Sun. Sep 15th, 2019

– ਰੱਬ ਦਾ ਘਰ ਬਨਾਮ ਹਸਪਤਾਲ –

– ਰੱਬ ਦਾ ਘਰ ਬਨਾਮ ਹਸਪਤਾਲ –

ਅੱਜ ਬੜੇ ਦਿਨਾਂ ਬਾਅਦ ਭਿੰਦੂ ਮਿਲਿਆ | ਮੈ ਕਿਹਾ “ਹੋਰ ਸੁਣਾ ਭਿੰਦੂ ਕਿੱਧਰ ਗਾਇਬ ਰਿਹਾ” | “ਪੁਛੋ ਨਾ ਭਾਜੀ ਬੱਸ ਹਸਪਤਾਲਾਂ ਦੇ ਚੱਕਰਾਂ ਵਿਚ ਹੀ ਸੀ” ਉਦਾਸ ਜੇਹਾ ਭਿੰਦੂ ਬੋਲਿਆ | “ਕੀ ਹੋ ਗਿਆ ਸਭ ਸੁਖ ਸਾਂਦ ਤਾ ਹੈ ਨਾ” ? “ਨਹੀਂ ਬਾਈ ਜੀ ਸੁਖ ਸਾਂਦ ਤਾ ਨਹੀਂ ਹੈ, ਬੇਬੇ ਜੀ ਪੂਰੇ ਹੋ ਗਏ ਪਿਛਲੇ ਮਹੀਨੇ” | “ਬੜੇ ਅਫਸੋਸ ਦੀ ਗੱਲ ਹੈ, ਮਾਫ ਕਰੀ ਛੋਟੇ ਵੀਰ ਮੈਨੂੰ ਪਤਾ ਨਹੀਂ ਲੱਗਿਆ ਨਹੀਂ ਤਾ ਮੈਂ ਜਰੂਰ ਆਉਂਦਾ” ਮੈ ਅਫਸੋਸ ਜਤਾਉਂਦਿਆਂ ਕਿਹਾ | “ਹਾਂਜੀ ਕੋਈ ਗੱਲ ਨਹੀਂ ਬਾਈ ਜੀ, ਤੁਸੀਂ ਨਾਲ ਹੀ ਹੋ, ਮੈਂ ਵੀ ਉਲਝਿਆ ਹੋਇਆ ਸੀ ਇਸ ਕਰਕੇ ਤੁਹਾਨੂੰ ਦੱਸ ਨਹੀਂ ਪਾਇਆ” | ਭਿੰਦੂ ਕੁਝ ਕੁ ਪਲਾਂ ਲਈ ਚੁੱਪ ਹੋ ਗਿਆ, ਜਿਵੇ ਕੇ ਮੈਂ ਉਸਦਾ ਜ਼ਖ਼ਮ ਫਿਰ ਤਾਜ਼ਾ ਕਰ ਦਿੱਤਾ ਹੋਵੇ | “ਯਾਰ ਦੁਨੀਆਂ ਤੇ ਆਉਣਾ ਜਾਣਾ ਤਾ ਲਿਖਿਆ ਹੋਇਆ, ਇਹਨੂੰ ਕੋਈ ਟਾਲ ਨਹੀਂ ਸਕਦਾ” ਮੈਂ ਹੌਸਲਾ ਦਿੰਦੇ ਕਿਹਾ | “ਬਾਈ ਜੀ ਬਿਲਕੁਲ ਸਹੀ ਕਿਹਾ, ਬਜ਼ੁਰਗ ਤਾ ਉਮਰ ਹੰਢਾ ਕੇ ਹੀ ਗਏ, ਪਰ ਆਪਣੇ ਹਸਪਤਾਲਾਂ ਕਰਕੇ ਜਿਹੜਾ ਆਖਰੀ ਸਮੇ ਉਹਨਾਂ ਨੂੰ ਦੁੱਖ ਕੱਟਣੇ ਪੈਂਦੇ ਅਫਸੋਸ ਤਾ ਉਸ ਗੱਲ ਦਾ ਹੈ” | “ਹਾਂ ਇਹ ਤਾ ਸਹੀ ਹੈ”, ਮੈ ਭਿੰਦੂ ਦੀ ਗੱਲ ਨਾ ਸਹਮਤੀ ਜਤਾਈ | “ਛੋਟੇ ਸ਼ਹਿਰਾਂ ਵਾਲੇ ਝੱਟ ਪੀ ਜੀ ਆਈ ਨੂੰ ਭੇਜ ਦਿੰਦੇ, ਚਾਹੇ ਦਿਨ ਹੋਵੇ ਰਾਤ ਹੋਵੇ, ਐਮਬੂਲੈਂਸ ਦੀ ਸੁਵਿਧਾ ਵੀ ਨਹੀਂ ਦਿੰਦੇ ਸਰਕਾਰੀ ਹਸਪਤਾਲਾਂ ਵਾਲੇ, ਪੱਲੇ ਪੈਸੇ ਹੋਣ ਨਾ ਹੋਣ ਆਪ ਹੀ ਗੱਡੀ ਦਾ ਇੰਤਜ਼ਾਮ ਕਰਨਾ ਪੈਂਦਾ, ਇਹ ਡਾਕਟਰ ਇਕ ਨਹੀਂ ਸੁਣਦੇ | ਉੱਤੋਂ ਬਿਮਾਰ ਬਜ਼ੁਰਗ ਹੋਰ ਤੰਗ ਹੁੰਦਾ, ਵਿਚਾਰਾ ਅੱਧਾ ਤਾ ਰਸਤੇ ਵਿਚ ਹੀ ਮਰ ਜਾਂਦਾ” | “ਸਹੀ ਕਹਿ ਰਿਹਾ, ਛੋਟੇ ਸ਼ਹਿਰਾਂ ਵਿਚ ਪੁਰੀਆ ਸਹੂਲਤਾਂ ਨਹੀਂ” ਮੈਂ ਭਿੰਦੂ ਦੀ ਗੱਲ ਵਿੱਚੋ ਕੱਟ ਕੇ ਕਿਹਾ | ਪਰ ਸਿਸਟਮ ਦਾ ਸਤਾਇਆ ਭਿੰਦੂ ਉਥੇ ਹੀ ਚੁੱਪ ਨਾ ਹੋਇਆ | “ਬਾਈ ਜੀ ਐਵੇ ਨਹੀਂ ਪੰਜਾਬ ਦੀ ਜਵਾਨੀ ਬਾਹਰ ਲੇ ਮੁਲਖਾ ਵਿਚ ਜਾਈ ਜਾ ਰਹੀ, ਸਿਰਫ ਪੈਸੇ ਕਰਕੇ ਬਾਹਰ ਨਹੀਂ ਜਾਂਦੇ ਸਾਰੇ ਉਥੇ ਸੁੱਖ ਸੁਵਿਧਾਵਾਂ ਵੀ ਬਹੁਤ ਨੇ, ਉਹ ਜਿਹੜਾ ਸਤਨਾਮ ਕਾ ਭਾਈ ਹੈ ਨਾ ?” “ਮੈਂ ਨਹੀਂ ਜਾਣਦਾ ਕਿਹੜਾ” ? “ਬਾਈ ਜੀ ਉਹ ਸੁੱਖੇ ਕਾ ਮੁੰਡਾ” ਮੈਂ ਨਹੀਂ ਜਾਣਦਾ ਪਰ ਮੈਂ ਫਿਰ ਵੀ ਹਾਮੀ ਭਰ ਦਿਤੀ “ਆਹੋ ਆਹੋ” | “ਹਾਂਜੀ ਓਹਦਾ ਭਾਈ ਆਸਟ੍ਰੇਲੀਆ ਤੋਂ ਆਇਆ ਹੋਇਆ ਸੀ, ਉਹ ਗੱਲਾਂ ਸੁਣਾਉਂਦਾ ਹੁੰਦਾ ਆਸਟ੍ਰੇਲੀਆ ਦੀਆ” | “ਯਾਰ ਓਹਨਾ ਦੇਸ਼ਾ ਦਾ ਕੌਣ ਮੁਕਾਬਲਾ ਕਰ ਸਕਦਾ, ਉਥੇ ਤਾ ਬੰਦੇ ਨੂੰ ਬੰਦਾ ਸਮਝਦੇ ਆ, ਪਹਿਲਾ ਇਲਾਜ਼ ਕਰਦੇ ਆ ਬਾਅਦ ਵਿਚ ਪੁੱਛਦੇ ਆ ਬਈ ਤੂੰ ਕੌਣ ਆ ਤੇ ਕਿਥੋਂ ਦਾ ਏ, ਕੋਈ ਅਮੀਰ ਹੋਵੇ ਗਰੀਬ ਹੋਵੇ” ਮੈਂ ਵੀ ਭਿੰਦੂ ਨਾਲ ਸਹਿਮਤ ਸੀ | ਭਿੰਦੂ ਨੇ ਆਪਣੀ ਗੱਲ ਜਾਰੀ ਰੱਖੀ “ਬਾਈ ਜੀ ਆਪਣੇ ਹਰ ਪਿੰਡ ਸ਼ਹਿਰ ਕਿੰਨੇ ਹੀ ਮੰਦਿਰ, ਮਸਜਿਦ ਤੇ ਗੁਰੁਦਵਾਰੇ ਹਨ, ਕਿੰਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਕੀਤੀਆਂ ਹੋਇਆ ਹਨ | ਚੰਗੀ ਗੱਲ ਹੈ ਸਭ ਨੂੰ ਆਪਣੇ ਧਰਮ ਤੇ ਮਾਣ ਹੈ ਤੇ ਹੋਣਾ ਵੀ ਚਾਹੀਦਾ, ਪਰ ਮੈਨੂੰ ਲੱਗਦਾ ਧਰਮ ਦੇ ਨਾਮ ਤੇ ਕੱਠਾ ਕੀਤਾ ਪੈਸਾ ਸਿਰਫ ਗੁਰੂ ਘਰ ਦੀਆ ਇਮਾਰਤਾਂ ਤੇ ਹੀ ਨਹੀਂ ਲੱਗਣਾ ਚਾਹੀਦਾ” |

ਮੈਂ ਸਮਝ ਰਿਹਾ ਸੀ ਭਿੰਦੂ ਗੱਲ ਨੂੰ ਕਿਸ ਪਾਸੇ ਲਿਜਾ ਰਿਹਾ ਸੀ, ਭਿੰਦੂ ਪੜਿਆ ਲਿਖਿਆ ਘੱਟ ਸੀ ਪਰ ਉਸਦੀ ਸੋਚ ਪੜ੍ਹਿਆ ਲਿਖਿਆ ਤੋਂ ਕਿਤੇ ਉੱਚੀ ਹੈ | ਭਿੰਦੂ ਬੋਲਦਾ ਗਿਆ ਤੇ ਮੈਂ ਮੰਨ ਹੀ ਮੰਨ ਸੋਚਣ ਲੱਗ ਪਿਆ | ਕੀ ਗ਼ਲਤ ਕਹਿ ਰਿਹਾ ਹੈ ਭਿੰਦੂ, ਧਾਰਮਿਕ ਇਮਾਰਤਾਂ ਜਰੂਰੀ ਨੇ ਪਰ ਕੀ ਇਹ ਜਰੂਰੀ ਹੈ ਕੇ ਹਰ ਕਸਬੇ, ਸ਼ਹਿਰ ਵਿਚ 10-10 ਧਾਰਮਿਕ ਇਮਾਰਤਾਂ ਹੋਣ, ਉਹ ਵੀ ਓਥੇ ਜਿੱਥੇ ਸਕੂਲਾਂ ਦੇ ਕਮਰੇ ਪੱਕੇ ਨਾ ਹੋਣ, ਜਿੱਥੇ ਹਸਪਤਾਲਾਂ ਢੰਗ ਦੇ ਨਾ ਹੋਣ, ਸ਼ਹਿਰਾਂ ਵਿਚ ਕੱਚੀਆਂ ਗਲੀਆਂ, ਖੁੱਲੀਆਂ ਨਾਲੀਆਂ ਵਿਚ ਗੰਦਗੀ ਭਰੀ ਹੋਵੇ | ਥਾਂ ਥਾਂ ਕੁੜੇ ਦੇ ਢੇਰ ਲੱਗੇ ਹੋਣ | ਸ਼ਹਿਰਾਂ ਦੇ ਨਾਲ ਗਰੀਬਾਂ ਦੀਆ ਬਸਤੀਆਂ ਹੋਣ ਜਿੱਥੇ ਉਹ ਵਿਚਾਰੇ ਭੁੱਖੇ ਸੋਂਦੇ ਹੋਣ | ਵੱਡੇ ਵੱਡੇ ਧਾਰਮਿਕ ਸਥਾਨਾਂ ਨਾਲੋਂ ਜੇਕਰ 2-4 ਸ਼ਹਿਰ ਦੇ ਲੋਕ ਮਿਲਕੇ ਇਕ ਵਧੀਆ ਹਸਪਤਾਲ ਬਣਾ ਲੈਣ ਤਾ ਸ਼ਾਇਦ ਰੱਬ ਜ਼ਿਆਦਾ ਖੁਸ਼ ਹੋਵੇ ਅਤੇ ਲੋਕ ਵੀ ਸੁਖੀ ਹੋਣ | ਮੈਂ ਵਾਪਿਸ ਭਿੰਦੂ ਦੀ ਗੱਲ ਸੁਣਨ ਲੱਗ ਪਿਆ | “ਬਾਈ ਜੀ ਹੋ ਤਾ ਸਾਰਾ ਕੁਝ ਸਕਦਾ, ਬਣਨ ਨੂੰ ਤਾ ਪੰਜਾਬ ਹੀ ਆਸਟ੍ਰੇਲੀਆ ਬਣ ਜਾਵੇ ਪਰ ਅਸੀਂ ਤਾ ਕੁਝ ਸਰਕਾਰਾਂ ਤੇ ਸੁਟਿਆ ਹੋਇਆ” ਮੈਂ ਭਿੰਦੂ ਦੀ ਨਿਰਾਸ਼ਾ ਸਮਝ ਸਕਦਾ ਸੀ | ਜਦ ਤਕ ਸੱਟ ਆਪਣੇ ਨਾ ਲੱਗੇ ਓਦੋ ਤਕ ਇਹ ਗੱਲਾਂ ਕਿਸੀ ਦੇ ਪੱਲੇ ਨਹੀਂ ਪੈਂਦੀਆਂ, ‘ਜਿਸ ਤਨ ਲਾਗੈ ਸੋਹੀ ਜਾਣੈ’ |

ਜਦ ਆਪਣੇ ਤੇ ਬੀਤਦੀ ਹੈ ਓਦੋ ਹੀ ਪਤਾ ਲੱਗਦਾ ਹੈ | ਅੱਜ ਇਹ ਹਾਦਸਾ ਭਿੰਦੂ ਨਾਲ ਵਾਪਰਿਆ, ਕੱਲ ਨੂੰ ਕਿਸੀ ਹੋਰ ਨਾ ਵਾਪਰੇਗਾ | ਅਫਸੋਸ ਦੀ ਗੱਲ ਇਹ ਹੈ ਕਿ ਕੁਝ ਚਿਰ ਬਾਅਦ ਅਸੀਂ ਹਾਦਸੇ ਨੂੰ ਭੁੱਲ ਕੇ ਓਹੀ ਸਿਸਟਮ ਵਿਚ ਗੁਮ ਹੋ ਜਾਂਦੇ ਹਾਂ ਅਤੇ ਸਾਡੀਆਂ ਇਹੀ ਬਦਲਾਓ ਦੀਆ ਗੱਲਾਂ ਅਖੀਰ ਵਿਚ ਗੱਲਾਂ ਹੀ ਰਹਿ ਜਾਂਦੀਆਂ ਹਨ | ਪਤਾ ਨਹੀਂ ਕਿੰਨਾ ਸਮਾਂ ਲਗੇਗਾ ਪੰਜਾਬ ਨੂੰ ਆਸਟ੍ਰੇਲੀਆ ਹੁੰਦਿਆ |

ਪਰਵਿੰਦਰ ਸਿੰਘ
ਸ਼੍ਰੀ ਅਨੰਦਪੁਰ ਸਾਹਿਬ
9464988767

Leave a Reply

Your email address will not be published. Required fields are marked *

%d bloggers like this: