Sun. Jul 21st, 2019

ਲੋਹੜੀ ਤੇ ਵਿਸ਼ੇਸ: ਖੁਸ਼ੀ , ਸਾਂਝ ਅਤੇ ਸ਼ਗਨਾਂ ਦਾ ਪ੍ਰਤੀਕ ਤਿਉਹਾਰ ਲੋਹੜੀ

ਲੋਹੜੀ ਤੇ ਵਿਸ਼ੇਸ: ਖੁਸ਼ੀ , ਸਾਂਝ ਅਤੇ ਸ਼ਗਨਾਂ ਦਾ ਪ੍ਰਤੀਕ ਤਿਉਹਾਰ ਲੋਹੜੀ

ਖੁਸ਼ੀ , ਸਾਂਝ ਅਤੇ ਸ਼ਗਨਾਂ ਦਾ ਪ੍ਰਤੀਕ ਤਿਉਹਾਰ ਲੋਹੜੀ ਉੱਤਰੀ ਭਾਰਤ ਦੇ ਵੱਡੇ ਖਿੱਤੇ ਵਿੱਚ ਮਨਾਇਆ ਜਾਂਦਾ ਹੈ । ਪਰ ਮੁੱਖ ਤੌਰ ਤੇ ਇਸ ਤਿਉਹਾਰ ਦੀ ਵਧੇਰੇ ਰੌਣਕ ਪੰਜਾਬ , ਹਰਿਆਣਾ , ਹਿਮਾਚਲ ਅਤੇ ਦਿੱਲੀ ਵਿੱਚ ਹੁੰਦੀ ਹੈ । ਭਾਵੇਂ ਕਿ ਇਸ ਤਿਉਹਾਰ ਦਾ ਸਬੰਧ ਵਧੇਰੇ ਕਰਕੇ ਮੌਸਮੀ ਕਰਵਟ ਨਾਲ ਹੈ । ਇਹ ਤਿਉਹਾਰ ਪੋਹ-ਮਾਘ ਦੀ ਦਰਮਿਆਨੀ ਰਾਤ ਨੂੰ ਮਨਾਇਆ ਜਾਂਦਾ ਹੈ । ਹੱਡ ਚੀਰਵੀਂ ਸਰਦੀ ਤੋਂ ਮੁਕਤੀ ਅਤੇ ਹਾੜੀ ਦੀਆਂ ਲਹਿ ਲਹਾਉਂਦੀਆਂ  ਫਸਲਾਂ ਇਸ ਤਿਉਹਾਰ ਦੇ ਚਾਅ ਵਿੱਚ ਚੋਖਾ ਵਾਧਾ ਕਰਦੀਆਂ ਹਨ । ਘਰ ਵਿੱਚ ਜਨਮੇਂ ਮੁੰਡੇ ਦੀ ਖੁਸ਼ੀ ਵਿੱਚ ਵੀ ਲੋਹੜੀ ਮਨਾਈ ਜਾਂਦੀ ਹੈ । ਪਰ ਅਜੋਕੇ ਸਮੇਂ ਵਿੱਚ ਕੁੜੀਆਂ ਦੀ ਲੋਹੜੀ ਮਨਾਉਣ ਦਾ ਵੀ ਰਿਵਾਜ਼ ਹੋ ਗਿਆ ਜੋ ਕਿ ਚੰਗੇਰੇ ਅਤੇ ਬਰਾਬਰੀ ਦੇ ਸਮਾਜ ਦੀ ਨਿਸ਼ਾਨੀ ਹੈ । ਸਗਨਾਂ ਦੀਆਂ ਖੁਸ਼ੀਆਂ ਵਜੋਂ ਮੁੰਡੇ ਦੇ ਵਿਆਹ ਦੇ ਪਹਿਲੇ ਵਰ੍ਹੇ ਵਿੱਚ ਲੋਹੜੀ ਮਨਾਈ ਜਾਂਦੀ ਹੈ । ਪਰ ਇਤਿਹਾਸਿਕ ਤੌਰ ਤੇ ਲੋਹੜੀ ਦਾ ਸਬੰਧ  ਵੈਦਿਕ ਕਾਲ ਨਾਲ ਜਾ ਜੁੜਦਾ ਹੈ । ਇਤਿਹਾਸ ਅਨੂਸਾਰ ਵੈਦਿਕ ਕਾਲ ਵਿੱਚ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਨ ਸਮੇਂ ਤਿਲ , ਗੁੜ ਅਤੇ ਘਿਓ ਆਦਿ ਦੀ ਵਰਤੋਂ ਹਵਨ ਕਰਨ ਲਈ ਕਰਿਆਂ ਕਰਦੇ ਸਨ । ਜਿਸ ਕਰਕੇ ਇਹ ਧਾਰਨਾਂ ਵੀ ਹੈ ਕਿ ਲੋਹੜੀ ਸ਼ਬਦ ਤਿਲ + ਰੋੜੀ = ਤਿਲੌੜੀ ਦਾ ਰੂਪਾਤਰਨ ਰੂਪ ਲੋਹੜੀ ਹੋ ਗਿਆਂ । ਦੂਜੇ ਪਾਸੇ ਮੁਗਲ ਬਾਦਸਾਹ ਅਕਬਰ ਦੇ ਲੋਕ ਦਮਨ ਦੀ ਨੀਤੀ ਨੂੰ ਵੰਗਾਰ ਦੇਣ ਵਾਲੇ ਬਹਾਦਰ , ਗਰੀਬ , ਮਜ਼ਲੂਮ ਹਿਤੈਸੀ ਦੁੱਲੇ ਭੱਟੀ ਦੀ ਬਹਾਦਰੀ ਨਾਲ ਵੀ ਇਸ ਤਿਉਹਾਰ ਦਾ ਸਬੰਧ ਜੋੜ ਕੇ ਦੇਖਿਆ ਜਾਂਦਾ ਹੈ । ਲਹੌਰ ਵਿੱਚ ਮਾਤਾ ਲੱਧੀ ਦੀ ਕੁੱਖੋਂ ਪੈਦਾ ਹੋਏ ਦੁੱਲੇ ਦੀ ਬਹਾਦਰੀ ਦੀਆਂ ਧੁੰਮਾ ਮੁਗਲ ਹਕੂਮਤ ਦੇ ਸੀਨੇ ਚ ਖੰਜਰ ਦੀ ਤਰਾਂ੍ਹ ਚੁੱਭ ਰਹੀਆਂ ਸਨ । ਸਰਕਾਰੀ ਭਾਸਾ ਵਿੱਚ ਦੁੱਲਾ ਭੱਟੀ ਭਾਵੇਂ ਇੱਕ ਡਾਕੂ ਸੀ ਪਰ ਲੋਕ ਹਿਰਦਿਆਂ ਵਿੱਚ ਉਸਦੀ ਸਾਖ ਇੱਕ ਨਾਇਕ ਦੇ ਤੌਰ ਤੇ ਬਣੀ ਹੋਈ ਸੀ । ਕਿਉਕਿ ਦੁੱਲਾ ਭੱਟੀ ਵੱਡੇ-ਵੱਡੇ ਅਹਿਲਕਾਰਾਂ ਕੋਲੋ ਲੁੱਟਿਆ ਮਾਲ ਗਰੀਬ ਲੋਕਾਂ ਵਿੱਚ ਵੰਡ ਦਿੰਦਾ ਸੀ । ਮੁਗਲ ਰਾਜ ਵਿੱਚ ਕੁੜੀਆਂ ਦਾ ਜਬਰਦਸਤੀ ਉਧਾਲਾ ਆਮ ਗੱਲ ਸੀ । ਪਰ ਉਸ ਸਮੇਂ ਆਮ ਲੋਕਾਂ ਵਿੱਚ ਹਕੂਮਤ ਵਿਰੁੱਧ ਲੜਨ ਜਾਂ ਬੋਲਣ ਦੀ ਜੁੱਰਅਤ ਨਹੀਂ ਸੀ । ਪਰ ਵਿਰਾਸਤੀ  ਬਗਾਵਤੀ ਸੁਰ ਦੇ ਦੁੱਲੇ ਭੱਟੀ ਨੇ ਮੁਗਲ ਬਾਦਸਾਹ ਅਕਬਰ ਦੀ ਹਕੂਮਤ ਨਾਲ ਜਾ ਜਾ ਮੱਥਾ  ਲਾਇਆ । ਕਿਹਾ ਜਾਦਾਂ ਹੈ ਕਿ ਇੱਕ ਵਾਰ ਕਿਸੇ ਗਰੀਬ ਬ੍ਰਹਾਮਣ ਦੀਆਂ ਦੋ ਪੁੱਤਰੀਆਂ ਸੁੰਦਰੀ ਅਤੇ ਮੁੰਦਰੀ ਮੁਗਲ ਅਹਿਲਕਾਰ ਦੀ ਨਜ਼ਰੀ ਚੜ੍ਹ ਗਈਆਂ ਜਦੋਂ ਗਰੀਬ ਬ੍ਰਹਾਮਣ ਨੇ ਆਪਣੀਆਂ ਪੁੱਤਰੀਆਂ ਦੇ ਮੰਗੇ ਹੋਣ ਦਾ ਵਾਸਤਾ ਪਾਇਆ ਤਾਂ ਮੁਗਲ ਅਹਿਲਕਾਰ ਨੇ ਮੁੰਡੇ ਵਾਲਿਆਂ ਨੂੰ ਡਰਾ ਧਮਕਾ ਕੇ ਇਹ ਰਿਸਤਾ ਤੁੜਵਾ ਦਿੱਤਾ । ਫਿਰ ਗਰੀਬ ਬ੍ਰਹਾਮਣ ਨੇ ਦੁੱਲੇ ਭੱਟੀ ਪਾਸ ਜਾ ਫਰਿਆਦ ਕੀਤੀ ਤਾਂ ਦੁੱਲੇ ਭੱਟੀ ਨੇ ਮੁੰਡੇ ਵਾਲਿਆ ਨੂੰ ਸਮਝਾ ਕੇ ਸੁੰਦਰੀ ਅਤੇ ਮੁੰਦਰੀ ਦੇ ਵਿਆਹ ਲਈ ਰਾਜੀ ਕਰ ਲਿਆ । ਫਿਰ ਕਿਤੇ ਦੂਰ ਜੰਗਲ ਵਿੱਚ ਅੱਗ ਬਾਲ ਉਹਨਾਂ ਦੇ ਵਿਆਹ ਦੀਆਂ ਰਸਮਾਂ ਸੰਪੂਰਨ ਕਰਵਾ ਦਿੱਤੀਆ ਅਤੇ ਸ਼ਗਨ ਵਜੋ ਸ਼ੱਕਰ ਦੀ ਲੱਪ-ਲੱਪ ਵੀ ਉਨਾਂ ਦੀ ਝੋਲੀ ਵਿੱਚ ਪਾ ਦਿੱਤੀ । ਇਸੇ ਪਿਛੋਕੜ ਵਿੱਚੋਂ ਸੁੰਦਰ ਮੁੰਦਰੀਏ ਵਾਲਾ ਇਹ ਗੀਤ ਗਾਇਆ ਜਾਣ ਲੱਗ ਪਿਆ ।
                                  ਸੁੰਦਰ ਮੁੰਦਰੀਏ , ਹੋ
                                  ਤੇਰਾ ਕੌਣ ਵਿਚਾਰਾ , ਹੋ
                                  ਦੁੱਲਾ ਭੱਟੀ ਵਾਲਾ , ਹੋ
                                  ਦੁੱਲੇ ਨੇ ਧੀ ਵਿਆਹੀ , ਹੋ
                                  ਸੇਰ ਸ਼ੱਕਰ ਪਾਈ , ਹੋ
ਲੋਹੜੀ ਵਾਲੇ ਦਿਨ ਬੱਚੇ ਇਕੱਠੇ ਹੋ ਘਰ-ਘਰ ਜਾ ਕੇ ਲੋਹੜੀ ਮੰਗਦੇ ਹਨ । ਤੇ ਉੱਚੀ ਉੱਚੀ ਗਾਉਂਦੇ ਹਨ
                                    ਕੋਠੇ ੳੱਤੇ ਪਰਨਾਲਾ
                                   ਸਾਨੂੰ ਖੜਿਆਂ ਨੂੰ ਲੱਗਦਾ ਪਾਲਾ
                                   ਸਾਡੀ ਲੋਹੜੀ ਮਨਾ ਦਿਓ
ਜਿਸ ਘਰ ਵਿੱਚ ਮੁੰਡਾ ਜੰਮਿਆ ਹੋਵੇ ਜਾਂ ਕਿਸੇ ਦੇ ਘਰ ਮੁੰਡੇ ਦਾ ਵਿਆਹ ਹੋਇਆ ਹੋਵੇ ਤਾਂ ਉਸ ਘਰ ਵਿੱਚ ਆਂਢ ਗੁਆਢ ਦੀ ਔਰਤਾਂ ਖੁਸ਼ੀ ਅਤੇ ਸਗਨਾਂ ਦਾ ਗਿੱਧਾ ਪਾਉਂਦੀਆਂ ਹਨ । ਗਿੱਧਾ ਪਾਉਣ ਵਾਲੀਆਂ ਔਰਤਾ ਨੂੰ ਸਗਨ ਵਜੋਂ ਗੁੜ ਅਤੇ ਰਿਉੜੀਆਂ ਵੰਡੀਆਂ ਜਾਂਦੀਆਂ ਹਨ । ਇਸ ਤਰਾਂ੍ਹ ਨੱਚਦਿਆ , ਹੱਸਦਿਆਂ , ਟੱਪਦਿਆਂ ਖੁਸ਼ੀਆਂ ਦੇ ਗੀਤ ਗਾਏ ਜਾਂਦੇ ਹਨ ਜਿਵੇ
                                    ਗੀਗਾ ਜੰਮਿਆਂ ਨੀਂ
                                    ਗੁੜ ਵੰਡਿਆ ਨੀ
                                    ਗੁੜ ਦੀਆਂ ਰੋੜੀਆਂ ਨੀ
                                    ਭਰਾਵਾਂ ਜੋੜੀਆਂ ਨੀ
                                    ਗੀਗਾ ਆਪ ਜੀਵੇਗਾ
                                    ਮਾਈ ਬਾਪ ਜੀਵੇਗਾ
                                    ਸਹੁਰਾ ਸਾਕ ਜੀਵੇਗਾ
ਅੱਜ ਦੇ ਡਿਜ਼ੀਟਲ ਜਮਾਨੇ ਵਿੱਚ ਲੋਹੜੀ ਦਾ ਚਾਅ ਲੋਕ ਮਨਾਂ ਵਿੱਚ ਮੱਠਾ ਪੈ ਗਿਆ ਹੈ । ਪੰਜਾਬ ਦੀ ਧਰਤੀ ਤੇ ਇੱਕ ਸਮਾਂ ਅਜਿਹਾ ਸੀ ਜਦੋਂ ਹਥਾਈ , ਦਰਵਾਜੇ ਇਕੱਠੇ ਹੋ ਕੇ ਪਿੰਡ ਦੇ ਬੱਚੇ , ਬੁੱਢੇ ਅਤੇ ਜਵਾਨ ਸਾਂਝੀਆਂ ਧੂਣੀਆ ਬਾਲ ਕੇ ਗਈ ਰਾਤ ਸੇਕਦੇ ਰਹਿੰਦੇ ਸਨ । ਧੂਣੀਆਂ ਦੁਆਲੇ ਸੂਰਮਗਤੀ ਦਾ ਕਿੱਸੇ , ਕਹਾਣੀਆਂ , ਬਾਤਾਂ , ਸੁਣਨ ਸੁਣਾਉਣ ਦਾ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਹਿੰਦਾ ਸੀ । ਪਰ ਜਦੋਂ ਤੋਂ ਸਹਿਰੀਕਰਨ ਨੇ ਪਿੰਡਾਂ ਨੂੰ ਆਪਣੇ  ਗਲਬੇ ਵਿੱਚ ਲੈ ਲਿਆ ਹੈੈ ਉਦੋਂ ਤੋਂ ਪਿੰਡਾਂ ਵਿੱਚ ਵੀ ਇਹ ਤਿਉਹਾਰ ਮਹਿਜ਼ ਇੱਕ ਸੰਸਕਾਰ ਜਿਹਾ ਬਣਕੇ ਰਹਿ ਗਿਆ ਹੈ । ਟੁੱਟ ਰਹੀ ਭਾਈਚਾਰਕ ਸਾਂਝ ਅਤੇ ਡੁੱਬ ਰਹੇ ਸਮਾਜਿਕ ਮਿਲਵਰਤਣ ਕਾਰਨ ਅੱਜ ਕੱਲ ਕੇਵਲ ਇੱਕ ਸ਼ਗਨ ਜਿਹਾ ਕਰਨ ਲਈ  ਘਰ ਦੀ ਚਾਰ ਦੁਆਰੀ ਦੇ ਅੰਦਰ ਦੋ ਪਾਥੀਆਂ ਦੀ ਧੂਣੀ ਤੱਕ ਸਿਮਟ ਕੇ ਰਹਿ ਗਿਆ ਹੈ । ਅਜੋਕੇ ਬੱਚੇ ਵੀ ਦੁਜਿਆਂ ਘਰਾਂ ਵਿੱਚ ਜਾ ਕੇ ਲੋਹੜੀ ਮੰਗਣ ਦੀ ਸ਼ਰਮ ਮਹਿਸੂਸ ਕਰਦੇ ਹਨ । ਪਰ ਮੌਸਮੀ ਤਿਉਹਾਰ ਹੋਣ ਕਰਕੇ ਪਹਿਲਾਂ ਲੋਹੜੀ ਵਾਲੇ ਦਿਨ ਘਰਾਂ ਵਿੱਚ ਚੌਲਾਂ ਦੇ ਆਟੇ ਦੀਆਂ ਪਿੰਨੀਆਂ , ਤਿਲਾਂ ਦੀਆਂ ਪਿੰਨੀਆਂ , ਮੱਕੀ ਦੀਆਂ ਖਿੱਲਾਂ ਦੇ ਭੂਤ ਪਿੰਨੇ ਆਮ ਬਣਿਆ ਕਰਦੇ ਸਨ । ਪਰ ਅੱਜ ਬਜਾਰਵਾਦ ਅਤੇ ਇਸਤਿਹਾਰਵਾਦ ਤਿਉਹਾਰਾਂ ਤੇ ਭਾਰੂ ਪੈਦਾ ਜਾ ਰਿਹਾ ਹੈ । ਜਿਸ ਕਾਰਨ ਤਿਉਹਾਰਾਂ ਤੇ ਘਰਾਂ ਵਿੱਚ ਬਣਾਏ ਜਾਣ ਵਾਲੇ ਖਾਣ ਪੀਣ ਦੇ ਪਕਵਾਨਾਂ ਦਾ ਰੰਗ ਫਿੱਕਾ ਪੈ ਗਿਆ ਹੈ । ਪਰ ਆਓ , ਲੋਹੜੀ ਦੇ ਇਸ ਤਿਉਹਾਰ ਤੇ ਭਾਈਚਾਰਕ ਸਾਂਝ , ਖੁਸ਼ੀ , ਅਤੇ ਸਾਂਝੀਵਾਲਤਾ ਦੀਆ  ਧੂਣੀਆਂ ਵਾਲੀਏ ਤਾਂ ਜੋ ਸਾਡੀ ਸਮਾਜਿਕ , ਭਾਈਚਾਰਕ ਸਾਂਝ ਬਣੀ ਰਹੇ ।
ਸੁਖਵੀਰ ਘੁਮਾਣ ਦਿੜ੍ਹਬਾ
9815590209 

Leave a Reply

Your email address will not be published. Required fields are marked *

%d bloggers like this: