ਰੌਚਿਕ ਕਹਾਣੀ ਵਾਲਾ ਪਰਿਵਾਰਿਕ ਕਾਮੇਡੀ ਡਰਾਮਾ: ਠੱਗ ਲਾਈਫ਼

ss1

ਰੌਚਿਕ ਕਹਾਣੀ ਵਾਲਾ ਪਰਿਵਾਰਿਕ ਕਾਮੇਡੀ ਡਰਾਮਾ: ਠੱਗ ਲਾਈਫ਼

ਮਿਤੀ 21 ਜੁਲਾਈ 2017 ਨੂੰ ਰਿਲੀਜ਼ ਹੋਈ ਨਿਰਦੇਸ਼ਕ ਮੁਕੇਸ਼ ਵੋਹਰਾ ਦੀ ਫ਼ਿਲਮ ਠੱਗ ਲਾਈਫ਼ ਕਾਮੇਡੀ ਯੌਨਰ ਦੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਤਿੰਨ ਦੋਸਤਾਂ ਐੱਮ.ਐਲ.ਏ.ਸਿੰਘ (ਹਰੀਸ਼ ਵਰਮਾ), ਜੱਸ (ਜੱਸ ਬਾਜਵਾ), ਪਵਨ ਕੁਮਾਰ ਪਾਲੀ (ਰਾਜੀਵ ਠਾਕੁਰ) ਦੇ ਇਰਦ-ਗਿਰਦ ਹੈ। ਫ਼ਿਲਮ ਇਹਨਾਂ ਤਿੰਨਾਂ ਦੀ ਜ਼ਿੰਦਗੀ ਦੀ ਫ਼ਲੈਸ਼-ਬੈਕ ਦ੍ਰਿਸ਼ਾਂ ਨਾਲ ਸ਼ੁਰੂ ਹੁੰਦੀ ਹੈ। ਏਥੇ ਪਤਾ ਲੱਗਦਾ ਹੈ ਕਿ ਐੱਮ.ਐਲ.ਏ.ਸਿੰਘ ਨੂੰ ਸਚਮੁੱਚ ਐੱਮ.ਐਲ.ਏ. ਬਣਨ ਦਾ ਸ਼ੌਂਕ ਹੈ ਅਤੇ ਉਹ ਆਪਣੇ ਬਾਪੂ (ਯੋਗਰਾਜ ਸਿੰਘ) ਅਤੇ ਮਾਂ (ਅਨੀਤਾ ਦੇਵਗਨ) ਦਾ ਲਾਡਲਾ ਇਕਲੌਤਾ ਪੁੱਤਰ ਹੈ। ਜੱਸ ਇੱਕ ਫ਼ੋਟੋਗ੍ਰਾਫ਼ਰ ਹੈ ਅਤੇ ਉਹ ਆਪਣੇ ਪਿਤਾ ਦੇਵਿੰਦਰ ਦੇ ਨਾਲ ਵਿਆਹ ਦੇ ਫ਼ੰਕਸ਼ਨਾਂ ਵਿੱਚ ਫ਼ੋਟੋਗ੍ਰਾਫ਼ੀ ਦਾ ਕੰਮ ਕਰਦਾ ਹੇੈ। ਜੱਸ ਨੂੰ ਅਮੀਰ ਬਣਨ ਦੇ ਵੱਡੇ-ਵੱਡੇ ਸੁਪਨੇ ਦੇਖਣ ਦੀ ਆਦਤ ਹੈ। ਉਹ ਵੀ ਘਰਦਿਆਂ ਦਾ ਇਕਲੌਤਾ ਪੁੱਤਰ ਹੈ ਤੇ ਘਰਦੇ ਉਸਨੂੰ ਇੱਕ ਵਾਰ ਆਸਟਰੇਲੀਆ ਭੇਜਣ ਦੀ ਬੇਕਾਰ ਕੋਸ਼ਿਸ਼ ਵੀ ਕਰ ਚੁੱਕੇ ਹਨ। ਪਾਲੀ ਦੇ ਪਿਤਾ ਪਰਸ਼ੋਤਮ ਲਾਲ ਦੀ ਮੌਤ ਹੋ ਚੁੱਕੀ ਹੈ ਤੇ ਉਹ ਮਸ਼ਹੂਰ ਲੋਕਾਂ ਦੀਆਂ ਨਕਲੀ ਆਵਾਜ਼ਾਂ ਕੱਢ ਕੇ ਪੈਸੇ ਕਮਾਉਂਦਾ ਹੈ।
ਘਰਦੇ ਐੱਮ.ਐਲ.ਏ.ਸਿੰਘ ਤੇ ਜੱਸ ਨੂੰ ਉਹਨਾਂ ਦੀਆਂ ਗ਼ੈਰ-ਜ਼ਿੰਮੇਵਾਰਾਨਾ ਆਦਤਾਂ ਕਰਕੇ ਘਰੋਂ ਕੱਢ ਦਿੰਦੇ ਹਨ। ਏਥੋਂ ਹੀ ਇਹਨਾਂ ਦੇ ਦਿਮਾਗ ਵਿੱਚ ਪੈਸੇ ਕਮਾਉਣ ਦਾ ਲਾਲਚ ਆ ਜਾਂਦਾ ਹੈ ਤੇ ਉਹ ਆਪਣੇ ਖ਼ੁਰਾਪਾਤੀ ਦਿਮਾਗ ਨਾਲ ਨੇਤਾਵਾਂ ਦੇ ਝੂਠੇ ਸਕੈਂਡਲ ਬਣਾ ਕੇ ਉਹਨਾਂ ਤੋਂ ਬਲੈਕ ਮੇਲ ਕਰਕੇ ਪੈਸੇ ਉਗਰਾਹੁਣ ਲੱਗ ਜਾਂਦੇ ਨੇ। ਏਸ ਕੰਮ ਵਿੱਚ ਉਹ ਸਟਰੱਗਲਰ ਐਕਟਰੈੱਸ ਰੁਚੀ (ਇਹਾਨਾ ਢਿੱਲੋਂ) ਨੂੰ ਵੀ ਸ਼ਾਮਿਲ ਕਰਦੇ ਨੇ। ਉਹਨਾਂ ਦੇ ਘਰਾਂ ਤੱਕ ਕਿਸੇ ਗੱਲ ਦੀ ਕੋਈ ਭਿਣਕ ਨਹੀਂ ਪਹੁੰਚਦੀ। ਉਹ ਕਈ ਨੇਤਾਵਾਂ ਅਤੇ ਝੂਠੇ ਸਾਧਾਂ ਦੇ ਸਕੈਂਡਲ ਕਰਕੇ ਕਾਫ਼ੀ ਪੈਸਾ ਇਕੱਠਾ ਕਰ ਲੈਂਦੇ ਨੇ ਪਰ ਉਹਨਾਂ ਦਾ ਨਿੱਤ ਵਧਦਾ ਲਾਲਚ ਉਹਨਾਂ ਨੂੰ ਇੱਕ ਨਜਾਇਜ਼ ਪੰਗੇ ਵਿੱਚ ਫ਼ਸਾ ਦਿੰਦਾ ਹੈ। ਦਰਅਸਲ ਉਹ ਤਿੰਨੋਂ ਹੀ ਇੱਕ ਪੁਲਿਸ ਵਾਲੇ (ਹਰਿੰਦਰ ਭੁੱਲਰ) ਵੱਲੋਂ ਬੰਬ ਬਲਾਸਟ ਕਰਨ ਦੀ ਚਾਲ ਵਿੱਚ ਝੂਠਿਆਂ ਹੀ ਫ਼ਸ ਜਾਂਦੇ ਨੇ ਤੇ ਏਥੋਂ ਹੀ ਆਉਂਦਾ ਹੈ ਫ਼ਿਲਮ ਦੀ ਕਹਾਣੀ ‘ਚ ਟਵਿਸਟ। ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨ ਲਈ ਜੋ ਯਤਨ ਕਰਦੇ ਨੇ ਉਹ ਫ਼ਿਲਮੀ ਦਰਸ਼ਕਾਂ ਅੱਗੇ ਬੜੇ ਸੁਆਦਲੇ ਦ੍ਰਿਸ਼ਾਂ ਰਾਹੀਂ ਪੇਸ਼ ਹੋਇਆ ਹੈ। ਆਖ਼ਿਰ ਉਹ ਉਸ ਕੇਸ ਵਿੱਚੋਂ ਬਰੀ ਹੋ ਜਾਂਦੇ ਨੇ ਤੇ ਸਰਕਾਰ ਉਹਨਾਂ ਨੂੰ ਬੰਬ ਬਲਾਸਟ ਹੋਣ ਤੋਂ ਬਚਾਉਣ ਲਈ ਕਰੋੜਾਂ ਰੁਪਏ ਇਨਾਮ ਦਿੰਦੀ ਹੈ ਅਤੇ ਇਓਂ ਇਹ ਫ਼ਿਲਮ ਸੁਖਾਂਤਕ ਅੰਤ ਨਾਲ ਸਮਾਪਤੀ ਵੱਲ ਵਧਦੀ ਹੈ।
ਤਕਨੀਕੀ ਪੱਖੋਂ ਫ਼ਿਲਮ ਠੀਕ ਹੈ ਅਤੇ ਲਗਭਗ ਬਾਲੀਵੁੱਡ ਫ਼ਿਲਮ ਮਸਤੀ ਸੀਰੀਜ਼ ਦੀ ਟੋਨ ਤੇ ਅਧਾਰਿਤ ਹੈ। ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਗਾਇਕੀ ਖੇਤਰ ਵਿੱਚ ਹੁਣ ਤੱਕ ਲਗਭਗ ਪੱਚੀ ਗੀਤ ਗਾਉਣ ਵਾਲੇ ਗਾਇਕ ਜੱਸ ਬਾਜਵਾ ਨੂੰ ਏਸ ਫ਼ਿਲਮ ਰਾਹੀਂ ਪਹਿਲੀ ਵਾਰ ਇੰਟਰੋਡਿਊਸ ਕੀਤਾ ਗਿਆ ਹੈ। ਫ਼ਿਲਮ ਵਿੱਚ ਉਸਨੇ ਕਿਰਦਾਰ ਅਨੁਸਾਰ ਵਧੀਆ ਕੰਮ ਕੀਤਾ ਹੈ। ਹਰੀਸ਼ ਵਰਮਾ ਵੀ ਅੱਗੇ ਨਾਲੋਂ ਚੰਗਾ ਕੰਮ ਕਰ ਰਿਹਾ ਹੈ ਅਤੇ ਰਾਜੀਵ ਠਾਕੁਰ ਵਿੱਚ ਵੀ ਏਸ ਫ਼ਿਲਮ ‘ਚ ਅੱਗੇ ਨਾਲੋਂ ਕਾਨਫ਼ੀਡੈਂਟ ਅਦਾਕਾਰੀ ਦਿਖੀ ਹੈ। ਫ਼ਿਲਮ ਦੀ ਕਹਾਣੀ ਨਿਰੰਤਰ ਤੁਰਦੀ ਹੈ ਤੇ ਦਰਸ਼ਕਾਂ ਨੂੰ ਕਿਤੇ ਵੀ ਬੋਰੀਅਤ ਮਹਿਸੂਸ ਨਹੀਂ ਹੁੰਦੀ। ਸਹਾਇਕ ਅਦਾਕਾਰਾਂ ਵਿੱਚੋਂ ਰਾਣਾ ਜੰਗ ਬਹਾਦਰ, ਕਰਮਜੀਤ ਅਨਮੋਲ, ਹੌਬੀ ਢਿੱਲੋਂ ਆਦਿ ਦਾ ਕੰਮ ਵੀ ਸਲਾਹੁਣਯੋਗ ਰਿਹਾ ਹੈ।ਕੁੱਲ ਮਿਲਾ ਕੇ ਕਾਮੇਡੀ ਥੀਮ ਦੀ ਇਹ ਫ਼ਿਲਮ ਸੁਹਣਾ ਪਰਿਵਾਰਿਕ ਡਰਾਮਾ ਹੈ।
ਫ਼ਿਲਮ ਦੀ ਪ੍ਰੋਮੋਸ਼ਨ ਸੰਬੰਧੀ ਇਸਦੀ ਰਿਲੀਜ਼ਿੰਗ ਤਾਰੀਕ ਜ਼ਰੂਰ ਗੌਲਣਯੋਗ ਹੈ।ਇਸ ਸੰਬੰਧੀ ਫ਼ਿਲਮ ਦੇ ਲੀਡ ਕਿਰਦਾਰ ਹਰੀਸ਼ ਵਰਮਾ ਦਾ ਦੋ ਫ਼ਿਲਮਾਂ (ਕਰੇਜ਼ੀ ਟੱਬਰ ਅਤੇ ਠੱਗ ਲਾਈਫ਼) ਵਿੱਚ ਲੀਡ ਰੋਲ ਹੋਣ ਕਾਰਨ ਕੁਝ ਸਿਨੇਪ੍ਰੇਮੀਆਂ ਦੇ ਕਹਿਣ ‘ਤੇ ਦੋਵਾਂ ਫ਼ਿਲਮਾਂ ਦੀ ਪਹਿਲੀ ਰਿਲੀਜ਼ਿੰਗ ਮਿਤੀ ੭ ਜੁਲਾਈ ੨੦੧੭ ਤੋਂ ਬਦਲਾਅ ਕੇ ਠੱਗ ਲਾਈਫ਼ (੨੧ ਜੁਲਾਈ ੨੦੧੭) ਨੂੰ ਕਰਵਾਈ ਗਈ। ਨਤੀਜਾ ਏਹ ਹੋਇਆ ਕਿ ਕਰੇਜ਼ੀ ਟੱਬਰ ਸਧਾਰਨ ਜਿਹੇ ਵਿਸ਼ੇ ਦੀ ਹੋਣ ਕਾਰਨ ਏਨਾ ਚੰਗਾ ਬਿਜ਼ਨੈੱਸ ਨਹੀਂ ਕਰ ਸਕੀ ਜਦਕਿ ਉਸਦੇ ਮੁਕਾਬਲੇ ਠੱਗ ਲਾਈਫ਼ ਪਹਿਲਾਂ ਰਿਲੀਜ਼ ਕੀਤੀ ਜਾਂਦੀ ਤਾਂ ਨਿਰਦੇਸ਼ਕ ਮੁਕੇਸ਼ ਵੋਹਰਾ ਵੀ ਕਾਫ਼ੀ ਫ਼ਾਇਦੇ ਵਿੱਚ ਰਹਿੰਦੇ।
ਹੁਣ ਏਸ ਗੱਲ ਪਿੱਛੇ ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ ਪਰ ਏਹ ਗੱਲ ਪ੍ਰਤੱਖ ਹੁੰਦੀ ਹੈ ਕਿ ਸਿਰਫ਼ ਕਲਾਕਾਰ ਵੱਲੋਂ ਆਪਣਾ ਫ਼ਾਇਦਾ ਸੋਚਣਾ ਪੂਰੀ ਟੀਮ ਨੂੰ ਮਹਿੰਗਾ ਪੈਂਦੈ। ਬਾਕੀ ਏਸ ਫ਼ਿਲਮ ਦੇ ਨਾਲ ਹੀ ਇਤਿਹਾਸਿਕ ਵਿਸ਼ੇ ਦੀ ਫ਼ਿਲਮ “ਦ ਬਲੈਕ ਪ੍ਰਿੰਸ” ਰਿਲੀਜ਼ ਹੋਣ ਕਰਕੇ ਦਰਸ਼ਕਾਂ ਦਾ ਵੰਡੇ ਜਾਣਾ ਸੁਭਾਵਿਕ ਹੈ ਪਰ ਫ਼ੇਰ ਵੀ ਸਿਨਮਾ ਘਰਾਂ ਵਿੱਚ ਦਰਸ਼ਕਾਂ ਨੇ ਏਸ ਫ਼ਿਲਮ ਨੂੰ ਕਾਫ਼ੀ ਹੁੰਗਾਰਾ ਦਿੱਤਾ ਹੈ। ਏਸ ਸਾਰੇ ਮਸਲੇ ਨੂੰ ਵਿਚਾਰਦਿਆਂ ਦੁਆ ਹੈ ਕਿ ਆਉਂਦੇ ਸਾਲਾਂ ਤੱਕ ਬਹੁਗਿਣਤੀ ਪੰਜਾਬੀ ਦਰਸ਼ਕ ਵੀ ਇੱਕੋ ਵੇਲੇ ਲੱਗੀਆਂ ਕਈ ਫ਼ਿਲਮਾਂ ਨੂੰ ਦੇਖਣ ਦੇ ਸਮਰੱਥ ਹੋਣ। ਆਮੀਨ!

ਖੁਸ਼ਮਿੰਦਰ ਕੌਰ
ਖੋਜਨਿਗ਼ਾਰ ਪੰਜਾਬੀ ਸਿਨਮਾ,
ਪੰਜਾਬੀ ਯੂਨੀਵਰਸਿਟੀ ਪਟਿਆਲਾ
ਰਾਬਤਾ:-98788-89217

Share Button