ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਲਾਕਡਾਊਨ ਦੌਰਾਨ ਕਣਕ ਦੀ ਵਾਢੀ ਲਈ ਸਾਵਧਾਨੀ ਵਰਤਣੀ ਜ਼ਰੂਰੀ

ਲਾਕਡਾਊਨ ਦੌਰਾਨ ਕਣਕ ਦੀ ਵਾਢੀ ਲਈ ਸਾਵਧਾਨੀ ਵਰਤਣੀ ਜ਼ਰੂਰੀ

ਕੋਵਿਡ-19 (ਕਰੋਨਾ ਵਾਇਰਸ) ਕਾਰਨ ਦੇਸ਼ ਵਿੱਚ ਚੱਲ ਰਹੇ ਲਾਕਡਾਊਨ ਦੌਰਾਨ ਆਉਣ ਵਾਲੇ ਦਿਨਾਂ ਵਿਚ ਹਾੜ੍ਹੀ ਦੀਆਂ ਫਸਲਾਂ ਦੀ ਵਾਢੀ ਸ਼ੁਰੂ ਹੋ ਰਹੀ ਹੈ । ਕੇਂਦਰ ਸਰਕਾਰ ਦੀ ਖੇਤੀਬਾੜੀ ਖੋਜ ਸੰਸਥਾ ਆਈ.ਸੀ.ਏ.ਆਰ ਨੇ ਕਿਸਾਨਾਂ ਨੂੰ ਖੇਤ ਵਿਚ ਖੇਤ ਦੀਆਂ ਮਸ਼ੀਨਾਂ ਅਤੇ ਲੇਬਰ ਸੰਭਾਲਣ ਵੇਲੇ ਸਮਾਜਿਕ ਦੂਰੀਆਂ ਅਤੇ ਸੁਰੱਖਿਆ ਦੀ ਸਾਵਧਾਨੀ ਨਾਲ ਪਾਲਣਾ ਕਰਨ ਲਈ ਕਿਹਾ ਹੈ । ਇਸ ਵਿਚ ਕਿਹਾ ਗਿਆ ਹੈ ਕਿ ਫਸਲਾਂ, ਪਸ਼ੂ ਪਾਲਣ ਅਤੇ ਮਧੂ ਮੱਖੀ ਪਾਲਣ ਦੇ ਪ੍ਰਬੰਧ ਨਾਲ ਜੁੜੇ ਕਿਸੇ ਵੀ ਉਭਰੇ ਮਸਲੇ ਨਾਲ ਨਜਿੱਠਣ ਲਈ, ਕਿਸਾਨਾਂ ਨੂੰ ਸਮੇਂ ਸਿਰ ਸਲਾਹ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ), ਆਈ.ਸੀ.ਆਰ. ਖੋਜ ਸੰਸਥਾਵਾਂ ਅਤੇ ਰਾਜ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਖੇਤੀ ਵਿਗਿਆਨੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ ।

ਸੰਸਾਰ ‘ਚ ਫੈਲੀ ਕੋਵਿਡ 19 ਮਹਾਂਮਾਰੀ ਕਾਰਨ ਪੰਜਾਬ ’ਚ ਵੀ ਕਰਫਿਊ 15 ਅਪਰੈਲ ਤੱਕ ਜਾਰੀ ਹੈ ਜੋ ਲੋੜ ਪੈਣ ‘ਤੇ ਸਰਕਾਰ ਅੱਗੇ ਵੀ ਵਧਾ ਸਕਦੀ ਹੈ । ਪੰਜਾਬ ‘ਚ ਸਕਰਾਤਮਕ ਰੋਗੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਮਜ਼ਦੂਰ ਤੱਕ ਘਰਾਂ ‘ਚ ਹੀ ਰਹਿਣਾ ਸੁੱਰਿਖਅਤ ਸਮਝ ਰਹੇ ਹਨ ਤੇ ਇਸ ਲਾਕਡਾਊਨ ਦੌਰਾਨ ਹਾੜ੍ਹੀ ਦੀਆਂ ਫਸਲਾਂ ਦੀ ਵਾਢੀ ਸਿਰ ‘ਤੇ ਆ ਗਈ ਹੈ । ਜਿਸਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੁਆਰਾ ਕਣਕ ਦੀ ਵਾਢੀ ਅਤੇ ਬਾਗਬਾਨੀ ਉਤਪਾਦਾਂ ਦੀ ਮਾਰਕੀਟਿੰਗ ਦੀ ਆਗਿਆ ਦੇ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਰਾਜ ਭਰ ਦੇ ਸਾਰੇ ਟੋਲ ਪਲਾਜ਼ਿਆਂ ਤੇ ਟੋਲ ਵਸੂਲੀ ਨੂੰ ਲਾਕਡਾਊਨ ਤਕ ਰੱਦ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਕੋਵਿਡ -19 ਦੇ ਫੈਲਾਅ ਤੋਂ ਬਚਣ ਲਈ ਸਾਵਧਾਨੀਆਂ ਨੂੰ ਧਿਆਨ ‘ਚ ਰੱਖਦੇ ਹੋਏ ਜ਼ਰੂਰੀ ਪਾਬੰਦੀਆਂ ਨਾਲ ਕਿਸਾਨਾਂ ਦੁਆਰਾ ਕਣਕ ਦੀ ਵਾਢੀ ਅਤੇ ਬਾਗਬਾਨੀ ਉਤਪਾਦਾਂ ਦੇ ਮੰਡੀਕਰਨ ਦੀ ਆਗਿਆ ਦੇਣ ।

ਕਣਕ ਦੀ ਵਾਢੀ ਅਪ੍ਰੈਲ ਦੇ ਅੱਧ ਵਿੱਚ ਮੌਸਮ ਦੀ ਸਥਿਤੀ ਦੇ ਮੱਦੇਨਜ਼ਰ ਸ਼ੁਰੂ ਹੋਵੇਗੀ ਜਿਸ ਲਈ ਪੰਜਾਬ ਸਰਕਾਰ ਨੂੰ ਕਣਕ ਦੀ ਨਿਰਵਿਘਨ ਖਰੀਦ ਅਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਦੇਣੀ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।ਉਂਝ ਕਿਸਾਨਾਂ ਦੀ ਸਹੂਲਤ ਲਈ ਅਤੇ ਕਿਸੇ ਦਰਪੇਸ਼ ਸਮੱਸਿਆ ਦੇ ਹੱਲ ਲਈ ਪੰਜਾਬ ਮੰਡੀ ਬੋਰਡ ਵਲੋਂ ਜ਼ਿਲ੍ਹਾ ਮੰਡੀ ਅਧਿਕਾਰੀਆਂ ਦੀ ਸਮੇਤ ਉਨ੍ਹਾਂ ਦੇ ਸੰਪਰਕ ਨੰਬਰਾਂ ਦੀ ਇੱਕ ਵਿਸਤ੍ਰਿਤ ਸੂਚੀ ਜਾਰੀ ਕੀਤੀ ਗਈ ਹੈ ਤਾਂ ਜੋ ਕਿਸਾਨ ਸਬੰਧਤ ਅਧਿਕਾਰੀ ਨਾਲ ਸੰਪਰਕ ਕਰ ਸਕਣ।

ਮੇਰੇ ਵਲੋਂ ਵਾਢੀ ਸਮੇਂ ਕਿਸਾਨਾਂ ਨੂੰ ਆਪਣੇ ਚਿਹਰੇ ਨੂੰ ਮਾਸਕ ਨਾਲ ਢੱਕਣ ਅਤੇ ਛੋਟੇ ਅੰਤਰਾਲਾਂ ਨਾਲ ਆਪਣੇ ਹੱਥ ਸਾਬਣ ਨਾਲ ਧੋਣ ਦਾ ਉਚਿਤ ਪ੍ਰਬੰਧ ਕਰਨ ਦਾ ਸੁਝਾਅ ਹੈ । ਵੱਢੀ ਹੋਈ ਕਣਕ ਨੂੰ ਮੰਡੀਆਂ ‘ਚ ਲਿਜਾਣ ਸਮੇਂ ਵੀ ਟਰੈਕਟਰ ਟਰਾਲੀ ਤੇ ਇਕ ਵਿਅਕਤੀ ਹੀ ਜਾਵੇ ਤਾਂ ਜੋ ਸ਼ੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਿਆ ਜਾ ਸਕੇ ।

ਇਕ ਹੋਰ ਗੰਭੀਰ ਮਸਲਾ ਹੈ ਕਿ ਕਿਵੇਂ ਪੱਕੀ ਹੋਈ ਕਣਕ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕੇ । ਪੰਜਾਬ ‘ਚ ਕਣਕ ਦੀਆਂ ਪੱਕੀਆਂ ਫਸਲਾਂ ਨੂੰ ਅੱਗ ਲੱਗਣ ਦੀਆਂ ਖਬਰਾਂ ਹਰ ਸਾਲ ਹੀ ਆਉਂਦੀਆਂ ਹਨ । ਹਰ ਸਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ । ਪੰਜਾਬ ਸਰਕਾਰ ਨੂੰ ਇਸ ਨਾਲ ਨਜਿੱਠਣ ਲਈ ਸਖਤ ਕਦਮ ਪੁੱਟਣੇ ਚਾਹੀਦੇ ਹਨ । ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਟਰਾਂਸਫਾਰਮਰ ਦੇ ਨੇੜੇ ਨੇੜੇ 10-15 ਫੁੱਟ ਤੱਕ ਕਣਕ ਦੀ ਕਟਾਈ ਪਹਿਲਾਂ ਹੀ ਕੀਤੀ ਜਾਵੇ ਅਤੇ ਤਾਰਾਂ ਦੇ ਢਿੱਲੇ ਹੋਣ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ , ਤੇ ਇਸ ਸਬੰਧੀ ਬਿਜਲੀ ਵਿਭਾਗ ਦੇ ਸਬੰਧਤ ਕਰਮਚਾਰੀਆਂ ਨਾਲ ਰਾਬਤਾ ਰੱਖਿਆ ਜਾਵੇ ।

ਸੋ ਮੈਂ ਆਸ ਕਰਦੀ ਹਾਂ ਕਿ ਵਾਢੀ ਦੌਰਾਨ ਕਿਸਾਨ ਵੀਰਾਂ ਨੂੰ ਮੁਸ਼ਕਿਲਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਅਤੇ ਅਧਿਕਾਰੀ ਚੰਗੀ ਰਣਨੀਤੀ ਬਣਾਉਣਗੇ ਅਤੇ ਕਿਸਾਨ ਵੀਰ ਵੀ ਇਹ ਧਿਆਨ ਰੱਖਣਗੇ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਪੂਰੀ ਸਾਵਧਾਨੀ ਵਰਤਣ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ।

ਡਾ. ਜਸਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ
ਖੇਤੀਬਾੜੀ ਵਿਭਾਗ
ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ
ਫਤਹਿਗੜ੍ਹ ਸਾਹਿਬ
ਈਮੇਲ : preetjass85@gmail.com

Leave a Reply

Your email address will not be published. Required fields are marked *

%d bloggers like this: