ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 23, 2020

ਲੋਕ-ਸੇਵਕ ਮਾਲਕਾਂ ਦੀ ਸਲਾਹ ਲੈਕੇ ਅਗੇ ਤੁਰਿਆ ਕਰਨ

ਲੋਕ-ਸੇਵਕ ਮਾਲਕਾਂ ਦੀ ਸਲਾਹ ਲੈਕੇ ਅਗੇ ਤੁਰਿਆ ਕਰਨ

ਦਲੀਪ ਸਿੰਘ ਵਾਸਨ, ਐਡਵੋਕੇਟ

ਜਿਸ ਕਿਸੇ ਨੇ ਵੀ ਪਰਜਾਤੰਤਰ ਦੀ ਪ੍ਰੀਭਾਸ਼ਾ ਲਿਖੀ ਹੈ ਇਹ ਆਖ ਦਿੱਤਾ ਹੈ ਕਿ ਪਰਜਾਤੰਤਰ ਲੋਕਾਂ ਦਾ ਰਾਜ ਹੁੰਦਾ ਹੈ। ਅਰਥਾਤ ਲੋਕ ਆਪ ਹੀ ਮਾਲਕ ਹੁੰਦੇ ਹਨ ਅਤੇ ਆਪ ਹੀ ਸਰਕਾਰ ਹੁੰਦੇ ਹਨ। ਇਸ ਲਈ ਇਹ ਜਿਹੜੇ ਆਦਮੀ ਚੁਣ ਲਏ ਜਾਂਦੇ ਹਨ ਇਹ ਲੋਕ-ਸੇਵਕ ਹੀ ਅਖਵਾਉਂਦੇ ਹਨ। ਨਾਂ ਤਾਂ ਇਹ ਮਾਲਕ ਬਣ ਜਾਂਦੇ ਹਨ ਅਤੇ ਨਾਂ ਹੀ ਇਹ ਹਾਕਮਾਂ ਵਾਲਾ ਦਰਜਾ ਹਾਸਲ ਕਰ ਪਾਉਂਦੇ ਹਨ। ਮਾਲਕ ਹਮੇਸ਼ਾਂ ਹੀ ਮੁਲਕ ਦੇ ਲੋਕੀਂ ਹੀ ਰਹਿੰਦੇ ਹਨ ਅਤੇ ਇਹ ਸਰਕਾਰੀ ਕੁਰਸੀਆਂ ਉਤੇ ਬੈਠੇ ਲੋਕਾਂ ਦਾ ਦਰਜਾ ਫਿਰ ਵੀ ਲੋਕ-ਸੇਵਕ ਹੀ ਰਹਿੰਦਾ ਹੈ ।

ਅਸੀਂ ਦੁਨੀਆਂ ਭਰ ਵਿੱਚ ਇਹ ਐਲਾਨ ਕਰ ਰਖਿਆ ਹੈ ਕਿ ਅਸੀਂ ਪਰਜਾਤੰਤਰ ਦੇਸ਼ ਹਾਂ ਅਤੇ ਅਸੀਂ ਇਹ ਵੀ ਆਖ ਰਹੇ ਹਾਂ ਕਿ ਸਤ ਦਹਾਕਿਆਂ ਤੋਂ ਅਸੀਂ ਇਹ ਦੇਸ਼ ਪਰਜਾਤੰਤਰ ਹੀ ਰਖਿਆ ਹੈ। ਇਕ ਵਾਰੀਂ ਐਮਰਜੈਂਸੀ ਲਗੀ ਸੀ, ਪਰ ਅਜ ਤਕ ਅਸੀਂ ਉਸ ਸਮੇਂਂ ਨੂੰ ਲਾਅਨਤਾ ਪਾ ਰਹੇ ਹਾਂ ਅਤੇ ਚਾਹ ਰਹੇ ਹਾਂ, ਐਸਾ ਵਕਤ ਫਿਰ ਕਦੀ ਨਾ ਆਵੇ।

ਹਰ ਪੰਜਾਂ ਸਾਲਾਂ ਬਾਅਦ ਅਸੀਂ ਚੋਣਾਂ ਕਰਵਾ ਰਹੇ ਹਾਂ ਅਤੇ ਹਰ ਪੰਜ ਸਾਲਾਂ ਬਾਅਦ ਇਹ ਚੋਣਾਂ ਫਿ਼ਰ ਕਰਵਾਈਆਂ ਜਾਂਦੀਆਂ ਹਨ ਤਾਂਕਿ ਅਗਰ ਚੁਣੀ ਗਈ ਸਰਕਾਰ ਨੇ ਠੀਕ ਠਾਕ ਕੰਮ ਨਹੀਂ ਕੀਤਾ ਤਾਂ ਸਰਕਾਰ ਬਦਲ ਵੀ ਦਿੰਦੇ ਹਾਂ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਹ ਸਾਡੀਆਂ ਆਪਣੀਆਂ ਹੀ ਚੁਣੀਆਂ ਸਰਕਾਰਾਂ ਜਿਹੜੇ ਵੀ ਕੰਮ ਕਰਦੀਆਂ ਹਨ, ਕੁਲ ਮਿਲਾਕੇ ਸਾਡੀ ਪਸੰਦ ਦੇ ਕੰਮ ਨਹੀਂ ਕਰਦੀਆਂ ਅਤੇ ਆਜ਼ਾਦੀ ਅਤੇ ਇਸ ਪਰਜਾਤੰਤਰ ਦੇ ਆ ਜਾਣ ਬਾਅਦ ਵੀ ਇਸ ਮੁਲਕ ਵਿੱਚ ਸਰਕਾਰ ਖਿਲਾਫ ਕਦੀ ਜਲਸੇ ਕੀਤੇ ਜਾਂਦੇ ਹਨ, ਕਦੀ ਜਲੂਸ ਕਢੇ ਜਾਂਦੇ ਹਨ, ਕਦੀ ਰੈਲੀਆਂ ਕੀਤੀਆਂ ਜਾਂਦੀਆਂ ਹਨ, ਕਦੀ ਹੜਤਾਲਾਂ ਕੀਤੀਆਂ ਜਾਂਦੀਆਂ ਹਨ ਅਤੇ ਅਖਬਾਰਾਂ ਵਿੱਚ ਵੀ ਸਰਕਾਰ ਖਿਲਾਫ ਬਹੁਤ ਕੁਝ ਬੋਲਿਆ ਜਾਂਦਾ ਹੈ। ਕੁਝ ਹਦ ਤਕ ਇਹ ਵੀ ਸਚ ਹੈ ਕਿ ਇਹ ਬਹੁਤੀਆਂ ਕਾਰਵਾਈਆਂ ਵਿਰੋਧੀ ਧਿਰਾਂ ਕਰਵਾ ਰਹੀਆਂ ਹਨ, ਪਰ ਲੋਕਾਂ ਦਾ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਲੋਕੀਂ ਵੀ ਕੁਝ ਹਦ ਤਕ ਵਿਰੋਧੀ ਪਾਰਟੀਆਂ ਨਾਲ ਸਹਮਤ ਹਨ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਨੇ ਜਿਹੜਾ ਵੀ ਕੰਮ ਕੀਤਾ ਹੈ ਉਹ ਪੂਰਾ ਠੀਕ ਠਾਕ ਨਹੀਂ ਹੈ। ਇਥੇ ਆਕੇ ਇਹ ਸੋਚਣਾ ਪੈ ਰਿਹਾ ਹੈ ਕਿ ਸਰਕਾਰ ਕੰਮ ਕਰੇ ਤਾਂ ਕਰੇ ਕਿਸ ਤਰ੍ਹਾਂ ਜਿਸ ਨਾਲ ਲੋਕਾਂ ਦੀ ਪਸੰਦ ਦਾ ਕੰਮ ਹੋਵੇ।

ਇਹ ਠੀਕ ਹੈ ਕਿ ਸਰਕਾਰ ਵਿੱਚ ਸ਼ਾਮਲ ਲੋਕਾਂ ਦੀ ਚੋਣ ਲੋਕਾਂ ਨੇ ਹੀ ਕੀਤੀ ਸੀ, ਪਰ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਇਹ ਆਦਮੀ ਜੋ ਮਰਜ਼ੀ ਹੈ ਕਰੀ ਜਾਣ। ਇਹ ਹਾਲਾਂ ਵੀ ਲੋਕ-ਸੇਵਕ ਹਨ ਅਤੇ ਇਸ ਲਈ ਲੋਕ ਰਾਏ ਪਤਾ ਕਰਨਾ ਇੰਨਾਂ ਦਾ ਪਹਿਲਾਂ ਫਰਜ਼ ਬਣਦਾ ਹੈ। ਇਹ ਲੋਕ ਰਾਏ ਜਾਣਨ ਲਈ ਸਰਕਾਰ ਆਪਣਾ ਇਰਾਦਾ ਲੋਕਾ ਸਾਹਮਣੇ ਰਖੇ ਅਤੇ ਕੁਝ ਚਿਰ ਅਖਬਾਰਾਂ ਰਾਹੀਂ ਜਾਂ ਲੋਕਾਂ ਨੇ ਬੈਠਕਾਂ ਕਰਕੇ ਜਿਹੜੀਆਂ ਗਲਾਂ ਆਖੀਆਂ ਹਨ ਉਹ ਧਿਆਨ ਵਿੱਚ ਰਖਣੀਆਂ ਚਾਹੀਦੀਆਂ ਹਨ। ਸਦਨਾ ਵਿੱਚ ਵਿਰੋਧੀ ਪਾਰਟੀਆਂ ਵੀ ਹਨ ਅਤੇ ਉਨ੍ਹਾਂ ਨੂੰ ਵਖਰਾ ਮੋਕਾ ਵੀ ਦਿਤਾ ਜਾਣਾ ਚਾਹੀਦਾ ਹੈ ਅਤੇ ਸਦਨ ਵਿੱਚ ਜਿਤਨੇ ਵੀ ਮੈਂਬਰ ਹਨ ਪਾਰਟੀਮੁਕਤ ਹੋਕੇ ਬਹਿਸ ਵਿੱਚ ਹਿਸਾ ਲੈਣ ਅਤੇ ਫਿਰ ਸਦਨ ਵਿੱਚ ਵੋਟਾਂ ਵੀ ਪਾਰਟੀਮੁਕਤ ਹੋਕੇ ਪਾਈਆਂ ਜਾਣ। ਕਿਸੇ ਵੀ ਵਿਧਾਇਕ ਉਤੇ ਪਾਰਟੀ ਦਾ ਦਬਾਉ ਨਾ ਪਵੇ ਅਤੇ ਨਾ ਹੀ ਕੋਈ ਵਿਹਪ ਹੀ ਜਾਰੀ ਕੀਤਾ ਜਾਵੇ। ਅਸੀਂ ਇਹ ਦੇਖ ਰਹੇ ਹਾਂ ਕਿ ਸਾਡੀਆਂ ਸਦਨਾ ਸਿਰਫ ਨਾਮ ਦੀਆ ਹੀ ਹਨ ਅਤੇ ਇਥੇ ਹਾਲਾਂ ਵੀ ਜਾਂ ਤਾਂ ਪਾਰਟੀ ਦਾ ਰਾਜ ਚਲਦਾ ਹੈ ਜਾਂ ਕਿਸੇ ਵਿਅਕਤੀਵਿਸ਼ੇਸ਼ ਦਾ ਰਾਜ ਹੀ ਚਲਦਾ ਹੈ। ਇਹ ਤਰੀਕਾ ਪਰਜਾਤੰਤਰ ਨਹੀਂ ਰਹਿੰਦਾ ਅਤੇ ਨਾ ਹੀ ਅਸੀਂ ਵਿਧਾਇਕਾਂ ਪਾਸੋਂ ਕੋਈ ਕੰਮ ਹੀ ਲੈ ਪਾ ਰਹੇ ਹਾਂ। ਅਰਥਾਤ ਇਤਨਾ ਵਡਾ ਖਰਚਾ ਅਸੀਂ ਵੋਟਾ ਉਤੇ ਕੀਤਾ ਸੀ ਅਤੇ ਹੁਣ ਹਰ ਵਿਧਾਇਕ ਨੂੰ ਤਨਖਾਹ ਵੀ ਦੇ ਰਹੇ ਹਾਂ ਅਤੇ ਕਲ ਪੈਨਸ਼ਨਾਂ ਵੀ ਦਿਆਂਗੇ। ਇਹ ਵਿਚਾਰੇ ਸਦਨ ਵਿੱਚ ਪਾਰਟੀ ਜਾਂ ਵਿਅਕਤੀਵਿਸ਼ੇਸ਼ ਦੇ ਗੁਲਾਮ ਬਣ ਜਾਂਦੇ ਹਨ ਅਤੇ ਨਾ ਹੀ ਆਪਣੀ ਮਰਜ਼ੀ ਨਾਲ ਬੋਲ ਸਕਦੇ ਹਨ ਅਤੇ ਨਾ ਹੀ ਕਿਸੇ ਮਸਲੇ ਦੇ ਹਕ ਵਿੱਚ ਜਾਂ ਵਿਰੋਧ ਵਿੱਚ ਆਪਣੀ ਮਰਜ਼ੀ ਨਾਲ ਵੋਟ ਹੀ ਪਾ ਸਕਦੇ ਹਨ।

ਇਹ ਜਿਹੜਾ ਵੀ ਸਿਲਸਿਲਾ ਸਾਡੇ ਮੁਲਕ ਵਿੱਚ ਬਣ ਆਇਆ ਹੈ ਇਹ ਪਰਜਾਤੰਤਰੀ ਨਹੀਂ ਹੈ। ਇਉਂ ਲਗਦਾ ਹੈ ਕਿ ਇਥੇ ਇਹ ਜਿਹੜਾ ਵੀ ਰਾਜ ਆਇਆ ਹੈ ਇਹ ਹਕੂਮਤ ਹੀ ਹੈ ਅਤੇ ਇਹ ਵੋਟਾਂ ਵਾਲੀ ਗਲ ਵੀ ਮਹਿਜ਼ ਰਸਮੀ ਜਿਹਾ ਹੈ ਜਿਸ ਨਾਲ ਅਸੀਂ ਦੁਨੀਆਂ ਭਰ ਅਗੇ ਇਹ ਐਲਾਨ ਕਰ ਸਕੀਏ ਕਿ ਅਸੀਂ ਵੀ ਪਰਜਾਤੰਤਰ ਹਾਂ।

ਸ੍ਰੀ ਜਵਾਹਰ ਲਾਲ ਜੀ ਦੇ ਵਕਤਾਂ ਵਿੱਚ ਇਥੇ ਪਰਜਾਤੰਤਰ ਆਇਆ ਸੀ ਅਤੇ ਨਹਿਰੂ ਜੀ ਨੇ ਆਪਣੇ ਵਕਤ ਵਿੱਚ ਸਦਨ ਵਿੱਚ ਵੀ ਪਰਜਾਤੰਤਰ ਬਣਾ ਰਖਿਆ ਸੀ ਅਤੇ ਮਨਮਾਨੀਆਂ ਨਹੀਂ ਸਨ ਕੀਤੀਆਂ, ਪਰ ਨਹਿਰੂ ਜੀ ਤੋਂ ਬਾਅਦ ਬਹੁਤ ਕੁਝ ਪਰਜਾਤੰਰੀ ਨਹੀਂ ਰਿਹਾ ਅਤੇ ਇਹ ਵਿਅਕਤੀਵਿਸ਼ੇਸ਼ ਸਦਨ ਦੀ ਮਨਜ਼ੂਰੀ ਬਗੈਰ ਵੀ ਬਹੁਤ ਕੁਝ ਆਪ ਹੀ ਕਰਦੇ ਰਹੇ ਹਨ, ਜਦਕਿ ਇਹ ਮਸਲੇ ਵੀ ਅਗਰ ਸਦਨ ਵਿੱਚ ਆ ਜਾਂਦੇ ਤਾਂ ਜੋ ਵੀ ਮਾੜਾ ਕੀਤਾ ਗਿਆ ਸੀ, ਸ਼ਾਇਦ ਨਾ ਕੀਤਾ ਜਾਂਦਾ। ਲੋੁਕਾਂ ਦਾ ਰਾਜ ਹੈ ਅਤੇ ਇਹ ਸਿਰਫ ਸਰਕਾਰਾਂ ਚੁਣਨ ਤਕ ਹੀ ਸੀਮਤ ਨਹੀਂ ਹੈ ਅਤੇ ਨਾ ਹੀ ਚੋਣਾ ਬਾਅਦ ਲੋਕਾਂ ਦੀ ਮਾਲਕੀ ਹੀ ਖਤਮ ਕਰ ਦਿਤੀ ਜਾਂਦੀ ਹੈ। ਲੋਕ ਮਾਲਕ ਹੀ ਰਹਿੰਦੇ ਹਨ ਇਸ ਲਈ ਮੁਲਕ ਲਈ ਜਿਹੜਾ ਵੀ ਵਡਾ ਫੈਸਲਾ ਕਰਨਾ ਹੈ ਪਹਿਲਾਂ ਲੋਕਾਂ ਤਕ ਪੁਚਾਇਆ ਜਾਵੇ, ਲੋਕਾਂ ਦੀ ਰਾਏ ਲਿਤੀ ਜਾਵੇ ਅਤੇ ਫਿਰ ਵਿਰੋਧੀਆਂ ਪਾਸ ਵੀ ਮਸਦਲ ਦੇਸ ਦਿਤਾ ਜਾਵੇ ਅਤੇ ਅਗਰ ਫਿਰ ਪਾਰਟੀਮੁਕਤ ਹੋਕੇ ਸਦਨ ਵਿੱਚ ਵੀ ਵਿਚਾਰਿਆ ਜਾਵੇ ਤਾਂ ਕੁਝਾਂ ਗਲ ਬਣਦੀ ਹੈ। ਸਰਕਾਰੀ ਪਾਰਟੀ ਪਾਸ ਆਮ ਤੋਰ ਤੇ ਬਹੁਮਤ ਹੁੰਦਾ ਹੈ ਅਤੇ ਹਰ ਬਿਲ ਪਾਸ ਕਰਵਾਇਆ ਜਾ ਸਕਦਾ ਹੈ। ਇਹ ਜਲਦੀ ਜਲਦੀ ਵਿੱਚ ਕੀਤੇ ਕੰਮ ਠੀਕ ਵੀ ਹੋ ਸਕਦੇ ਹਨ, ਪਰ ਇਹ ਪਰਜਾਤੰਤਰੀ ਤਰੀਕਾ ਨਹੀਂ ਹੈ। ਇਹ ਬਦਲ ਦਿਤਾ ਜਾਣਾ ਚਾਹੀਦਾ ਹੈ।

ਸਾਡੇ ਮੁਲਕ ਵਿੱਚ ਵਿਰੋਧੀ ਧਿਰਾਂ ਨੂੰ ਵੀ ਆਪਣਾ ਰਵਈਆਂ ਬਦਲਣਾ ਪਵੇਗਾ ਅਤੇ ਸਿਰਫ ਵਿਰੋਧ ਅਤੇ ਸਿਰਫ ਵਿਰੋਧ ਕਰੀ ਜਾਣਾ ਵੀ ਕੋਈ ਸਿਆਣਪ ਨਹੀਂ ਹੈ। ਵਿਰੋਧੀ ਧਿਰਾਂ ਵੀ ਲੋਕ-ਸੇਵਕ ਹੀ ਹਨ ਉਨ੍ਹਾਂ ਦਾ ਦਰਜਾ ਵੀ ਲੋਕ-ਸੇਵਕਾਂ ਵਾਲਾ ਹੀ ਰਹਿੰਦਾ ਹੈ। ਸੋਚ ਸਮਝਕੇ ਪੇਸ਼ ਕੀਤੇ ਬਿਲ ਉਤੇ ਆਪਣੇ ਰਾਏ ਦੇਣ ਅਤੇ ਇਹ ਸਿਰਫ ਵਿਰੋਧਤਾ ਕਰੀ ਜਾਣਾ ਹੀ ਕੋਈ ਰਾਜਨੀਤੀ ਨਹੀਂ ਹੈ।

101-ਸੀ ਵਿਕਾਸ ਕਲੋਨੀ

ਪਟਿਆਲਾ-ਪੰਜਾਬ-ਭਾਰਤ

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: