Wed. Jul 17th, 2019

ਲੋਕਤੰਤਰ ਦੀ ਮਜਬੂਤੀ ਵਿੱਚ ਵੱਡੀ ਰੁਕਾਵਟ ਹੈ ਵੰਸ਼ਵਾਦ ਦੀ ਰਾਜਨੀਤੀ

ਲੋਕਤੰਤਰ ਦੀ ਮਜਬੂਤੀ ਵਿੱਚ ਵੱਡੀ ਰੁਕਾਵਟ ਹੈ ਵੰਸ਼ਵਾਦ ਦੀ ਰਾਜਨੀਤੀ

ਰਾਜਨੀਤੀ ਵਿਚ ਵੰਸ਼ਵਾਦ ਦੀ ਬਹਿਸ ਪੁਰਾਣੀ ਹੈ ਅਤੇ ਦੁਨੀਆਂ ਦੇ ਹਰ ਦੇਸ਼ ਦੀ ਇਹੋ ਕਹਾਣੀ ਹੈ।ਪੁਰਾਣੇ ਸਮੇਂ ਤੋਂ ਅੱਜ ਤੱਕ ਰਾਜਿਆਂ ਦੇ ਪੁੱਤਰ ਹੀ ਰਾਜੇ ਅਤੇ ਬਾਦਸ਼ਾਹਾਂ ਦੇ ਪੁੱਤਰ ਹੀ ਬਾਦਸ਼ਾਹ ਹੋਏ ਹਨ। ਕਾਬਲੀਅਤ ਨਾਲੋਂ ਖੂਨ ਅਤੇ ਪੀੜ੍ਹੀ ਦਾ ਮਹੱਤਵ ਹੀ ਸਦਾ ਉਪਰ ਰਿਹਾ ਹੈ। ਯੋਗਤਾ ਨੂੰ ਉਤਰਾਧਿਕਾਰ ਨਾ ਮਿਲਣ ਕਾਰਨ ਹੀ ਕਈ ਵੱਡੀਆਂ ਸਲਤਨਤਾਂ ਇਤਹਾਸ ਦੇ ਪੰਨਿਆ ਵਿੱਚ ਗੁਆਚ ਗਈਆਂ।ਵੰਸ਼ਵਾਦ ਜਾਂ ਪਰਿਵਾਰਵਾਦ ਹਕੂਮਤ ਦਾ ਉਹ ਤਰੀਕਾ ਹੈ, ਜਿਸ ਵਿਚ ਸਿਰਫ ਇਕੋ ਪਰਿਵਾਰ, ਵੰਸ਼ ਜਾਂ ਸਮੂਹ ਚੋਂ ਇਕ ਤੋਂ ਬਾਅਦ ਇਕ ਕਈ ਸਦਰ ਬਣ ਜਾਂਦੇ ਹਨ। ਵੰਸ਼ਵਾਦ ਭਾਈਭਤੀਜਾਵਾਦ ਦਾ ਹੀ ਇਕ ਰੂਪ ਹੈ। ਇਹ ਮੰਨਿਆ ਜਾਂਦਾ ਹੈ ਕਿ ਜਮਹੂਰੀਅਤ ਵਿੱਚ ਵੰਸ਼ਵਾਦ ਦੀ ਕੋਈ ਥਾਂ ਨਹੀਂ ਹੁੰਦੀ, ਪਰ ਫਿਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਵੰਸ਼ਵਾਦ ਦਾ ਦਬਦਬਾ ਹੈ।
ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਉਤਰਾਧਿਕਾਰੀ ਦੀ ਕਾਬਲੀਅਤ ਜਾਂ ਯੋਗਤਾ ‘ਤੇ ਭਰੋਸਾ ਨਾ ਹੋਣ ਦੇ ਬਾਵਜੂਦ ਵੀ ਜਨਤਾ ਉਸੇ ਨਾਕਾਬਲ ਵਾਰਿਸ ਦੀ ਤਾਜਪੋਸ਼ੀ ਹੁੰਦਿਆਂ ਦੇਖਣਾ ਚਾਹੁੰਦੀ ਹੈ। ਅਤੇ ਅਹਿਜਾ ਵੀ ਨਹੀਂ ਹੈ ਕਿ ਇਸ ਤਰ੍ਹਾਂ ਸਿਰਫ ਅਨਪੜ੍ਹ ਜਾਂ ਪਿਛੜੇ ਦੇਸ਼ਾਂ ਵਿੱਚ ਹੀ ਹੁੰਦਾ ਹੈ, ਇਹ ਨਿਯਮ ਸੰਸਾਰ ਦੇ ਹਰ ਦੇਸ਼ ਵਿੱਚ ਬਰਾਬਰ ਰੂਪ ਵਿੱਚ ਹੀ ਲਾਗੂ ਹੁੰਦਾ ਹੈ।ਸਭ ਤੋਂ ਜਿਆਦਾ ਪੜ੍ਹੇ ਲਿਖੇ ਦੇਸ਼ ਦੀ ਗਿਣਤੀ ਵਿੱਚ ਇੰਗਲੈਂਡ ਅਤੇ ਯੁਰੋਪ ਦੇ ਦੇਸ਼ ਹਨ, ਜਿੱਥੇ ਜਿਆਦਾਤਰ ਦੇਸ਼ਾਂ ਵਿੱਚ ਅੱਜ ਵੀ ਅਜਿਹੀ ਰਾਜਨੀਤੀ ਹੈ ਜਿੱਥੇ ਰਾਜਾ ਜਾਂ ਮਹਾਰਾਣੀ ਹਕੂਮਤ ਵਿੱਚ ਸਰਬ ਉੱਚ ਹੁੰਦੇ ਹਨ।
ਭਾਰਤ ਵਿੱਚ ਵੰਸ਼ਵਾਦ ਦੀ ਪਰੰਪਰਾ ਉੱਤਰ ਤੋਂ ਲੈਕੇ ਦੱਖਣ ਤੱਕ ਸਾਰੇ ਖੇਤਰਾਂ ਅਤੇ ਪਾਰਟੀਆਂ ਵਿੱਚ ਸਮਾਈ ਹੋਈ ਹੈ। ਵੈਸੇ ਤਾਂ ਨਹਿਰੂ ਗਾਂਧੀ ਪਰਿਵਾਰ ਵਿੱਚ ਪੰਡਤ ਜਵਾਹਰ ਨਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਹਕੂਮਤ ਦਾ ਸੁਖ ਹੰਢਾਇਆ।ਇਸ ਤੋਂ ਇਲਾਵਾ ਬਾਲ ਠਾਕਰੇ ਵੱਲੋਂ ਸ਼ਿਵਸੈਨਾ ਵਿਚ ਪਰਿਵਾਰਵਾਦ ਨੂੰ ਵਾਧਾ ਦੇਣਾ, ਲਾਲੂ ਯਾਦਵ, ਸ਼ਰਦ ਪਵਾਰ, ਸ਼ੇਖ ਅਬਦੁੱਲਾ, ਫ਼ਾਰੂਖ ਅਬਦੁੱਲਾ, ਉਮਰ ਅਬਦੁੱਲਾ ਪਰਿਵਾਰ, ਮਾਧੋ ਰਾਓ ਸਿੰਧੀਆ ਪਰਿਵਾਰ, ਮੁਲਾਇਮ ਸਿੰਘ ਯਾਦਵ, ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ, ਹਰਿਆਣੇ ਵਿੱਚ ਚੋਟਾਲਾ ਅਤੇ ਭਜਨ ਲਾਲ ਪਰਿਵਾਰ, ਹਿਮਾਚਲ ਵਿੱਚ ਵੀਰਭੱਦਰ ਪਰਿਵਾਰ, ਦਿੱਲੀ ਵਿੱਚ ਸ਼ੀਲਾ ਦੀਕਸ਼ਤ ਆਦਿ ਕਈ ਪਰਿਵਾਰ ਇਸ ਨੂੰ ਛੋਟੇ ਪੱਧਰ ‘ਤੇ ਪ੍ਰੇਰਦੇ ਅਤੇ ਪਾਲਦੇ ਆਏ ਹਨ।
ਵੰਸ਼ਵਾਦ ਦੇ ਕਾਰਨ ਨਵੇਂ ਲੋਕ ਰਾਜਨੀਤੀ ਵਿੱਚ ਨਹੀਂ ਆ ਪਾਉਂਦੇ। ਵੰਸ਼ਵਾਦ ਜਾਂ ਪਰਿਵਾਰਵਾਦ ਸੱਚੇ ਲੋਕਤੰਤਰ ਨੂੰ ਮਜਬੂਤ ਨਹੀਂ ਹੋਣ ਦਿੰਦਾ।ਨਾਕਾਬਲ ਹਾਕਮਾ ਵੱਲੋਂ ਦੇਸ਼ ਵਿੱਚ ਰਾਜ ਕੀਤਾ ਜਾਂਦਾ ਹੈ। ਹਰ ਇਕ ਲਈ ਬਰਾਬਰ ਦੇ ਮੌਕਿਆਂ ਦਾ ਸਿਧਾਂਤ ਪਿੱਛੇ ਛੁੱਟ ਜਾਂਦਾ ਹੈ।ਅਜਿਹੇ ਕਾਨੂੰਨ ਅਤੇ ਨੀਤੀਆਂ ਬਣਾਈਆਂ ਜਾਂਦੀਆਂ ਹਨ ਜੋ ਪਰਿਵਾਰਵਾਦ ਦਾ ਪਾਲਣਪੋਸ਼ਣ ਕਰਦੀਆਂ ਰਹਿੰਦੀਆਂ ਹਨ। ਆਮ ਜਨਤਾ ਵਿਚ ਨਿਰਾਸ਼ਾ ਦੀ ਭਾਵਨਾ ਘਰ ਕਰਨ ਲੱਗ ਜਾਂਦੀ ਹੈ। ਗਲਤ ਪ੍ਰਚਾਰ, ਚਾਪਲੂਸੀ ਤੰਤਰ, ਪੈਸੇ ਦੇ ਗਲਤ ਇਸਤੇਮਾਲ ਅਤੇ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਤਾਂ ਜੋ ਜਨਤਾ ਦੇ ਧਿਆਨ ਨੂੰ ਵੰਸ਼ਵਾਦ ਦੀਆ ਕਮੀਆਂ ਤੋਂ ਦੂਰ ਰੱਖਿਆ ਜਾ ਸਕੇ।
ਅਮਰੀਕਾ ਜਿਹੇ ਦੇਸ਼ਾਂ ਦਾ ਇਤਹਾਸ ਵੀ ਵੰਸ਼ਵਾਦ ਨਾਲ ਭਰਿਆ ਹੋਇਆ ਹੈ।ਜਿਆਦਾ ਪਿੱਛੇ ਨਾ ਜਾਂਦੇ ਹੋਏ ਮੌਜੂਦਾ ਤਸਵੀਰ ਦੀ ਹੀ ਗੱਲ ਕਰਦੇ ਹਾਂ ਤਾਂ ਜ਼ੋਰਜ ਬੁੱਸ਼ (ਸੀਨੀਅਰ) ਸਨ 1989 ਤੋਂ 1993 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ। ਉਨ੍ਹਾਂ ਦਾ ਵੱਡਾ ਪੁੱਤਰ ਜ਼ੌਰਜ ਬੁੱਸ਼ (ਜੁਨੀਅਰ) ਸਨ 2001 ਤੋਂ 2009 ਤੱਕ ਰਾਸ਼ਟਰਪਤੀ ਰਿਹਾ। ਉਥੇ ਹੀ ਛੋਟਾ ਪੁੱਤਰ ਜੇਬ ਬੁੱਸ਼ ਫਲੋਰੀਡਾ ਸੂਬੇ ਦਾ ਗਰਵਨਰ ਰਿਹਾ।
ਹੁਣ ਇਹੀ ਜੋਬ ਬੁੱਸ਼ ਯਾਨੀ ਜ਼ੌਰਜ ਬੁੱਸ਼ ਸੀਨੀਅਰ ਦਾ ਦੂਜਾ ਪੁੱਤਰ ਅਤੇ ਜ਼ੋਰਜ਼ ਬੁੱਸ਼ ਜੁਨੀਅਰ ਦਾ ਭਰਾ ਅਮਰੀਕਾ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਹੈ।

ਦੂਜੇ ਪਾਸੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਦੂਜੀ ਪਾਰਟੀ ਵੱਲੋਂ ਇਸੇ ਦੌੜ ਵਿੱਚ ਸ਼ਾਮਲ ਮੰਨੀ ਜਾਂਦੀ ਹੈ। ਅਜਿਹਾ ਨਹੀਂ ਹੈ ਕਿ ਅਮਰੀਕਾ ਵਿੱਚ ਯੋਗ ਅਤੇ ਕਾਬਲ ਉਮੀਦਵਾਰਾਂ ਦੀ ਕਮੀ ਹੈ ਪਰ ਲੋਕਾ ਦੀ ਮਾਨਸਿਕਤਾ ਦੇ ਕਾਰਨ ਰਾਜਨੀਤਿਕ ਸੰਗਠਨ ਮਜਬੂਰਨ ਇਨ੍ਹਾਂ ਸਥਾਪਤ ਘਰਾਣਿਆਂ ਦੇ ਹੀ ਉਮੀਦਵਾਰਾਂ ਦੀ ਤਾਜਪੋਸ਼ੀ ਕਰਨ ਲਈ ਕੰਮ ਕਰਦੇ ਹਨੇ।ਤਾਂ ਫਿਰ, ਕੀ ਅਮਰੀਕਾ ਵੀ ਇਸ ਵੰਸ਼ਵਾਦ ਦੀ ਰਾਜਨੀਤੀ ਵਿੱਚ ਉਲਝ ਚੁੱਕਿਆ ਹੈ?
ਇਕ ਸਰਵੇਖਣ ਦੇ ਮੁਤਾਬਿਕ ਚਾਲੀ 40 ਫੀਸਦ ਤੱਕ ਇਹ ਸੰਭਾਵਨਾ ਹੁੰਦੀ ਹੈ ਕਿ ਅਮਰੀਕਾ ਦੇ ਸਾਂਸਦ ਦੀ ਸੀਟ ਖਾਲੀ ਹੋਣ ‘ਤੇ ਉਸੇ ਦੇ ਹੀ ਪਰਿਵਾਰ ਦਾ ਕੋਈ ਮੈਂਬਰ ਹੀ ਉਸਦੀ ਥਾਂ ਲੈਂਦਾ ਹੈ। ਮਤਲਬ ਸਾਫ ਹੈ ਕਿ ਅਮਰੀਕਾ ਜਿਹੀ ਵਿਕਸਤ ਜਮਹੂਰੀਅਤ ਵਿੱਚ ਵੀ ਜਨਤਾ ਪਰਿਵਾਰਵਾਦ ਦੇ ਜਾਲ ਵਿਚੋਂ ਬਾਹਰ ਨਿਕਲਣ ਲਈ ਤਿਆਰ ਨਹੀਂ ਹੈ। ਇਸੇ ਤਰ੍ਹਾਂ ਦੀਆਂ ਕਹਾਣੀਆਂ ਹਰੇਕ ਦੇਸ਼ ਵਿੱਚ ਹੁੰਦੀਆਂ ਹਨ। ਪਿਛਲੇ ਮਹੀਨੇ ਫਿਲਪਾਈਨਜ਼ ਵਿੱਚ ਕੁਝ ਸਾਂਸਦਾ ਵੱਲੋਂ ਭਾਈ ਭਤੀਜਾਵਾਦ ਅਤੇ ਇਕ ਹੀ ਪਰਿਵਾਰ ਦੇ ਮੈਂਬਰਾਂ ਨੂੰ ਸੰਸਦ ਵਿੱਚ ਚੁਣ ਕੇ ਆਉਣ ਦੇ ਵਿਰੋਧ ਵਿੱਚ ਇਕ ਪ੍ਰਸਤਾਅ ਤਿਆਰ ਕੀਤਾ ਗਿਆ। ਇਸ ਪ੍ਰਸਤਾਅ ਨੂੰ ਸੰਸਦ ਵਿਚ ਚਰਚਾ ਦੇ ਪਲੇਟਫਾਰਮ ‘ਤੇ ਪੇਸ਼ ਹੀ ਨਹੀਂ ਕੀਤਾ ਜਾ ਸਕਿਆ, ਕਿਉਂਕਿ ਇਹ ਕਾਨੂੰਨ ਪਾਸ ਹੋ ਜਾਂਦਾ ਤਾਂ ਅੱਧੇ ਤੋਂ ਜਿਆਦਾ ਸਾਂਸਦ ਨਾਕਾਬਲ ਐਲਾਨੇ ਜਾਂਦੇ। ਹੁਣ ਭਲਾਂ ਆਪਣੇ ਹੀ ਪੈਰ ‘ਤੇ ਕੁਹਾੜੀ ਕੌਣ ਮਾਰ ਸਕਦਾ ਹੈ ਅਤੇ ਫਿਰ ਸਿਆਸੀ ਲੀਡਰ ਤਾਂ ਬਿਲਕੁਲ ਵੀ ਨਹੀਂ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: