ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jul 10th, 2020

ਲੋੜਵੰਦਾਂ ਦੀ ਮਦੱਦ ਕਰਕੇ ਵੀਡੀਓ ਸ਼ੇਅਰ ਕਰਨਾ ਲੋੜਵੰਦਾਂ ਨੂੰ ਜ਼ਲੀਲ ਕਰਨ ਤੋਂ ਵੱਧ ਕੁੱਝ ਵੀ ਨਹੀਂ

ਲੋੜਵੰਦਾਂ ਦੀ ਮਦੱਦ ਕਰਕੇ ਵੀਡੀਓ ਸ਼ੇਅਰ ਕਰਨਾ ਲੋੜਵੰਦਾਂ ਨੂੰ ਜ਼ਲੀਲ ਕਰਨ ਤੋਂ ਵੱਧ ਕੁੱਝ ਵੀ ਨਹੀਂ

ਲੋੜਵੰਦਾਂ ਦੀ ਮਦੱਦ ਕਰਨ ਲਈ ਦਸਵੰਧ ਕੱਢਣ ਦਾ ਫਲਸਫਾ ਸਾਡੇ ਗੁਰੂ ਸਾਹਿਬਾਨ ਨੇ ਸੈਂਕੜੇ ਸਾਲ ਪਹਿਲਾਂ ਦਿੱਤਾ ਸੀ।ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਏ ਦਾ ਲੰਗਰ ਭੁੱਖੇ ਸਾਧੂਆਂ ਨੂੰ ਛਕਾ ਕੇ ਲੰਗਰ ਲਾਉਣ ਦੀ ਪ੍ਰਥਾ ਤੋਰੀ ਸੀ,ਜਿਹੜੀ ਹੁਣ ਤੱਕ ਨਿਰੰਤਰ ਚੱਲ ਰਹੀ ਹੈ,ਮੈਂਨੂੰ ਇਸ ਗੱਲ ਦਾ ਭਰੋਸਾ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ਼ ਹੈ ਕਿ ਇਹ ਰੀਤ ਰਹਿੰਦੀ ਦੁਨੀਆਂ ਤੱਕ ਚੱਲਦੀ ਰਹੇਗੀ।ਮੌਜੂਦਾ ਸਮੇਂ ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਤੋਂ ਪੈਦਾ ਹੋਈ ਕੋਵਿੱਡ-੧੯ ਨਾਂ ਦੀ ਬੀਮਾਰੀ ਨੇ ਲੋੜਵੰਦਾਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਕਰ ਦਿੱਤਾ ਹੈ।ਜਦੋਂ ਕੋਈ ਵੀ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪੀੜਤ ਲੋਕਾਂ ਦੀ ਮਦੱਦ ਕਰਨ ਲਈ ਪੰਜਾਬੀ,ਵਿਸ਼ੇਸ਼ ਤੌਰ ਤੇ ਸਿੱਖ ਕੌਮ ਮੋਹਰੀ ਰੋਲ਼ ਅਦਾ ਕਰਦੀ ਹੈ।

ਇਹ ਸੋਸ਼ਲ ਮੀਡੀਆ ਦਾ ਯੁੱਗ ਹੈ।ਲੋਕ ਮਾਮੂਲੀ ਜਿਹੀ ਘਟਨਾ ਦੀ ਵੀ ਵੀਡੀਓ ਬਣਾਕੇ ਨਾਲ ਦੀ ਨਾਲ ਲੋਕਾਂ ਦੇ ਵੇਖਣ ਲਈ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੰਦੇ ਹਨ।ਕਈ ਪੱਖਾਂ ਤੋਂ ਇਹ ਲਾਹੇਵੰਦ ਵੀ ਸਾਬਿਤ ਹੁੰਦੀਆਂ ਹਨ ਪਰ ਕਈ ਵਾਰ ਇਹ ਲੋਕਾਂ ਨੂੰ ਉਮਰ ਭਰ ਲਈ ਜਲੀਲ ਕਰਨ ਦਾ ਕਾਰਣ ਵੀ ਬਣਦੀਆਂ ਹਨ।ਮੈਂ ਬਹੁਤੇ ਲੰਬੇ ਚੌੜੇ ਚੱਕਰਾਂ ਵਿੱਚ ਨਹੀਂ ਪੈਣਾ ,ਸਿਰਫ ਕੋਰੋਨਾ ਤੋਂ ਬਚਾਅ ਕਰਨ ਲਈ ਲਾਏ ਕਰਫਿਊ ਅਤੇ ਤਾਲ਼ਾਬੰਦੀ ਕਾਰਣ ਭੁੱਖ ਨਾਲ ਜੂਝਣ ਵਾਲਿਆਂ ਦੀ ਮਦੱਦ ਕੀਤੇ ਜਾਣ ਦੀ ਹੀ ਗੱਲ ਕਰਨੀ ਹੈ।ਅਕਸਰ ਹੀ ਸੋਸ਼ਲ ਮੀਡੀਆ ਤੇ ਰੋਜ਼ਾਨਾ ਕਈ ਅਜਿਹੀਆਂ ਵੀਡੀਓਜ਼ ਵੇਖਣ ਨੂੰ ਮਿਲਦੀਆਂ ਹਨ,ਜਿਹਨਾਂ ਵਿੱਚ ਕਿਸੇ ਲੋੇੜਵੰਦ ਨੂੰ ਖਾਣਪੀਣ ਦੀ ਕੱਚੀ ਸਮੱਗਰੀ ਜਾਂ ਬਣਿਆ ਹੋਇਆ ਖਾਣਾ ਦੇਣ ਸਮੇਂ ਦਾ ਦ੍ਰਿਸ਼ ਹੁੰਦਾ ਹੈ।ਅਜਿਹੇ ਮੌਕੇ ਤੇ ਅਕਸਰ ਹੀ ਲੋੜਵੰਦ ਵਿਅਕਤੀ ਮਦੱਦ ਕਰਨ ਵਾਲਿਆਂ ਨੂੰ ਅਸੀਸਾਂ ਦਿੰਦਾ ਵੀ ਵਿਖਾਇਆ ਹੁੰਦਾ ਹੈ।ਇਹ ਅਸਲ ਵਿੱਚ ਸੱਚੇ ਦਿਲੋਂ ਲੋੜਵੰਦ ਦੀ ਮਦੱਦ ਘੱਟ ਅਤੇ ਵਿਖਾਵਾ ਜਿਆਦਾ ਹੁੰਦਾ ਹੈ।

ਇਹਨਾਂ ਦਿਨਾਂ ਵਿੱਚ ਹੀ ਇੱਕ ਉਹ ਵੀਡੀਓ ਵੀ ਵੇਖਣ ਨੂੰ ਮਿਲੀ ਜਿਸ ਵਿੱਚ ਕਿਸੇ ਜਰੂਰਤਮੰਦ ਨੂੰ ਕਿਸੇ ਸਮਾਜ ਸੇਵਕ ਵਲੋਂ ਖਾਣਾ ਪੇਸ਼ ਕੀਤਾ ਜਾ ਰਿਹਾ ਹੈ ਪਰ ਅੱਗਿਉਂ ਨੌਜਵਾਨ ਲੜਕੀ ਖਾਣਾ ਲੈਣ ਤੋਂ ਨਾਂਹ ਕਰ ਦਿੰਦੀ ਹੈ।ਜਦੋਂ ਉਹ ਚਲੇ ਜਾਂਦੇ ਹਨ ਤਾਂ ਉਸ ਕੁੜੀ ਦਾ ਛੋਟਾ ਭਰਾ ਆਪਣੀ ਭੈਣ ਨੂੰ ਕਹਿੰਦਾ ਹੈ ਕਿ ਸਾਨੂੰ ਤਾਂ ਖਾਣੇ ਦੀ ਬਹੁਤ ਲੋੜ ਸੀ ਪਰ ਤੂੰ ਨਾਂਹ ਕਰ ਦਿੱਤੀ ਹੈ।ਉਹ ਕੁੜੀ ਭਾਵੁਕ ਹੋਈ ਆਪਣੇ ਭਰਾ ਨੂੰ ਆਖਦੀ ਹੈ ਕਿ ਉਸ ਨੇ ਖਾਣਾ ਲੈਣ ਤੋਂ ਇਸ ਕਰਕੇ ਨਾਂਹ ਕਰ ਦਿੱਤੀ ਹੈ ਕਿਉਂਕਿ ਉਸਦੇ ਨਾਲ ਦਾ ਇੱਕ ਸਾਥੀ ਫਿਲਮ ਬਣਾ ਰਿਹਾ ਸੀ।ਇਹ ਭਾਵੇਂ ਕਿਸੇ ਨੇ ਜਾਣ-ਬੁੱਝਕੇ ਬਣਾਈ ਹੋਵੇ ਪਰ ਇਸ ਵਿੱਚ ਛੁਪਿਆ ਸੁਨੇਹਾ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ।ਜੋ ਇਹ ਕੁੜੀ ਮਹਿਸੂਸ ਕਰਦੀ ਵਿਖਾਈ ਗਈ ਹੈ ਅਸਲ ਵਿੱਚ ਹੋਰ ਲੋਕ ਵੀ ਇੰਝ ਹੀ ਮਹਿਸੂਸ ਕਰਦੇ ਹਨ ਪਰ ਮਜਬੂਰੀਵੱਸ ਉਹ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਕਰ ਸਕਦੇ।

ਲੋਕਾਂ ਦੀ ਭਾਵੇਂ ਜਾਨ ਤੇ ਬਣੀ ਹੋਵੇ ਤਾਂ ਵੀ ਨੇਤਾ ਲੋਕ ਆਪਣੀ ਸਿਆਸਤ ਨੂੰ ਚਮਕਾਉਣ ਲਈ ਕੋਈ ਨਾ ਕੋਈ ਹੀਲਾ ਵਸੀਲਾ ਬਣਾ ਹੀ ਲੈਂਦੇ ਹਨ।ਇਸ ਕਿਸਮ ਦੇ ਲੋਕ ਆਪਣੇ ਚੇਲੇ ਚਪਟੇ ਨਾਲ ਲੈ ਕੇ ਲੋਕਾਂ ਦੀ ਮਦੱਦ ਲਈ ਘਰੋਂ ਨਿਕਲ ਤੁਰਦੇ ਹਨ,ਜਿੱਥੇ ਕਿਸੇ ਨੂੰ ਕੁੱਝ ਦਿੰਦੇ ਹਨ,ਉੱਥੇ ਹੀ ਉਹਨਾਂ ਦੇ ਚਮਚੇ ਵੀਡੀਓ ਬਣਾਈ ਜਾਂਦੇ ਹਨ,ਕਈ ਤਾਂ ਇਸ ਤੋਂ ਵੀ ਦੋ ਕਦਮ ਅੱਗੇ ਜਾ ਕੇ ਲਾਈਵ ਹੋ ਕੇ ਲੋਕਾਂ ਨੂੰ ਨਾਲ ਦੀ ਨਾਲ ਹੀ ਸਭ ਕੁੱਝ ਵਿਖਾਈ ਜਾਂਦੇ ਨੇ।ਇਨ੍ਹਾਂ ਲੋਕਾਂ ਨੇ ਵੋਟਾਂ ਲੈਣ ਵੇਲੇ ਇਹੋ-ਜਿਹੀਆਂ ਵੀਡੀਓਜ਼ ਵਰਤਣ ਤੋਂ ਵੀ ਗੁਰੇਜ਼ ਨਹੀਂ ਕਰਨਾ ਸਗੋਂ ਇਹਨਾਂ ਦਾ ਪੂਰਾ ਲਾਹਾ ਲੈਣਾ ਹੈ।ਉਹਨਾਂ ਵਲੋਂ ਕੀਤੀ ਇਹੋ-ਜਿਹੀ ਮਦੱਦ ਰੱਬ ਦੀ ਕਚਿਹਰੀ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੁੰਦੀ।ਉਹ ਸਿਰਫ ਆਪਣੀ ਹਊਮੇਂ ਨੂੰ ਪੱਠੇ ਪਾਉਣ ਦਾ ਕੰਮ ਹੀ ਕਰਦੇ ਹਨ।

ਅਸਲ ਵਿੱਚ ਦਾਨ ਉਹ ਹੁੰਦਾ ਹੈ ਜਿਹੜਾ ਖੱਬੇ ਹੱਥ ਨਾਲ ਕੀਤੇ ਜਾਣ ਤੇ ਸੱਜੇ ਨੂੰ ਵੀ ਨਾ ਪਤਾ ਲੱਗਣ ਦੇਵੇ ਪਰ ਅਜਿਹਾ ਦਾਨ ਕਰਨ ਵਾਲਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੀ ਹੈ। ਭਾਵੇਂ ਕੋਈ ਅਮੀਰ ਹੋਵੇ ਭਾਵੇਂ ਕੋਈ ਗਰੀਬ ਹੋਵੇ ਹਰ ਕਿਸੇ ਦਾ ਆਪਣਾ ਸਵੈਮਾਣ ਹੁੰਦਾ ਹੈ।ਜਦੋਂ ਸਵੈਮਾਣ ਨੁੰ ਸੱਟ ਲੱਗਦੀ ਹੈ ਤਾਂ ਦਿਲ ਤੇ ਜੋ ਵਾਪਰਦੀ ਹੈ,ਉਸ ਨੂੰ ਸਿਰਫ ਉਹੀ ਮਹਿਸੂਸ ਕਰ ਸਕਦਾ ਹੈ ਜਿਸ ਨਾਲ ਇਹ ਸਾਰਾ ਕੁੱਝ ਹੋ ਰਿਹਾ ਹੋਵੇ।ਕਿਸੇ ਲੋੜਵੰਦ ਨੂੰ ਗਰੀਬ ਕਹਿ ਕੇ ਪੁਕਾਰਨਾ ਵੀ ਉਹਨਾਂ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਣਾ ਹੀ ਹੈ।ਲੋੜਵੰਦਾਂ ਦੀ ਮਦੱਦ ਦਿਲ ਖੋਲਕੇ ਕਰੋ ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਕੇ ਉਹਨਾਂ ਦੀਆਂ ਵੀਡੀਓਜ਼ ਕਦੇ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਨਾ ਕਰੋ।

ਸਿਆਸਤ ਚਮਕਾਉਣ ਲਈ ਹੋਰ ਬਹੁਤ ਮੌਕੇ ਹੁੰਦੇ ਹਨ।ਦੁੱਖ ਦੀ ਘੜੀ ਵਿੱਚ ਅਹਿਸਾਨ ਕਰਨ ਦਾ ਮੌਕਾ ਨਹੀਂ ਹੁੰਦਾ ਸਗੋਂ ਇਨਸਾਨੀਅਤ ਵਿਖਾਉਣ ਦਾ ਹੁੰਦਾ ਹੈ।ਕੋਰੋਨਾ ਨੇ ਚੰਗੇ ਭਲਿਆਂ ਦੀ ਹੋਸ਼ ਭੁਲਾਈ ਪਈ ਹੈ।ਦੁਨੀਆਂ ਕੁਰਲਾ ਉਠੀ ਹੈ।ਭੁੱਖ ਨਾਲ ਸਿਰਫ ਭਾਰਤ ਵਿੱਚ ਹੀ ਲੋਕ ਨਹੀਂ ਤੜਫ ਰਹੇ ਸਗੋਂ ਸਾਰੀ ਦੁਨੀਆਂ ਵਿੱਚ ਲੋੜਵੰਦਾਂ ਦੀ ਕਤਾਰ ਲੰਬੀ ਹੋ ਗਈ ਹੈ।ਸਾਰੇ ਪਾਸੇ ਦਿਆਨਤਦਾਰ ਲੋਕ ਲੋੜਵੰਦਾਂ ਦੀ ਮਦੱਦ ਵਿੱਚ ਜੁਟੇ ਹੋਏ ਹਨ।ਇਨਸਾਨੀਅਤ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਭੁੱਖਿਆਂ ਦਾ ਢਿੱਡ ਭਰਨ ਲਈ ਅੱਗੇ ਆਈਏ।ਕਦੇ ਵੀ ਕਿਸੇ ਲੋੜਵੰਦ ਦੀ ਮਜਬੂਰੀ ਦਾ ਮਜਾਕ ਨਹੀਂ ਉਡਾਣਾ ਚਾਹੀਦਾ।ਨਾ ਹੀ ਮਦੱਦ ਦੇਣ ਮੌਕੇ ਦੀ ਵੀਡੀਓ ਬਣਾ ਕੇ ਨਸ਼ਰ ਕਰਨੀ ਚਾਹੀਦੀ ਹੈ।ਲੋੜਵੰਦਾਂ ਨੂੰ ਵੀ ਇਨਸਾਨ ਸਮਝਣ ਦੀ ਲੋੜ ਹੈ।ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ।ਜਦੋਂ ਅਸੀਂ ਆਪ ਤੋਂ ਛੋਟਿਆਂ ਨੂੰ ਬਣਦਾ ਮਾਣ ਸਤਿਕਾਰ ਦਿੰਦੇ ਹਾਂ ਤਾਂ ਉਹਨਾਂ ਦੀ ਖੁਸ਼ੀ ਵਿੱਚ ਅਥਾਹ ਵਾਧਾ ਹੁੰਦਾ ਹੈ।

ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਹੁ-ਗਿਣਤੀ ਸੇਵਾ ਕਰਨ ਵਾਲੇ ਬਿਨਾ ਕਿਸੇ ਭੇਦਭਾਵ ਤੋਂ ਅਤੇ ਬਦਲੇ ਵਿੱਚ ਕੁੱਝ ਮਿਲਣ ਦੀ ਭਾਵਨਾ ਤੋਂ ਬਗੈਰ ਹੀ ਕਰਦੇ ਹਨ।ਪਰ ਜਿਹੜੇ ਥੋੜੇ ਬਹੁਤ ਸੇਵਾ ਕਰਕੇ ਅਹਿਸਾਨ ਜਿਤਾਣ ਦੀ ਕੋਸ਼ਿਸ ਵਿੱਚ ਹਨ,ਉਹਨਾਂ ਨੂੰ ਵੀ ਆਪਣੀ ਸੋਚ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ ਤਾਂ ਕਿ ਉਹਨਾਂ ਵਲੋਂ ਕੀਤੀ ਸੇਵਾ ਵੀ ਅਸਲ ਸੇਵਾ ਹੋ ਸਕੇ।ਕਿਰਤ ਕਰਨੀ ਵੰਡ ਛੱਕਣ ਦਾ ਸਿਧਾਂਤ ਸਾਨੂੰ ਸਾਰਿਆਂ ਨੂੰ ਅਪਣਾ ਲੈਣਾ ਚਾਹੀਦਾ ਹੈ।ਲੋੜਵੰਦਾਂ ਦੀ ਮੁਸ਼ਕਿਲ ਘੜੀਵਿੱਚ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਹੈ,ਅਜਿਹਾ ਤਦ ਹੀ ਹੁੰਦਾ ਹੈ ਜੇ ਸੇਵਾ ਨਿਰ-ਸਵਾਰਥ ਕੀਤੀ ਜਾਵੇ।

ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀਆ’
ਯੂਬਾ ਸਿਟੀ-ਕੈਲੇਫੋਰਨੀਆ (ਅਮਰੀਕਾ)
001-360-448-1989

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: