ਲੋਕਾਂ ਲਈ ਦਿਨ ਰਾਤ ਸਹਾਰਾ ਬਣੇ ਐਂਬੁਲੈਂਸ 108 ਦੇ ਮੁਲਾਜ਼ਮਾਂ ਦਾ ਸ਼ੋਸ਼ਣ ਕਿਉਂ ਕਰਦੀ ਐ ਸਰਕਾਰ ?

ss1

ਲੋਕਾਂ ਲਈ ਦਿਨ ਰਾਤ ਸਹਾਰਾ ਬਣੇ ਐਂਬੁਲੈਂਸ 108 ਦੇ ਮੁਲਾਜ਼ਮਾਂ ਦਾ ਸ਼ੋਸ਼ਣ ਕਿਉਂ ਕਰਦੀ ਐ ਸਰਕਾਰ ?

ਪੰਜਾਬ ਜਾਂ ਕਿਸੇ ਵੀ ਰਾਜ ਦੇ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਤੇ ਰੋਜੀ ਰੋਟੀ ਆਦਿ ਦੀ ਜਿੰਮੇਵਾਰੀ ਰਾਜ ਸਰਕਾਰਾਂ ਦੀ ਹੁੰਦੀ ਹੈ ਕਿਉਂਕਿ ਭਾਰਤ ਇੱਕ ਲੋਕਤੰਤਰ ਮੁਲਕ ਹੈ ਤੇ ਇੱਥੋਂ ਦੇ ਮੈਂਬਰ ਪੰਚਾਇਤ ਤੋਂ ਲੈਕੇ ਪ੍ਰਧਾਨ ਮੰਤਰੀ ਤੱਕ ਵੋਟਾਂ ਦੁਆਰਾ ਚੁਣੇ ਜਾਂਦੇ ਹਨ ਤੇ ਚੁਣੇ ਹੋਏ ਨੁਮਾਇੰਦਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਵੋਟਰਾਂ ਦਾ ਖਿਆਲ ਰੱਖਣ ਕਿਉਂਕਿ ਉਹਨਾਂ ਕਰਕੇ ਹੀ ਉਹ ਕੁਰਸੀਆਂ ਦੇ ਮਾਲਕ ਬਣਦੇ ਹਨ ਤੇ ਵੋਟਰਾਂ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਨਣਾ ਇਹਨਾਂ ਦੀ ਮੁੱਖ ਜਿੰਮੇਵਾਰੀ ਹੈ ਪਰ ਜੇਕਰ ਭਾਰਤ ਦੇ ਰਾਜਨੀਤਿਕ ਚਿਹਰਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਕੁੱਝ ਕੁ ਪ੍ਰਤੀਸ਼ਤ ਹੀ ਲੀਡਰ ਹੋਣਗੇ ਜੋ ਲੋਕਾਂ ਦੇ ਦੁੱਖਾਂ ਤਕਲੀਫਾਂ, ਸਮੱਸਿਆਵਾਂ ਨੂੰ ਸਮਝਦੇ ਹਨ ਤੇ ਉਹਨਾਂ ਦੇ ਹੱਲ ਲਈ ਉਪਰਾਲੇ ਵੀ ਕਰਦੇ ਹਨ। ਬਹੁਤਾਤ ਤਾਂ ਵੋਟਾਂ ਲੈਕੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰਾਂ ਸਕੇ ਸਬੰਧੀਆਂ ਨੂੰ ਸੈੱਟ ਕਰਨ ਵਿੱਚ ਮਸ਼ਰੂਫ ਰਹਿੰਦੇ ਹਨ ਤੇ ਲੋਕਾਂ ਦੀ ਜਿੰਦਗੀ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੁੰਦਾ ਜਿਸ ਕਰਕੇ ਦੇਸ਼ ਦੀ ਤਰੱਕੀ ਵਿੱਚ ਖੜੋਤ ਆ ਜਾਂਦੀ ਹੈ ਤੇ ਲੋਕਾਂ ਦਾ ਵਿਸ਼ਵਾਸ ਰਾਜਨੀਤਿਕ ਸਿਸਟਮ ਤੋਂ ਉਠ ਜਾਂਦਾ ਹੈ। ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਵੀ ਰਾਜਨੀਤਿਕ ਪਾਰਟੀਆਂ ਦਾ ਹਾਲ ਲੋਕਾਂ ਲਈ ਬਹੁਤਾ ਠੀਕ ਨਹੀਂ ਤੇ ਅੱਜ ਲੋਕਾਂ ਦੀਆਂ ਹੋਰ ਬੁਨਿਆਦੀ ਸਹੂਲਤਾਂ ਦੀ ਗੱਲ ਕਰੀਏ ਤਾਂ ਰੱਬ ਹੀ ਰਾਖਾ ਹੈ। ਲੋਕ ਜਿੱਥੇ ਹੋਰ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ ਉਥੇ ਹੀ ਉਹਨਾਂ ਦੀ ਸਿਹਤ ਸਹੂਲਤ ਲਈ ਬਣੇ ਸਰਕਾਰੀ ਹਸਪਤਾਲਾਂ ਦਾ ਹਾਲ ਕਿਸੇ ਤੋਂ ਲੁਕਿਆ, ਛੁਪਿਆ ਨਹੀਂ ਹੈ। ਪੰਜਾਬ ਦੇ ਸਿਵਲ ਹਸਪਤਾਲ, ਪੇਂਡੂ ਡਿਸਪੈਨਸਰੀਆਂ ਤੇ ਹੈਲਥ ਸੈਂਟਰਾਂ ਵਿੱਚ ਸਟਾਫ, ਦਵਾਈਆਂ ਤੇ ਸਾਜੋ ਸਮਾਨ ਦੀ ਵੱਡੀ ਘਾਟ ਹੈ ਜਿਸ ਬਾਰੇ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਨੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਪੰਜਾਬ ਦੇ ਗਰੀਬ ਲੋਕਾਂ ਨੂੰ ਆਪਣੇ ਇਲਾਜ ਲਈ ਪ੍ਰਾਇਵੇਟ ਹਸਪਤਾਲਾਂ ਤੋਂ ਆਰਥਿਕ ਸ਼ੋਸ਼ਣ ਕਰਵਾਉਣਾ ਪੈਂਦਾ ਹੈ ਤੇ ਜੋ ਗਰੀਬ ਇਲਾਜ ਦੇ ਪੈਸੇ ਦੇਣ ਤੋਂ ਅਸਮਰੱਥ ਹਨ ਉਹ ਰੱਬ ਨੂੰ ਪਿਆਰੇ ਵੀ ਹੋ ਜਾਂਦੇ ਹਨ। ਸਰਕਾਰ ਵੱਲੋਂ ਭਾਵੇਂ ਸਿਹਤ ਸਬੰਧੀ ਕਾਫੀ ਸਕੀਮਾਂ ਲਿਆਂਦੀਆਂ ਜਾਂਦੀਆਂ ਹਨ ਪਰ ਸਰਕਾਰ ਦੇ ਵਿਭਾਗਾਂ ਦੀਆਂ ਕਮਜੋਰੀਆਂ ਕਾਰਨ ਸਕੀਮਾਂ ਵਿਚ ਵਿਚਾਲੇ ਹੀ ਦਮ ਤੋੜ ਜਾਂਦੀਆਂ ਹਨ, ਭਾਵੇਂ ਉਹ ਮੁਫਤ ਇਲਾਜ ਜਾਂ ਮੁਫਤ ਦਵਾਈਆਂ ਦੇਣ ਦੀ ਹੋਵੇ। ਇਸ ਤਰਾਂ ਹੀ ਭਾਰਤ ਸਰਕਾਰ ਨੇ ”ਨੈਸ਼ਨਲ ਰੂਰਲ ਹੈਲਥ ਮਿਸ਼ਨ” ਬਿਮਾਰ, ਹਾਦਸਾਗ੍ਰਸਤ ਤੇ ਗਰਭਵਤੀ ਔਰਤਾਂ ਲਈ ਐਂਬੁਲੈਂਸ 108 ਨੂੰ ਛੇ ਸਾਲ ਪਹਿਲਾਂ ਲਿਆਂਦਾ ਤਾਂ ਜੋ ਲੋਕਾਂ ਨੂੰ ਸਮੱਸਿਆ ਆਉਣ ਤੇ ਉਸਦਾ ਹੱਲ ਹੋ ਸਕੇ।
ਇਸ ਸਕੀਮ ਕਾਰਨ ਦੇੇਸ਼ ਦੇ ਕਾਫੀ ਰਾਜਾਂ ਦੇ ਲੋਕਾਂ ਨੂੰ ਫਾਇਦਾ ਹੋਇਆ। ਇਹ ਸਕੀਮ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੀ ਭਾਈਵਾਲੀ ਨਾਲ ਚੱਲੀ ਸੀ। ਪਰ ਇਸ ਸਕੀਮ ਵਿੱਚ ਜੋ ਸਭ ਤੋਂ ਵੱਡੀ ਖਾਮੀ ਆਈ ਉਹ 108 ਐਂਬੁਲੈਂਸ ਸੇਵਾ ਨੂੰ ਕੰਪਨੀਆਂ ਕੋਲ ਠੇਕੇ ‘ਤੇ ਦੇਣਾ ਸੀ ਜਿਸ ਤੋਂ ਬਾਅਦ ਇਸ ਐਂਬੁਲੈਂਸ ਤੇ ਕੰਮ ਕਰਦੇ ਈਐਮਟੀ ਮੁਲਾਜ਼ਮਾਂ ਤੇ ਪਾਇਲਟਾਂ ਦਾ ਸ਼ੋਸ਼ਣ ਸ਼ੁਰੂ ਹੋ ਗਿਆ। ਪੰਜਾਬ ਵਿੱਚ 108 ਐਂਬੁਲੈਂਸ ਨੂੰ ਯੁਗੀਸ਼ਾ ਹੈਲਥ ਕੇਅਰ ਲਿਮਟਿਡ ਚਲਾ ਰਹੀ ਹੈ ਜੋ ਇਸ ਗੱਡੀ ਤੇ ਦਿਨ ਰਾਤ ਕੰਮ ਕਰਨ ਵਾਲੇ ਪਾਇਲਟ ਨੂੰ 8500 ਰੁਪਏ ਤੇ ਈਐਮਟੀ ਨੂੰ 9000 ਰੁਪਏ ਦੇਕੇ ਸ਼ੋਸ਼ਣ ਕਰ ਰਹੀ ਹੈ। ਇਸ ਸ਼ੋਸ਼ਣ ਦੀ ਜਿੰਮੇਵਾਰ ਕੰਪਨੀ ਦੇ ਨਾਲ-ਨਾਲ ਸਰਕਾਰ ਵੀ ਹੈ। 108 ਐਂਬੁਲੈਂਸ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੇਬਰ ਐਕਟ ਤੋਂ ਘੱਟ ਤਨਖਾਹ ਦੇ ਕੇ ਕੰਪਨੀ ਤੇ ਸਰਕਾਰ ਜਿੱਥੇ ਉਹਨਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ ਉਥੇ ਹੀ ਕਿਰਤ ਕਾਨੂੰਨ ਦੀ ਵੀ ਸ਼ਰੇਆਮ ਉਲੰਘਣਾ ਹੈ ਤੇ ਉਹਨਾਂ ਦਾ ਇਹ ਸ਼ੋਸਣ ਤੇ ਕਾਨੂੰਨ ਦੀ ਉਲੰਘਣਾ ਪਿਛਲੇ ਛੇ ਸਾਲਾਂ ਤੋਂ ਬੇਰੋਕ ਜਾਰੀ ਹੈ। ਇਸ ਸਬੰਧੀ ਬਹੁਤ ਵਾਰ ਐਂਬੁਲੈਂਸ ਦੇ ਨਾਲ ਸਬੰਧਤ ਮੈਂਬਰਾਂ ਨੇ ਰਾਜ ਦੇ ਸਿਹਤ ਮੰਤਰੀ, ਪਿਛਲੀ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਤੇ ਹੁਣ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰ ਨੂੰ ਵੀ ਲਿਖਤੀ ਰੂਪ ਵਿੱਚ ਆਪਣੇ ਦੁੱਖੜੇ ਬਾਰੇ ਦੱਸਿਆ ਹੈ ਕਿ ਉਹ ਐਮਰਜੈਂਸੀ ਡਿਊਟੀ ਵੀ ਬਹੁਤ ਕਰਦੇ ਹਨ ਜਿਸ ਕਰਕੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ, ਮੁਲਾਜ਼ਮ ਆਪਣੀ ਬਣਦੀ 8 ਘੰਟਿਆਂ ਦੀ ਡਿਊਟੀ ਦੀ ਬਜਾਏ 12 ਤੋਂ 14 ਘੰਟੇ ਕੰਮ ਕਰਦੇ ਹਨ ਤੇ ਉੱਪਰ 4 ਤੋਂ 6 ਘੰਟਿਆਂ ਦਾ ਓਵਰਟਾਈਮ ਦਿੱਤਾ ਜਾਵੇ। ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਡਿਊਟੀ ਲਈ ਆਪਣੇ ਘਰ ਤੋਂ 100 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੇ ਜਾਣਾ ਪੈਂਦਾ ਹੈ ਤੇ ਉਹਨਾਂ ਨੂੰ ਔਸਤਨ 250-300 ਦਿਹਾੜੀ ਪੈ ਰਹੀ ਹੈ ਜਿਸ ਵਿੱਚੋਂ ਜਿਆਦਾ ਹਿੱਸਾ ਕਿਰਾਏ, ਭਾੜੇ ਤੇ ਰੋਟੀ ਵਿੱਚ ਹੀ ਖਰਚ ਹੋ ਜਾਂਦਾ ਹੈ ਤੇ ਪਿੱਛੇ ਪੈਸੇ ਉਹਨਾਂ ਦੇ ਪਰਿਵਾਰਾਂ ਦੇ ਚੁੱਲੇ ਕਿਵੇਂ ਤਪਣਗੇ? ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਇਸ ਸਬੰਧੀ ਮੁਲਾਜ਼ਮਾਂ ਵੱਲੋਂ ਸੰਘਰਸ਼ ਵੀ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਨਿਸ਼ਾਨਾ ਬਣਾਕੇ ਝੂਠੇ ਕੇਸ ਪਾਕੇ ਅੰਦਰ ਕੀਤਾ ਜਾਂਦਾ ਹੈ ਜਦੋਂ ਕਿ ਹੱਕ ਦਿੱਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹਨਾਂ ਉਪਰੋਕਤ ਲੀਡਰਾਂ ਨੂੰ ਮੰਗ ਪੱਤਰ ਦੇ ਦਿੱਤੇ ਪਰ ਉਹਨਾਂ ਨੇ ਲੋਲੀਪੋਪ ਵਰਗਾ ਲਾਰਾ ਦੇਕੇ ਘਰਾਂ ਨੂੰ ਤੋਰ ਦਿੱਤਾ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਕਿਉਂ ਕੰਪਨੀ ਨੂੰ ਕਰੋੜਾਂ ਰੁਪਏ ਮੁਫਤ ਵਿੱਚ ਲੁਟਾ ਰਹੀ ਹੈ ਤੇ ਕਿਉਂ ਨਹੀਂ ਪੰਜਾਬ ਦੀਆਂ ਸਾਰੀਆਂ ਗੱਡੀਆਂ ਤੇ ਮੁਲਾਜ਼ਮਾਂ ਨੂੰ ਆਪਣੇ ਅਧੀਨ ਕਰਕੇ ਖੁਦ ਕੰਮ ਸੰਭਾਲੇ ਤਾਂ ਜੋ ਉਹ ਹੋਰ ਵੀ ਜਜਬੇ ਨਾਲ ਲੋਕਾਂ ਦੀ ਸੇਵਾ ਕਰ ਸਕਣ। ਇਹਨਾਂ ਮੁਲਾਜ਼ਮਾਂ ਨੇ ਇਹ ਵੀ ਰੋਸ ਜਾਹਰ ਕੀਤਾ ਕਿ ਜੇਕਰ ਦਿਨ ਰਾਤ ਕੰਮ ਕਰਦੇ ਕਿਸੇ ਮੁਲਾਜ਼ਮ ਤੋਂ ਮਾੜੀ ਮੋਟੀ ਗਲਤੀ ਹੋ ਜਾਂਦੀ ਹੈ ਤਾਂ ਉਸਦੀ ਬਦਲੀ ਬਹੁਤ ਦੂਰ ਕਰ ਦਿੱਤੀ ਜਾਂਦੀ ਹੈ ਤੇ ਕੰਪਨੀ ਦੇ ਅਧਿਕਾਰੀ ਮਨਮਰਜੀ ਕਰਕੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਹੇ ਹਨ। ਐਂਬੁਲੈਂਸ 108 ਦੇ ਮੁਲਾਜ਼ਮਾਂ ਦੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਉਹ ਜੇਕਰ ਲੋਕਾਂ ਦੀ ਭਲਾਈ ਲਈ ਸੱਚਮੁੱਚ ਹੀ ਕੰਮ ਕਰਨਾ ਚਾਹੁੰਦੀ ਹੈ ਤਾਂ 108 ਐਂਬੁਲੈਂਸ ਨੂੰ ਪ੍ਰਾਈਵੇਟ ਕੰਪਨੀ ਤੋਂ ਨਿਜਾਤ ਦਿਵਾਈ ਜਾਵੇ।

ਸੁਰਿੰਦਰਪਾਲ ਸਿੰਘ ਬੱਲੂਆਣਾ
85560-22530

Share Button

Leave a Reply

Your email address will not be published. Required fields are marked *