ਲੋਕਾਂ ਨਾਲ ਵਾਅਦਾ ਖਿਲਾਫੀ ਕਰਨ ‘ਚ ਕਾਂਗਰਸ ਤੇ ਭਾਜਪਾ ਨੇ ਇਕ-ਦੂਜੇ ਨੂੰ ਮਾਤ ਦਿੱਤੀ

ss1

ਲੋਕਾਂ ਨਾਲ ਵਾਅਦਾ ਖਿਲਾਫੀ ਕਰਨ ‘ਚ ਕਾਂਗਰਸ ਤੇ ਭਾਜਪਾ ਨੇ ਇਕ-ਦੂਜੇ ਨੂੰ ਮਾਤ ਦਿੱਤੀ

ਚੰਡੀਗੜ, 19 ਸਤੰਬਰ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲੋਕਾਂ ਨਾਲ ਵਾਅਦੇ-ਖਿਲਾਫੀ ਅਤੇ ਧੋਖੇ ਕਰਨ ‘ਚ ਇਕ ਦੂਜੇ ਨੂੰ ਮਾਤ ਦੇ ਦਿੱਤੀ ਹੋਈ ਹੈ।
ਅੱਜ ਇੱਥੇ ‘ਆਪ’ ਵਲੋਂ ਜਾਰੀ ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਗੁਰਦਾਸਪੁਰ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਘਰ-ਘਰ ਜਾ ਕੇ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਸਾਰੇ ਚੋਣ ਵਾਅਦੇ ਯਾਦ ਕਰਵਾਏਗੀ। ਜਿੰਨਾਂ ਵਾਅਦਿਆਂ ਦੇ ਸਿਰ ‘ਤੇ ਪਹਿਲਾਂ ਭਾਜਪਾ-ਅਕਾਲੀ ਦਲ ਨੇ ਕੇਂਦਰ ਅਤੇ ਪੰਜਾਬ ‘ਚ ਸਰਕਾਰਾਂ ਬਣਾਈਆਂ ਫਿਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ 2017 ‘ਚ ਪੰਜਾਬ ਅੰਦਰ ਸਰਕਾਰ ਗਠਿਤ ਕੀਤੀ।
ਮਾਨ ਨੇ ਕਿਹਾ ਕਿ ਕੇਂਦਰ ‘ਚ ਮੋਦੀ ਸਰਕਾਰ ਨੇ ਸਾਢੇ 3 ਸਾਲ ਟਪਾ ਲਏ ਹਨ, ਪਰ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਅਤੇ ਹੋਰ ਵਾਅਦੇ ਲਾਗੂ ਕਰਨ ਤੋਂ ਸਰੇਆਮ ਮੁਕਰ ਗਈ। ਉਨਾਂ ਕਿਹਾ ਕਿ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ ਕਿ ਜੋ ਭਾਜਪਾ ਸੱਤਾ ਤੋਂ ਬਾਹਰ ਹੁੰਦਿਆਂ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਦੇ ਨਾਂ ‘ਤੇ ਸਾਲਾਬੱਧੀ ਸਿਆਸਤ ਕਰਕੇ ਕਿਸਾਨਾਂ ਨੂੰ ਭਰਮਾਉਦੀ ਰਹੀ, ਸੱਤਾ ‘ਚ ਆਉਦਿਆਂ ਹੀ ਅਦਾਲਤ ‘ਚ ਹਲਫੀਆ ਬਿਆਨ ਦੇ ਦੇਵੇ ਕਿ ਉਹ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਲਾਗੂ ਨਹੀਂ ਕਰ ਸਕਦੀ ਅਤੇ ਭਾਜਪਾ ਦੇ ਇਸ ਗੁਨਾਹ ‘ਚ ਆਕਲੀ ਦਲ ਬਾਦਲ ਨੇ ਬਰਾਬਰ ਸਾਥ ਦਿੱਤਾ, ਇਸ ਲਈ ਪੰਜਾਬ ਦੇ ਲੋਕ ਬਾਦਲਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਮਾਨ ਨੇ ਕਿਹਾ ਕਿ ਜੇਕਰ ਅਕਾਲੀ-ਭਾਜਪਾ ਆਪਣੇ ਵਾਅਦੇ ਅਨੁਸਾਰ 3 ਸਾਲ ਪਹਿਲਾਂ ਡਾ. ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰ ਦਿੰਦੇ ਤਾਂ ਅੱਜ ਪੰਜਾਬ ਅਤੇ ਦੇਸ ਦਾ ਕਿਸਾਨ ਅਤੇ ਖੇਤ ਮਜਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਨਾ ਹੁੰਦਾ।

ਮਾਨ ਨੇ ਕੈਪਟਨ ਅਮਰਿੰਦਰ ਸਿੰਘ ਉਤੇ ਕਿਸਾਨਾਂ ਅਤੇ ਖੇਤੀਬਾੜੀ ‘ਤੇ ਨਿਰਭਰ ਸਾਰੇ ਵਰਗਾਂ ਨਾਲ ਭਾਜਪਾ ਵਾਂਗ ਹੀ ਨੰਗਾ-ਚਿੱਟਾ ਧੋਖਾ ਕਰਨ ਦਾ ਇਲਜਾਮ ਲਗਾਉਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਸਤਖਤਾਂ ਹੇਠ ਕਿਸਾਨਾਂ ਨਾਲ ਸਮੁੱਚੇ ਕਰਜ਼ਿਆਂ ਉਪਰ ਲਕੀਰ ਫੇਰਨ ਦਾ ਲਿਖਤ ਵਾਅਦਾ ਕੀਤਾ ਸੀ, ਜਿਸ ਵਿਚ ਸਹਿਕਾਰੀ, ਸਰਕਾਰੀ, ਪ੍ਰਾਈਵੇਟ ਬੈਂਕਾਂ, ਸੋਸਾਇਟੀਆਂ ਅਤੇ ਆੜਤੀਆਂ ਦੇ ਕਰਜ਼ੇ ਮਾਫ ਕਰਨੇ ਸ਼ਾਮਲ ਸਨ, ਪਰੰਤੂ ਸੱਤਾ ‘ਚ ਆ ਕੇ ਸਭ ਮੁਕਰ ਗਏ ਹਨ। ਹੁਣ ਚੰਦ ਕਿਸਾਨਾਂ ਦੇ 2 ਲੱਖ ਰੁਪਏ ਮੁਆਫ ਕਰਨ ਦੀਆਂ ਗੱਲਾਂ ਕਰਨ ਲੱਗੇ ਹਨ ਪਰ ਅਜੇ ਤੱਕ ਕਿਸੇ ਦਾ ਇਕ ਪੈਸਾ ਵੀ ਕਰਜ਼ ਮਾਫ ਨਹੀਂ ਕੀਤਾ। ਬੈਂਕਾਂ ਵਾਲੇ ਕਿਸਾਨਾਂ ਦੀਆਂ ਬੈਂਕਾਂ ‘ਚ ਫੋਟੋਆਂ ਚਿਪਕਾਉਣ ਲੱਗ ਪਏ ਹਨ। ਕਿਸਾਨ ਜਲੀਲ ਹੋ ਰਿਹਾ ਹੈ ਅਤੇ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ, ਜਦਕਿ ਖੇਤ ਮਜਦੂਰ ਨੂੰ ਤਾਂ ਕੈਪਟਨ ਸਰਕਾਰ ਨੇ ਅਜੇ ਤਕ ਕੋਈ ਫੋਕਾ ਧਰਵਾਸਾ ਵੀ ਨਹੀਂ ਦਿੱਤਾ।

ਮਾਨ ਨੇ ਕਿਹਾ ਕਿ ਗੁਰਦਾਸਪੁਰ ਉਪ ਚੋਣ ਦੌਰਾਨ ਕਿਸਾਨਾਂ ਅਤੇ ਖੇਤ ਮਜਦੂਰਾਂ ਸਮੇਤ ਸਾਰੇ ਵਰਗ ਕਾਂਗਰਸ ਅਤੇ ਭਾਜਪਾ-ਅਕਾਲੀ ਦਲ ਨੂੰ ਵਾਅਦਾ ਖਿਲਾਫੀ ਕਰਨ ਦਾ ਸਬਕ ਸਿਖਾਉਣਗੇ ਅਤੇ ਆਮ ਆਦਮੀ ਪਾਰਟੀ ‘ਚ ਵਿਸ਼ਵਾਸ਼ ਬਹਾਲ ਕਰਨਗੇ, ਕਿਉਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਚੋਣ ਵਾਅਦੇ ਪੂਰੇ ਕਰਨ ‘ਚ ਪੂਰੇ ਦੇਸ਼ ‘ਚ ਨਵੇਂ ਕੀਰਤੀਮਾਨ ਸਥਾਪਤ ਕਰਨ ਲੱਗੀ ਹੋਈ ਹੈ।

Share Button

Leave a Reply

Your email address will not be published. Required fields are marked *