ਲੈਨਿਨ ਦਾ ਬੁੱਤ ਤੋੜੇ ਜਾਣ ਤੋਂ ਬਾਅਦ ਯੂ.ਪੀ. ‘ਚ ਡਾ. ਅੰਬੇਦਕਰ, ਪੱਛਮੀ ਬੰਗਾਲ ‘ਚ ਡਾ. ਸ਼ਿਆਮਾ ਪ੍ਰਸ਼ਾਦ ਦੇ ਬੁੱਤ ਦੀ ਭੰਨ ਤੋੜ

ss1

ਲੈਨਿਨ ਦਾ ਬੁੱਤ ਤੋੜੇ ਜਾਣ ਤੋਂ ਬਾਅਦ ਯੂ.ਪੀ. ‘ਚ ਡਾ. ਅੰਬੇਦਕਰ, ਪੱਛਮੀ ਬੰਗਾਲ ‘ਚ ਡਾ. ਸ਼ਿਆਮਾ ਪ੍ਰਸ਼ਾਦ ਦੇ ਬੁੱਤ ਦੀ ਭੰਨ ਤੋੜ

ਤ੍ਰਿਪੁਰਾ ਵਿੱਚ ਭਾਜਪਾ ਦੀ ਸਰਕਾਰ ਨੇ ਹਲੇ ਕੰਮਕਾਜ ਸੰਭਾਲਿਆ ਨਹੀਂ ਕਿ ਉੱਥੇ ਅਮਨ ਕਾਨੂੰਨ ਦੀ ਸਥਿਤੀ ਖਤਰੇ ਵਿੱਚ ਪੈ ਗਈ ਹੈ। ਸ਼ਰਾਰਤੀ ਲੋਕਾਂ ਵੱਲੋਂ ਇੱਥੇ ਲੈਨਿਨ ਦਾ ਬੁੱਤ ਤੋੜੇ ਜਾਣ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਡਾ. ਸ਼ਿਆਮਾ ਪ੍ਰਸ਼ਾਦ ਅਤੇ ਯੂ.ਪੀ. ਵਿੱਚ ਡਾ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਬੀਤੇ ਸੋਮਵਾਰ ਲੈਨਿਨ ਦਾ ਬੁੱਤ ਤੋੜੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਤਾਮਿਲਨਾਡੂ ਦੇ ਦਰਾਵੜ ਅੰਦੋਲਨ ਦੇ ਸੰਸਥਾਪਕ ਅਤੇ ਸਮਾਜ ਸੁਧਾਰਕ ਈ.ਵੀ. ਰਾਮਾ ਸਵਾਮੀ ਦੇ ਬੁੱਤ ਦੀ ਐਨਕ ਅਤੇ ਨੱਕ ਤੋੜ ਦਿੱਤੀ ਗਈ। ਉਸ ਤੋਂ ਬਾਅਦ ਅੱਜ ਪੱਛਮੀ ਬੰਗਾਲ ਵਿੱਚ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਬੁੱਤ ਦਾ ਅਪਮਾਨ ਕਰਨ ਦੇ ਨਾਲ-ਨਾਲ ਯੂ.ਪੀ. ਦੇ ਮੇਰਠ ਸ਼ਹਿਰ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਨੂੰ ਤੋੜ ਦਿੱਤਾ ਗਿਆ। ਸ਼ਰਾਰਤੀਆਂ ਦੀਆਂ ਇਨ੍ਹਾਂ ਕਾਰਵਾਈਆਂ ਕਾਰਨ ਸਬੰਧਿਤ ਇਲਾਕਿਆਂ ਵਿੱਚ ਭਾਰੀ ਤਣਾਅ ਹੈ। ਪੁਲਿਸ ਦੋਸ਼ੀਆਂ ਨੂੰ ਫੜਨ ਲਈ ਸਰਗਰਮ ਹੈ।
ਇਸ ਦੌਰਾਨ ਦੇਸ਼ ਵਿੱਚ ਵੱਖ-ਵੱਖ ਸਖਸ਼ੀਅਤਾਂ ਦੇ ਬੁੱਤ ਤੋੜ ਕੇ ਮਾਹੌਲ ਖਰਾਬ ਕਰਨ ਦੀਆਂ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ  ਨਾਲ ਮੁਲਾਕਾਤ ਕੀਤੀ। ਮੋਦੀ ਨੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ ਵਿੱਚ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਨੂੰ ਪੂਰੀ ਚੌਕਸੀ ਨਾਲ ਰਹਿਣ ਦੀ ਹਦਾਇਤ ਕਰਨ ਵਾਸਤੇ ਕਿਹਾ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਦੇਸ਼ ਭਰ ਦੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਹੈ ਕਿ ਪਾਰਟੀ ਦਾ ਕੋਈ ਵੀ ਵਰਕਰ ਜਾਂ ਨੇਤਾ ਕਿਸੇ ਬੁੱਤ ਨੂੰ ਤੋੜਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਦੀ ਖੈਰ ਨਹੀਂ ਹੋਵੇਗੀ।
ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇਸ਼ ਵਿੱਚ ਭਾਜਪਾ ਜਿਸ ਤਰ੍ਹਾਂ ਮਜ਼ਬੂਤ ਹੋ ਰਹੀ ਹੈ, ਉਸ ਨੂੰ ਬਦਨਾਮ ਕਰਨ ਲਈ ਕਈ ਵਿਰੋਧੀ ਧਿਰਾਂ ਸਾਜਿਸ਼ਾਂ ਕਰ ਰਹੀਆਂ ਹਨ। ਅਮਿਤ ਸ਼ਾਹ ਨੇ ਕਿਹਾ ਕਿ ਬੁੱਤ ਤੋੜਨ ਦੀਆਂ ਸਰਗਰਮੀਆਂ ਭਾਜਪਾ ਅਤੇ ਸੰਘ ਦੇ ਮੱਥੇ ਮੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਪਾਰਟੀ ਵਰਕਰ ਇਸ ਮਾਮਲੇ ਵਿੱਚ ਚੌਕਸ ਰਹਿਣ ਅਤੇ ਜੋ ਵੀ ਕੋਈ ਸ਼ਰਾਰਤੀ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪਾਰਟੀ ਦਫਤਰ ਨੂੰ ਦਿੱਤੀ ਜਾਵੇ।
ਉਧਰ ਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਪ੍ਰਮੁੱਖ ਸਖਸ਼ੀਅਤਾਂ ਦੇ ਬੁੱਤ ਤੋੜੇ ਜਾਣ ਨੂੰ ਲੈ ਕੇ ਅੱਜ ਸੰਸਦ ਦੇ ਦੋਵੇਂ ਸਦਨਾਂ ਵਿੱਚ ਜੋਰਦਾਰ ਹੰਗਾਮੇ ਹੋਏ। ਹੰਗਾਮੇ ਕਾਰਨ ਸੰਸਦ ਦਾ ਕੰਮਕਾਰ ਨਾ ਚੱਲਿਆ ਤਾਂ ਦੋਵੇਂ ਸਦਨ  ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੇ ਗਏ।
ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਬੁੱਤ ਤੋੜਨ ਅਤੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦਿੱਤੇ ਜਾਣ ਦੇ ਵਿਰੋਧ ਨੂੰ ਲੈ ਕੇ ਵੈਲ ਵਿੱਚ ਆ ਕੇ ਰੋਸ ਪ੍ਰਦਰਸ਼ਨ ਕੀਤਾ। ਸਭਾਪਤੀ ਵੱਲੋਂ ਇਨ੍ਹਾਂ ਨੂੰ ਆਪਣੀਆਂ ਸੀਟਾਂ ਉੱਪਰ ਜਾਣ ਲਈ ਵਾਰ-ਵਾਰ ਅਪੀਲ ਕੀਤੀ ਗਈ, ਪਰ ਜਦੋਂ ਇਹ ਨਾ ਮੰਨੇ ਤਾਂ ਰਾਜ ਸਭਾ ਦੀ ਕਾਰਵਾਈ ਪਹਿਲਾਂ ਦੋ ਵਜੇ ਤੱਕ ਅਤੇ ਫਿਰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਵਿੱਚ ਵੀ ਕੰਮਕਾਰ ਨਾ ਹੋਣ ਕਾਰਨ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਬੱਜਟ ਸੈਸ਼ਨ ਦਾ ਦੂਜਾ ਪੜਾਅ ਸ਼ੁਰੂ ਹੋਣ ਤੋਂ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਕੰਮ ਸਹੀ ਤਰੀਕੇ ਨਾਲ ਨਾ ਚੱਲਣ ਕਾਰਨ ਸਪੀਕਰ ਸੁਮਿਤਰਾ ਮਹਾਜਨ ਨੇ ਮੀਟਿੰਗ ਬੁਲਾਈ ਹੈ।

Share Button

Leave a Reply

Your email address will not be published. Required fields are marked *