ਰੋਪੜ ਵਿਧਾਇਕ ਅਮਰਜੀਤ ਸੰਦੋਆ ਖਿਲਾਫ ਔਰਤ ਨਾਲ ਛੇੜਖਾਨੀ ਦੇ ਕੇਸ ‘ਚ ਦੋਸ਼ ਆਇਦ ਹੋਣ ਮਗਰੋਂ ਵੀ ਕੇਜਰੀਵਾਲ ਆਪ ਆਗੂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦਾ ਹੈ: ਅਕਾਲੀ ਦਲ

ss1

ਰੋਪੜ ਵਿਧਾਇਕ ਅਮਰਜੀਤ ਸੰਦੋਆ ਖਿਲਾਫ ਔਰਤ ਨਾਲ ਛੇੜਖਾਨੀ ਦੇ ਕੇਸ ‘ਚ ਦੋਸ਼ ਆਇਦ ਹੋਣ ਮਗਰੋਂ ਵੀ ਕੇਜਰੀਵਾਲ ਆਪ ਆਗੂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦਾ ਹੈ: ਅਕਾਲੀ ਦਲ

ਚੰਡੀਗੜ 21 ਜੁਲਾਈ (ਦਲਜੀਤ ਜੀੜ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਰੋਪੜ ਤੋਂ ਆਪ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ਿਲਾਫ ਇੱਕ ਔਰਤ ਨਾਲ ਛੇੜਖਾਨੀ ਦੇ ਕੇਸ ਵਿਚ ਦੋਸ਼ ਆਇਦ ਹੋਣ ਮਗਰੋਂ ਵੀ ਉਸ ਵੱਲੋਂ ਆਪ ਆਗੂ ਖ਼ਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੇਜਰੀਵਾਲ ਨੇ ਔਰਤਾਂ ਦੀ ਸੁਰੱਖਿਆ ਨੂੰ ਇੱਕ ਵੱਡਾ ਚੋਣ ਮੁੱਦਾ ਬਣਾਇਆ ਸੀ। ਉਹਨਾਂ ਕਿਹਾ ਕਿ ਹੁਣ ਜਦੋਂ ਉਸ ਦੇ ਆਪਣੇ ਵਿਧਾਇਕ ਦੀ ਰੂਪਨਗਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋ ਖਿਚਾਈ ਕੀਤੀ ਗਈ ਹੈ ਅਤੇ ਉਸ ਵਿਰੁੱਧ ਬਹੁਤ ਸਾਰੀਆਂ ਅਪਰਾਧਿਕ ਧਾਰਾਵਾਂ ਜਿਹਨਾਂ ਵਿਚ ਇੱਕ ਔਰਤ ਨੂੰ ਡਰਾਉਣਾ, ਬੇਇੱਜ਼ਤ ਕਰਨਾ, ਉਸ ਉੱਤੇ ਹਮਲਾ ਕਰਨਾ ਅਤੇ ਉਸ ਨਾਲ ਛੇੜਖਾਨੀ ਕਰਨਾ ਆਦਿ ਸ਼ਾਮਿਲ ਹਨ, ਤਹਿਤ ਦੋਸ਼ ਆਇਦ ਕੀਤੇ ਗਏ ਹਨ ਤਾਂ ਕੇਜਰੀਵਾਲ ਨੇ ਚੁੱਪੀ ਧਾਰ ਲਈ ਹੈ। ਉਹਨਾਂ ਕਿਹਾ ਕਿ ਅਜਿਹਾ ਵਤੀਰਾ ਅਪਣਾ ਕੇ ਉਹ ਇਹ ਵਿਖਾ ਰਿਹਾ ਹੈ ਕਿ ਉਸ ਦੇ ਮਨ ਵਿਚ ਪੀੜਤ ਲਈ ਜੋ ਕਿ ਇੱਕ ਫੌਜੀ ਅਧਿਕਾਰੀ ਦੀ ਧੀ ਅਤੇ ਆਪ ਦੀ ਸਾਬਕਾ ਵਰਕਰ ਹੈ ਅਤੇ ਆਮ ਪੰਜਾਬੀ ਔਰਤਾਂ ਲਈ ਕਿੰਨਾ ਕੁ ਸਤਿਕਾਰ ਹੈ।
ਆਪ ਵਿਧਾਇਕ ਨੂੰ ਜੇਲ• ਵਿਚ ਡੱਕੇ ਜਾਣ ਤੋਂ ਪਹਿਲਾਂ ਪਹਿਲਾਂ ਕੇਜਰੀਵਾਲ ਨੂੰ ਉਸ ਵਿਰੁੱਧ ਕਾਰਵਾਈ ਕਰਨ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵਿਸ਼ੇਸ਼ ਪੜਤਾਲੀਆਂ ਟੀਮ ਵੱਲੋਂ ਕਿਰਾਇਆ ਮੰਗਣ ਉੱਤੇ ਸੰਦੋਆ ਨੂੰ ਆਪਣੀ ਸਾਬਕਾ ਮਕਾਨ ਮਾਲਕਣ ਨਾਲ ਛੇੜਖਾਨੀ ਕਰਨ ਅਤੇ ਕੁੱਟਮਾਰ ਕਰਨ ਦਾ ਦੋਸ਼ੀ ਪਾਏ ਜਾਣ ਦੇ ਮਗਰੋਂ ਵੀ ਕੇਜਰੀਵਾਲ ਨੇ ਉਸ ਖ਼ਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ। ਉਹਨਾਂ ਕਿਹਾ ਕਿ ਹੁਣ ਸੰਦੋਆ ਖ਼ਿਥਲਾਫ ਚਲਾਨ ਪੇਸ਼ ਕੀਤੇ ਜਾਣ ਮਗਰੋਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਉਸ ਵਿਰੁੱਧ ਦੋਸ਼ ਆਇਦ ਕਰ ਦਿੱਤੇ ਹਨ। ਹੁਣ ਸੰਦੋਆ ਖ਼ਿਲਾਫ ਕਾਰਵਾਈ ਨਾ ਕਰਨ ਦਾ ਕੇਜਰੀਵਾਲ ਕੋਲ ਕਿਹੜਾ ਬਹਾਨਾ ਹੈ?
ਇਹ ਆਖਦਿਆਂ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਆਪ ਕਨਵੀਨਰ ਨੇ ‘ਕਹਿਣਾ ਕੁੱਝ ਹੋਰ ਅਤੇ ਕਰਨਾ ਕੁੱਝ ਹੋਰ’ ਵਾਲੀ ਨੀਤੀਆਂ ਉੱਤੇ ਚੱਲਦਿਆਂ ਦੋਹਰੇ ਮਾਪਦੰਡ ਅਪਣਾ ਕੇ ਪੰਜਾਬੀਆਂ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਹੈ, ਸਰਦਾਰ ਗਰੇਵਾਲ ਨੇ ਕਿਹਾ ਕਿ ਕੇਜਰੀਵਾਲ ਨੇ ਉਸ ਸਮੇਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਵਿਰੁੱਧ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂ ਉਸ ਨੂੰ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਇੱਕ ਕੇਸ ਵਿਚ ਫਾਜ਼ਿਲਕਾ ਦੀ ਇੱਕ ਅਦਾਲਤ ਵੱਲੋਂ ਤਲਬ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਅਜਿਹੇ ਦਾਅਵੇ ਕਰਨ ਦਾ ਸ਼ੌਕੀਨ ਸੀ ਕਿ ਆਪ ਨਸ਼ੇ ਦੇ ਮਾਮਲਿਆਂ ਨੂੰ ਉੱਕਾ ਬਰਦਾਸ਼ਤ ਨਹੀਂ ਕਰਦੀ। ਉਹਨਾਂ ਕਿਹਾ ਕਿ ਪਰੰਤੂ ਜਦੋਂ ਖਹਿਰਾ ਦੀ ਉਹਨਾਂ ਸਜ਼ਾਯਾਫਤਾ ਮੁਜ਼ਰਿਮਾਂ ਨਾਲ ਨੇੜਤਾ ਦੀ ਪੁਥਸ਼ਟੀ ਹੋ ਗਈ ਸੀ, ਜਿਹਨਾਂ ਨੂੰ 20 ਸਾਲਾਂ ਦੀ ਸਖ਼ਤ ਸਜ਼ਾ ਦਿੱਤੀ ਗਈ ਸੀ ਅਤੇ ਉਸ ਨੂੰ ਨਸ਼ਾ ਰੈਕਟ ਦਾ ਸਰਗਨਾ ਕਰਾਰ ਦੇ ਦਿੱਤਾ ਗਿਆ ਸੀ, ਉਸ ਤੋਂ ਮਹੀਨਿਆਂ ਬਾਅਦ ਤਕ ਵੀ ਪਾਰਟੀ ਅਤੇ ਕੇਜਰੀਨਾਲ ਖਹਿਰਾ ਨੂੰ ਖੁਸ਼ੀ ਖੁਸ਼ੀ ਬਰਦਾਸ਼ਤ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੋਸ਼ੀਆਂ ਵਿਚ ਖਹਿਰਾ ਦਾ ਇੱਕ ਨੇੜਲਾ ਸਾਥੀ ਗੁਰਦੇਵ ਸਿੰਘ ਵੀ ਸ਼ਾਮਿਲ ਸੀ, ਜਿਸ ਨੂੰ ਆਪ ਆਗੂ ਨੇ ਢਿੱਲਵਾਂ ਮਾਰਕੀਟ ਕਮੇਟੀ ਦਾ ਚੇਅਰਮੈਨ ਨਾਮਜ਼ਦ ਕੀਤਾ ਸੀ।
ਕੇਜਰੀਵਾਲ ਨੂੰ ਇਮਾਨਦਾਰੀ ਵਿਖਾਉਣ ਲਈ ਆਖਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਜੇਕਰ ਆਪ ਕਨਵੀਨਰ ਔਰਤਾਂ ਦੀ ਸੁਰੱਖਿਆ ਬਾਰੇ ਸੱਚਮੁੱਚ ਸੰਜੀਦਾ ਹੈ ਤਾਂ ਉਸ ਨੂੰ ਸੰਦੋਆ ਨੂੰ ਤੁਰੰਤ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਇੱਕ ਵਿਧਾਇਕ ਵਜੋਂ ਉਸ ਦਾ ਅਸਤੀਫਾ ਲੈ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਹੁਣ ਕਾਨੂੰਨ ਦੇ ਪਿੱਛੇ ਨਹੀਂ ਲੁਕਣਾ ਚਾਹੀਦਾ ਹੈ। ਨੈਤਿਕ ਗਿਰਾਵਟ ਦੇ ਕੇਸ ਵਿਚ ਉਸ ਦੇ ਵਿਧਾਇਕ ਦੇ ਖ਼ਿਲਾਫ ਦੋਸ਼ ਆਇਦ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਇਹੀ ਵਿਧਾਇਕ ਰੇਤ ਮਾਫੀਆ ਨਾਲ ਜੁੜੇ ਹੋਣ ਦਾ ਦੋਸ਼ੀ ਵੀ ਪਾਇਆ ਜਾ ਚੁੱਕਿਆ ਹੈ। ਨੈਤਿਕਤਾ ਅਤੇ ਇਖਲਾਕ ਮੰਗ ਕਰਦੇ ਹਨ ਕਿ ਕੇਜਰੀਵਾਲ ਆਪ ਆਗੂ ਵਿਰੁੱਧ ਤੁਰੰਤ ਕਾਰਵਾਈ ਕਰੇ।

Share Button

Leave a Reply

Your email address will not be published. Required fields are marked *