Wed. Aug 21st, 2019

ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਹੀ ਕਿਉਂ ਪੁਲਵਾਮਾ ਵਿਖੇ ਅੱਤਵਾਦੀਆਂ ਵਲੋਂ ਘਿਨਾਉਣਾ ਹਮਲਾ ਕੀਤਾ ਗਿਆ ?

ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਹੀ ਕਿਉਂ ਪੁਲਵਾਮਾ ਵਿਖੇ ਅੱਤਵਾਦੀਆਂ ਵਲੋਂ ਘਿਨਾਉਣਾ ਹਮਲਾ ਕੀਤਾ ਗਿਆ ?
ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਆਈ ਤਰੇੜ – ਪਾਕਿਸਤਾਨ ਦੇ ਨਾਲ ਚੀਨ ਵੀ ਦੋਸ਼ੀ

ਭਾਰਤ ਵਿਚ ਇਸ ਵਰ੍ਹੇ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਹੀ ਕਿਉਂ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸੀਆਰਪੀਐਫ ਦੇ ਜਵਾਨਾਂ ਦੇ ਕਾਫਲੇ ਤੇ ਜੈਸ਼ੇ ਮੁਹੰਮਦ ਦੇ ਅੱਤਵਾਦੀਆਂ ਵਲੋਂ ਘਿਨਾਉਣਾ ਹਮਲਾ ਕੀਤਾ ਗਿਆ ? ਕੀ ਕਿਸੇ ਸੋਚੀ ਸਮਝੀ ਸਾਜਿਸ਼ ਹੇਠ ਕੀਤਾ ਗਿਆ ? ਜਾਂ ਭਾਰਤੀ ਸੁਰੱਖਿਆ ਬਲਾਂ ਵਲੋਂ ਉਨ੍ਹਾਂ ਦੇ ਕੁਝ ਨੇਤਾ ਮਾਰ ਗਿਰਾਏ ਜਾਣ ਕਾਰਨ ਬੁਖਲਾਹਟ ਵਿਚ ਆਉਣ ਤੇ ਉਨ੍ਹਾਂ ਤੇ ਵਧੇ ਦਬਾਅ ਕਾਰਨ ਆਦਿ ਕੁਝ ਸੁਆਲ ਲੋਕ ਮਨਾ ਵਿਚ ਉਭਰ ਕੇ ਆ ਰਹੇ ਹਨ ਜੋ ਜੁਆਬ ਮੰਗਦੇ ਹਨ |
2002 ਵਿਚ ਭਾਰਤੀ ਪਾਰਲੀਮੈਂਟ ਤੇ ਹਮਲਾ ,2008 ਵਿਚ ਮੁੰਬਈ ਹਮਲਾ ਤੇ ਫਿਰ ਪਠਾਨਕੋਟ ਏਅਰ ਬੇਸ ਤੇ ਹੋਏ ਹਮਲੇ ਨੂੰ ਲੈ ਕੇ ਉਸ ਸਮੇਂ ਲੋਕਾਂ ਵਿਚ ਗੁੱਸਾ ਤੇ ਰੋਸ ਸੀ ਪਰ ਜਿਸ ਤਰ੍ਹਾਂ ਇਸ ਵਾਰ ਸਭ ਸਿਆਸੀ ਧਿਰਾਂ ਤੇ ਲੋਕ ਇਕਮੁੱਠ ਅਵਾਜ ਵਿਚ ਕਿਸੇ ਠੋਸ ਕਾਰਵਾਈ ਦੀ ਮੰਗ ਕਰ ਰਹੇ ਹਨ ਪਹਿਲਾਂ ਅਜਿਹਾ ਨਹੀਂ ਸੀ | ਚੋਣਾਂ ਤੋਂ ਪਹਿਲਾਂ ਅਜਿਹੇ ਹਮਲੇ ਪਿੱਛੇ ਭਾਵਨਾ ਸਿਆਸੀ ਹਲਕਿਆਂ ਵਿਚ ਆਪਾ ਵਿਰੋਧ ਵਾਲੀ ਸਤਿਥੀ ਪੈਦਾ ਕਰਨ ਦੀ ਹੋ ਸਕਦੀ ਹੈ |
ਮੋਦੀ ਸਰਕਾਰ ਨੇ ਕੁਝ ਵਰ੍ਹੇ ਪਹਿਲਾਂ ਕ੍ਰਾਸ ਬਾਰਡਰ ਸਟਰਾਈਕ ਕਰਕੇ ਅੱਤਵਾਦੀਆਂ ਦੇ ਟਿਕਾਣੇ ਨਸ਼ਟ ਕਰ ਦਿਤੇ ਸੀ ਤੇ ਇਸ ਨਾਲ ਪ੍ਰਾਈਮ ਮਨਿਸਟਰ ਮੋਦੀ ਦਾ ਸਿਆਸੀ ਕੱਦ ਵਧਿਆ ਸੀ ਤੇ ਉਹ ਕੁਝ ਰਾਜਾਂ ਵਿਚ ਹੋਈਆਂ ਚੌਣਾਂ ਵਿਚ ਵੱਡੀ ਪੱਧਰ ਤੇ ਜਿੱਤ ਹਾਸਿਲ ਕਰ ਗਏ ਸਨ | ਉਧਰ ਅੱਤਵਾਦੀਆਂ ਦਾ ਮਨੋਬਲ ਡਿਗਿਆ ਸੀ | ਇਸ ਵਾਰ ਫਿਰ ਲੋਕ ਪ੍ਰਾਈਮ ਮਨਿਸਟਰ ਮੋਦੀ ਤੋਂ ਕਿਸੇ ਠੋਸ ਕਾਰਵਾਈ ਦੀ ਉਮੀਦ ਰੱਖਦੇ ਹਨ ਤੇ ਸਾਰਾ ਦੇਸ਼ ਉਨ੍ਹਾਂ ਦੇ ਨਾਲ ਖੜਾ ਹੈ |
ਭਾਜਪਾ ਵਾਲੇ ਜਨਸੰਘ ਪਾਰਟੀ ਦੇ ਸਮੇਂ ਤੋਂ ਹੀ ਜੰਮੂ-ਕਸ਼ਮੀਰ ਲਈ ਵਿਸ਼ੇਸ਼ ਦਰਜਾ ਪ੍ਰਦਾਨ ਕਰਦੀ ਧਾਰਾ 370 ਨੂੰ ਖਤਮ ਕਰਨ ਦੀ ਮੰਗ ਕਰਦੇ ਰਹੇ ਹਨ ਪਰ ਸੱਤਾ ਵਿਚ ਆਉਣ ਦੇ ਬਾਅਦ ਇਹ ਮੁੱਦਾ ਠੰਡੇ ਬਸਤੇ ਵਿਚ ਉਨ੍ਹਾਂ ਪਾ ਲਿਆ | ਇਸ ਅਤਵਾਦੀ ਹਮਲੇ ਦੇ ਬਾਅਦ ਇਸ ਧਾਰਾ ਨੂੰ ਖਤਮ ਕਰਨ ਦੀ ਮੰਗ ਫਿਰ ਕੁਝ ਲੋਕ ਕਰਨ ਲੱਗ ਪਏ ਹਨ ਹੁਣ ਦੇਖੋ ਮੋਦੀ ਸਰਕਾਰ ਕੀ ਰੁੱਖ ਅਖਤਿਆਰ ਕਰਦੀ ਹੈ | ਉਧਰ ਕਸ਼ਮੀਰੀ ਅਲਗਵਾਦੀ ਨੇਤਾਵਾਂ ਦੀ ਸੁਰੱਖਿਆ ਤੇ ਹੁੰਦੇ 10 ਕਰੋੜ ਦੇ ਸਲਾਨਾ ਖਰਚ ਨੂੰ ਲੈ ਕੇ ਵੀ ਚਰਚਾ ਚੱਲ ਪਈ ਹੈ ਤੇ ਉਨ੍ਹਾਂ ਵਲੋਂ ਕਰੋੜਾਂ ਵਿਚ ਬਣਾਈ ਜਾਇਦਾਦ ਦੀ ਵੀ | ਇਹ ਕੁਝ ਬਹੁਤ ਸੰਵੇਦਨਸ਼ੀਲ ਮੁਦੇ ਹਨ |
ਇਸ ਹਮਲੇ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਤ੍ਰੇੜ ਆ ਗਈ ਹੈ ਇਸ ਵਾਰ ਇਹ ਤ੍ਰੇੜ ਜਲਦੀ ਭਰਨ ਵਾਲੀ ਨਹੀਂ ਲੱਗਦੀ | ਭਾਰਤ ਵਲੋਂ 1996 ਵਿਚ ਪਾਕਿਸਤਾਨ ਨੂੰ ਦਿੱਤਾ ਗਿਆ ਮੋਸ੍ਟ ਫੇਵਰਡ ਦੇਸ਼ ਦਾ ਰੁਤਬਾ ਭਾਰਤ ਨੇ ਰੱਦ ਕਰ ਦਿੱਤਾ ਹੈ | ਪਾਕਿਸਤਾਨ ਤੋਂ ਭਾਰਤ ਵਿਚ ਆਉਂਦੇ ਮਾਲ ਤੇ ਹੁਣ ਕਸਟਮ ਡਿਊਟੀ 200 ਫੀਸਦੀ ਹੋ ਜਾਵੇਗੀ | ਪਾਕਿਸਤਾਨ ਤੋਂ ਭਾਰਤ ਵਿਚ ਪ੍ਰਮੁੱਖ ਰੂਪ ਵਿਚ ਫਲ ਤੇ ਸੀਮਿੰਟ ਆਉਂਦੇ ਹਨ ਜਿਨ੍ਹਾਂ ਤੇ ਕਸਟਮ ਡਿਊਟੀ ਕ੍ਰਮਵਾਰ 30-50 ਫੀਸਦੀ ਤੇ 7.5 ਫੀਸਦੀ ਹੈ | ਭਾਰਤ ਨੇ ਡਿਪਲੋਮੈਟਿਕ ਪੱਧਰ ਤੇ ਰੋਸ ਪ੍ਰਗਟ ਕੀਤਾ ਹੈ,ਸਖ਼ਤ ਚੇਤਾਵਨੀ ਦੇ ਨਾਲ ਸੁਰੱਖਿਆ ਬਲਾਂ ਨੂੰ ਹਾਲਤ ਨਾਲ ਨਿਪਟਣ ਲਈ ਖੁਲੀ ਛੁਟੀ ਦੇ ਦਿਤੀ|
1960 ਵਿਚ ਹੋਇਆ ਇੰਡਸ ਪਾਣੀ ਸਮਝੌਤਾ ਰੱਦ ਕਰਨ ਦੀ ਵੀ ਉੱਠਣ ਲੱਗੀ ਮੰਗ ਜੇਕਰ ਅਜੇਹਾ ਹੋ ਜਾਂਦਾ ਹੈ ਤਾਂ ਪਾਕਿਸਤਾਨ ਦੀ ਆਰਥਿਕਤਾ ਤਬਾਹ ਹੋ ਜਾਵੇਗੀ |ਉਧਰ ਕਰਤਾਰਪੁਰ ਲਾਂਗੇ ਨੂੰ ਲੈਕੇ ਸਿੱਖ ਸੰਗਤ ਵੀ ਹੈ ਚਿੰਤਤ |ਪੰਜਾਬ ਤੇ ਰਾਜਿਸਥਾਨ ਦੇ ਲੋਕ ਵੀ ਚਿੰਤਤ ਖਾਸਕਰ ਬਾਰਡਰ ਏਰੀਆ ਦੇ ਲੋਕ | ਖੇਰ ਦੋਵੇਂ ਦੇਸ਼ ਐਟਮੀ ਸ਼ਕਤੀ ਵਾਲੇ ਦੇਸ਼ ਹਨ ਸਿੱਧੀ ਜੰਗ ਹੋਣੀ ਤਾਂ ਅਸੰਭਵ ਹੈ |
ਪੁਲਵਾਮਾ ਘਟਨਾ ਲਈ ਪਾਕਿਸਤਾਨ ਦੇ ਨਾਲ ਚੀਨ ਵੀ ਬਰਾਬਰ ਦਾ ਦੋਸ਼ੀ ਹੈ | ਇਸ ਹਮਲੇ ਦੇ ਦੋਸ਼ੀ ਜੈਸ਼ੇ ਮੁਹੰਮਦ ਦਾ ਟ੍ਰੇਨਿਗ ਸੈਂਟਰ ਬਹਾਵਾਲਪੁਰ ਵਿਖੇ ਹੈ ਤੇ ਇਸਦਾ ਸਰਗਨਾ ਮੌਲਾਨਾ ਮਸੂਦ ਅਜ਼ਹਰ ਸ਼ਰੇਆਮ ਪਾਕਿਸਤਾਨ ਵਿਚ ਪੈਸੇ ਇਕੱਠਾ ਕਰਦਾ ਹੈ ਜੋ ਉਥੋਂ ਦੇ ਬੈਂਕਾਂ ਵਿਚ ਜਮਾਂ ਹੁੰਦੇ ਹਨ ਸੋ ਪਾਕਿਸਤਾਨ ਕਿਸੇ ਰੂਪ ਵਿਚ ਆਪਣੀ ਜੁਮੇਵਾਰੀ ਤੋਂ ਭੱਜ ਨਹੀਂ ਸਕਦਾ | ਪਾਕਿਸਤਾਨ ਵਿਚਲੀ ਇਕ ਸੁਨੀ ਅਤਵਾਦੀ ਜਥੇਬੰਦੀ ਨੇ ਬੀਤੇ ਦਿਨੀ ਇਰਾਨ ਦੀ ਰੈਵੋਲੂਸ਼ਨਰੀ ਗਾਰਡ ਦੇ 27 ਮੈਂਬਰਾਂ ਦੀ ਹਤਿਆ ਕਰ ਦਿਤੀ ਸੀ | ਪਾਕਿਸਤਾਨ ਇੰਟਰਨੈਸ਼ਨਲ ਯੂਨੀਵਰਸਿਟੀ ਆਫ ਟੈਰਿਸਟ ਵਜੋਂ ਵੀ ਜਾਣਿਆ ਜਾਂਦਾ ਹੈ | ਜੇਕਰ ਚੀਨ ਦੀ ਗੱਲ ਕਰੀਏ ਤਾਂ ਚੀਨ ਨੇ ਹੀ ਯੂਐਨ ਵਿਚ ਮੌਲਾਨਾ ਮਸੂਦ ਅਜ਼ਹਰ ਨੂੰ ਗਲੋਬਲ ਟੈਰਿਸਟ ਵਜੋਂ ਐਲਾਨੇ ਜਾਣ ਵਾਲੇ ਮਤੇ ਨੂੰ ਵੀਟੋ ਕੀਤਾ ਸੀ ਜੇਕਰ ਉਹ ਅਜੇਹਾ ਨਾ ਕਰਦਾ ਤਾਂ ਪਾਕਿਸਤਾਨ ਤੇ ਕੌਮਾਂਤਰੀ ਦਬਾਅ ਵੱਧ ਸਕਦਾ ਸੀ ਕੇ ਉਹ ਅਤਵਾਦੀ ਸੰਘਠਨਾ ਨੂੰ ਪਨਾਹ ਨਾ ਦਵੇ | ਇਸ ਲਈ ਚੀਨ ਵੀ ਬਰਾਬਰ ਦਾ ਦੋਸ਼ੀ ਹੈ |
ਭਾਰਤ ਦੇ ਹਰ ਪ੍ਧਾਨ ਮੰਤਰੀ ਨੇ ਕਸ਼ਮੀਰ ਨੂੰ ਭਾਰਤ ਦੀ ਮੁੱਖਧਾਰਾ ਨਾਲ ਜੋੜੀ ਰੱਖਣ ਲਈ ਹਰ ਸੰਭਵ ਜਤਨ ਕੀਤਾ ਮੋਦੀ ਸਰਕਾਰ ਨੇ ਵੀ ਉਹੀ ਰਸਤਾ ਅਪਣਾਇਆ | ਇਸ ਵਾਰ ਇਸ ਘਟਨਾ ਨੂੰ ਲੈਕੇ ਲੋਕਾਂ ਵਿਚ ਭਾਰੀ ਗੁਸਾ ਤੇ ਰੋਸ ਹੈ ਉਹ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ | ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਸੰਭਵ ਹੈ ਪਰ ਜੇਕਰ ਹਾਲਾਤ ਗੱਲਬਾਤ ਵਾਲੇ ਹੋਣ |

ਸੁਰਿੰਦਰ ਢਿੱਲੋਂ
ਵਿਰਜੀਨੀਆ ( ਯੂ ਐਸ ਏ )

Leave a Reply

Your email address will not be published. Required fields are marked *

%d bloggers like this: