ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਲੁਪਤ ਹੋ ਰਹੀ ਨੈਤਿਕਤਾ

ਲੁਪਤ ਹੋ ਰਹੀ ਨੈਤਿਕਤਾ

21ਵੀਂ ਸਦੀ ਦੇ ਇਸ ਯੁੱਗ ਵਿੱਚ ਭਾਵੇਂ ਮਨੁੱਖ ਦਿਨ-ਬ-ਦਿਨ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਸਿਖਰ ਵੱਲ ਪੁੱਜ ਰਿਹਾ ਹੈ ਪਰ ਇਸ ਦੌੜ ਵਿੱਚ ਆਪਸੀ ਸਾਂਝ, ਪਿਆਰ,ਆਦਰ, ਆਪਣੇ ਫ਼ਰਜ਼ ਨਿਭਾਉਣਾ, ਇਮਾਨਦਾਰ ਰਹਿਣਾ, ਦੂਜਿਆਂ ਨੂੰ ਪਹਿਲ ਦੇਣਾ, ਇੱਕ ਦੂਜੇ ਦੀ ਸਹਾਇਤਾ ਕਰਨਾ ਆਦਿ ਨੈਤਿਕ ਗੁਣਾਂ ਨੂੰ ਵੀ ਪਿਛਾੜਦਾ ਜਾ ਰਿਹਾ ਹੈ।ਜਿਸ ਕਰਕੇ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਪੂਰਨ ਰੂਪ ਵਿੱਚ ਢੁਕਦੀ ਨਜ਼ਰ ਆਉਂਦੀ ਹੈ।
ਅੱਜ ਦੇ ਇਸ ਦੌਰ ਵਿੱਚ ਚਹੁੰ – ਪਾਸੇ ਹਿੰਸਾਤਮਕ ਮਹੌਲ ਬਣਿਆ ਰਹਿੰਦਾ ਹੈ। ਕਈ ਵਾਰ ਬਹੁਤ ਨਿੱਕੀ ਗੱਲ ਤੋਂ ਸ਼ੁਰੂ ਹੋਇਆ ਝਗੜਾ ਕਤਲਾਂ – ਕੇਸਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਪੁਲਿਸ ਥਾਣਿਆਂ ਵਿੱਚ ਅੱਜ-ਕੱਲ੍ਹ ਅਜਿਹੇ ਅਜੀਬੋ-ਗਰੀਬ ਕੇਸ ਵੀ ਆ ਰਹੇ ਹਨ ਜਿੰਨ੍ਹਾਂ ਬਾਰੇ ਸੁਣ ਕੇ ਮਨ ਵਿੱਚ ਇਹ ਆਉਂਦਾ ਹੈ ਕਿ ਥਾਣੇ ਪਹੁੰਚਣ ਵਾਲਾ ਤਾਂ ਇਹ ਕੋਈ ਐਡਾ ਮੁੱਦਾ ਵੀ ਨਹੀਂ ਸੀ। ਔਰਤ ਵਰਗ ਦੇ ਕੇਸ ਵੀ ਅਣਗਿਣਤ ਰੂਪ ਵਿੱਚ ਸਾਹਮਣੇ ਆ ਰਹੇ ਹਨ। ਜਮੀਨੀ ਝਗੜੇ, ਨਸ਼ਾ,ਹੰਕਾਰ, ਗੁੱਸਾ, ਠੱਗੀ ਠੋਰੀ, ਨਜਾਇਜ਼ ਸੰਬੰਧ ਆਦਿ ਇਸਦਾ ਮੁੱਖ ਕਾਰਨ ਹਨ। ਇਸ ਕਰਕੇ ਹੀ ਮਨੁੱਖੀ ਜੀਵਨ ਖੁਸ਼ਹਾਲ ਅਤੇ ਅਨੰਦ ਭਰਪੂਰ ਹੋਣ ਦੀ ਬਜਾਇ ਇੱਕ ਬੋਝ ਬਣ ਕੇ ਰਹਿ ਗਿਆ ਹੈ। ਜਿਸਦੀ ਸਚਾਈ ਆਏ ਦਿਨ ਹੋ ਰਹੀਆਂ ਆਤਮ – ਹੱਤਿਆਵਾਂ ‘ਚੋਂ ਸਾਫ਼ ਝਲਕਦੀ ਹੈ। ਇਸ ਤਕਨਾਲੋਜੀ ਭਰੇ ਯੁੱਗ ਵਿੱਚ ਮਨੁੱਖੀ ਜੀਵਨ ਪਦਾਰਥਵਾਦੀ ਹੋ ਗਿਆ ਹੈ। ਤਕਰੀਬਨ ਹਰ ਕੋਈ ਸੰਸਾਰਿਕ ਮੋਹ ਮਾਇਆ ਦੇ ਜਾਲ ਵਿੱਚ ਫਸ ਚੁੱਕਿਆ ਹੈ ਅਤੇ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ ਜਿਸ ਨਾਲ ਉਹ ਆਪਣੀ ਐਸੋ ਇਸਰਤ ਵਾਲੀਆਂ ਸਾਰੀਆਂ ਇਛਾਵਾਂ ਪੂਰਨ ਕਰ ਸਕੇ। ਇਸ ਲਈ ਕਈ ਵਾਰ ਉਹ ਗਲਤ ਤਰੀਕੇ ਵੀ ਅਪਣਾਉਂਦਾ ਹੈ। ਇਸ ਪ੍ਰਕਾਰ ਪਦਾਰਥਵਾਦੀ ਜੀਵਨ ਦੇ ਮਹਿਲ ਹੇਠ ਨੈਤਿਕਤਾ ਦੱਬ ਚੁੱਕੀ ਹੈ।
ਪ੍ਰਾਚੀਨ ਸਮੇਂ ਵਿੱਚ ਮਨੁੱਖ ਇਨਸਾਨ ਆਪਣੀ ਸੰਸਕ੍ਰਿਤੀ ਦੀ ਅਗਵਾਈ ਹੇਠ ਚਲਦਾ ਸੀ ਜਿਸ ਕਰਕੇ ਅੱਜ ਵਰਗੀਆਂ ਘਟਨਾਵਾਂ ਨਹੀਂ ਸਨ ਹੁੰਦੀਆਂ। ਬਜ਼ੁਰਗ ਬੱਚਿਆਂ ਨੂੰ ਮਹਾਨ ਸਖਸ਼ੀਅਤਾਂ ਅਤੇ ਯੋਧਿਆਂ ਦੀਆਂ ਕਹਾਣੀਆਂ ਸੁਣਾਉਂਦੇ। ਇਸ ਲਈ ਬੱਚਿਆਂ ਦੀ ਸ਼ੁਰੂ ਤੋਂ ਹੀ ਸੋਚ ਉਸ ਹਿਸਾਬ ਦੀ ਬਣੀ ਹੁੰਦੀ ਅਤੇ ਨੈਤਿਕ ਗੁਣਾਂ ਦਾ ਵਿਕਾਸ ਹੁੰਦਾ। ਪਰ ਅੱਜ ਕੱਲ੍ਹ ਮਨੁੱਖ ਆਪਣੀ ਸੱਭਿਅਤਾ ਸੰਸਕ੍ਰਿਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਬੱਚਿਆਂ ਨੂੰ ਯੋਧਿਆਂ ਦੀਆਂ ਵਾਰਾਂ ਸੁਣਾਉਣ ਦੀ ਬਜਾਇ ਮੋਬਾਈਲ ਟੀਵੀ ਦੇ ਆਦਿ ਬਣਾ ਦਿੱਤਾ ਗਿਆ ਹੈ। ਇਹਨਾਂ ਟੀਵੀ ਮੋਬਾਈਲਾਂ ਦੇ ਪ੍ਰਭਾਵ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ।
ਉਂਞ ਤਾਂ ਹਰ ਦੋਸ਼ ਸਰਕਾਰ ਉੱਪਰ ਮੜ੍ਹ ਦਿੱਤਾ ਜਾਂਦਾ ਹੈ ਪਰ ਜੇਕਰ ਨੈਤਿਕਤਾ ਦੀ ਗੱਲ ਕਰੀਏ ਤਾਂ ਇਹ ਇਨਸਾਨੀ ਗੁਣ ਬੱਚੇ ਨੂੰ ਕੁਦਰਤ ਵੱਲੋਂ ਮਿਲਦੇ ਹਨ ਅਤੇ ਇਹਨਾਂ ਦਾ ਵਿਕਾਸ ਪਰਿਵਾਰ ਵਿੱਚ ਅਤੇ ਸਹੀ ਮਹੌਲ ਵਿੱਚ ਰਹਿ ਕੇ ਹੁੰਦਾ ਹੈ। ਜੀਵਨ ਜਿਉਣ ਲਈ ਸ਼ਾਂਤੀ, ਖੁਸ਼ਹਾਲੀ, ਰਿਸ਼ਤੇ ਨਾਤੇ ਬਹੁਤ ਜ਼ਰੂਰੀ ਹਨ ਜਿਨ੍ਹਾਂ ਦਾ ਆਧਾਰ ਹੀ ਨੈਤਿਕਤਾ ਹੈ। ਇਸ ਲਈ ਸਾਨੂੰ ਕਦੇ ਵੀ ਆਪਣੇ ਅੰਦਰਲੇ ਅਜਿਹੇ ਗੁਣਾਂ ਨੂੰ ਮਰਨ ਨਹੀਂ ਦੇਣਾ ਚਾਹੀਦਾ। ਜੇਕਰ ਇਹਨਾਂ ਗੁਣਾਂ ਦੀ ਥਾਂ ਫ਼ਰੇਬ, ਝਗੜੇ,ਹੰਕਾਰ, ਗੁੱਸਾ ਆਦਿ ਲੈ ਲੈਂਦੇ ਹਨ ਤਾਂ ਇਹ ਅਨਮੋਲ ਜੀਵਨ ਦੀ ਬਰਬਾਦੀ ਦੇ ਸਾਰੇ ਰਾਹ ਖੋਲ੍ਹ ਦਿੰਦੇ ਹਨ।
ਹਰਪ੍ਰੀਤ ਕੌਰ ਘੁੰਨਸ
97795-20194

Leave a Reply

Your email address will not be published. Required fields are marked *

%d bloggers like this: