Mon. Sep 23rd, 2019

ਲੋਕਾਂ ਤੋਂ ਲੱਖਾਂ ਠੱਗਣ ਵਾਲਾ ਅੰਮ੍ਰਿਤਸਰ ਦਾ ਅਖੌਤੀ ਬਾਬਾ ਰਾਜਸਥਾਨ ਤੋਂ ਕਾਬੂ

ਲੋਕਾਂ ਤੋਂ ਲੱਖਾਂ ਠੱਗਣ ਵਾਲਾ ਅੰਮ੍ਰਿਤਸਰ ਦਾ ਅਖੌਤੀ ਬਾਬਾ ਰਾਜਸਥਾਨ ਤੋਂ ਕਾਬੂ

ਆਮ ਜਨਤਾ ਤੋਂ ਲੱਖਾਂ ਰੁਪਏ ਠੱਗਣ ਵਾਲੇ ਅੰਮ੍ਰਿਤਸਰ ਦੇ ਅਖੌਤੀ ਬਾਬੇ ਨੂੰ ਰਾਜਸਥਾਨ ਦੇ ਸ਼ਹਿਰ ਅਲਵਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ 34.5 ਲੱਖ ਰੁਪਏ ਵੀ ਬਰਾਮਦ ਹੋ ਗਏ ਹਨ। ਅੰਮ੍ਰਿਤਸਰ ਦੇ ਗੁਰੂ ਤੇਗ ਬਹਾਦਰ ਨਗਰ ਦੇ ਨਿਵਾਸੀ ਭੁਪਿੰਦਰ ਸਿੰਘ ਉਰਫ਼ ਬਾਬਾ ਲੋਕਾਂ ਨੂੰ ਨੌਕਰੀਆਂ ਦਿਵਾਉਣ ਦਾ ਵਾਅਦਾ ਕਰ ਕੇ ਠੱਗਦਾ ਸੀ।

ਕਮਿਸ਼ਨਰੇਟ ਪੁਲਿਸ ਮੁਤਾਬਕ ਅੰਮ੍ਰਿਤਸਰ ਦੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਕੇ ਇਹ 54 ਸਾਲਾ ਅਖੌਤੀ ਬਾਬਾ (ਜੋ ਆਪਣੇ ਆਪ ਨੂੰ ‘ਸੰਤ’ ਵੀ ਅਖਵਾਉਂਦਾ ਰਿਹਾ ਹੈ) ਪਿਛਲੇ ਕੁਝ ਮਹੀਨਿਆਂ ਤੋਂ ਅਲਵਰ ’ਚ ਰਹਿ ਰਿਹਾ ਸੀ।

ਬੀਤੀ 16 ਅਗਸਤ ਨੂੰ ਅੰਮ੍ਰਿਤਸਰ ਦੇ ਕੋਟ ਖ਼ਾਲਸਾ ਇਲਾਕੇ ਦੇ ਟੈਕਸੀ ਡਰਾਇਵਰ ਮਨਬੀਰ ਸਿੰਘ (37) ਨੇ ਛੇਹਰਟਾ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ‘ਸੰਤ ਜੀ’ ਹਨ, ਜਿਹੜੇ ਸਰਕਾਰੀ ਨੌਕਰੀਆਂ ਦਿਵਾਉਣ ’ਚ ਮਦਦ ਕਰਦੇ ਹਨ। ‘ਮੈਂ ਉਨ੍ਹਾਂ ਨੂੰ ਆਪਣੇ ਭਤੀਜੇ ਮਨਦੀਪ ਸਿੰਘ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਢਾਈ ਲੱਖ ਰੁਪਏ ਦਿੱਤੇ ਸਨ। ਬਾਅਦ ’ਚ ਮੈਨੂੰ ਪਤਾ ਲੱਗਾ ਕਿ ਉਹ ਮੇਰੇ ਵਰਗੇ ਹੋਰ ਕਿੰਨੇ ਹੀ ਲੋਕਾਂ ਤੋਂ ਲੱਖਾਂ ਰੁਪਏ ਠੱਗ ਕੇ ਆਪਣੇ ਪਰਿਵਾਰ ਸਮੇਤ ਇਹ ਸ਼ਹਿਰ ਛੱਡ ਕੇ ਕਿਤੇ ਹੋਰ ਚਲਾ ਗਿਆ ਹੈ।’

ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ (ਸਿਟੀ–2) ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਸੂਹ ਮਿਲਣ ’ਤੇ ਛੇਹਰਟਾ ਦੇ ਐੱਸਐੱਚਓ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਇੱਕ ਟੀਮ ਨੇ ਐਤਵਾਰ ਨੂੰ ਅਲਵਰ ਤੋਂ ਅਖੌਤੀ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਉੱਥੇ ਆਪਣੇ ਪਰਿਵਾਰ ਸਮੇਤ ਭੇਸ ਬਦਲ ਕੇ ਰਹਿ ਰਿਹਾ ਸੀ।

ਇਹ ਅਖੌਤੀ ਬਾਬਾ ਸੇਵਾ–ਮੁਕਤ ਫ਼ੌਜੀ ਹੈ ਤੇ ਅੰਮ੍ਰਿਤਸਰ ਦੇ ਸੱਤਿਅਮ ਕਾਲਜ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਰਿਹਾ ਹੈ। ਉਹ ਛੇਹਰਟਾ ’ਚ ਕਿਰਾਏ ਦੇ ਇੱਕ ਮਕਾਨ ਤੋਂ ਪ੍ਰਵਚਨ ਵੀ ਕਰਦਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: