Sun. Aug 18th, 2019

ਰੱਖੜੀ ਦਾ ਚਾਅ ਅਤੇ ਜੋਦੜੀ

ਰੱਖੜੀ ਦਾ ਚਾਅ ਅਤੇ ਜੋਦੜੀ

ਰੱਖੜੀ ਦਾ ਭੈਣ ਨੂੰ ਵਿਆਹ ਜਿਨ੍ਹਾਂ ਚਾਅ ਹੁੰਦਾ, ਜਦੋਂ ਗੁੱਟ ਉੱਤੇ ਵੀਰ ਦੇ ਸਜਾਉਂਦੀ।
ਵੀਰੇ ਦੀ ਉਮਰ ਹੋਵੇ ਉੱਚਿਆਂ ਪਹਾੜਾਂ ਜਿੱਡੀ,ਅਰਜੀ ਓਹ ਦਾਤੀ ਅੱਗੇ ਪਾਉਂਦੀ।।

ਖਾਂਦਾ ਹੈ ਕਮਾਈ ਕੋਈ ਭਾਗਾਂ ਵਾਲਾ ਪੁੱਤਰਾਂ ਦੀ,ਹਰ ਕੋਈ ਇਹੇ ਗੱਲ ਜਾਣਦਾ।
ਧੁਰ ਦਰਗਾਹੋਂ ਜੀਹਦੇ ਲਿਖਿਆ ਹੈ ਕਰਮਾਂ ਚ,ਸ਼ਰੀਂਹ ਬੂਹੇ ਰੱਬ ਹੈ ਬਣਾਂਵਦਾ।।
ਤਾਂਤਾ ਲੱਗ ਜਾਂਦਾ ਹੈ ਵਧਾਈ ਦੇਣ ਵਾਲਿਆਂ ਦਾ, ਭੈਣ ਖੁਸ਼ੀ ਵਿੱਚ ਫੁੱਲੀ ਨਾ ਸਮਾਉਂਦੀ,,,,,,

ਉਂਗਲੀ ਨੂੰ ਫੜ੍ਹ ਜਦੋਂ ਵੀਰ ਨੂੰ ਘੁਮਾਉਣ ਜਾਂਦੀ,ਚਾਅ ਓਹਤੋਂ ਚੁੱਕਿਆ ਨੀ ਜਾਂਦਾ।
ਛੇਤੀ ਛੇਤੀ ਹੋ ਜਾਏ ਜਵਾਨ ਮੇਰਾ ਵੀਰ ਦਾਤੀ, ਆਸਰਾ ਇਹ ਪਿਉ ਅਤੇ ਮਾਂ ਦਾ।।
ਅਸੀਸਾਂ ਵਾਲਾ ਹੱਥ ਰੱਖੇ ਸਦਾ ਸਿਰ ਭੈਣ ਦੇ ਤੇ, ਦਿਲੋਂ ਭੈਣ ਸਦਾ ਇਹੇ ਚਾਹੁੰਦੀ,,,,,

ਮਾ ਬਾਪ ਨਾਲੋਂ ਵੱਧ ਕਰਦੀ ਪਿਆਰ, ਦੁੱਖ ਵੀਰ ਦਾ ਕਦੇ ਵੀ ਭੈਣ ਸਹਿੰਦੀ ਨੀ।
ਚਾਰ ਦਿਨ ਪਾਸੇ ਕਿਤੇ ਰਹਿਣਾ ਪੈਜੇ ਵੀਰ ਨਾਲੋਂ, ਕਦੇ ਵੀ ਓਹ ਓਹਦੇ ਬਿਨਾ ਰਹਿੰਦੀ ਨੀ।।
ਮੰਗਦੀ ਦੁਆਵਾਂ ਸਦਾ ਵੀਰ ਦੀ ਤਰੱਕੀ ਦੀਆਂ, ਇੱਕ ਪਲ ਮਨੋਂ ਨਾ ਭੁਲਾਉਂਦੀ,,,,,

ਆਰਤੀ ਉਤਾਰਦੀ ਹੈ ਰੱਖੜੀ ਦੇ ਦਿਨ ਭੈਣ, ਦੁੱਖ ਕਦੇ ਵੀਰ ਉੱਤੇ ਆਵੇ ਨਾ।
ਦੁਨੀਆਂ ਦੀ ਕੋਈ ਭੈਣ ਵੀਰ ਤੋਂ ਬਿਨਾਂ ਨਾ ਰਹੇ, ਮਾਂ ਐਸਾ ਦਿਨ ਕਿਸੇ ਨੂੰ ਦਿਖਾਵੇ ਨਾ।।
ਦੱਦਾਹੂਰੀਏ ਦੀ ਬੇਨਤੀ ਤੂੰ ਮੰਨ ਲਵੀਂ ਮਾਤ ਮੇਰੀ, ਤੂੰ ਖੈਰ ਝੋਲੀ ਸਭਨਾਂ ਦੇ ਪਾਉਂਦੀ,,,,,,

ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556

Leave a Reply

Your email address will not be published. Required fields are marked *

%d bloggers like this: