ਲਹਿੰਦਾ ਤੇ ਚੜਦਾ

ss1

ਲਹਿੰਦਾ ਤੇ ਚੜਦਾ

ਰੁੱਤਾਂ ਰਾਂਗਲੀਆਂ ਨੀ ਮਾਏ ਕਿੱਥੇ ਗਈਆਂ ਜੋ ਮੁੜੀਆਂ ਨਾ,
ਤਾਰਾਂ ਚੜਦੇ ਤੇ ਲਹਿੰਦੇ ਦੀਆਂ ਮਾਏ ਫੇਰ ਦੁਬਾਰਾ ਜੁੜੀਆਂ ਨਾ।
ਹਵਾ ਦੇ ਆਉਂਦੇ ਜਾਂਦੇ ਬੁੱਲੇ ਇੱਕ ਗੱਲ ਪੁੱਛਦੇ ਨੇ ਪਾਣੀਆਂ ਨੂੰ,
ਕਿੰਨਾ ਕੁ ਤੁਸੀਂ ਚੇਤੇ ਕਰਦੇ ਓਂ ਲਹਿੰਦੇ ਵੱਲ ਵਹਿੰਦੇ ਹਾਣੀਆਂ ਨੂੰ।
ਉਹ ਬਾਬੇ ਨਾਨਕ ਨੂੰ ਲੈਗੇ ਤੇ ਤੁਸੀਂ ਸ਼ੇਖ ਫਰੀਦ ਨੂੰ ਰੱਖ ਲਿਆ,
ਕਿਸ ਇਹ ਵੰਡ ਕਰਵਾਈ ਕਿਸ ਉਜੜਨ ਦਾ ਸੀ ਪੱਖ ਲਿਆ।
ਇੱਕ ਬੇਬੇ ਮੇਰੀ ਜਾਣੀ ਜਾਣ ਐ ਸੌ ਕੁ ਵਰਿਆਂ ਤੋਂ ਉੱਪਰ ਦੀ,
ਉਹ ਜਦ ਚੇਤੇ ਕਰੇ ਉਜਾੜੇ ਨੂੰ ਉਹਦੇ ਨੈਣੋਂ ਇੱਕ ਨਦੀ ਉੱਤਰਦੀ।
ਉਹ ਵਾਜਾਂ ਮਾਰ ਬੁਲਾਉਂਦੀ ਆ ਲਹਿੰਦੇ ਪਾਸੇ ਰਹਿ ਗਿਆਂ ਨੂੰ,
ਉਹ ਜਵਾਬ ਦੇਣ ਲਈ ਕਹਿੰਦੀ ਆ ਚੁੱਪ ਕਰਕੇ ਬਹਿ ਗਿਆਂ ਨੂੰ।
ਉਹਨੂੰ ਵੀਰੇ ਚੇਤੇ ਆਉਂਦੇ ਨੇ ਜੋ ਮੁਸਲੇ ਮੁਸਲੇ ਕਹਿ ਮਾਰ ਸਿੱਟੇ,
ਉਹਨੇ ਸਭ ਰਿਸਤੇ ਗੁਆ ਲਏ ਨੇ ਹੁਣ ਕਿਸ ਕਿਸ ਨੂੰ ਰੋਵੇ ਪਿੱਟੇ।
ਉਹ ਰੋਂਦੀ ਹੁਉਂਕੇ ਭਰਦੀ ਆ ਜਦ ਉਹਨੂੰ ਮਾਪੇ ਚੇਤੇ ਆਉਂਦੇ ਨੇ,
ਜੋ ਨਿੱਤ ਖੁਆਬਾਂ ਵਿੱਚ ਆਕੇ ਉਹਨੂੰ ਰੋਣੋਂ ਚੁੱਪ ਕਰਵਾਉਂਦੇ ਨੇ।
ਉਹ ਕੱਲੀ ਬਹਿ ਚੇਤੇ ਕਰਦੀ ਆ ਉਸ ਵਿੱਛੜੇ ਰੂਹ ਦੇ ਹਾਣੀ ਨੂੰ,
ਉਹ ਨਿੱਤ ਤੜਕੇ ਉੱਠ ਚੁੰਮਦੀ ਆ ਉਹਦੀ ਦਿੱਤੀ ਖਾਸ ਨਿਸ਼ਾਨੀ ਨੂੰ।
ਫਿਰ ਟੁੱਟੀ ਐਨਕ ਅੱਖੋਂ ਲਾਹ ਕੇ  ਬੇਬੇ ਹੰਝੂ ਪੂੰਝ ਕੇ ਕਹਿੰਦੀ ,
ਇੱਥੇ ਖੌਰੇ ਕਿੰਨੀਆਂ ਨੇ ਰੋਂਦੀਆਂ ਮੈਂ ਇੱਕਲੀ ਨੀ ਰੋਂਦੀ ਰਹਿੰਦੀ।
ਚੜਦੇ ਲਹਿੰਦੇ ਦੋਵਾਂ ਦੀ ਬੇਬੇ ਨਿੱਤ ਝੋਲ਼ੀ ਅੱਡ ਸੁੱਖ ਮੰਗਦੀ ਆਂ,
‘ਮੈਂ’ ਮਹਿਸੂਸ ਕਰਾਂ ਉਜਾੜੇ ਨੂੰ ਜਦ ਬੇਬੇ ਦੀ ਗਲ਼ੀ ਚੋਂ ਲੰਘਦੀ ਆਂ।

ਵੀਰਇੰਦਰ ਕੌਰ
ਲੁਧਿਆਣਾ।

Share Button

Leave a Reply

Your email address will not be published. Required fields are marked *