂੰ ਮਾਫ ਕਰੇ।
ਸ੍ਰੀ ਜਾਖੜ ਨੇ ਕਿਹਾ ਕਿ ਲੰਗਰ ਬਿਨ੍ਹਾ ਕਿਸੇ ਫੀਸ ਜਾਂ ਰਕਮ ਦੇ ਮੁਫ਼ਤ ਵਿਚ ਸਭ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਪਰੋਸਿਆ ਜਾਂਦਾ ਹੈ ਅਤੇ ਇਹ ਕੋਈ ਵਪਾਰਕ ਗਤੀਵਿਧੀ ਨਹੀਂ ਹੈ ਕਿ ਇਸ ਤੇ ਕਰ ਲਗਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਮਨੁੱਖਤਾ ਭਲਾਈ ਦਾ ਕਾਰਜ ਹੈ ਅਤੇ ਸਦੀਆਂ ਤੋਂ ਭਾਰਤੀ ਪ੍ਰੰਪਰਾ ਦਾ ਹਿੱਸਾ ਰਿਹਾ ਹੈ। ਇਸ ਲਈ ਲੰਗਰਾਂ ਅਤੇ ਪ੍ਰਸਾਦ ਤੇ ਕਰ ਲਗਾਉਣ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।  ਸ੍ਰੀ ਜਾਖੜ ਨੇ ਬਾਕੀ ਸਾਂਸਦਾਂ ਨਾਲ ਸੰਸਦ ਭਵਨ ਬਾਹਰ ਰੋਸ ਵਿਖਾਵਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਬਿਨ੍ਹਾਂ ਦੇਰੀ ਲੰਗਰ ਅਤੇ ਪ੍ਰਸਾਦ ਤੋਂ ਜੀ.ਐਸ.ਟੀ. ਮਾਫ ਕਰਨਾ ਚਾਹੀਦਾ ਹੈ।

Share Button

Leave a Reply

Your email address will not be published. Required fields are marked *