Sat. Apr 4th, 2020

ਰੌਸ਼ਨੀ

ਰੌਸ਼ਨੀ

ਰੌਸ਼ਨੀ ਚੁੱਪ ਚਾਪ ਜਾ ਕੇ ਵਿਹੜੇ ਵਿੱਚ ਪਏ ਮੰਜੇ ਤੇ ਬੈਠ ਗਈ ।ਉਸ ਦੇ ਚਿਹਰੇ ਤੇ ਚਿੰਤਾਵਾਂ ਦੀਆਂ ਲਕੀਰਾਂ ਉੱਭਰੀਆਂ ਹੋਈਆਂ ਹਨ ਤੇ ਅੱਖਾਂ ਵਿੱਚ ਡਰ ਦੇ ਚਿੰਨ੍ਹ ਸਾਫ਼ ਨਜ਼ਰ ਆ ਰਹੇ ਹਨ ।ਉਹ ਬਹੁਤ ਹੀ ਬੇਵੱਸ ਤੇ ਮਜ਼ਬੂਰ ਜਿਹੀ ਲੱਗ ਰਹੀ ਹੈ ।ਉਹ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਤਾਂ ਕਦੇ ਵੀ ਨਹੀਂ ਸੀ ਘਬਰਾਈ ਪਰ ਅੱਜ ਕਿਉਂ ?ਅੱਜ ਇੰਨੀ ਘਬਰਾਹਟ ?ਉਸ ਨੇ ਤਾਂ ਜ਼ਿੰਦਗੀ ਦੀ ਹਰ ਮੁਸ਼ਕਲ ਨੂੰ ਖਿੜੇ ਮੱਥੇ ਜੀ ਆਇਆਂ ਆਖਿਆ ਤੇ ਮੁਕਾਬਲਾ ਕਰ ਇੱਕ ਜੇਤੂ ਦੀ ਤਰ੍ਹਾਂ ਮਜ਼ਬੂਤੀ ਦੇ ਨਾਲ ਆਪਣੇ ਆਪ ਨੂੰ ਸੰਭਾਲਿਆ ਤੇ ਕਈਆਂ ਲਈ ਮਿਸਾਲ ਕਾਇਮ ਕੀਤੀ ।ਉਹ ਥੋੜ੍ਹੀ ਦੇਰ ਪਹਿਲਾਂ ਇਸੇ ਮੰਜੇ ਤੋਂ ਉੱਠ ਕੇ ਗਈ ਸੀ ।ਪਰ ਉਦੋਂ ਤੇ ਹੁਣ ਦੇ ਸਮੇਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਸੀ ।ਜਦੋਂ ਉਹ ਪਹਿਲਾਂ ਮੰਜੇ ਤੇ ਬੈਠੀ ਸੀ ਤਾਂ ਮੂੰਹ ਵਿੱਚ ਕੁਝ ਗੁਣਗੁਣਾ ਰਹੀ ਸੀ ।ਉਸ ਦੇ ਚਿਹਰੇ ਤੇ ਮੁਸਕਰਾਹਟ ਝੂਮ ਰਹੀ ਸੀ ।ਉਸ ਦੀਆਂ ਅੱਖਾਂ ਵਿੱਚ ਜ਼ਿੰਦਗੀ ਦੀ ਰੌਣਕ ਤੇ ਸੁਪਨੇ ਸਾਹ ਲੈਂਦੇ ਨਜ਼ਰ ਆ ਰਹੇ ਸਨ ।ਪਰ ਹੁਣ ?

“ਰੌਸ਼ਨੀ !ਬੜੀ ਛੇਤੀ ਮੁੜ ਆਈ? ਤੂੰ ਗਈ ਨੀਂ ਕੰਮ ਤੇ ?ਕੀ ਗੱਲ ਹੋ ਗਈ ?ਤੇਰੀ ਸਿਹਤ ਤਾਂ ਠੀਕ ਹੈ ?”ਰੌਸ਼ਨੀ ਦੀ ਮਾਂ ਨੇ ਅਚਾਨਕ ਰੌਸ਼ਨੀ ਤੋਂ ਸਹਿਜ ਸੁਭਾਅ ਕਿੰਨੇ ਹੀ ਸਵਾਲ ਪੁੱਛੇ।ਪਰ ਰੌਸ਼ਨੀ ਅਜੇ ਵੀ ਚੁੱਪ ਹੀ ਸੀ ।ਜਿਵੇਂ ਕਿਸੇ ਹੋਰ ਦੁਨੀਆਂ ਵਿੱਚ ਪਹੁੰਚੀ ਹੋਵੇ ।ਜਦੋਂ ਮਾਂ ਨੇ ਮੋਢੇ ਤੇ ਹੱਥ ਧਰਿਆ ਤਾਂ ਰੌਸ਼ਨੀ ” ਹੂੰ “ਹੀ ਕਹਿ ਪਾਈ ।ਮਾਂ ਦੀਆਂ ਨਜ਼ਰਾਂ ਰੌਸ਼ਨੀ ਦੇ ਚਿਹਰੇ ਤੇ ਟਿਕੀਆਂ ਹੋਈਆਂ ਆਪਣੇ ਸਵਾਲਾਂ ਦੇ ਜਵਾਬ ਲੱਭ ਰਹੀਆਂ ਹਨ ।

ਬਿਨਾਂ ਕੁਝ ਕਹੇ ਸੁਣੇ ਰੌਸ਼ਨੀ ਕਮਰੇ ਵਿੱਚ ਆਪਣੇ ਅਪਾਹਜ ਪਿਉ ਦੇ ਮੰਜੇ ਕੋਲ ਕੁਰਸੀ ਤੇ ਜਾ ਬੈਠੀ ।ਉਹ ਆਪਣੇ ਪਿਤਾ ਦੇ ਚਿਹਰੇ ਵੱਲ ਨੀਝ ਲਾ ਕੇ ਵੇਖਣ ਲੱਗੀ ਜੋ ਗੂੜ੍ਹੀ ਨੀਂਦ ਵਿੱਚ ਹੈ ।ਸਾਰੀ ਸਾਰੀ ਰਾਤ ਉਸ ਦਾ ਪਿਓ ਅੱਖਾਂ “ਚ ਹੀ ਕੱਢ ਦਿੰਦੈ ।ਪੁਰਾਣੇ ਦਿਨਾਂ ਨੂੰ ਯਾਦ ਕਰ ਪਤਾ ਨਹੀਂ ਕੀ-ਕੀ ਬੁੜਬੁੜਾਉਂਦਾ ਰਹਿੰਦੈ ।ਰੌਸ਼ਨੀ ਆਪਣੇ ਪਿਓ ਦੇ ਚਿਹਰੇ ਵੱਲ ਲਗਾਤਾਰ ਵੇਖੀ ਜਾ ਰਹੀ ਹੈ ਤੇ ਸੋਚ ਰਹੀ ਹੈ ,”ਇਹ ਉਹੀ ਬੰਦਾ ਹੈ ਜੋ ਕਦੇ ਨੱਕ ਤੇ ਮੱਖੀ ਨਹੀਂ ਸੀ ਬੈਠਣ ਦਿੰਦਾ ।ਮਾੜੀ ਮਾੜੀ ਗੱਲ ਤੇ ਮਰਨ ਮਾਰਨ ਨੂੰ ਤਿਆਰ ਹੋ ਜਾਂਦਾ ਸੀ ਤੇ ਅੱਜ ਕਿਵੇਂ ਮੰਜੇ ਨਾਲ ਲੱਗਾ ਪਿਆ ਹੈ ?ਤੁਰਨ ਫਿਰਨ ਤੋਂ ਵੀ ਲਾਚਾਰ ।ਬੜੇ ਕੱਬੇ ਸੁਭਾਅ ਦਾ ਸੀ ਮੋਹਨ ਲਾਲ ।ਹਾਂ, ਪਰ ਕੰਮ ਬਹੁਤ ਕਰਦਾ ਸੀ ।ਬਹੁਤ ਮਿਹਨਤੀ ਸੀ ।ਮੋਹਨ ਲਾਲ ਦਾ ਸੇਠ ਇਸ ਦੇ ਕੰਮ ਦੀ ਬਹੁਤ ਕਦਰ ਕਰਦਾ ਸੀ ।ਅੱਧੀ ਅੱਧੀ ਰਾਤ ਤੱਕ ਸੇਠ ਨਾਲ ਹੀ ਤੁਰਿਆ ਫਿਰਿਆ ਰਹਿੰਦਾ ਸੀ ।ਸੇਠ ਦੇ ਇੱਕ ਫੋਨ ਕਾਲ ਤੇ ਭੱਜਿਆ ਜਾਂਦਾ ਸੀ ।ਨੀਂਦ ਤੇ ਆਰਾਮ ਤਾਂ ਜਿਵੇਂ ਦੁਸ਼ਮਣ ਸਨ ਮੋਹਨ ਲਾਲ ਦੇ ।ਪਰ ਇੱਕ ਸੜਕ ਹਾਦਸੇ ਨੇ ਮੋਹਨ ਲਾਲ ਦੀ ਆਪ ਮੁਹਾਰੀ ਤੁਰੀ ਜਾ ਰਹੀ ਜ਼ਿੰਦਗੀ ਨੂੰ ਦੂਜਿਆਂ ਗੁਲਾਮ ਬਣਾ ਕੇ ਰੱਖ ਦਿੱਤਾ ।ਇਸ ਹਾਦਸੇ ਵਿੱਚ ਉਸ ਦੇ ਸੇਠ ਦੀ ਤਾਂ ਮੌਤ ਹੋ ਗਈ ਤੇ ਮੋਹਨ ਲਾਲ ਦੀ ਭਾਵੇਂ ਜ਼ਿੰਦਗੀ ਤਾਂ ਬਚ ਗਈ ਪਰ ਇਹ ਜ਼ਿੰਦਗੀ ਉਸ ਲਈ ਜਿਵੇਂ ਲੱਗਾ ਇੱਕ ਬੋਝ ਬਣ ਗਈ ।

ਮੋਹਨ ਲਾਲ ਦੇ ਦੋ ਪੁੱਤ ਤੇ ਇੱਕ ਧੀ ਸਨ ।ਦੋਵੇਂ ਪੁੱਤ ਵੱਡੇ ਤੇ ਧੀ ਰੌਸ਼ਨੀ ਛੋਟੀ ।ਜਦੋਂ ਰੌਸ਼ਨੀ ਪੈਦਾ ਹੋਈ ਮੋਹਨ ਲਾਲ ਨੇ ਰੱਜ ਕੇ ਸ਼ਰਾਬ ਪੀਤੀ ਤੇ ਬਹੁਤ ਕੋਸਿਆ ਆਪਣੀ ਪਤਨੀ ਨੂੰ ਕਿ ਇਸ ਵਾਰੀ ਵੀ ਪੁੱਤ ਹੀ ਕਿਉਂ ਨਾ ਹੋਇਆ ?ਉਸ ਦਾ ਕਹਿਣਾ ਸੀ ਕਿ ਧੀਆਂ ਤਾਂ ਬੋਝ ਹੁੰਦੀਆਂ ।ਪੁੱਤਾਂ ਦਾ ਕੀ? ਪੁੱਤ ਤਾਂ ਜੰਮਦੇ ਹੀ ਜਵਾਨ ਹੋ ਜਾਂਦੇ ਤੇ ਧੀਆਂ ਜੰਮਦੇ ਹੀ ਦਾਜ ਲਈ ਪੈਸੇ ਜੋੜਨ ਦੀਆਂ ਚਿੰਤਾਵਾਂ ਚ ਬੰਦਾ ਅੱਧਾ ਬੁੱਢਾ ਹੋ ਜਾਂਦੈ ।ਪਰ ਦੇਖੋ ਮੋਹਨ ਲਾਲ ਦੀ ਕਿਸਮਤ ਜਿਸ ਧੀ ਦੇ ਜੰਮਣ ਤੇ ਮੋਹਨ ਲਾਲ ਨੇ ਘਰ ਵਿੱਚ ਖੂਬ ਕਲੇਸ਼ ਕੀਤਾ ਅੱਜ ਉਹੀ ਧੀ ਮੋਹਨ ਲਾਲ ਤੇ ਉਸ ਦੇ ਘਰ ਨੂੰ ਸਾਂਭੀ ਬੈਠੀ ਅ ।

ਮੋਹਨ ਲਾਲ ਦੇ ਦੋਵਾਂ ਪੁੱਤਾਂ ਨੇ ਤਾਂ ਮੋਹਨ ਲਾਲ ਦੇ ਮੰਜੇ ਤੇ ਬੈਠਦਿਆਂ ਸਾਰ ਹੀ ਅੱਖਾਂ ਫੇਰ ਲਈਆਂ ਸਨ ।ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਹੁਣ ਵਿਆਹੇ ਵਰ੍ਹੇ। ਸਾਡੇ ਆਪਣੇ ਵੀ ਬੱਚੇ ਹਨ। ਸਾਥੋਂ ਘਰ ਨਹੀਂ ਚੱਲਦਾ। ਸਾਡਾ ਆਪਣਾ ਗੁਜ਼ਾਰਾ ਵੀ ਔਖਾ ਹੈ ।ਉਹ ਦੋਵੇਂ ਆਪੋ ਆਪਣੇ ਭਾਂਡੇ ਚੁੱਕ ਕਿਧਰੇ ਹੋਰ ਪਾਸੇ ਕਿਰਾਏ ਤੇ ਰਹਿਣ ਚਲੇ ਗਏ ।ਇੱਥੇ ਕਿਹੜਾ ਮਕਾਨ ਮੋਹਨ ਲਾਲ ਦਾ ਆਪਣਾ ਸੀ ,ਜੋ ਕਿਸੇ ਹਿੱਸੇ ਦੀ ਆਸ ਵਿੱਚ ਇੱਥੇ ਰਹਿੰਦੇ ।ਮੋਹਨ ਲਾਲ ਨੇ ਤਾਂ ਸਾਰੀ ਉਮਰ ਕਿਰਾਏ ਦੇ ਮਕਾਨ ਵਿੱਚ ਹੀ ਕੱਢ ਦਿੱਤੀ ।ਜਦੋਂ ਦੋਵਾਂ ਪੁੱਤਾਂ ਨੇ ਪਿਓ ਨੂੰ ਸਾਂਭਣ ਤੋਂ ਹੱਥ ਖੜ੍ਹੇ ਕਰ ਦਿੱਤੇ ਤਾਂ ਰੌਸ਼ਨੀ ਨੇ ਮੂਹਰੇ ਹੋ ਕੇ ਘਰ ਦੀ ਤੇ ਪਿਓ ਦੀ ਸਾਰੀ ਜ਼ਿੰਮੇਵਾਰੀ ਖਿੜੇ ਮੱਥੇ ਸਵੀਕਾਰ ਕੀਤੀ ।

ਇਹ ਉਹੀ ਧੀ ਸੀ ਜੋ ਜਨਮ ਤੋਂ ਹੀ ਮੋਹਨ ਲਾਲ ਦੇ ਪਿਆਰ ਨੂੰ ਤਰਸਦੀ ਰਹੀ।ਜੇਕਰ ਘਰ ਵਿੱਚ ਅਸੀਂ ਕੋਈ ਜਾਨਵਰ ਪਾਲੀੇਏ ਤਾਂ ਉਸ ਨਾਲ ਵੀ ਮੋਹ ਦੇ ਰਿਸ਼ਤਿਆਂ ਵਿੱਚ ਆਪ ਮੁਹਾਰੇ ਬੰਨ੍ਹੇ ਜਾਂਦੇ ਹਾਂ ਪਰ ਇਹ ਕਿਹੋ ਜਿਹਾ ਲਹੂ ਦਾ ਰਿਸ਼ਤਾ ਸੀ ਜਿਸ ਵਿੱਚ ਮੋਹਨ ਲਾਲ ਦਾ ਦਿਲ ਕਦੇ ਨਹੀਂ ਸੀ ਭਿੱਜਿਆ ।ਉਸ ਨੂੰ ਰੌਸ਼ਨੀ ਦੀ ਹਰ ਚੰਗੀ ਗੱਲ ਵੀ ਮਾੜੀ ਹੀ ਲੱਗਦੀ ।ਉਹ ਰੌਸ਼ਨੀ ਨੂੰ ਗੱਲ-ਗੱਲ ਤੇ ਖਾਣ ਨੂੰ ਪੈਂਦਾ ।ਰੋਸ਼ਨੀ ਹਰ ਵੇਲੇ ਉਸ ਦੀਆਂ ਅੱਖਾਂ ਵਿੱਚ ਰੜਕਦੀ ਰਹਿੰਦੀ ।ਉਹ ਹਮੇਸ਼ਾ ਸੋਚਦਾ ਕਿ ਰੋਸ਼ਨੀ ਦੇ ਦਾਜ ਤੇ ਵਿਆਹ ਸਮੇਂ ਉਹ ਕਰਜ਼ਈ ਹੋ ਜਾਵੇਗਾ ।ਪਰ ਉਹ ਨਾਸਮਝ ਇਹ ਨਹੀਂ ਸੀ ਜਾਣਦਾ ਕਿ ਇਹੋ ਧੀ ਉਸ ਦਾ ਸਹਾਰਾ ਬਣੇਗੀ ।ਕਿਸੇ ਧੀ ਨੇ ਉਸ ਨੂੰ ਸਾਂਭਣਾ ।ਪੁੱਤਾਂ ਨੇ ਤਾਂ ਮੁੜ ਕਦੇ ਦੇਖਿਆ ਵੀ ਨਹੀਂ… ਕਿ ਸਾਡੀ ਮਾਂ, ਭੈਣ ਜਾਂ ਪਿਉ ਕਿਵੇਂ ਨੇ ?

ਮੋਹਨ ਲਾਲ ਦੇ ਦੋਵੇਂ ਪੁੱਤ ਜਦੋਂ ਉਸ ਨੂੰ ਛੱਡ ਕੇ ਚਲੇ ਗਏ ਤਾਂ ਉਸ ਦਾ ਮਨ ਬਹੁਤ ਤੜਪਿਆ ਉਹ ਅੰਦਰੋਂ ਹੀ ਅੰਦਰ ਭਰਿਆ ਪੀਤਾ ਮੰਜੇ ਤੇ ਬੈਠਾ ਰਿਹਾ ।ਉਸ ਦੀ ਕੁਝ ਵੀ ਕਹਿਣ ਤੇ ਸੁਣਨ ਦੀ ਤਾਕਤ ਉਸ ਨੂੰ ਜਵਾਬ ਦੇ ਚੁੱਕੀ ਸੀ ।ਅਜਿਹੇ ਸਮੇਂ ਉਹ ਆਪਣੀ ਧੀ ਸਾਹਮਣੇ ਆਪਣੇ ਆਪ ਨੂੰ ਬੌਣਾ ਮਹਿਸੂਸ ਕਰ ਰਿਹਾ ਸੀ ਕਿਉਂਕਿ ਅੱਜ ਇਹੋ ਧੀ ਉਸਦੇ ਲਈ ਇੱਕ ਵਰਦਾਨ ਦੀ ਤਰ੍ਹਾਂ ਉਸ ਦੇ ਨਾਲ ਸੀ ।

ਰੌਸ਼ਨੀ ਬਹੁਤਾ ਪੜ੍ਹ ਲਿਖ ਨਹੀਂ ਸੀ ਪਾਈ ਕਿਉਂਕਿ ਘਰ ਦੀ ਗਰੀਬੀ ਤੇ ਉਸ ਦੀ ਬੇਵੱਸੀ ਨੇ ਉਸ ਨੂੰ ਪੜ੍ਹਾਈ ਦੇ ਬਹੁਤੇ ਮੌਕੇ ਨਹੀਂ ਸਨ ਬਖਸ਼ੇ ।ਉਸ ਨੇ ਸਰਕਾਰੀ ਸਕੂਲ ਵਿੱਚੋਂ ਮਸਾਂ ਹੀ ਅੱਠ ਜਮਾਤਾਂ ਹੀ ਪਾਸ ਕੀਤੀਆਂ ਸਨ ।ਹੁਣ ਉਸ ਨੇ ਆਪਣੇ ਘਰ ਦੀ ਜ਼ਿੰਮੇਵਾਰੀ ਚੁੱਕਣ ਦੀ ਤਿਆਰੀ ਕਰ ਲਈ ਸੀ ।ਉਸ ਨੇ ਆਪਣੇ ਸੇਠ ਦੇ ਘਰ ,ਜਿੱਥੇ ਕਦੇ ਉਸ ਦਾ ਪਿਉ ਕੰਮ ਕਰਦਾ ਸੀ ,ਸਫਾਈ ਦਾ ਕੰਮ ਸੰਭਾਲ ਲਿਆ ।ਉਸ ਦੀ ਮਿਹਨਤ ਦੀ ਕਮਾਈ ਨਾਲ ਦੋ ਵਕਤ ਦੀ ਰੋਟੀ ਤੁਰ ਪਈ ।ਹੌਲੀ ਹੌਲੀ ਰੋਸ਼ਨੀ ਨੇ ਹੋਰ ਘਰਾਂ ਵਿੱਚ ਵੀ ਭਾਂਡੇ ਮਾਂਜਣ ਤੇ ਕੱਪੜੇ ਧੋਣ ਦੇ ਕੰਮ ਸ਼ੁਰੂ ਕਰ ਦਿੱਤੇ ।ਜਿਸ ਕਾਰਨ ਉਸ ਦੇ ਪਿਤਾ ਦੀ ਦਵਾਈ ਦਾ ਖਰਚਾ ਵੀ ਨਿਕਲਣ ਲੱਗਾ ।

ਹੁਣ ਰੌਸ਼ਨੀ ਖੁਸ਼ ਸੀ ਕਿ ਉਹ ਕਦੇ ਭੁੱਖ ਨਾਲ ਨਹੀਂ ਮਰ ਸਕਦੇ ।ਉਨ੍ਹਾਂ ਦੇ ਘਰ ਦਾ ਤੋਰਾ ਤੁਰ ਪਿਆ ।ਮੋਹਨ ਲਾਲ ਵੀ ਹੁਣ ਰੌਸ਼ਨੀ ਦੀ ਮਾਂ ਕੋਲ ਰੌਸ਼ਨੀ ਦੀਆਂ ਉਹ ਸਿਫਤਾਂ ਕਰਦਾ ।ਰੱਬ ਅੱਗੇ ਸ਼ੁਕਰਾਨਾ ਕਰਦਾ ਕਿ ਮੈਨੂੰ ਰੋਸ਼ਨੀ ਵਰਗੀ ਧੀ ਦੀ ਦਾਤ ਬਖਸ਼ੀ ।ਪਰ ਰੌਸ਼ਨੀ ਸਾਹਮਣੇ ਕਦੇ ਵੀ ਖੁੱਲ੍ਹ ਕੇ ਕੋਈ ਗੱਲ ਨਾ ਕਰ ਪਾਉਂਦਾ ।ਕਿਉਂਕਿ ਉਸ ਦੀ ਰੂਹ ਉਸ ਨੂੰ ਕੋਸਦੀ ਰਹਿੰਦੀ ਕਿ ਰੌਸ਼ਨੀ ਵਰਗੇ ਸੁੱਚੇ ਮੋਤੀ ਦੀ ਉਸ ਨੇ ਪਹਿਲਾਂ ਕਦੀ ਕਿਉਂ ਨਾ ਕੀਤੀ ।ਉਹ ਚਾਹੁੰਦੇ ਹੋਏ ਵੀ ਰੌਸ਼ਨੀ ਨੂੰ ਮੂੰਹੋਂ ਪਿਆਰ ਭਰੇ ਬੋਲ ਨਾ ਬੋਲ ਪਾਉਂਦਾ ।ਉਸ ਦੀਆਂ ਅੱਖਾਂ ਵਿੱਚ ਭਾਵੇਂ ਰੌਸ਼ਨੀ ਲਈ ਬਹੁਤ ਪਿਆਰ ਛਲਕਦਾ ਪਰ ਉਹ ਆਪਣੀ ਮਮਤਾ ਨੂੰ ਅੰਦਰ ਹੀ ਅੰਦਰ ਸਮੇਟਦਾ ਰਹਿੰਦਾ ।ਉਹ ਸੋਚਦਾ….. ਉੱਨੀ ਸਾਲਾਂ ਤੱਕ ਜਿਸ ਧੀ ਨੂੰ ਕੋਸਦਾ ਰਿਹਾ, ਉਸਦੀ ਧੀ ਸਾਹਮਣੇ ਹੁਣ ਮੈਂ ਪਿਆਰ ਦੇ ਬੋਲਾਂ ਨੂੰ ਕਿੰਝ ਆਪਣੇ ਬੁੱਲਾਂ ਤੇ ਧਰ੍ਹਾਂ ?ਉਹ ਸਾਰੀ-ਸਾਰੀ ਰਾਤ ਆਪਣੇ ਪੁੱਤਾਂ ਨੂੰ ਗਾਲਾਂ ਕੱਢਦਾ ਕੱਢਦਾ ਸੌਂ ਜਾਂਦਾ ।

ਪਰ ਅੱਜ ਰੌਸ਼ਨੀ ਬਹੁਤ ਉਦਾਸ ਹੈ ।ਮਾਂ ਜਦੋਂ ਵਾਰ ਵਾਰ ਉਦਾਸੀ ਦਾ ਕਾਰਨ ਪੁੱਛਦੀ ਤਾਂ ਰੌਸ਼ਨੀ ਚਿਹਰੇ ਤੇ ਝੂਠੀ ਮੁਸਕਾਨ ਨਾਲ,” ਕੋਈ ਗੱਲ ਨਹੀਂ।”ਆਖ ਕੇ ਟਾਲ ਮਟੋਲ ਕਰ ਰਹੀ ਹੈ ।ਮੋਹਨ ਲਾਲ ਚੋਰੀ ਚੋਰੀ ਰੌਸ਼ਨੀ ਦੇ ਚਿਹਰੇ ਵੱਲ ਵੇਖੀ ਜਾ ਰਿਹਾ ਹੈ ।ਭਾਵੇਂ ਉਹ ਕਦੇ ਵੀ ਰੌਸ਼ਨੀ ਨਾਲ਼ ਨਜ਼ਰਾਂ ਨਹੀਂ ਸੀ ਮਿਲਾਉਂਦਾ ਕਿਉਂਕਿ ਉਹ ਆਪਣੇ ਆਪ ਨੂੰ ਰੌਸ਼ਨੀ ਦਾ ਦੋਖੀ ਸਮਝਦਾ ਸੀ ।ਪਰ ਅੱਜ ਮੋਹਨ ਲਾਲ ਦਾ ਜੀਅ ਕਰ ਰਿਹਾ ਹੈ ਕਿ ਉਹ ਰੌਸ਼ਨੀ ਨੂੰ ਕੋਲ ਬਿਠਾ ਕਿ ਪੁੱਛੇ,” ਪੁੱਤ ,ਕੀ ਗੱਲ ਹੈ ?ਅੱਜ ਤੇਰਾ ਚਿਹਰਾ ਮੁਰਝਾਇਆ ਮੁਰਝਾਇਆ ਕਿਉਂ ਹੈ ?”ਉਹ ਚਾਹੁੰਦਾ ਹੈ ਕਿ ਇੱਕ ਵਾਰੀ ਰੌਸ਼ਨੀ ਨੂੰ ਆਪਣੇ ਕਲਾਵੇ ‘ਚ ਲੈ ਕੇ ਖੂਬ ਲਾਡ ਲਡਾਵੇ ।ਉੱਨੀ ਸਾਲਾਂ ਦੇ ਲਾਡ ਦਾ ਹਿਸਾਬ ਪੂਰਾ ਕਰੇ ।

ਰੋਸ਼ਨੀ ਦਾ ਉਦਾਸ ਚਿਹਰਾ ਵਾਰ ਵਾਰ ਉਸ ਦੇ ਮਨ ਅੰਦਰ ਅਜੀਬ ਜਿਹਾ ਡਰ ਪੈਦਾ ਕਰ ਰਿਹਾ ਹੈ ।ਇਹ ਡਰ ਹੈ ਕਿਸੇ ਅਣਹੋਣੀ ਦਾ ।ਇੱਕ ਆਖਿਰ ਜਵਾਨ ਧੀ , ਲੋਕਾਂ ਦੇ ਘਰ ਕੰਮ ਕਰਨ ਜਾਂਦੀ ਹੈ ।ਕੋਈ ਐਸੀ ਵੈਸੀ ਗੱਲ ਤਾਂ ਨਹੀਂ ?ਇਹ ਸੋਚ ਉਹ ਮੰਜੇ ਤੇ ਪਿਆ ਪਿਆ ਕੰਬ ਜਾਂਦਾ ਹੈ ।ਅੱਜ ਪਹਿਲੀ ਵਾਰ ਉਹ ਪਿਆਰ ਨਾਲ ,”ਰੌਸ਼ਨੀ, ਪੁੱਤ ਰੋਸ਼ਨੀ !”ਕਹਿ ਕੇ ਆਵਾਜ਼ ਮਾਰਦਾ ਹੈ ਤਾਂ ਰੌਸ਼ਨੀ ਭੱਜੀ ਭੱਜੀ ਕਮਰੇ ਚ ਆਪਣੇ ਪਿਓ ਨਾਲ ਆ ਕੇ ਲਿਪਟ ਜਾਂਦੀ ਹੈ ।ਜਿਵੇਂ ਪਤਾ ਨਹੀਂ ਉਸ ਨੂੰ ਕਿਹੜਾ ਖਜ਼ਾਨਾ ਮਿਲ ਗਿਆ ਹੋਵੇ ।ਉਸ ਦੀਆਂ ਅੱਖਾਂ ਵਿੱਚੋਂ ਸੁੱਚੇ ਮੋਤੀ ਛਲਕਦੇ ਨਜ਼ਰ ਆ ਰਹੇ ਹਨ ।”ਪਾਪਾ ਮੈਂ ਬਹੁਤ ਇੰਤਜ਼ਾਰ ਕੀਤਾ ਤੁਹਾਡੇ ਮੂੰਹੋਂ ਪਿਆਰ ਭਰੇ ਦੋ ਬੋਲ ਸੁਣਨ ਲਈ। ਦੱਸੋ ?ਕੀ ਗੱਲ ਹੈ ਪਾਪਾ ?”ਰੌਸ਼ਨੀ ਦੀ ਮਾਂ ਪਿਓ ਧੀ ਦਾ ਲਾਡ ਵੇਖ ਕੇ ਅੱਖਾਂ ਚੋਂ ਨਿਕਲੇ ਹੰਝੂਆਂ ਨੂੰ ਚੁੰਨੀ ਦੇ ਲੜ ਅੰਦਰ ਸਾਂਭ ਰਹੀ ਹੈ ।ਮੋਹਨ ਲਾਲ,” ਪੁੱਤ ਕੀ ਗੱਲ ਹੈ ?ਅੱਜ ਤੂੰ ਉਦਾਸ ਕਿਉਂ ?”ਰੌਸ਼ਨੀ ,”ਪਾਪਾ ,ਸਾਰਿਆਂ ਨੇ ਅੱਜ ਮੈਨੂੰ ਕਰੋਨਾ ਦੇ ਡਰ ਕਾਰਨ ਕੰਮ ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ ।ਉਹ ਡਰਦੇ ਹਨ ਕਿ ਕਿਧਰੇ ਮੇਰੇ ਕਾਰਨ ਇਹ ਬੀਮਾਰੀ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਨਾ ਹੋ ਜਾਵੇ ।ਹੁਣ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਤੁਰੇਗਾ ?”ਮੋਹਨ ਲਾਲ,” ਕੋਈ ਗੱਲ ਨਹੀਂ… ਪੁੱਤ, ਜੇ ਜ਼ਿੰਦਗੀ ਹੈ ਤਾਂ ਕੰਮ ਹੋਰ ਬਥੇਰੇ ।ਤੇਰੇ ਨਾਲ ਹੀ ਸਾਡੀ ਜ਼ਿੰਦਗੀ ਰੌਸ਼ਨ ਹੈ ।”ਰੌਸ਼ਨੀ ਦੀ ਮਾਂ ਪਿਆਰ ਨਾਲ ਰੌਸ਼ਨੀ ਦੇ ਸਿਰ ਤੇ ਹੱਥ ਧਰ,”ਜੇ ਜਾਨ ਹੈ ਤਾਂ ਜਹਾਨ ਹੈ ।ਪੁੱਤ ” ਧੀ ਦੇ ਚਿਹਰੇ ਨੂੰ ਨੀਝ ਨਾਲ ਵੇਖਦਿਆਂ ਮੋਹਨ ਲਾਲ ਦੇ ਬੁੱਲਾਂ ਤੇ ਮੁਸਕਾਨ ਫੈਲ ਗਈ ।

ਮਨਦੀਪ ਰਿੰਪੀ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: