Fri. Dec 13th, 2019

ਲੈ ਲਓ ਜੀ! ਸਾਡਾ ਸਾਰਾ ਪਿੰਡ ਵਿਕਾਊ ਆ

ਲੈ ਲਓ ਜੀ! ਸਾਡਾ ਸਾਰਾ ਪਿੰਡ ਵਿਕਾਊ ਆ

ਪੰਜਾਬ (ਪੰਜ+ਆਬ) ਮਤਲਬ ਪੰਜ ਦਰਿਆਵਾਂ ਦੀ ਧਰਤੀ, ਜਿਸ ਨੂੰ ਸੰਤਾਂ ਮਹਾਤਮਾਂ ਤੇ ਗੁਰੂ ਸਾਹਿਬਾਨਾਂ ਦਾ ਆਸ਼ੀਰਵਾਦ ਹੈ। ਇਸ ਦੇ ਸ਼ਾਨਾ ਮੱਤੇ ਇਤਿਹਾਸ ਵਿੱਚ ਬਹੁਤ ਯੋਧਿਆ ਤੇ ਸੂਰਬੀਰਾਂ ਦਾ ਨਾਮ ਆਉਂਦਾ ਹੈ। ਕਿਸੇ ਸਮੇਂ ਪੂਰੇ ਦੇਸ਼ ਵਿੱਚ ਪੰਜਾਬੀ ਸਰਦਾਰਾ ਦੇ ਨਾਮ ਦਾ ਡੰਕਾਂ ਵੱਜਦਾ ਸੀ, ਇਸ ਧਰਤੀ ਨੇ ਦਾਰਾ ਸਿੰਘ ਜਿਹੇ ਪਹਿਲਵਾਨਾਂ ਤੇ ਸ. ਭਗਤ ਸਿੰਘ ਵਰਗੇ ਸੂਰਮਿਆਂ ਨੂੰ ਜਨਮ ਦਿੱਤਾ, ਬਦਕਿਸਮਤੀ 1947 ਦੇ ਕਹਿਰ ਨੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਸਮਾਂ ਬੀਤਦਾ ਗਿਆ ਸਰਕਾਰਾ ਆਉਂਦੀਆਂ ਜਾਂਦੀਆਂ ਰਹੀਆਂ ਪੰਜਾਬ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦਾ ਹੋਇਆ ਅੱਗੇ ਵੱਧਦਾ ਰਿਹਾ ਤੇ ਕਈ ਤਰਾਂ ਦੇ ਦੌਰ ਇਸ ਨੇ ਆਪਣੇ ਪਿੰਡੇ ਤੇ ਹੰਡਾਏ, 1984 ਵਾਲੇ ਕਾਲੇ ਦੌਰ ਦੀਆਂ ਛਮਕਾਂ ਦੀ ਮਾਰ ਦੇ ਜ਼ਖਮ ਅੱਜ ਵੀ ਅੱਲੇ ਹਨ।
ਖੈਰ! ਉਸ ਨੂੰ ਮਨੋਂ ਵਿਸਾਰ ਪੰਜਾਬ ਨੇ ਨਿਰੰਤਰ ਅੱਗੇ ਵਧਣਾ ਜਾਰੀ ਰੱਖਿਆ ਸਮਾਂ ਤੇ ਹਾਲਾਤ ਅਜਿਹੇ ਬਦਲੇ ਕਿ ਪੰਜਾਬ ਨਾਲੋਂ ਪੰਜਾਬੀਆਂ ਦਾ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਜਿਨਾਂ ਗੋਰੇ ਲੋਕਾਂ ਤੋਂ ਅਜ਼ਾਦੀ ਲਈ ਪੰਜਾਬੀਆਂ ਨੇ ਆਪਣੀਆਂ ਹਜ਼ਾਰਾ ਕੀਮਤੀ ਜਾਨਾਂ ਦੀ ਕੁਰਬਾਨੀ ਦਿੱਤੀ ਸੀ ਅੱਜ ਉਹੀ ਪੰਜਾਬੀ ਪਤਾ ਨਹੀਂ ਕਿਉਂ ਪੰਜਾਬ ਛੱਡ ਬਾਹਰਲੇ ਮੁਲਕਾਂ ਦੇ ਅਧੀਨ ਨੋਕਰੀਆਂ ਕਰਨ ਲਈ ਮਹਿੰਗੇ ਭਾਅ ਉਪਰੋ ਥਲੀ ਹੋ-ਹੋ ਡਿੱਗਦੇ ਹਨ।
ਕੁਲਦੀਪ ਕੰਡਿਆਰੇ ਦਾ ਲਿਖਿਆ ਤੇ ਮਸ਼ਹੂਰ ਗਾਇਕ ਤੇ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਦਾ ਗਾਇਆ ਗੀਤ ‘ਕੋਈ ਲੈ ਸਕਦਾ ਤਾਂ ਲੈ ਲਓ ਜੀ, ਸਾਡਾ ਸਾਰਾ ਪਿੰਡ ਵਿਕਾਊ ਆ’ ਵਿੱਚ ਪੰਜਾਬ ਦੇ ਮੋਜ਼ੂਦਾ ਹਾਲਾਤਾ ਨੂੰ ਖੋਲ ਕੇ ਵਰਨਣ ਕੀਤਾ ਹੈ, ਪੰਜਾਬ ਦੇ ਅਮਨ ਕਨੂੰਨ ਤੋਂ ਲੋਕ ਇੰਨੇ ਮਜ਼ਬੂਰ ਤੇ ਭੈਭੀਤ ਹੋ ਕੇ ਹੰਭ ਗਏ ਹਨ ਤੇ ਸਰਕਾਰਾਂ ਦੀ ਬੇਰਹਿਮੀ ਨੇ ਪੰਜਾਬੀਆਂ ਨੂੰ ਝੰਭ ਕੇ ਰੱਖ ਦਿੱਤਾ ਹੈ ਅੱਜ ਦੀ ਕਿਸਾਨੀ ਕਰਜ਼ੇ ਦੇ ਦਰਿਆ ਵਿੱਚ ਡੂੰਘੀ ਡੁੱਬ ਚੁੱਕੀ ਹੈ ਜਿੱਥੋ ਨਿੱਕਲਣਾ ਹੁਣ ਮੁਸ਼ਕਿਲ ਜਾਪਦਾ ਹੈ ਨਤੀਜਾ ਪੰਜਾਬ ਵਿੱਚ ਔਸਤਨ ਤਿੰਨ ਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰਕੇ ਮੌਤ ਨੂੰ ਗਲੇ ਲਗਾ ਰਹੇ ਹਨ ਜਿਨਾਂ ਦੀ ਬਾਂਹ ਫੜਨ ਵਾਲਾ ਕੋਈ ਲੱਭਦਾ ਹੀ ਨਹੀਂ, ਰਹਿੰਦੀ ਕਸਰ ਨਸ਼ਿਆਂ ਦੇ ਛੇਵੇ ਦਰਿਆ ਨੇ ਪੂਰੀ ਕਰਤੀ ਸਰਕਾਰਾ ਨਸ਼ੇ ਦੇ ਮੁੱਦੇ ਤੇ ਸਿਰਫ ਸਿਆਸਤ ਹੀ ਖੇਡ ਰਹੀਆਂ ਹਨ ਬੰਦ ਕਰਨ ਲਈ ਗੰਭੀਰਤਾ ਨਹੀ ਦਿਖਾ ਰਹੀਆਂ ਜਿਸਦੀ ਪੋਲ ਸੋਸ਼ਲ ਮੀਡੀਆਂ ਤੇ ਵਾਇਰਲ ਹੋ ਰਹੀ ਪੁਲਿਸ ਅਫ਼ਸਰ ਦੀ ਵੀਡੀਓ ਖੋਲ ਰਹੀ ਹੈ ਪੰਜਾਬ ਵਿੱਚ ਨਸ਼ਾਂ ਅੱਜ ਖੰਡ ਦੀ ਤਰਾਂ ਵਿੱਕ ਰਿਹਾ ਹੈ ਕਿਸੇ ਸਮੇਂ ਨਸ਼ਾਂ ਖਰੀਦਣ ਲਈ ਨਸ਼ੇੜੀ ਚੋਰੀ ਛੁੱਪੇ ਨਸ਼ਾਂ ਤਸਕਰ ਕੋਲ ਜਾਂਦੇ ਸੀ ਪਰੰਤੂ ਅੱਜ ਫੋਨ ਕਰੋ ਨਸ਼ਾਂ ਤੁਹਾਡੇ ਘਰ ਪਹੁੰਚ ਜਾਵੇਗਾ ਜਿਸਦੀ ਤਾਜ਼ਾ ਮਿਸਾਲ ਬਠਿੰਡਾ ਵਿਖੇ ਇੱਕ ਡਾਂਸਰ ਦੀ ਵੱਧ ਨਸ਼ੇ ਕਾਰਨ ਹੋਈ ਮੌਤ ਗਵਾਹੀ ਭਰਦੀ ਹੈ। ਜਿਹੜੀ ਜਵਾਨੀ ਕਦੇ ਪਿੜਾਂ ਵਿੱਚ ਕਬੱਡੀ ਖੇਡਦੀ ਉੱਡੂ-ਉੱਡੂ ਕਰਦੀ ਸੀ ਉਹ ਗੱਭਰੂ ਅੱਜ ਨਸ਼ੇ ਦੀ ਲੱਤ ਨੂੰ ਪੂਰੀ ਕਰਨ ਲਈ ਸਮਾਜਿਕ ਬੁਰਾਈਆਂ ਦੇ ਨੁਮਾਇੰਦੇ ਬਣੇ ਹਨ, ਜਿਸ ਕਾਰਨ ਪਰਿਵਾਰ ਆਰਥਿਕ ਤੰਗ ਨੂੰ ਝੱਲਦੇ ਹੋਏ ਫਿਕਰਾ ਵਿੱਚ ਡੁੱਬਕੇ ਕਿਸੇ ਅਨਹੋਣੀ ਦੇ ਇੰਤਜ਼ਾਰ ਵਿੱਚ ਹਨ।
ਪੰਜਾਬ ਅੰਦਰ ਅੱਜ ਕੈਂਸਰ ਨੇ ਦੈਂਤ ਨੇ ਹਜ਼ਾਰਾਂ ਕੀਮਤੀ ਜਾਨਾਂ ਨੂੰ ਨਿਗਲ ਲਿਆ ਹੈ ਖਾਸ ਕਰਕੇ ਮਾਲਵਾ ਪੱਟੀ ਦੇ ਪਿੰਡਾਂ ਸ਼ਹਿਰਾ ਵਿੱਚ ਤਾਂ ਇਸ ਦੇ ਡੰਗ ਕਾਰਨ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਟਰੇਨ ਦਾ ਨਾ ਵੀ ਲੋਕਾਂ ਨੇ ਕੈਂਸਰ ਟਰੇਨ ਰੱਖ ਦਿੱਤਾ ਹੈ, ਸਿੱਟਾ ਇਹ ਨਿੱਕਲਿਆ ਦਰਮਿਆਨੇ ਪ੍ਰੀਵਾਰਾ ਨੇ ਆਪਣਾ ਸਭ ਕੁੱਝ ਵੇਚ ਵੱਟ ਆਪਣਿਆਂ ਨੂੰ ਇਸ ਬਿਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਦਾਅ ਤੇ ਲਾ ਦਿੱਤਾ ਪਰੰਤੂ ਹੁਣ ਕਮਾਈ ਦਾ ਕੋਈ ਸਾਧਨ ਨਾ ਰਹਿ ਜਾਣ ਕਾਰਨ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਤੇ ਘਰਾਂ ਦੀ ਆਰਥਿਕ ਹਾਲਤ ਦਿਲ ਕੰਬਾਊਆ! ਅਜਿਹੀ ਸਥਿਤੀ ਵਿੱਚ ਧੀਆਂ ਦੀ ਡੋਲੀ ਤੋਰਨੀ ਬਹੁਤ ਮੁਸ਼ਕਿਲ ਹੋ ਗਈ ਹੈ ਕਿਉਂਕਿ ਜਿੱਥੇ ਰੋਟੀ ਦੇ ਲਾਲੇ ਪਏ ਹੋਣ ਉੱਥੇ ਧੀਆਂ ਤੋਰਨ ਲਈ ਸਭ ਰੀਝਾਂ ਬੰਜਰ ਹੋ ਗਈਆਂ ਜਾਪਦੀਆਂ ਹਨ ਬੇਸ਼ੱਕ ਜ਼ਮੀਨਾਂ ਅੱਜ ਵੱਧ ਉਪਜਾਊ ਹਨ।
ਇਹਨਾਂ ਮਜਬੂਰੀਆਂ ਵੱਸ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੀ ਹੈ ਪਰ ਪਿੱਛੇ ਰਹਿ ਗਏ ਮਾਸੂਮਾਂ ਸਿਰ ਕਰਜ਼ੇ ਦੀਆਂ ਪੰਡਾਂ ਤਾਂ ਅਜੇ ਵੀ ਵੱਡੀਆਂ ਹਨ ਹੁਣ ਉਹਨਾਂ ਦੀ ਬਾਂਹ ਫੜਨ ਵਾਲਾ ਦੁਨੀਆਂ ਵਿੱਚ ਕੋਈ ਨਹੀ ਲੱਭਦਾ, ਇਸੇ ਲਈ ਤਾਂ ਕੰਡਿਆਰੇ ਦੀ ਕਲਮ ਨੇ ਇਸ ਦਰਦ ਨੂੰ ਮਹਿਸੂਸ ਕਰਕੇ ਹੋਕਾ ਦਿੱਤਾ ਹੈ। ਇਹ ਸਾਡੇ ਲੀਡਰ ਬੱਸ ਗੱਲਾਂ ਦਾ ਕੜਾਹ ਹੀ ਵਰਤਾਉਂਦੇ ਹਨ ਜਿਸ ਨਾਲ ਢਿੱਡ ਨਹੀਂ ਭਰ ਸਕਦਾ ਇਹ ਸਿਆਸਤ ਦਾਨ ਲੋਕਾਂ ਦੇ ਦੁੱਖ-ਦਰਦ ਜਾਣਦੇ ਹੋਏ ਅਣਜਾਣ ਬਣੇ ਬੈਠੇ ਨੇ ਇਹੀ ਕਿਹਾ ਜਾ ਸਕਦਾ ਭਾਈ ਸਰਕਾਰ ਹੀ ਬੰਦੇ ਖਾਊ ਆ! ਕੋਈ ਲੈ ਸਕਦਾ ਤਾਂ ਲੈ ਲਓ ਜੀ, ਸਾਡਾ ਸਾਰਾ ਪਿੰਡ ਵਿਕਾਊ ਆ।
ਸਰਕਾਰਾਂ ਦੀਆਂ ਇਹਨਾ ਬੇਰੁਖੀਆਂ ਕਾਰਨ ਅੱਜ ਪੰਜਾਬ ਵਿੱਚੋ ਸਾਲਾਨਾ ਢਾਈ ਲੱਖ ਦੇ ਕਰੀਬ ਨੌਜੁਆਨ ਬੱਚੇ ਕਨੇਡਾ, ਅਮਰੀਕਾ, ਨਿਊਜ਼ੀਲੈਂਡ ਆਦਿ ਬਾਹਰਲੇ ਮੁਲਕਾਂ ਨੂੰ ਸਟੱਡੀ ਬੇਸ ਜਾਣ ਲਈ ਉਡਾਰੀਆਂ ਮਾਰ ਰਹੇ ਹਨ ਜਿਸ ਪ੍ਰਤੀ ਸਾਡੀਆਂ ਸਰਕਾਰਾ ਗੰਭੀਰ ਨਹੀ ਹਨ, ਕੀਤਾ ਵੀ ਕੀ ਜਾਵੇ? ਬੇਰੁਜ਼ਗਾਰੀ, ਵਿਗੜੀ ਕਾਨੂੰਨ ਵਿਵਸਥਾ, ਬੁਨਿਆਦੀ ਸਹੂਲਤਾਂ ਨਾ ਮਿਲਣਾ, ਮਹਿੰਗੀ ਪੜਾਈ, ਪੀਣ ਯੋਗ ਪਾਣੀ ਨਾ ਮਿਲਣਾ ਵਰਗੇ ਮੁੱਦਿਆਂ ਨੂੰ ਹੱਲ ਨਾ ਹੁੰਦਾ ਵੇਖ ਮਾਪਿਆਂ ਨੇ ਨੌਜੁਆਨ ਬੱਚਿਆਂ ਨੂੰ ਜ਼ਮੀਨਾ ਤੇ ਗਹਿਣਾ ਗੱਟਾ ਵੇਚ, ਕਰਜ਼ੇ ਦੀਆਂ ਪੰਡਾਂ ਸਿਰ ਰੱਖ, ਹੱਥੀ ਪਰਦੇਸ ਤੋਰਿਆ ਹੈ। ਅੱਜ ਹਰ ਛੋਟਾ ਵੱਡਾ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਵੱਟ ਬਾਹਰਲੇ ਮੁਲਕਾਂ ਵਿੱਚ ਸੈਟ ਹੋਣ ਲਈ ਕਾਹਲਾ ਹੈ ਪਰੰਤੂ ਜ਼ਮੀਨਾਂ ਖਰੀਦਣ ਲਈ ਗਾਹਕ ਹੀ ਨਹੀ ਹਨ।
ਬਾਹਰਲੇ ਮੁਲਕਾਂ ਨੇ ਵੀ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਾਡਾ ਸਰਮਾਇਆ, ਜਵਾਨੀ ਤੇ ਕਾਬਿਲ ਇੰਜਨੀਅਰ, ਆਦਿ ਤਜ਼ਰਬੇਕਾਰ ਟੈਕਨੀਕਲ ਕਾਮਿਆਂ ਦੀ ਨਬਜ਼ ਪਛਾਣ ਕੇ ਆਪਣੇ ਵੱਲ ਆਕਰਸ਼ਿਤ ਕੀਤਾ ਹੈ, ਇਸ ਨਾ ਪੂਰੇ ਜਾਣ ਵਾਲੇ ਘਾਟੇ ਲਈ ਜਿੱਥੇ ਸਰਕਾਰਾਂ ਜ਼ਿੰਮੇਵਾਰ ਹਨ ਉੱਥੇ ਕਿਤੇ ਨਾ ਕਿਤੇ ਅਸੀਂ ਖੁਦ ਵੀ ਗੁਨਾਹਗਾਰ ਹਾਂ, ਜੇਕਰ ਇਸ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲਾ ਸਮਾਂ ਸਾਨੁੂੰ ਕਦੇ ਮਾਫ ਨਹੀ ਕਰੇਗਾ।

ਜਗਜੀਤ ਸਿੰਘ ਕੰਡਾ
ਕੋਟਕਪੂਰਾ
96462-00468

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: