Wed. Jul 24th, 2019

ਲੋਕ ਸਭਾ ਹਲਕਾ ਸੰਗਰੂਰ ਤੋ ਢੀਂਡਸਾ ਪਰਿਵਾਰ ਨੂੰ ਹੀ ਚੋਣ ਮੈਦਾਨ ਵਿੱਚ ਕਿਉਂ ਉਤਾਰਨਾ ਚਾਹੁੰਦਾ ਹੈ ਸੁਖਬੀਰ ਸਿੰਘ ਬਾਦਲ

ਲੋਕ ਸਭਾ ਹਲਕਾ ਸੰਗਰੂਰ ਤੋ ਢੀਂਡਸਾ ਪਰਿਵਾਰ ਨੂੰ ਹੀ ਚੋਣ ਮੈਦਾਨ ਵਿੱਚ ਕਿਉਂ ਉਤਾਰਨਾ ਚਾਹੁੰਦਾ ਹੈ ਸੁਖਬੀਰ ਸਿੰਘ ਬਾਦਲ

17ਵੀਂ ਲੋਕ ਸਭਾ ਲਈ ਆਮ ਚੋਣਾਂ ਦੇ ਸੰਦਰਭ ਵਿੱਚ ਜੇਕਰ ਗੱਲ ਲੋਕ ਸਭਾ ਹਲਕਾ ਸੰਗਰੂਰ ਦੀ ਕੀਤੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਾਲਤ ਬੇਹੱਦ ਮਾੜੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੁੱਝ ਵਿਸ਼ੇਸ਼ ਲਾਭ ਮਿਲਣੇ ਵੀ ਸੁਭਾਵਕ ਹਨ,ਜਿੰਨਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੋਗਦਾਨ ਜ਼ਿਕਰਯੋਗ ਰਹੇਗਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਨਾਲ ਸਬੰਧਿਤ ਹੋਣ ਕਰਕੇ ਅਕਾਲੀ ਦਲ ਦੇ ਉਮੀਦਵਾਰ ਲਈ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ,ਕਿਉਂਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰਕੇ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵੋਟਰਾਂ ਤੇ ਵੱਡਾ ਪ੍ਰਭਾਵ ਰੱਖਦੀ ਹੈ,ਜਿਸ ਦੇ ਅਸੀਮ ਸਾਧਨ ਅਕਾਲੀ ਉਮੀਦਵਾਰਾਂ ਲਈ ਹਮੇਸ਼ਾ ਦੀ ਤਰਾਂ ਇਸ ਵਾਰੀ ਵੀ ਬਿਨਾ ਝਿਜਕ ਵਰਤੇ ਜਾਣੇ ਹਨ,ਬਲਕਿ ਇਸ ਵਾਰੀ ਅਕਾਲੀ ਦਲ ਦੀ ਹਾਲਤ ਪਾਣੀਓਂ ਪਤਲੀ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿਆਦਾ ਦੁਰਵਰਤੋਂ ਕੀਤੀ ਜਾਵੇਗੀ।
ਦੂਸਰਾ ਇੱਕ ਵੱਡਾ ਲਾਹਾ ਇਹ ਵੀ ਹੋਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਧੀ ਦਖ਼ਲਅੰਦਾਜ਼ੀ ਅਤੇ ਸਾਧਨਾਂ ਦੀ ਦੁਰਵਰਤੋਂ ਕਿਸੇ ਚੋਣ ਜਾਪਤੇ ਦੀ ਉਲੰਘਣਾ ਤੋ ਬਾਹਰ ਰਹਿ ਜਾਂਦੀ ਹੈ।ਇਸ ਸਭ ਦੇ ਬਾਵਜੂਦ ਵੀ ਜੇਕਰ ਗੱਲ ਇਸ ਹਲਕੇ ਤੋ ਅਕਾਲੀ ਉਮੀਦਵਾਰ ਦੀ ਕਰੀਏ ਤਾਂ ਸ੍ਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਤੋ ਕਿਨਾਰਾ ਕਰਨ ਤੋ ਬਾਅਦ ਇੱਥੇ ਅਕਾਲੀ ਦਲ ਲਈ ਉਮੀਦਵਾਰ ਖੜਾਂ ਕਰਨਾ ਵੀ ਵੱਡੀ ਸਮੱਸਿਆ ਬਣੀ ਹੋਈ ਹੈ।ਇਹ ਵੀ ਇਤਫ਼ਾਕ ਦੀ ਗੱਲ ਹੈ ਕਿ ਸੰਗਰੂਰ ਸੀਟ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਕੇ ਤਿੰਨ ਵਾਰ ਪਾਰਲੀਮੈਂਟ ਮੈਂਬਰ ਬਣਨ ਵਾਲੇ ਸੁਰਜੀਤ ਸਿੰਘ ਬਰਨਾਲਾ ਅਤੇ ਅਕਾਲੀ ਦਲ ਦੇ ਸਕੱਤਰ ਜਨਰਲ ਰਹੇ ਸੁਖਦੇਵ ਸਿੰਘ ਢੀਂਡਸਾ ਵਿੱਚ ਮੁਕਾਬਲੇਬਾਜ਼ੀ ਹੁੰਦੀ ਰਹੀ ਹੈ,ਅਤੇ ਇਸ ਮੁਕਾਬਲੇ ਵਿੱਚ ਢੀਂਡਸਾ ਪਰਿਵਾਰ ਬਰਨਾਲਾ ਪਰਿਵਾਰ ਨੂੰ ਮਾਤ ਦੇਣ ਵਿੱਚ ਸਫਲ ਵੀ ਹੁੰਦਾ ਰਿਹਾ ਹੈ।ਲੋਕ ਸਭਾ ਹਲਕੇ ਦੀ ਚੌਧਰ ਨੂੰ ਲੈ ਕੇ ਵੀ ਸ੍ਰ ਢੀਂਡਸਾ,ਬਰਨਾਲਾ ਪਰਿਵਾਰ ਲਈ ਹਮੇਸ਼ਾ ਮੁਸੀਬਤ ਬਣਦਾ ਰਿਹਾ ਤੇ ਖੂੰਜੇ ਲਾਕੇ ਰੱਖਦਾ ਰਿਹਾ ਹੈ,ਇੱਥੋਂ ਤੱਕ ਕਿ ਬਰਨਾਲਾ ਪਰਿਵਾਰ ਨੂੰ ਸਿਆਸੀ ਤੌਰ ਤੇ ਖ਼ਤਮ ਕਰਨ ਵਿੱਚ ਸ੍ਰ ਢੀਂਡਸਾ ਦੀ ਅਹਿਮ ਭੂਮਿਕਾ ਰਹੇ ਹੈ,ਪ੍ਰੰਤੂ ਅੱਜ ਉਹ ਹੀ ਸੁਖਦੇਵ ਸਿੰਘ ਢੀਂਡਸਾ ਦਾ ਪਰਿਵਾਰ ਖ਼ੁਦ ਹੀ ਦੋ-ਫਾੜ ਹੁੰਦਾ ਨਜ਼ਰ ਆ ਰਿਹਾ ਹੈ,ਕਿਉਂਕਿ ਸ੍ਰ ਢੀਂਡਸਾ ਆਪ ਤੇ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਅਕਾਲੀ ਦਲ ਦੀ ਟਿਕਟ ਤੋ ਚੋਣ ਲੜਾਏ ਜਾਣ ਦੇ ਹੱਕ ਵਿੱਚ ਨਹੀਂ ਹੈ।
ਦੱਸਣਾ ਬਣਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਵਿੱਚ ਦੋਸ਼ੀ ਪਾਏ ਜਾਣ ਤੋ ਬਾਅਦ ਲੋਕ ਮਨਾਂ ਤੋਂ ਉੱਤਰ ਚੁੱਕੇ ਬਾਦਲ ਪਰਿਵਾਰ ਨੂੰ ਸ੍ਰ ਸੁਖਦੇਵ ਸਿੰਘ ਢੀਂਡਸਾ ਨੇ ਅਲਵਿਦਾ ਕਹਿ ਦਿੱਤੀ ਸੀ,ਪਰੰਤੂ ਉਨ੍ਹਾਂ ਦੇ ਬੇਟੇ ਨੇ ਉਸ ਮੌਕੇ ਵੀ ਅਕਾਲੀ ਦਲ ਦਾ ਪੱਲਾ ਫੜੀ ਰੱਖਿਆ ਸੀ।ਜਿਵੇਂ ਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਇਹ ਦੋਸ਼ ਸਿੱਧੇ ਤੌਰ ਤੇ ਲਗਦੇ ਰਹੇ ਹਨ ਕਿ ਸ੍ਰ ਬਾਦਲ ਨੇ ਆਪਣੇ ਮੁਫਾਦਾਂ ਖ਼ਾਤਰ ਕੋਈ ਵੀ ਹੱਦ ਪਾਰ ਕਰਨ ਤੋ ਕਦੇ ਵੀ ਗੁਰੇਜ਼ ਨਹੀਂ ਕੀਤਾ,ਫਿਰ ਉਹ ਭਾਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੀ ਕਿਉਂ ਨਾ ਹੋਣ।
ਸ੍ਰ ਬਾਦਲ ਤੇ ਇਹ ਦੋਸ਼ ਵੀ ਲੱਗਦੇ ਰਹੇ ਹਨ ਕਿ ਉਨ੍ਹਾਂ ਨੇ ਕੋਈ ਵੀ ਸਿੱਖ ਸੰਸਥਾ ਇੱਕ ਨਹੀਂ ਰਹਿਣ ਦਿੱਤੀ,ਆਪਣੀ ਚੌਧਰ ਨੂੰ ਬਣਾਈ ਰੱਖਣ ਲਈ ਸ੍ਰ ਬਾਦਲ ਨੇ ਸਭ ਨੂੰ ਸੰਨ ਲਾਕੇ ਖੋਖਲਾ ਕੀਤਾ ਹੋਇਆ ਹੈ।ਜਿਸ ਦੇ ਫਲ ਸਰੂਪ ਸਮੁੱਚੀਆਂ ਸਿੱਖ ਸੰਸਥਾਵਾਂ ਦੋ ਫਾੜ ਹੋਣ ਦੀ ਵਜ੍ਹਾ ਨਾਲ ਕਮਜ਼ੋਰ ਹੋਕੇ ਅੱਜ ਸ੍ਰ ਬਾਦਲ ਦੇ ਅਧੀਨ ਚੱਲ ਰਹੀਆਂ ਹਨ,ਉਹ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ,ਜਿਹੜੀ ਪੰਥ ਦੇ ਦੋ ਫਾੜ ਹੋਣ ਕਰਕੇ ਹੀ ਬਾਦਲ ਦੇ ਕਬਜ਼ੇ ਵਿੱਚ ਹੈ,ਚੀਫ਼ ਖ਼ਾਲਸਾ ਦੀਵਾਨ ਹੋਵੇ,ਨਿਹੰਗ ਜਥੇਬੰਦੀ 96 ਕਰੋੜੀ ਬੁੱਢਾ ਦਲ ਹੋਵੇ,ਸਿੱਖ ਵਿਦਿਆਰਥੀ ਜਥੇਬੰਦੀਆਂ ਹੋਣ ਜਾਂ ਫਿਰ ਦਮਦਮੀ ਟਕਸਾਲ ਹੋਵੇ।ਸ੍ਰ ਬਾਦਲ ਦੀ ਇਹੋ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਜਿੱਥੇ ਹੁਣ ਤੱਕ ਸਾਰੀਆਂ ਵਿਰੋਧੀ ਧਿਰਾਂ ਤੇ ਭਾਰੂ ਰਹੀ ਹੈ,ਓਥੇ ਮੌਜੂਦਾ ਹਾਲਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਰਾਸ ਆਉਂਦੀ ਜਾਪਦੀ ਹੈ।
ਸ੍ਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋ ਅਕਾਲੀ ਦਲ ਬਾਦਲ ਦੀ ਤਰਫ਼ੋਂ ਚੋਣ ਲੜਨ ਤੋ ਕੋਰੀ ਨਾਂਹ ਕਰਨ ਦੇ ਬਾਵਜੂਦ ਜੋ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ,ਉਹ ਦੇ ਪਿੱਛੇ ਵੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਦਿਮਾਗ਼ ਚੱਲਦਾ ਪ੍ਰਤੀਤ ਹੁੰਦਾ ਹੈ। ਇਹ ਦਾ ਕਾਰਨ ਇਹ ਹੈ ਕਿ ਸ੍ਰ ਬਾਦਲ ਇਹ ਗੱਲ ਚੰਗੀ ਤਰਾਂ ਸਮਝਦੇ ਹਨ,ਕਿ ਸੁਖਦੇਵ ਸਿੰਘ ਢੀਂਡਸਾ ਦਾ ਲੋਕ ਸਭਾ ਸੰਗਰੂਰ ਅੰਦਰ ਮਜ਼ਬੂਤ ਜਨ ਆਧਾਰ ਹੈ,ਜੇਕਰ ਢੀਂਡਸਾ ਪਰਿਵਾਰ ਚੋਣ ਨਹੀਂ ਲੜਦਾ,ਤਾਂ ਇਸ ਦਾ ਸਿੱਧਾ ਸਿੱਧਾ ਲਾਭ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੇਗਾ ਜਾਂ ਕਾਂਗਰਸ ਦੇ ਉਮੀਦਵਾਰ ਨੂੰ,ਇਸ ਲਈ ਉਹ ਕਦੇ ਵੀ ਨਹੀਂ ਚਾਹੁਣਗੇ ਕਿ ਸੰਗਰੂਰ ਲੋਕ ਸਭਾ ਹਲਕੇ ਤੋ ਕਿਸੇ ਹੋਰ ਉਮੀਦਵਾਰ ਨੂੰ ਚੋਣ ਲੜਾਕੇ ਬਲੀ ਦਾ ਬੱਕਰਾ ਬਣਾਇਆ ਜਾਵੇ।
ਇਸ ਵੇਲੇ ਸ੍ਰ ਬਾਦਲ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਪੂਰੀ ਤਿਆਰੀ ਵਿੱਚ ਹੈ,ਇੱਕ ਤਾਂ ਉਹ ਚਾਹੁੰਦਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਚ ਉਤਾਰ ਕੇ ਜਿੱਥੇ ਚੰਗੀ ਟੱਕਰ ਦਿੱਤੀ ਜਾਵੇਗੀ,ਓਥੇ ਉਨ੍ਹਾਂ ਦੇ ਪਰਿਵਾਰ ਨੂੰ ਦੁਫਾੜ ਹੋ ਕੇ ਹਾਰ ਜਾਣ ਨਾਲ ਉਨ੍ਹਾਂ ਦੀ ਸਿਆਸੀ ਤਾਕਤ ਨੂੰ ਕਮਜ਼ੋਰ ਵੀ ਕੀਤਾ ਜਾ ਸਕੇਗਾ,ਜਿਹੜੀ ਹਮੇਸ਼ਾ ਬਾਦਲ ਪਰਿਵਾਰ ਲਈ ਚੁਨੌਤੀ ਬਣਦੀ ਰਹੀ ਹੈ।
ਜੇਕਰ ਸੁਖਬੀਰ ਬਾਦਲ,ਪਰਮਿੰਦਰ ਨੂੰ ਉਨ੍ਹਾਂ ਦੇ ਪਿਤਾ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਚੋਣ ਲੜਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਹੀ ਪਾਰਟੀ ਦੇ ਸੀਨੀਅਰ ਅਕਾਲੀ ਆਗੂਆਂ ਦੇ ਪਰਿਵਾਰਾਂ ਨੂੰ ਦੋਫਾੜ ਕਰਨ ਦੇ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਹੀ ਸਪਸ਼ਟ ਹੋ ਸਕੇਗਾ ਕਿ ਸ੍ਰ ਪਰਮਿੰਦਰ ਸਿੰਘ ਢੀਂਡਸਾ ਆਪਣੀ ਮਾਂ ਪਾਰਟੀ ਅਕਾਲੀ ਦਲ ਪ੍ਰਤੀ ਵਫ਼ਾਦਾਰੀ ਨਿਭਾਉਂਦੇ ਹਨ ਜਾਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕਰਕੇ ਚੋਣ ਲੜਨ ਤੋ ਕਿਨਾਰਾ ਕਰਨਗੇ।

ਬਘੇਲ ਸਿੰਘ ਧਾਲੀਵਾਲ
99142-58142

Leave a Reply

Your email address will not be published. Required fields are marked *

%d bloggers like this: