ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਲੋਕ-ਕਾਵਿ ਦੀ ਵਿਲੱਖਣ ਵੰਨਗੀ : ਸਿੱਠਣੀਆਂ

ਲੋਕ-ਕਾਵਿ ਦੀ ਵਿਲੱਖਣ ਵੰਨਗੀ : ਸਿੱਠਣੀਆਂ

ਲੋਕ-ਸਾਹਿਤ ਕਿਸੇ ਸੱਭਿਆਚਾਰ ਦੀ ਬੁਨਿਆਦੀ ਪਛਾਣ ਹੁੰਦਾ ਹੈ । ਕਿਸੇ ਸੱਭਿਆਚਾਰ ਦੀ ਵਿਲੱਖਣਤਾ ਨੂੰ ਦਰਸਾਉਣ ਲਈ ਲੋਕ ਸਾਹਿਤ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਰੂਪ ਦੀ ਦ੍ਰਿਸ਼ਟੀ ਤੋਂ ਲੋਕ-ਸਾਹਿਤ ਨੂੰ ਅਨੇਕਾਂ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਜਿਨ੍ਹਾਂ ਵਿੱਚੋਂ ਲੋਕ-ਕਾਵਿ, ਲੋਕ-ਕਹਾਣੀਆਂ, ਲੋਕ-ਗਥਾਵਾਂ, ਬੁਝਾਰਤਾਂ ਅਤੇ ਅਖਾਣ-ਮੁਹਾਵਰੇ ਆਦਿ ਪ੍ਰਮੁੱਖ ਹਨ। ‘ਸਿੱਠਣੀਆਂ’ ਲੋਕ-ਸਾਹਿਤ ਦੇ ਪ੍ਰਮੁੱਖ ਰੂਪ ‘ਲੋਕ-ਕਾਵਿ’ ਦੀ ਇੱਕ ਸੁਤੰਤਰ ਅਤੇ ਵਿਲੱਖਣ ਲੋਕ-ਕਾਵਿ ਵੰਨਗੀ ਹੈ। ਸਿੱਠਣੀਆਂ ਲੋਕ-ਕਾਵਿ ਦੇ ਖੁੱਲ੍ਹੇ ਗੀਤ ਰੂਪਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ । ਯੂ.ਪੀ ਵਿੱਚ ਇਸਨੂੰ ‘ਗਾਲੀ’ ਅਤੇ ਹਰਿਆਣੇ ਵਿੱਚ ‘ਸੀਠਨੋਂ’ ਕਿਹਾ ਜਾਂਦਾ ਹੈ । ਸਿੱਠਣੀ ਲੋਕ-ਕਾਵਿ ਦੀ ਇੱਕ ਵੱਖਰੀ ਸ਼ੈੱਲੀ ਹੈ,ਹੋਰ ਲੋਕ ਗੀਤਾਂ ਵਾਂਙ ਇਹ ਗਈ ਨਹੀਂ ਜਾਂਦੀ ਬਲਕਿ ਦਿੱਤੀ ਜਾਂਦੀ ਹੈ ।

ਅਜਿਹੇ ਲੋਕ ਗੀਤ ਰੂਪਾਂ ਵਿੱਚ ਲਚਕੀਲਾਪਨ ਭਾਵ ਮਨਮਰਜ਼ੀ ਨਾਲ ਤੋੜ-ਭੰਨ ਕਰਨ ਜਾਂ ਘਾਟਾ ਵਾਧਾ ਕਰਨ ਜਾਂ ਨਾਂ-ਥਾਂ ਆਦਿ ਦੇ ਪਰਿਵਰਤਨ ਕਰਨ ਦੀ ਗੁੰਜਾਇਸ਼ ਸਦਾ ਹੀ ਰਹਿੰਦੀ ਹੈ ।

ਭਾਈ ਕਾਹਨ ਸਿੰਘ ਨਾਭਾ ਅਨੁਸਾਰ ਸਿੱਠਣੀ ਸ਼ਬਦ ਮੂਲ ਰੂਪ ਵਿੱਚ ‘ਸਿੱਠ’ ਤੋਂ ਬਣਿਆ ਹੈ ਜਿਸਦਾ ਅਰਥ ਹੈ ਅਯੋਗ ਵਚਨ ਬੋਲਣੇ ਜਾ ਸ਼ਰਮ ਦੁਆਉਣ ਵਾਲੀ ਗੱਲ ਬੋਲਣੀ ।

ਮਹਾਨ ਕੋਸ਼ ਅਨੁਸਾਰ ਸਿੱਠਣੀਆਂ ਤੋਂ ਭਾਵ ਉਹ ਬਾਣੀ ਹੈ ਜੋ ਅਸ਼ਿਸ਼ਟ ਹੋਵੇ , ਜੋ ਗਾਲ ਅਤੇ ਵਿਅੰਗ ਦੇ ਰੂਪ ਵਿਚ ਕਹਿ ਗਈ ਹੋਵੇ ।

ਸਿੱਠਣੀ ਕਾਵਿ-ਰੂਪ ਲੋਕ-ਮਾਨਸਿਕਤਾ ਵਿੱਚ ਪ੍ਰਵਾਨ ਚੜ੍ਹ ਚੁੱਕਾ ਲੋਕ-ਗੀਤ ਰੂਪ ਹੈ।

ਸਿੱਠਣੀ ਵਿਆਹ ਤੇ ਗਾਏ ਜਾਣ ਵਾਲੇ ਗੀਤਾਂ ਵਿੱਚੋਂ ਸਭ ਤੋਂ ਚੱਕਵਾਂ, ਚੰਗਿਆੜੀਆਂ ਸਿੱਟਦਾ ਲੋਕ ਕਾਵਿ ਹੈ । ਸਿੱਠਣੀ ਇੱਕ ਵਿਅੰਗ ਹੈ । ਇਕ ਇਲਜਾਮ ਵਰਗੀ, ਤੋਹਮਤ ਵਰਗੀ ਮਿੱਠੀ ਜਿਹੀ ਗਾਲ ਹੈ ।

ਸਿੱਠਣੀ ਨੂੰ ਜੇ ਅਸੀਂ ਵਿਸ਼ਾਲ ਅਰਥਾਂ ਵਿੱਚ ਲਈਏ ਤਾ ਇਸਦੀ ਬੁੱਕਲ ਵਿੱਚ ਟਿੱਚਰ, ਗਾਲ, ਠਿੱਠ , ਮਸ਼ਕਰੀ , ਟਕੋਰ , ਚੋਟ, ਕਟਾਕਸ਼ , ਫਿੱਟ ਲਾਹਨਤ ਵਰਗੇ ਸਾਰੇ ਤੱਤ ਸਮਾਏ ਹੋਏ ਹਨ ।

ਦੂੱਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਿੱਠਣੀ ਦੇ ਸ਼ਾਬਦਿਕ ਅਰਥ ਜਿਥੇ ਝੂਠੀ ਊਜ ਲਾਉਣੀ, ਭਲੇ ਚੰਗੇ ਬੰਦੇ ਨੂੰ ਬਦਮਾਸ਼ ਬਣਾ ਦੇਣਾ , ਸੋਹਣੇ ਸੁਨੱਖੇ ਬੰਦੇ ਨੂੰ ਕੋਝਾ ਬਦਸੂਰਤ ਬਣਾ ਦੇਣਾ , ਖਾਂਦੇ ਪੀਂਦੇ ਘਰ ਦੇ ਬੰਦੇ ਨੂੰ ਨੰਗ ਮਲੰਗ , ਭੁੱਖਾ , ਕੰਗਲਾ , ਮੰਗਤਾ ਫ਼ਕੀਰ ਬਣਾ ਕੇ ਪੇਸ਼ ਕਰਨਾ ਹੈ ।

ਸਿੱਠਣੀਆਂ ਦੇਣ ਦਾ ਰਿਵਾਜ਼ ਕਦ ਸ਼ੁਰੂ ਹੋਇਆ ਅਤੇ ਕਿਸਨੇ ਸ਼ੁਰੂ ਕੀਤਾ । ਇਸ ਬਾਰੇ ਸਾਹਿਤ ਦੇ ਇਤਿਹਾਸ ਵਿੱਚ ਕੋਈ ਜਿਕਰ ਨਹੀਂ ਮਿਲਦਾ । ਪ੍ਰੰਤੂ ਇਹ ਜਰੂਰ ਸਿੱਧ ਹੁੰਦਾ ਇਹ ਗਾਲਾਂ ਦੇਣ ਦਾ ਰਿਵਾਜ ਬਹੁਤ ਪੁਰਾਣਾ ਹੈ ।

ਪੰਜਾਬ ਕੋਸ਼ ਵਿੱਚ ਦਰਜ ਹੈ ਕਿ ਸ਼ਿਵ ਪੂਰਨ ਅਨੁਸਾਰ ਸ਼ਿਵ ਜੀ ਦੇ ਵਿਆਹ ਸਮੇਂ ਵੀ ਸਿੱਠਣੀਆਂ ਦਿੱਤੀਆਂ ਗਈਆਂ ਸਨ ।

ਅਸਲ ਵਿੱਚ ਪੰਜਾਬੀ ਆਪਣਾ ਜੀਵਨ ਸਫ਼ਰ ਕਈ ਸਮਾਜਿਕ ਅਤੇ ਆਰਥਿਕ ਕਠਿਨਾਈਆਂ ਦੇ ਬਾਵਜੂਦ, ਹੱਸ ਖੇਡ ਕੇ , ਗਾ ਕੇ ,ਨੱਚ ਕੇ ਬਸਰ ਕਰਦਾ ਹੈ। ਲਾਡਾਂ ਨਾਲ ਪਾਲੀ ਧੀ, ਭੈਣ, ਜੋ ਵਿਆਹ ਕੇ ਇੱਕ ਬਿਗਾਨੇ ਦੇਸ਼ ਜਾਂਦੀ ਹੈ ਤਾਂ ਮਾਹੌਲ ਥੋੜ੍ਹਾ ਗ਼ਮਗੀਨ ਹੋਣਾ ਸੁਭਾਵਿਕ ਹੀ ਹੈ।ਅਜਿਹੇ ਸਮੇਂ ਵਿੱਚ ਇਸ ਕਾਵਿ-ਜੁਗਤ ਰਾਹੀਂ ਖ਼ੂਬ ਮਸਤੀ, ਖੇੜੇ ਅਤੇ ਮਨੋਰੰਜਨ ਦਾ ਮੌਕਾ ਸਿਰਜਿਆ ਜਾਂਦਾ ਹੈ।

ਸਿੱਠਣੀਆਂ ਦੀ ਉਤਪੱਤੀ ਕਿਵੇਂ ਹੋਈ ,ਇਸ ਸੰਬੰਧ ਵਿੱਚ ਇੱਕ ਧਾਰਨਾ ਹੈ ਕਿ ਕਬੀਲਾ ਯੁੱਗ ਵਿੱਚ ਜਦੋਂ ਇੱਕ ਕਬੀਲਾ ਦੂੱਜੇ ਕਬੀਲੇ ਦੀਆਂ ਔਰਤਾਂ ਨੂੰ ਜ਼ੋਰ ਜਬਰਦਸਤੀ ਨਾਲ ਉਧਾਲ ਕੇ ਲੈ ਜਾਂਦਾ ਸੀ ਤਾਂ ਔਰਤ ਪੱਖ ਦੇ ਲੋਕ ਉਧਾਲਣ ਵਾਲੇ ਕਬੀਲੇ ਦਾ ਹਰ ਤਰਾਂ ਨਾਲ ਵਿਰੋਧ ਕਰਦੇ ਸੀ । ਜੇ ਆਦਮੀ ਹਥਿਆਰਾਂ ਦੀ ਲੜਾਈ ਲੜਦੇ ਤਾਂ ਔਰਤਾਂ ਆਪਣੇ ਮਨ ਦਾ ਗੁੱਸਾ ਗੁਬਾਰ ਕੱਢਣ ਲਈ ਓਹਨਾ ਨੂੰ ਦੁਰਬਚਨ ਬੋਲਦੀਆਂ, ਬਦ-ਅਸੀਸਾਂ ਦਿੰਦੀਆਂ ਉਹਨਾਂ ਦੀ ਅਮੰਗਲ ਦੀ ਕਾਮਨਾ ਕਰਦੀਆਂ । ਹੋਲੀ ਹੋਲੀ ਇਹੀਓ ਗਾਲਾਂ ਵਿਆਹ ਵਰਗੀ ਪਵਿੱਤਰ ਰਸਮ ਨੂੰ ਸਮਾਜਿਕ ਮਾਨਤਾ ਮਿਲਣ ਦੇ ਬਾਅਦ ਸਿੱਠਣੀਆਂ ਦੇ ਰੂਪ ਵਿੱਚ ਪ੍ਰਵਾਨਿਤ ਹੋਈਆਂ । ਸਮਾਂ ਪਾ ਕੇ ਹੋਰ ਦੇ ਗੀਤਾਂ ਵਾਂਙ ਸਿੱਠਣੀਆਂ ਵੀ ਵਿਆਹ ਸਮੇਂ ਗਏ ਜਾਣ ਵਾਲੇ ਗੀਤਾਂ ਦਾ ਹਿੱਸਾ ਬਣ ਗਈਆਂ ।

ਸਿੱਠਣੀ ਸਮੂਹ ਪੰਜਾਬੀ ਔਰਤ ਦੇ ਮਨ ਦਾ ਉਬਾਲ ਹੈ , ਗੱਭ ਗੁਲਾਟ ਹੈ। ਸਿੱਠਣੀ ਕਾਵਿ ਰੂਪ ਵਿੱਚ ਸਮਾਜ ਵਿੱਚ ਦੱਬੀ ਕੁਚਲੀ ਅਤੇ ਦੁਰਗਤੀ ਦੀ ਸ਼ਿਕਾਰ ਔਰਤ ਵੱਲੋ ਮਰਦ ਦੀ ਦਬੰਗ ਰੁਚੀ ਖਿਲਾਫ ਆਵਾਜ ਉਠਾਉਣ ਦਾ ਜ਼ਰੀਆ ਵੀ ਹੈ । ਪੰਜਾਬੀ ਲੋਕ ਗੀਤ ਪੰਜਾਬ ਦੀ ਦੱਬੀ ਕੁਚਲੀ ਅਤੇ ਬੇਹਜੁਬਾਨ ਬਣਾ ਦਿੱਤੀ ਗਈ, ਔਰਤ ਦੀ ਮੂਕ ਅਵਸਥਾ ਨੂੰ ਤੋੜਣ ਵਾਲੀ ਸੁਰ ਹਨ । ਉਸਦੀ ਚੁੱਪੀ ਨੂੰ ਤੋੜਣ ਵਾਲੀ ਸੁਰ ਹਨ । ਔਰਤ ਨੇ ਬੜੀ ਸੋਝੀ ਨਾਲ, ਸਲੀਕੇ ਨਾਲ ਅਤੇ ਬਹੁਤ ਹੀ ਸਮਝਦਾਰੀ ਨਾਲ ਆਪਣੀ ਅਵਾਜ ਉੱਚੀ ਸੁਰ ਵਿਚ ਕੱਢਣ ਦਾ ਮੌਕਾ ਲੱਭ ਲਿਆ ਕਿ ਮਰਦ ਪ੍ਰਧਾਨ ਸਮਾਜ ਉਸਨੂੰ ਪ੍ਰਵਾਨਗੀ ਦੇਣ ਲਈ ਮਜਬੂਰ ਹੋ ਗਿਆ।

ਇੱਕ ਹੋਰ ਧਾਰਨਾ ਅਨੁਸਾਰ ਸਿੱਠਣੀ ਦਾ ਆਰੰਭ ਭੰਡਾਂ ਮਿਰਾਸੀਆਂ ਦੁਆਰਾ ਜੋੜੀਆਂ ਜਾਣ ਵਾਲੀਆਂ ਉਹਨਾਂ ਪੁਰਾਤਨ ਸਿੱਠਾਂ ਵਿੱਚੋ ਲੱਭਿਆ ਜਾ ਸਕਦਾ ਹੈ ਜਿਹੜੀਆਂ ਉਹ ਆਪਣੇ ਸਰਦਾਰਾਂ , ਰਜਵਾੜਿਆਂ, ਸਰਪ੍ਰਸਤਾਂ ਜਾਂ ਜਾਗੀਰਦਾਰਾਂ ਵੱਲੋਂ ਪੂਰਾ ਭੱਤਾ ਨਾ ਮਿਲਣ ਕਰਕੇ ਓਹਨਾ ਦੀ ਕੰਜੂਸੀ ਨੂੰ ਭੰਡਣ ਲਈ ਗਾਉਂਦੇ ਸਨ ਅਤੇ ਓਹਨਾ ਦੇ ਸੁਭਾਅ ਦੇ ਨਿੱਕੇ ਜਿਹੇ ਦੋਸ਼ ਨੂੰ ਬਹੁਤ ਵੱਡਾ ਕਰਕੇ ਭੰਡਦੇ ਸਨ । ਇਹੀ ਭੰਡੀ ਪ੍ਰਚਾਰ ਸਿੱਠਣੀਆਂ ਦੇ ਰੂਪ ਵਿੱਚ ਪ੍ਰਸਿੱਧ ਹੋਇਆ ਮੱਧ ਕਾਲ ਵਿੱਚ ਇਹ ਕਾਵਿ ਰੂਪ ਭੰਡਾਂ ਅਤੇ ਮਿਰਾਸੀਆਂ ਵਿੱਚ ਪ੍ਰਚਲਿਤ ਸੀ । ਮਿਰਾਸੀਆਂ ਅਤੇ ਭੰਡਾ ਵੱਲੋਂ ਜੋੜੀਆਂ ਗਈਆਂ ਸਿੱਠਾਂ ਤੋਂ ਹੀ ਸਿੱਠਣੀਆਂ ਦਾ ਮੁੱਢ ਬੱਝਦਾ ਹੈ । ਇਹ ਮਿਰਾਸੀ ਡੂਮ ਜਜਮਾਨਾਂ ਤੋਂ ਪਦਾਰਥਕ ਰੂਪ ਵਿੱਚ ਘਟੀਆ ਦਾਨ ਮਿਲਣ ਤੇ ਓਹਨਾ ਦੀ ਕਮਜ਼ੋਰੀਆਂ ਨੂੰ ਵਧਾ ਚੜਾਅ ਕੇ ਪੇਸ਼ ਕਰਨ ਲਈ ਸਿੱਠ ਜੋੜ ਕੇ ਵਿਅੰਗਾਤਮਕ ਰੂਪ ਵਿੱਚ ਸੁਣਾਉਂਦੇ ਸਨ ।

ਪੰਜਾਬੀ ਸਾਹਿਤ ਕੋਸ਼ ਅਨੁਸਾਰ ਪੁਰਾਣੇ ਸਮੇਂ ਵਿਚ ਜਦੋਂ ਭੰਡ ਆਪਣੇ ਸਰਪ੍ਰਸਤਾਂ ਪਾਸੋਂ ਪੂਰਾ ਮੁਆਵਜਾ ਨਾ ਮਿਲਣ ਤੇ ਨਾਰਾਜ ਹੋ ਕੇ ਓਹਨਾ ਨੂੰ ਬਦਨਾਮ ਕਰਨ ਲਈ ਸਿੱਠ ਜੋੜਦੇ ਸਨ । ਸਿੱਠ ਦੇ ਅਰਥ ਹਨ ਨਿੰਦਾ, ਭੰਡੀ ਜਾ ਕਟਾਕਸ਼ ਕਰਨਾ ।

ਸਿੱਠਣੀ ਲੋਕ ਕਲਾ ਦਾ ਇੱਕ ਰੂਪ ਹੈ ਜੋ ਜਿਸ ਵਿਅਕਤੀ ਲਈ ਵਰਤਿਆ ਜਾਂਦਾ ਹੈ,ਭਾਵੇਂ ਓਪਰੀ ਨਜ਼ਰੇ ਉਸਦੀ ਬੇਇੱਜਤੀ ਕੀਤੀ ਜਾ ਰਹੀ ਹੁੰਦੀ ਹੈ , ਪਰ ਅਸਲ ਵਿਚ ਇਸ ਮਜਾਕ ਵਿੱਚ ਉਸਨੂੰ ਆਪ ਨੂੰ ਵੀ ਇਕ ਖਾਸ ਤਰਾਂ ਦਾ ਆਨੰਦ ਆ ਰਿਹਾ ਹੁੰਦਾ ਹੈ । ਇਸੇ ਕਰਕੇ ਸਾਡੇ ਵਿਆਹ ਸ਼ਾਦੀਆਂ ਦੇ ਮੌਕਿਆਂ ਉਪਰ ਕੋਈ ਵਿਅਕਤੀ ਵੀ ਇਹਨਾਂ ਦਾ ਗਿਲਾ ਨਹੀਂ ਕਰਦਾ ।

ਸਿੱਠਣੀਆਂ ਦਾ ਨਿਭਾਉ ਸੰਦਰਭ ਸਿਰਫ ਲੜਕੇ ਦੇ ਘਰ ਹੀ ਨਹੀਂ ਸਗੋਂ ਲੜਕੀ ਦੇ ਘਰ ਵੀ ਅੱਲਗ-ਅੱਲਗ ਮੌਕਿਆਂ ਤੇ ਹੁੰਦਾ ਹੈ। ਜਿਵੇਂ ਨਾਨਕੇ ਮੇਲ ਦੀ ਆਮਦ ਸਮੇਂ, ਜੰਝ ਦੇ ਆਉਣ ਸਮੇਂ, ਰੋਟੀ ਦੇ ਮੁੱਖ ਅਵਸਰਾਂ ਦੇ ਸਮੇਂ, ਜਾਗੋ ਕੱਢਣ ਸਮੇ, ਛਟੀਆਂ ਦੀ ਰਸਮ ਸਮੇਂ, ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਸਮੇਂ, ਵਰੀ ਵਿਖਾਣ ਸਮੇਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ।

ਸਿੱਠਣੀਆਂ ਵਿੱਚ ਆਮ ਤੌਰ ‘ਤੇ ਮੁੰਡੇ ਵਾਲਿਆਂ ਦੇ ਪਹਿਰਾਵੇ, ਖਾਣ-ਪਾਣ ਦੀਆਂ ਆਦਤਾਂ ਅਤੇ ਉਹਨਾਂ ਦੇ ਰੰਗ ਉੱਤੇ ਟਕੋਰਾਂ ਕਸੀਆਂ ਜਾਂਦੀਆਂ ਹਨ। ਇਹਨਾਂ ਵਿੱਚ ਮੁੰਡੇ ਅਤੇ ਉਸਦੇ ਪਿਉ ਨੂੰ ਤਾਂ ਸਿੱਧੇ ਤੌਰ ‘ਤੇ ਮਖੌਲ ਕੀਤਾ ਹੀ ਜਾਂਦਾ ਹੈ।ਨਾਲ ਨਾਲ ਉਸਦੀਆਂ ਭੈਣਾਂ, ਮਾਂ ਅਤੇ ਹੋਰ ਨੇੜਲੇ ਰਿਸ਼ਤੇ ਦੀਆਂ ਇਸਤਰੀਆਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਹੈ। ਇਹ ਸਾਰਾ ਕੁਝ ਕਲਪਿਤ ਅਤੇ ਫਰਜ਼ੀ ਹੁੰਦਾ ਹੈ, ਇਸ ਲਈ ਸਿੱਠਣੀਆਂ ਰਾਹੀਂ ਕੀਤੇ ਵਿਅੰਗ ਦੀ ਕੋਈ ਸੀਮਾ ਨਹੀਂ ਹੁੰਦੀ। ਮੁੰਡੇ ਦੇ ਮਾਂ-ਪਿਉ ਦੀ ਸਰੀਰਿਕ ਬਣਤਰ, ਉਸ ਦੇ ਪਿਛੋਕੜ ਬਾਰੇ ਅਤੇ ਉਸ ਦੇ ਘਰ ਦੀ ਕੰਜੂਸੀ, ਆਲਸ, ਮੂਰਖਤਾ ਆਦਿ ਬਾਰੇ ਚੋਭਾਂ ਮਾਰੀਆਂ ਜਾਂਦੀਆਂ ਹਨ।

ਜਾਵੀਓ ਮਾਜੀਓ ਕਿਹੜੇ ਵੇਲੇ ਹੋਏ ਨੇ,
ਖਾ ਖਾ ਕੇ ਰੱਜ ਨਾ, ਢਿੱਡ ਨੇ ਕਿ ਟੋਏ ਨੇ,
ਨਿੱਕੇ-ਨਿੱਕੇ ਮੂੰਹ ਨੇ ਢਿੱਡ ਨੇ ਕਿ ਖੂਹ ਨੇ,
ਖਾ ਰਹੇ ਹੋ ਤਾਂ ਉਠੋ ਜੀ।

ਸਿੱਠਣੀ ਵਿਆਹ ਵਿੱਚ ਗਾਇਆ ਜਾਣ ਵਾਲਾ ਉਹ ਲੋਕ ਗੀਤ ਹੈ, ਜਿਸ ਤੋਂ ਬਿਨਾ ਵਿਆਹ ਦੀ ਰੌਣਕ ਅੱਧੀ ਅਧੂਰੀ ਲੱਗਦੀ ਹੈ । ਇਸ ਮਿੱਠੀ ਜਿਹੀ ਗਾਲ ਨੂੰ ਦੇਣ ਵਾਲੇ ਦੇ ਨਾਲ ਨਾਲ ਲੈਣ ਵਾਲਾ ਵੀ ਆਨੰਦ ਲੈਂਦਾ ਹੈ। ਸਿੱਠਣੀ ਦੇ ਮਾਧਿਅਮ ਰਾਹੀਂ ਸਿੱਠਣੀਕਾਰਾ ਉਹ ਕੁਝ ਕਹਿ ਜਾਂਦੀ ਹੈ ਜੋ ਸਿੱਠਣੀ ਤੋਂ ਬਾਹਰ ਕਹਿਣਾ ਬਹੁਤ ਵੱਡੀ ਕਲਹ ਨੂੰ ਜਨਮ ਦੇਣਾ ਹੁੰਦਾ ਹੈ ।

ਵਿਅੰਗ ਅਤੇ ਅਸਲੀਲਤਾ ਸਿੱਠਣੀ ਦੇ ਦੋ ਲੱਛਣ ਹਨ।

ਗੁਣਾਂ ਦਾ ਬਖਾਨ ਤਾਂ ਹਰ ਕੋਈ ਪਸੰਦ ਕਰਦਾ ਹੈ ।ਪਰ ਅਵਗੁਣ ਤੋਂ ਪਰਦਾ ਚੁੱਕਣ ਵਾਲੀ ਗੱਲ ਬੜੇ ਘੱਟ ਲੋਕ ਪਸੰਦ ਕਰਦੇ ਹਨ । ਕੋਈ ਵੀ ਇਨਸਾਨ ਆਪਣੀਆਂ ਖ਼ਾਮੀਆਂ ਸੁਣਨੀਆਂ ਪਸੰਦ ਨਹੀਂ ਕਰਦਾ । ਪਰ ਇੱਕ ਸੁਘੜ ਅਤੇ ਸਿਆਣਾ ਵਿਅੰਗਕਾਰ ਬੜੇ ਵਧੀਆ ਤਰੀਕੇ ਨਾਲ ਆਪਣੀ ਗੱਲ ਕਹਿ ਜਾਂਦਾ ਹੈ । ਉਹ ਹੇਰ ਫੇਰ , ਵਿੰਗ ਵਲੇਵੇ ਪਾ ਕੇ , ਬੁਝਾਰਤਾਂ ਅਤੇ ਅੜਾਉਣੀ ਕਲਾ ਰਾਹੀਂ ਆਪਣੀ ਗੱਲ ਕਹਿਣ ਦੀ ਯੋਗਤਾ ਰੱਖਦਾ ਹੈ । ਕਹਿੰਦੇ ਹਨ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਗੱਲ ਚੱਲ ਪਾਈ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਅੱਖ ਤੋਂ ਕਾਣੇ ਹਨ, ਪਰ ਇਹ ਗੱਲ ਬਾਦਸ਼ਾਹ ਸਲਾਮਤ ਨੂੰ ਕਹਿਣੀ ਔਖੀ ਹੈ ਤੇ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ ਕਲਾਕਾਰ ਉਨ੍ਹਾਂ ਨੂੰ ਸਤਿਕਾਰਯੋਗ ਤਰੀਕੇ ਨਾਲ ਇਹ ਗੱਲ ਕਹਿ ਸਕਦਾ ਹੋਵੇ ਉਸਨੂੰ ਸੌ ਸੋਨੇ ਦੀਆ ਮੁਹਰਾਂ ਇਨਾਮ ਦਿਤੀਆਂ ਜਾਣਗੀਆਂ ।

ਇੱਕ ਸਿਆਣੇ ਵਿਅੰਗਕਾਰ ਨੇ ਕਿਹਾ ਕਿ ਮੈਂ ਮਹਾਰਾਜ ਦੀ ਹਾਜਰੀ ਵਿਚ ਇਹ ਗੱਲ ਕਹਿਣ ਲਈ ਤਿਆਰ ਹਾਂ । ਉਸਨੇ ਆਪਣੇ ਵਾਅਦੇ ਦੇ ਮੁਤਾਬਿਕ ਮਹਾਰਾਜ ਦੇ ਦਰਬਾਰ ਵਿਚ ਜਾ ਕੇ ਕਿਹਾ :

ਮਹਾਰਾਜਾ ਰਣਜੀਤ ਸਿੰਘ ਜੀ
ਹੈਣ ਇੱਕ ਅੱਖ ਤੋਂ ਕਾਣੇ ।
ਝੁਕ ਝੁਕ ਸਲਾਮ ਕਾਰਨ ਉਹਨਾਂ ਨੂੰ
ਦੋ ਦੋ ਨੈਣਾ ਵਾਲੇ ।

ਸੋ ਸਿਆਣਾ ਵਿਅੰਗਕਾਰ ਆਪਣੀ ਵਾਕ ਚਤੁਰਾਈ ਰਾਹੀਂ ਸਮਾਜ ਦਾ ਜਾਂ ਵਿਅਕਤੀ ਦਾ ਕੁਹਜ ਸਲੀਕੇ ਨਾਲ ਧਿਖ ਸਕਦਾ ਹੈ ।

ਸਿੱਠਣੀਕਾਰ ਵੀ ਇੱਕ ਅਜਿਹਾ ਵਿਅੰਗਕਾਰ ਹੈ । ਸਿੱਠਣੀਆਂ ਵਿਅੰਗ ਕਾਰਨ ਦਾ ਵੱਡਾ ਮਕਬੂਲ ਅਤੇ ਧਮਾਕੇਦਾਰ ਜ਼ਰੀਆ ਹਨ ।

ਅਸ਼ਲੀਲਤਾ ਦਾ ਕੋਸ਼ਗਤ ਅਰਥ ਹੈ ਸੋਭਹੀਣਤਾ , ਅਸ਼ਿਸ਼ਟਤਾ ਜਾ ਉਹ ਗੱਲ ਜਿਸਨੂੰ ਸੱਭਿਅਕ ਸਮਾਜ ਵਿੱਚ ਪੜਿਆ ਜਾ ਬੋਲਿਆ ਨਾ ਜਾ ਸਕਦਾ ਹੋਵੇ ਅਸਲ ਜੀਵਨ ਵਿੱਚ ਜੋ ਗੱਲ ਬੜੀ ਸ਼ਰਮਨਾਕ ਸਮਝੀ ਜਾਂਦੀ ਹੈ ਉਹ ਸਿੱਠਣੀਆਂ ਵਿੱਚ ਸਹਿਜ ਰੂਪ ਨਾਲ ਸਭ ਦੇ ਸਾਹਮਣੇ ਅੱਖ ਦਿੱਤੀ ਜਾਂਦੀ ਹੈ ਇਸ ਤਰਾਂ ਸਿੱਠਣੀਆਂ ਕਈ ਵਾਰ ਮਜਾਕ ਦੇ ਵੇਗ ਵਿੱਚ ਅਸ਼ਲੀਲਤਾ ਦੀਆਂ ਹੱਦਾਂ ਵੀ ਛੂਹ ਲੈਂਦੀਆਂ ਹਨ ਹਾਸੇ ਮਜਾਕ ਦੇ ਰੂਪ ਵਿੱਚ ਸਿੱਠਣੀਆਂ ਵਿੱਚ ਅਸ਼ਲੀਲਤਾ ਵਾਲੇ ਲਫਜ ਵੀ ਬੋਲ ਦਿੱਤੇ ਜਾਂਦੇ ਹਨ ਜਿਹਨਾਂ ਦਾ ਪ੍ਰਯੋਗ ਕਿਸੇ ਹੋਰ ਸਮੇਂ ਕਰਨਾ ਕਲਹ ਨੂੰ ਜਨਮ ਦੇਣਾ ਹੁੰਦਾ ਹੈ ।

ਛੱਜ ਉਹਲੇ ਛਾਨਣੀ, ਪਰਾਤ ਉਹਲੇ ਗੁੱਛੀਆਂ,
ਨਾਨਕਿਆਂ ਦਾ ਮੇਲ ਆਇਆ, ਸੱਭੇ ਰੰਨਾਂ ਲੁੱਚੀਆਂ।

ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ?
ਬਾਰ੍ਹਾਂ ਤਾਲਕੀਆਂ ।
ਖਾਧੇ ਸੀ ਪਕੌੜੇ, ਜੰਮੇ ਸੀ ਜੌੜੇ,
ਜੌੜੇ ਖਿਡਾਵਣ ਗਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ।

ਲਾੜੇ ਭੈਣ ਸੁੱਥਣ ਸਵਾਈ, ਸੁੱਥਣ ਸਵਾਈ ਪਾਉਣ ਨੂੰ ।
ਵਿੱਚ ਭਈਏ ਵੜਗੇ , ਵਿੱਚ ਭਈਏ ਵੜਗੇ ਝੋਨਾ ਲਾਉਣੇ ਨੂੰ ।
ਲਾੜੇ ਭੈਣ ਸੁੱਥਣ ਸਵਾਈ, ਸੁੱਥਣ ਸਵਾਈ ਪਾਉਣ ਨੂੰ ।
ਵਿੱਚ ਫੌਜੀ ਵੜਗੇ , ਵਿੱਚ ਫੌਜੀ ਵੜਗੇ ਰਫ਼ਲ ਚਲਾਉਣੇ ਨੂੰ ।

ਵਿਆਹ ਦਾ ਸਾਹਾ ਪੱਕਾ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਕਾਰਡ ਅਤੇ ਲੱਡੂ ਨਾਨਕੇ ਘਰ ਜਾਂਦੇ ਸਨ। ਇਸ ਨੂੰ ‘ਭੇਲੀ ਲੈ ਕੇ ਜਾਣਾ’ ਕਿਹਾ ਜਾਂਦਾ ਸੀ। ਇਸ ਦੇ ਨਾਲ ਹੀ ਨਾਨਕੇ ਘਰ ਵਿਚ ਵੀ ਵਿਆਹ ਦੀ ਤਿਆਰੀ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਜਾਂਦੀ ਸੀ । ਵਿਆਹ ਤੋਂ ਇਕ ਦਿਨ ਪਹਿਲਾਂ ਨਾਨਕੇ ਆਪਣੇ ਸ਼ਰੀਕੇ-ਭਾਈਚਾਰੇ ਨਾਲ ਨਾਨਕ ਛੱਕ ਲੈ ਕੇ ਵਿਆਹ ਵਾਲੇ ਘਰ ਪਹੁੰਚਦੇ ਸਨ । ਇਸ ਨੂੰ ਨਾਨਕਾ ਮੇਲ ਕਿਹਾ ਜਾਂਦਾ ਸੀ। ਨਾਨਕੀਆਂ ਵਲੋਂ ਨਾਨਕੀ ਸ਼ੱਕ ਦੇ ਨਾਲ ਸਿੱਠਣੀਆਂ ਦੀ ਵੀ ਪੂਰੀ ਤਿਆਰੀ ਹੁੰਦੀ ਸੀ ।

ਦਾਦਕੇ ਖੱਡ ਵੜਗੇ,
ਕੱਢ ਲੋ ਬੀਨ ਵਜਾ ਕੇ ।
ਕਦੋ ਦੀ ਕਹਿੰਦੀ ਸੀ,
ਆਊਗਾ ਨਾਨਕ ਮੇਲ … ।

ਸਿੱਠਣੀਆਂ ਇੱਕ ਤਰ੍ਹਾਂ ਮਿੱਠੀਆਂ ਗਾਲਾਂ ਹਨ। ਸਿੱਠਣੀਆਂ ਢੁੱਕਵੇਂ ਤੇ ਫੱਬਵੇਂ ਸ਼ਬਦਾਂ ਵਿਚ ਦਿੱਤੇ ਜਾਂਦੇ ਮਿਹਣਿਆਂ ਵਰਗੀਆਂ ਹੀ ਤਾਂ ਹੁੰਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਗਾਉਂਦੀਆਂ ਦੀਆਂ ਸਿੱਠਣੀਆਂ ਤੇ ਲੜਦੀਆਂ ਦੇ ਮਿਹਣੇ ਪਰ ਅੰਤਰ ਇਹ ਹੈ ਕਿ ਸਿੱਠਣੀਆਂ ਵਿਚ ਮਿਹਣੋ-ਮਿਹਣੀ ਹੋ ਕੇ ਟੁੱਟਣ ਵਾਲੀ ਨੌਬਤ ਨਹੀਂ ਆਉਂਦੀ। ਸਿੱਠਣੀਆਂ ਵਿਅੰਗ ਅਤੇ ਹਾਸੇ-ਠੱਠੇ ਦੀ ਪੇਸ਼ਕਾਰੀ ਦਾ ਹੀ ਨਾਮ ਹੈ। ਇਨ੍ਹਾਂ ਸਿੱਠਣੀਆਂ ਵਿਚ ਦੋਵਾਂ ਧਿਰਾਂ ਵਲੋਂ ਆਪਣੀ ਭਰਪੂਰ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਦੂਜੀ ਧਿਰ ਦੇ ਨੁਕਸ ਕੱਢੇ ਜਾਂਦੇ ਹਨ । ਸਿੱਠਣੀਆਂ ਦੀ ਪੂਰੀ ਤਿਆਰੀ ਨਾਲ ਜਦੋਂ ਨਾਨਕਾ ਮੇਲ ਵਿਆਹ ਵਾਲੇ ਪਿੰਡ ਪੁੱਜਦਾ ਤਾਂ ਉਥੇ ਦਾ ਵਾਤਾਵਰਨ ਬਦਲ ਜਾਂਦਾ ਸੀ। ਸਭ ਪਾਸੇ ਖ਼ੁਸ਼ੀ ਦੀ ਲਹਿਰ ਦੌੜ ਜਾਂਦੀ ਸੀ। ਵਿਆਹ ਵਾਲੇ ਘਰ ਚਹਿਲ-ਪਹਿਲ ਹੁੰਦੀ ਸੀ। ਨਾਨਕੀਆਂ ਦਾ ਝੁੰਡ ਵਿਆਹ ਵਾਲੇ ਘਰ ਦੇ ਕੋਲ ਪੁੱਜ ਕੇ ਸਿੱਠਣੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਸੀ। ਸਭ ਸ਼ਰੀਕਣਾਂ ਨਾਨਕੀਆਂ ਗਾਉਂਦੀਆਂ ਸੁਣ ਕੇ ਹਥਲਾ ਕੰਮ-ਕਾਜ ਵਿਚਾਲੇ ਛੱਡ ਕੇ ਵਿਆਹ ਵਾਲੇ ਘਰ ਦੀਆਂ ਔਰਤਾਂ ਭਾਵ ਦਾਦਕੀਆਂ ਮੁਕਾਬਲਾ ਕਰਨ ਲਈ ਪੁੱਜ ਜਾਂਦੀਆਂ ਸਨ।

ਇਨ੍ਹਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ।
ਇਨ੍ਹਾਂ ਨਾਨਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ।
ਇਨ੍ਹਾਂ ਦਾਦਕੀਆਂ ਨੂੰ ਕੱਢੋ ਦਲਾਨੋਂ ਬਾਹਰ।
ਇਨ੍ਹਾਂ ਦਾਦਕੀਆਂ ਨੂੰ ਘੋਟਣਿਆਂ ਦੀ ਮਾਰ।
ਇਹਨਾਂ ਨਾਨਕਿਆਂ ਨੇ ਮਣ ਮਣ ਖਾਣੇ ਮੰਡੇ ।
ਇਹਨਾਂ ਨਾਨਕਿਆਂ ਦੇ ਧਰਾਂ ਮੌਰਾਂ ਤੇ ਡੰਡੇ ।
ਇਹਨਾਂ ਦਾਦਕੀਆਂ ਨੇ ਮਣ ਮਣ ਖਾਣੇ ਛੋਲੇ ।
ਇਹਨਾਂ ਦਾਦਕੀਆਂ ਦੀ ਰੜੇ ਭੰਬੀਰੀ ਬੋਲੇ ।

ਛੱਜ ਉਹਲੇ ਛਾਣਨੀ ਪਰਾਤ ਉਹਲੇ ਡੋਈ ਵੇ ।
ਨਾਨਕੀਆਂ ਦਾ ਮੇਲ ਆਇਆ ਚੱਜ ਦੀ ਨਾ ਕੋਈ ਵੇ।
ਛੱਜ ਉਹਲੇ ਛਾਨਣੀ ਪਰਾਤ ਉਹਲੇ ਰੋਟੀਆਂ ।
ਨਾਨਕੀਆਂ ਦਾ ਮੇਲ ਆਇਆ ਸੱਭੇ ਰੰਨਾਂ ਮੋਟੀਆਂ।

ਸਿੱਠਣੀਆਂ ਵਿਆਹ ਦੀਆਂ ਰਸਮਾਂ ਵਿੱਚ ਜਾਣ ਪਾ ਦਿੰਦੀਆਂ ਹਨ । ਸਿੱਠਣੀਆਂ ਦਾ ਰੰਗ ਉਸ ਸਮੇ ਬੱਝਦਾ ਹੈ, ਜਦੋ ਨਾਨਕਿਆਂ ਦਾਦਕਿਆਂ ਆਹਮਣੇ ਸਾਹਮਣੇ ਹੋਈਆਂ ਆਢਾ ਲੈ ਕੇ ਸਿੱਠਣੀਆਂ ਦਿੰਦੀਆਂ ਹਨ । ਉਦੋਂ ਔਰਤਾਂ ਨੂੰ ਸਿੱਠਣੀਆਂ ਆਪ ਮੁਹਾਰੇ ਕਿਰਦੀਆਂ ਜਾਂਦੀਆਂ ਹਨ ।

ਨਾਨਕੀਆਂ ਓਸ ਪਿੰਡ ਤੋਂ ਆਈਆਂ,
ਜਿਥੇ ਕੋਈ ਨਾ ਰਸੋਈ।
ਨੀ ਕੋਈ ਮੋਟੀ, ਨੀ ਕੋਈ ਛੋਟੀ,
ਮਾਮੀ ਚੱਜ ਦੀ ਨਾ ਕੋਈ।

ਮਾਮੀ ਨਖ਼ਰੋ ਵੇਚ ਕੇ,
ਅਸੀਂ ਮੋਟਰ ‘ਸੈਕਲ ਲੈਣਾ।
ਬੜਾ ਈ ਚਿੱਤ ਲੋਚਦਾ,
ਸੈਰ ਸਪਾਟੇ ਜਾਣਾ।

ਦੋਵੇਂ ਧਿਰਾਂ ਆਪਣੇ ਆਪ ਨੂੰ ਸ੍ਰੇਸ਼ਟ , ਉਤੱਮ, ਬੁੱਧੀਮਾਨ , ਸਲੀਕੇਦਾਰ , ਵਿਰੋਧੀ ਧਿਰ ਨਾਲੋਂ ਉੱਪਰ ਸਿੱਧ ਕਰਨ ਲਈ ਅੱਡੀ ਛੋਟੀ ਦਾ ਜ਼ੋਰ ਲਗਾ ਦਿੰਦੀਆਂ ਹਨ । ਦੋਵੇਂ ਧਿਰਾਂ ਇੱਕ ਦੂਜੀ ਤੇ ਸਿੱਠਣੀਆਂ ਦੀ ਬਾਛੜ ਸ਼ੁਰੂ ਕਰਦੀਆਂ ,ਦੂਜੀ ਧਿਰ ਨੂੰ ਨੀਵਾਂ ਦਿਖਾਉਂਦੀਆਂ ਹਨ । ਦੁਪਾਸੀ ਵਾਰ ਸ਼ੁਰੂ ਹੋ ਜਾਂਦਾ ਹੈ । ਦਾਦਕੀਆਂ ਦਾ ਬੋਲ ਸੁਣਾਈ ਦਿੰਦਾ ਹੈ:

ਖੋਲੋ ਖੋਲੋ ਭਰਿੰਡਾਂ ਵਾਲੀ ਕੋਠੜੀ
ਨਾਨਕੀਆਂ ਨੂੰ ਬੰਦ ਕਰ ਦਿਓ
ਮਾਮੀਆਂ ਵਿਚ ਕੋਈ ਮੋੜਵਾਂ ਜਵਾਬ ਦਿੰਦੀ ਹੈ
ਦਾਦਕੀਆਂ ਦੀ ਪੰਡ ਬੰਨ੍ਹ ਦਿਓ
ਅਸੀਂ ਸੁੱਟ ਛੱਪੜ ਵਿੱਚ ਆਈਏ
ਬਚਦੀਆਂ ਖੁੱਚਦੀਆਂ ਨੂੰ
ਅਸੀਂ ਗੋਡੇ ਘੁੱਟਣ ਲਈਏ

ਭੂਆ ਚੰਦਰੀ ਨੇ ਸੁੱਥਣ ਸਵਾਈ
ਸੁੱਥਣ ਸਵਾਈ ਕਾਲੇ ਸੂਟ ਦੀ ਨੀ
ਜਾਵੇ ਛੂਕਦੀ, ਜਾਵੇ ਛੂਕਦੀ…
ਛੜਿਆ ਦੀ ਹਿੱਕ ਫੂਕਦੀ ਨੀ

ਅੱਗੋਂ ਦਾਦਕੀਆਂ ਜਵਾਬ ਦਿੰਦੀਆਂ ਤੇ ਕਹਿੰਦੀਆਂ:
ਮਾਮਾ ਮਾਮੀ ਨੂੰ ਸਮਝ ਲੈ ਲੱਛਣ ਮਾੜੇ ਕਰਦੀ ਐ
ਸਾਡੇ ਵਿਹੜੇ ਦੇ ਵਿੱਚ ਮਾਮੀ ਜਾਮਣ ਤੇ ਚੜਦੀ ਐ

ਇਹਨਾਂ ਸਿੱਠਣੀਆਂ ਦੇ ਮਿੱਠੇ ਬੋਲਾਂ ਵਿੱਚ, ਕੀ ਬੁੱਢਾ , ਕੀ ਜਵਾਨ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਸੀ । ਨਾਨਕੇ ਜਾਂ ਦਾਦਕੀਆਂ ਵਲੋਂ ਕਿਸੇ ਬੁੱਢੀ ਔਰਤ ਤੇ ਵਿਅੰਗ ਕਰਦਿਆਂ ਅਜਿਹੀ ਸਿੱਠਣੀ ਵੀ ਦੇ ਦਿੱਤੀ ਜਾਂਦੀ ।

ਬੁੱਢੀਆਂ ਤਰਸਦੀਆਂ,
ਸਾਨੂੰ ਮੁੜ ਕੇ ਜਵਾਨੀ ਆਵੇ।

ਦਾਦਕੀਆਂ ਸਿੱਠਣੀਆਂ ਦੇਂਦੀਆਂ-ਲੈਂਦੀਆਂ ਨਾਨਕੀਆਂ ਨੂੰ ਸ਼ਗਨਾਂ ਨਾਲ ਅੰਦਰ ਵਾੜਦੀਆਂ।

ਅਨੇਕਾਂ ਅਜਿਹੀਆਂ ਰਿਸ਼ਤੇਦਾਰੀਆਂ ਦੇ ਨਾਂ ਲੈ ਕੇ ਉਨ੍ਹਾਂ ਦੇ ਸਰੀਰਕ ਕੁਹਜਾਂ ਭਾਵੇਂ ਕਿ ਇਹ ਕੁਹਜ਼ ਫ਼ਰਜ਼ੀ ਹੀ ਮੰਨ ਲਏ ਜਾਂਦੇ ਹਨ ਬਾਰੇ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ। ਹਾਲਾਤ ਅਤੇ ਮੌਕੇ ਅਨੁਸਾਰ ਸਿੱਠਣੀਆਂ ਦੀ ਸਿਖ਼ਰ ਲਾੜੇ ਨੂੰ ਸੰਬੋਧਨ ਸਮੇਂ ਅਤੇ ਵਿਸ਼ੇਸ਼ ਕਰਕੇ ਨਾਨਕੀਆਂ ਅਤੇ ਦਾਦਕੀਆਂ ਦੇ ਆਪਸੀ ਸਿੱਠਣੀ-ਤਕਰਾਰ ਸਮੇਂ ਵੇਖਣ ’ਚ ਆਉਂਦੀ ਹੈ। ਉਦਾਹਰਣ ਵਜੋਂ ਨਾਨਕੀਆਂ ਦਾਦਕੀਆਂ ਦੁਆਰਾ ਸਿਰਜਿਆ ਅਜਿਹਾ ਹੀ ਨਾਟਕੀ ਦ੍ਰਿਸ਼ ਇਉਂ ਮਾਨਣਯੋਗ ਹੈ:-

ਜੇ ਮਾਮੀ ਨਾ ਗਾਉਣਾ ਜਾਣਦੀ,
ਏਥੇ ਕਾਸ ਨੂੰ ਆਈ?
ਭਰਿਆ ਪਤੀਲਾ ਪੀ ਗਈ ਦਾਲ ਦਾ,
ਰੋਟੀਆਂ ਦੀ ਥੱਬੀ ਮੁਕਾਈ।
ਨੀ ਜਾ ਕੇ ਆਖੇਂਗੀ,
ਸ਼ੱਕਾਂ ਪੂਰ ਕੇ ਆਈ।

ਗੁੱਸਾ ਕਰਨ ਦੀ ਥਾਂ ਨਾਨਕੀਆਂ ਇਉਂ ਖੁਸ਼ ਹੁੰਦੀਆਂ ਜਿਵੇ ਦਾਦਕੀਆਂ ਉਨ੍ਹਾਂ ਦੀ ਸਿਫਤ-ਸਲਾਹ ਕਰ ਰਹੀਆਂ ਹੋਣ।

ਕਾਲੀ ਮਿੱਟੀ ਦਾ ਫੇਰ ਦਿਓ ਪੋਚਾ
ਨਾਨਕਿਆਂ ਦਾ ਕੁੱਪ ਬੰਨ੍ਹ ਦਿਓ

ਨਾਨਕੀਆਂ:

ਇਥੋ ਲਿਆਈ ਵੇ ਬਚਿਤਰਾ ਆਰੀ
ਦਾਦਕਿਆਂ ਦੀ ਪੂੰਛ ਵੱਢਣੀ
ਪੂੰਛ ਵੱਧ ਗਈ ਦਾਦਕਿਓ ਥੋਡੀ
ਨਾਨਕਿਆਂ ਨੂੰ ਪੈ ਗਈ ਵੱਢਣੀ

ਸਾਰੇ ਵਿਆਹ ਵਿਚ ਨਾਨਕੀਆਂ ਨੂੰ ਖੱਟੀਆਂ-ਮਿੱਠੀਆਂ ਚੋਭਾਂ ਲਾਈਆਂ ਜਾਂਦੀਆਂ। ਉਹ ਰੋਟੀ ਖਾਣ ਲੱਗਦੀਆਂ ਤਾਂ ਦਾਦਕੀਆਂ ਸਿੱਠਣੀ ਦਿੰਦੀਆਂ:

ਰਾਹ ਵਿੱਚ ਕਹਿੰਦੀ ਸੀ
ਤੱਤੀ ਜਲੇਬੀ ਖਾਊ

ਏਧਰ ਆਲਾ ਓਧਰ ਆਲਾ
ਵਿੱਚ ਆਲੇ ਦੇ ਘੁੱਤੀ
ਕੁੜੀ ਦੀ ਮਾਮੀ ਲਾਡਲੀ
ਪਕੌੜਿਆਂ ਪਿੱਛੇ ਰੁੱਸੀ

ਫਿਰ ਨਾਨਕੀਆਂ ਵੱਲੋਂ ਲਿਆਂਦੀ ਛੱਕ ਜਦੋ ਸ਼ਰੀਕੇ ਵਿੱਚ ਜਾਂ ਹੋਰ ਰਿਸ਼ਤੇਦਾਰਾਂ ਨੂੰ ਦਿਖਾਈ ਜਾਂਦੀ ਤਾਂ ਇਸ ਮੌਕੇ ਤੇ ਵੀ ਸਿੱਠਣੀਆਂ ਦੀ ਝੜੀ ਲੱਗ ਜਾਂਦੀ ।

ਨਾਨਕੇ ਆਏ ਆ, ਜੀ ਨਾਨਕੇ ਆਏ ਆ
ਕੀ ਕੁਛ ਲਿਆਂਏ ਆ ਜੀ ਕੀ ਕੁਛ ਲਿਆਂਏ ਆ
ਮਾਮੀ ਲਿਆਈ…. ਬੋਕ ਦੀਆਂ ਟੰਗਾ
ਮੈਨੂੰ ਦੱਸਦੀ ਨੂੰ ਆਉਦੀਆਂ ਸੰਗਾਂ
ਨੀਂ ਵਿੱਚ ਸ਼ਰੀਕੇ ਦੇ ਭੋਰਾ ਭੋਰਾ ਵੰਡਾਂ
ਨੀਂ ਵਿੱਚ ਸ਼ਰੀਕੇ ਦੇ ਭੋਰਾ ਭੋਰਾ ਵੰਡਾਂ

ਸਿੱਠਣੀਆਂ ਦਾ ਇਹ ਸਿਲਸਿਲਾ ਜਾਗੋ ਕੱਢਣ ਸਮੇਂ ਵੀ ਚਲਦਾ ਰਹਿੰਦਾ । ਜਾਗੋ ਕੱਢਦੀਆਂ ਨਾਨਕੀਆਂ ਗਲੀ-ਮੁਹੱਲੇ ਦੇ ਲੋਕਾਂ ਨੂੰ ਸਿੱਠਣੀਆਂ ਦਿੰਦੀਆਂ ਕਹਿੰਦੀਆਂ:

ਗੁਆਂਢੀਓ ਜਾਗਦੇ ਕਿ ਸੁੱਤੇ
ਥੋਡੀ ਜੋਰੋ ਨੂੰ ਲੈ ਗਏ ਕੁੱਤੇ।
ਜੱਟਾ ਜੋਰੋ ਜਗਾ ਲੈ ਵੇ ਜਾਗੋ ਆਈ ਐ
ਛਾਵਾ ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ
ਅੱਗੋਂ ਜਵਾਬ ਵੀ ਆਪੇ ਦਿੰਦੀਆਂ ਤੇ ਕਹਿੰਦੀਆਂ:
ਚੁੱਪ ਕਰ ਬੀਬੀ ਮਸਾਂ ਸੁਆਈ ਐ, ਲੋਰੀ ਦੇ ਕੇ ਪਾਈ ਐ
ਉੱਠ ਖੜ੍ਹੂਗੀ ਅੜੀ ਕਰੂਗੀ ਮਸਾਂ ਵਰਾਈ ਐ
ਛਾਵਾ ਬਈ ਹੁਣ ਜਾਗੋ ਆਈ ਆ
ਬੱਲੇ ਬਈ ਹੁਣ ਜਾਗੋ ਆਈ ਆ

ਇਸੇ ਤਰ੍ਹਾਂ ਜਵਾਬੀ ਸਿਲਸਿਲਾ ਚੱਲਦਾ ਰਹਿੰਦਾ ਹੈ। ਸਿੱਠਣੀਆਂ ਦਾ ਅਮੁੱਕ ਭੰਡਾਰ ਮੁੱਕਣ ’ਚ ਹੀ ਨਹੀਂ ਆਉਂਦਾ। ਸਿੱਠਣੀਕਾਰਾ ਦੀ ਕਾਵਿਕ ਮਾਰ ਦੇ ਸ਼ਿਕਾਰ ਵਿਅਕਤੀਆਂ ਵਿੱਚ ਲਾੜਾ, ਵਿਚੋਲਾ, ਕੁੜਮ ,ਉਸ ਦੀਆਂ ਭੈਣਾਂ ਨੂੰ, ਮਾਂ, ਚਾਚੀਆਂ,ਤਾਈਆਂ, ਮਾਸੀਆਂ, ਪਿਓ, ਚਾਚੇ, ਤਾਏ, ਮਾਮੇ ਆਦਿ ਹੁੰਦੇ ਹਨ।

ਮਾਮੀ ਨਖਰੋ ਚੱਕ ਲਿਆ ਬਜਾਰ ਵਿਚੋਂ ਕਾਨਾ
ਜਵਾਨੀ ਵੇਲੇ ਕੱਢੇ ਚੀਰਵੀਂ
ਹੁਣ ਭਰ ਨਖਰੋ ਹਰਜਾਨਾ

ਮਾਮੀ ਉਸ ਪਿੰਡੋ ਆਈ
ਜਿੱਥੇ ਕਿੱਕਰ ਵੀ ਨਾ
ਏਦੇ ਹਾਥੀਆਂ ਵਰਗੇ ਪੈਰ
ਪੈਰੀਂ ਛਿੱਤਰ ਵੀ ਨਾ

ਚਾਚੀ ਨਖਰੋ ਨਿੱਕਲ ਚੱਲੀ
ਚਾਚੇ ਦੇ ਨਾਲ ਲੜ ਕੇ
ਬਈ ਚਾਚਾ ਕਹਿੰਦਾ ਜਾਣ ਦਿਓ
ਆਪਾਂ ਲਿਆਵਾਂਗੇ ਮੇਮ ਕੋਈ ਫੜ ਕੇ
ਵੇ ਜਾਂਦੀ ਏ ਤਾ ਜਾਣ ਦਿਓ….

ਇਸ ਤੋਂ ਇਲਾਵਾ ਹੋਰ ਰਿਸ਼ਤੇਦਾਰੀਆਂ ’ਚੋਂ ਨਿਕਲਦੀਆਂ ਰਿਸ਼ਤੇਦਾਰੀਆਂ ਜਿਵੇਂ ਪਹਿਲਾਂ ਬਣ ਚੁੱਕੇ ਜੀਜੇ, ਨਣਦੋਈਏ, ਕੁੜਮ ਅਤੇ ਉਨ੍ਹਾਂ ਦੇ ਹੋਰ ਰਿਸ਼ਤੇਦਾਰਾਂ ਤੋਂ ਛੁੱਟ ਨਵੇਂ ਪੁਰਾਣੇ ਵਿਚੋਲੇ ਆਦਿ ਸੰਮਲਿਤ ਹੁੰਦੇ ਹਨ।

ਵਾਹ ਵਾਹ ਕਿ ਚਰਖਾ ਧਮਕਦਾ
ਹੋਰ ਤਾਂ ਲਾੜਾ ਚੰਗਾ ਭਲਾ
ਪਰ ਨਾਲਾ ਰਹਿੰਦਾ ਲਮਕਦਾ
ਲਾੜੇ ਦੇ ਪਿਉ ਦੀ ਦਾੜ੍ਹੀ ਦੇ ਦੋ ਕੁ ਵਾਲ, ਦੋ ਕੁ ਵਾਲ,
ਦਾੜ੍ਹੀ ਮੁੱਲ ਲੈ ਲੈ ਵੇ, ਮੁੱਛਾਂ ਵਿਕਣ ਬਾਜ਼ਾਰ।

ਅਸਾਂ ਨੇ ਕੀ ਕਰਨੇ,
ਪੱਤਰਾਂ ਬਾਝ ਕਰੇਲੇ,
ਲਾੜੇ ਦੀ ਬੇਬੇ ਇਓ ਝਾਕੇ
ਜਿਵੇਂ ਚਾਮਚੜਿੱਕ ਦੇ ਡੇਲੇ

ਅਸਾਂ ਨੇ ਕੀ ਕਰਨੇ
ਬੇ-ਬਹਾਰੇ ਕੱਦੂ।
ਲਾੜਾ ਬੈਠਾ ਐਂ ਜਾਪੇ,
ਜਿਉਂ ਛੱਪੜ ਕੰਢੇ ਡੱਡੂ।

ਕੁੜੀਓ ਨੀ ਚਰਖਾ ਘੂਕਰਦਾ
ਊਂ ਤਾ ਕੁਦਮ ਸਾਡਾ ਸਿੱਧਾ ਪੱਧਰਾ
ਬੁੜੀਆਂ ਨੂੰ ਦੇਖਕੇ ਭੂਤਰਦਾ
ਕੁੜੀਓ ਨੀ ਚਰਖਾ….

ਸਾਡੇ ਤਾਂ ਵਿਹੜੇ ਤਾਣਾ ਤਣੀਂਦਾ।
ਲਾੜੇ ਦਾ ਪਿਓ ਕਾਣਾ ਸੁਣੀਂਦਾ।
ਐਨਕ ਲਾਉਣੀ ਪਈ।
ਐਨਕ ਲਾਉਣੀ ਪਈ, ਨਿਲੱਜਿਓ।
ਲੱਜ ਤੁਹਾਨੂੰ ਨਹੀਂ।
ਕੁੜੀ ਤਾਂ ਸਾਡੀ ਤਿੱਲੇ ,ਦੀ ਤਾਰ ਏ।
ਮੁੰਡਾ ਤਾਂ ਦਿਸਦਾ ਕੋਈ ਘੁਮਿਆਰ ਏ।
ਜੋੜੀ ਤਾਂ ਫਬਦੀ ਨਹੀਂ।
ਜੋੜੀ ਤਾਂ ਫਬਦੀ ਨਹੀਂ, ਨਿਲੱਜਿਓ।
ਲੱਜ ਤੁਹਾਨੂੰ ਨਹੀਂ।

ਇਹ ਸਿੱਠਣੀਆਂ ਕਈ ਵਾਰ ਤਾਂ ਸਿੱਧਾ ਡਾਂਗ-ਸੋਟਾ ਬਣ ਕੇ ਹੀ ਵਰ੍ਹਦੀਆਂ ਹਨ। ਵੰਨਗੀ ਲਈ ਵਿਚੋਲੇ ਨੂੰ ਕਿਹਾ ਜਾਂਦਾ ਹੈ:

ਮੱਕੀ ਦਾ ਦਾਣਾ ਪਿੰਡ ਵਿਚ ਨੀਂ
ਵਿਚੋਲਾ ਨਾ ਰੱਖਣਾ ਪਿੰਡ ਵਿਚ ਨੀਂ।
ਮੱਕੀ ਦਾ ਦਾਣਾ ਕੋਠੇ ’ਤੇ
ਵਿਚੋਲਣ ਬਿਠਾਉਣੀ ਝੋਟੇ ’ਤੇ।

ਕੁੜਮੋ-ਕੁੜਮੀ ਵਰਤਣਗੇ
ਵਿਚੋਲੇ ਵਿਚਾਰੇ ਤਰਸਣਗੇ।

ਸਭ ਗੈਸ ਬੁਝਾ ਦਿਓ ਜੀ,
ਸਾਡਾ ਕੁੜਮ ਬੈਟਰੀ ਵਰਗਾ।

ਸਭ ਮਿਰਚਾਂ ਘੋਟੋ ਜੀ,
ਸਾਡਾ ਕੁੜਮ ਘੋਟਣੇ ਵਰਗਾ।

ਮਣ ਮੱਕੀ ਪਿਹਾ ਲਉ ਜੀ,
ਸਾਡਾ ਕੁੜਮ ਵਹਿੜਕੇ ਵਰਗਾ।

ਕਈ ਵਾਰ ਮਾਪੇ ਧਨ ਦੇ ਲਾਲਚ ਜਾ ਚੌਧਰ ਦੇ ਮਾਰੇ , ਕਿਸੇ ਵੱਧ ਉਮਰ ਦੇ ਦਹਾਜੂ ਅਤੇ ਰੂਪ ਪੱਖ ਤੋਂ ਕੋਝਾ ਵਾਰ ਲੱਭ ਦਿੰਦੇ ਸਨ ਜਿਹਨਾਂ ਦਾ ਜਿਕਰ ਵੀ

ਸਿੱਠਣੀਆਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ ।
ਬੁਢਿਆਂ ਵੇ ਬੁੱਢ ਕੰਜਰਾ, ਤੇਰੀ ਥਰ ਥਰ ਕੰਬੇ ਦੇਹ
ਜਾ ਤੂੰ ਰੱਬ ਚੁੱਕ ਲੈ , ਜਾ ਫੇਰ ਜਵਾਨੀ ਦੇਅ

ਜਾਂਞੀ ,ਜੋ ਬੜੇ ਸਜ ਧਜ ਕੇ ਵਿਆਹ ਵਿੱਚ , ਬਰਾਤ ਵਿੱਚ ਸ਼ਰੀਕ ਹੁੰਦੇ, ਓਹਨਾ ਨੂੰ ਵੀ ਸਿੱਠਣੀਆਂ ਦੇ ਵਾਰਾ ਦਾ ਸ਼ਿਕਾਰ ਹੋਣਾ ਪੈਂਦਾ

ਜਾਂਞੀ ਓਸ ਪਿੰਡੋਂ ਆਏ ਜਿੱਥੇ ਰੁੱਖ ਵੀ ਨਾ।
ਏਨ੍ਹਾਂ ਦੇ ਤੌੜਿਆਂ ਵਰਗੇ ਮੂੰਹ ਉੱਤੇ ਮੁੱਛ ਵੀ ਨਾ।
ਜਾਂਞੀ ਓਸ ਪਿੰਡੋਂ ਆਏ ਜਿੱਥੇ ਤੂਤ ਵੀ ਨਾ।
ਇਹਨਾਂ ਦੇ ਖੱਪੜਾਂ ਵਰਗੇ ਮੂੰਹ ਉੱਤੇ ਰੂਪ ਵੀ ਨਾ।

ਹੁਣ ਸਮਾਂ ਬਦਲ ਚੁੱਕਾ ਹੈ । ਹੁਣ ਨਾ ਪਹਿਲਾਂ ਵਰਗਾ ਸਮਾਂ ਰਿਹਾ, ਨਾ ਪਹਿਲਾਂ ਵਰਗੇ ਲੋਕ । ਜਿੰਦਗੀ ਰੁਝੇਵੇਆਂ ਭਰੀ ਹੋਣ ਕਰਕੇ ਲੋਕਾਂ ਕੋਲ ਸਮਾਂ ਹੀ ਨਹੀਂ ਰਿਹਾ ਕਿ ਉਹ ਦੋ-ਚਾਰ ਦਿਨ ਪਹਿਲਾਂ ਵਿਆਹ ਵਾਲੇ ਰਿਸ਼ਤੇਦਾਰਾਂ ਦੇ ਘਰ ਪਹੁੰਚ ਸਕਣ,ਫਿਰ ਵਿਆਹ ਤੋਂ ਪਹਿਲਾਂ ਵਾਲੇ ਦਿਨਾਂ ਵਿੱਚ ਸਿੱਠਣੀਆਂ ਦੇਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ। ਹੁਣ ਐਨ ਸਮੇਂ ਉੱਤੇ ਹੀ ਰਿਸ਼ਤੇਦਾਰਾਂ ਦਾ ਆਉਣਾ ਹੁੰਦਾ ਹੈ । ਉਹ ਵੀ ਕਈ ਵਾਰ ਸਿੱਧੇ ਤੌਰ ਤੇ ਮੈਰਿਜ ਪੈਲੇਸਾਂ ’ਚ ਹੀ ਹੁੰਦਾ ਹੈ । ਫਿਰ ਵੀ ਕੁੱਝ ਲੋਕਾਂ ਨੇ ਆਪਣਾ ਇਹ ਸੁਨਿਹਰੀ ਵਿਰਸਾ ਸਾਂਭ ਕੇ ਰੱਖਿਆ ਹੋਇਆ ਹੈ ।

ਸ਼ੰਕਰ ਮਹਿਰਾ
ਕ੍ਰਿਸ਼ਨਾ ਨਗਰ, ਖੰਨਾ ( ਜਿਲ੍ਹਾ ਲੁਧਿਆਣਾ ) -141401
ਸੰਪਰਕ : 9988898227

Leave a Reply

Your email address will not be published. Required fields are marked *

%d bloggers like this: