Thu. Jul 11th, 2019

ਲੋਕ ਨਿਰਮਾਣ ਵਿਭਾਗ ਵਿੱਚ ਕਾਰਜਕਾਰੀ ਇੰਜੀਨੀਅਰਾਂ ਦੀਆਂ ਪੱਦ ਉਨਤੀਆਂ ਦੀ ਪੜਤਾਲ ਕਰਨ ਦੀ ਮੰਗ

ਲੋਕ ਨਿਰਮਾਣ ਵਿਭਾਗ ਵਿੱਚ ਕਾਰਜਕਾਰੀ ਇੰਜੀਨੀਅਰਾਂ ਦੀਆਂ ਪੱਦ ਉਨਤੀਆਂ ਦੀ ਪੜਤਾਲ ਕਰਨ ਦੀ ਮੰਗ

ਪੰਜਾਬ ਲੋਕ ਨਿਰਮਾਣ ਵਿਭਾਗ ਦੀ ਐਸ. ਡੀ.ਈਜ਼ ਦੀ ਐਸੋਸੀਏਸ਼ਨ ਦੇ ਚੈਅਰਮੈਨ ਗੁਰਵਿੰਦਰ ਸਿੰਘ ਬੇਦੀ ਅਤੇ ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ, ਪੰਜਾਬ ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ ਨੇ ਇਲਜਾਮ ਲਗਾਇਆ ਹੈ ਕਿ ਵਿਭਾਗ ਵੱਲੋਂ ਚੋਣ ਕੋਡ ਲੱਗਣ ਤੋਂ ਇਕ ਦਿਨ ਪਹਿਲਾਂ ਵਿਸ਼ੇਸ਼ ਵਿਅਕਤੀਆਂ ਨੂੰ ਐਕਸੀਅਨ ਦੀਆਂ ਤਰੱਕੀਆਂ ਦੇਣ ਲਈ ਸਾਰੇ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਅਤੇ 30 ਅਪ੍ਰੈਲ ਨੂੰ ਹੀ ਸਾਰੇ ਚੈਨਲਾਂ ਵਿਚੋਂ ਲੰਘ ਕੇ ਰਾਤੋ ਰਾਤ 9 ਜੂਨੀਅਰ ਐਸ.ਡੀ.ਓ ਨੂੰ ਤਰੱਕੀ ਦੇ ਕੇ ਐਕਸ਼ੀਅਨ ਬਣਾ ਦਿੱਤਾ ਗਿਆ|
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਸਬ ਡਵੀਜਨਲ ਇੰਜੀਨੀਅਰਾਂ ਦੀ ਸੀਨੀਅਰਤਾ ਸੂਚੀ 23 ਮਈ, 2018 ਨੂੰ ਕੈਚ ਅਪ ਰੂਲ ਲਗਾਉਂਦੇ ਹੋਏ, ਫੀਡਰ ਕੇਡਰ ਦੀ ਸੀਨੀਅਰਤਾ ਦੇ ਅਧਾਰ ਤੇ ਫਾਈਨਲ ਕੀਤੀ ਗਈ ਸੀ| ਇਸ ਦੇ ਅਧਾਰ ਤੇ ਬਤੌਰ ਕਾਰਜਕਾਰੀ ਇੰਜੀਨੀਅਰਜ਼ ਪੱਦ ਉਨਤੀਆਂ ਕੀਤੀਆਂ ਜਾਣੀਆਂ ਬਣਦੀਆਂ ਸਨ, ਜਦੋਂ ਕਿ ਇਸ ਸੀਨੀਅਰਤਾ ਸੂਚੀ ਨੂੰ ਮੁੱੜ 26 ਅਪ੍ਰੈਲ, 2019 ਨੂੰ ਬਿਲਕੁਲ ਹੀ ਬਦਲ ਦਿੱਤਾ ਗਿਆ ਹੈ|
ਉਹਨਾਂ ਇਲਜਾਮ ਲਗਾਇਆ ਕਿ ਕੈਚ ਅਪ ਰੂਲ ਦੀ ਉਲੰਘਣਾ ਕਰਦੇ ਹੋਏ ਇਹ ਸੀਨੀਆਰਤਾ ਸੂਚੀ ਤਿਆਰ ਕੀਤੀ ਗਈ ਹੈ ਅਤੇ ਫੀਡਰ ਕੇਡਰ ਦੀ ਸੀਨੀਅਰਤਾ ਦਾ ਲਾਭ ਨਹੀਂ ਦਿੱਤਾ ਗਿਆ ਹੈ| ਇਸ ਸੀਨੀਅਰਤਾ ਸੂਚੀ ਨੂੰ ਨਾ ਹੀ ਵਿਭਾਗ ਦੀ ਵੈਬ ਸਾਇਟ ਤੇ ਪਾਇਆ ਗਿਆ ਅਤੇ ਨਾ ਹੀ ਸਰਕੁਲੇਟ ਕੀਤਾ ਗਿਆ| ਵਿਭਾਗੀ ਤਰੱਕੀ ਕਮੇਟੀ ਦੀ ਬੈਠਕ 30 ਅਪ੍ਰੈਲ, 2019 ਨੂੰ ਕੀਤੀ ਗਈ ਅਤੇ ਇਸ ਦੀ ਕਾਰਵਾਈ ਉਸੇ ਦਿਨ ਮੁਕੰਮਲ ਕਰਦੇ ਹੋਏ ਕੇਸ ਚੋਣ ਕਮਿਸ਼ਨ ਦੀ ਪ੍ਰਵਾਨਗੀ ਲਈ ਭੇਜ਼ ਦਿੱਤਾ ਗਿਆ| ਚੋਣ ਕਮਿਸ਼ਨ ਨੇ ਆਪਣੀ ਪ੍ਰਵਾਨਗੀ 01 ਮਈ, 2019 ਨੂੰ ਦਿੱਤੀ ਅਤੇ ਵਿਭਾਗ ਵੱਲੋਂ 2 ਮਈ, 2019 ਨੂੰ 9 ਐਸ.ਡੀ.ਈਜ਼ ਨੂੰ ਬਤੌਰ ਕਾਰਜਕਾਰੀ ਇੰਜ਼ੀਨੀਅਰ ਪਦ ਉਨਤੀ ਦੇ ਦਿੱਤੀ ਗਈ|
ਉਹਨਾਂ ਕਿਹਾ ਕਿ 9 ਵਿਚੋਂ 5 ਕਾਰਜਕਾਰੀ ਇੰਜੀਨੀਅਰਜ਼ ਰਿਜਰਵ ਵਰਗ ਵਿਚੋਂ ਬਣਾਏ ਗਏ ਹਨ ਅਤੇ 4 ਜਨਰਲ ਵਰਗ ਦੇ ਬਣਾਏ ਗਏ ਹਨ| 23 ਮਈ, 2018 ਦੀ ਸੀਨੀਅਰਤਾ ਅਨੁਸਾਰ ਦੇ ਸੀਨੀਅਰ ਉਪ ਮੰਡਲ ਇੰਜੀਨੀਅਰਜ਼ ਨੂੰ ਛੱਡ ਕੇ ਜੁਨੀਅਰ ਨੂੰ ਪੱਦ ਉਨਤ ਕਰ ਦਿੱਤਾ ਗਿਆ ਹੈ| ਇਸ ਤਰ੍ਹਾਂ ਨਾਲ ਕੁੱਝ ਕੁ ਵਿਅਕਤੀਆਂ ਨੂੰ ਅਨ ਉਚਿਤ ਲਾਭ ਦੇਣ ਲਈ ਦੋਹਾ ਵਰਗਾਂ ਭਾਵ ਜਨਰਲ ਅਤੇ ਰਿਜਰਵ ਨਾਲ ਧੱਕਾ ਕੀਤਾ ਗਿਆ ਹੈ|
ਫੈਡਰੇਸ਼ਨ ਅਤੇ ਐਸ.ਡੀ.ਈਜ਼ ਐਸੋਸੀਏਸ਼ਨ ਨੇ ਲੋਕ ਨਿਰਮਾਣ ਮੰਤਰੀ ਤੋਂ ਮੰਗ ਕੀਤੀ ਹੈ ਕਿ ਇਸ ਸਾਰੇ ਘਟਨਾ ਕਰਮ ਦੀ ਪੜਤਾਲ ਕਰਾਕੇ ਦੋਸ਼ੀ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ 23 ਮਈ, 2018 ਨੂੰ ਜ਼ੋ ਸੀਨੀਅਰਤਾ ਸੂਚੀ ਫਾਇਨਲ ਕੀਤੀ ਗਈ ਸੀ, ਉਸ ਨੂੰ ਰੀ-ਸਟੋਰ ਕੀਤਾ ਜਾਵੇ ਅਤੇ 26 ਅਪ੍ਰੈਲ, 2019 ਦੀ ਸੀਨੀਅਰਤਾ ਸੂਚੀ ਰੱਦ ਕੀਤੀ ਜਾਵੇ|
ਇਸ ਮੌਕੇ ਗੁਰਜੀਤ ਸਿੰਘ, ਸੁਦੇਸ਼ ਕੁਮਾਰ, ਮੁਕੇਸ਼ ਪੁਰੀ, ਸੋਮ ਪ੍ਰਕਾਸ਼ ਸਰਮਾ ਅਤੇ ਮਾਸਟਰ ਜਸਬੀਰ ਸਿੰਘ ਗੋਸਲ ਆਦਿ ਹਾਜਰ ਸਨ|

Leave a Reply

Your email address will not be published. Required fields are marked *

%d bloggers like this: