ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਰੋਪੜ ਵਿਖੇ 20 ਜਨਵਰੀ ਨੂੰ ਹੋਵੇਗੀ ਤੀਜੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫ਼ਰੰਸ

ਰੋਪੜ ਵਿਖੇ 20 ਜਨਵਰੀ ਨੂੰ ਹੋਵੇਗੀ ਤੀਜੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫ਼ਰੰਸ

ਵਿਦਿਅਕ, ਸਮਾਜ ਸੇਵਾ, ਸਾਹਿਤ ਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ 45 ਸਾਲਾਂ ਤੋਂ ਨਿਰੰਤਰ ਕਾਰਜਸ਼ੀਲ ਗੈਰਰਾਜਨੀਤਕ ਜਥੇਬੰਦੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੀ ਪ੍ਰਫੁੱਲਤਾ ਨੂੰ ਸਮਰਪਿਤ ਤੀਜੀ ਵਿਸ਼ਵ ਪੰਜਾਬੀ ਭਾਸ਼ਾ ਵਿਕਾਸ ਕਾਨਫ਼ਰੰਸ ਦਾ ਆਯੋਜਨ 20 ਜਨਵਰੀ, 2018 ਦਿਨ ਸ਼ਨਿੱਚਰਵਾਰ ਨੂੰ ਸਵੇਰੇ 9:30 ਵਜੇ ਸਰਕਾਰੀ ਕਾਲਜ, ਰੋਪੜ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ-ਵੱਖ ਮੁੱਦਿਆਂ ਸਬੰਧੀ ਮਾਹਿਰ ਆਪਣੇ ਪਰਚੇ ਪੇਸ਼ ਕਰਨਗੇ। ਹੋਰਨਾਂ ਤੋਂ ਇਲਾਵਾ ਰਾਣਾ ਕੇ.ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ, ਡਾ: ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ, ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ, ਪ੍ਰੋ: ਬਲਜਿੰਦਰ ਕੌਰ ਵਿਧਾਇਕ ਪੰਜਾਬ ਵਿਧਾਨ ਸਭਾ, ਡਾ: ਸਰਦਾਰਾ ਸਿੰਘ ਜੌਹਲ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ, ਡਾ: ਬੀ.ਐਸ. ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਐਸ.ਪੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸ੍ਰ: ਗੁਰਮੇਲ ਸਿੰਘ ਮੱਲੀ ਪ੍ਰਧਾਨ ਗੁ: ਸਿੰਘ ਸਭਾ ਸਾਊਥਹਾਲ ਲੰਡਨ, ਸ੍ਰ: ਸਤਨਾਮ ਸਿੰਘ ਮਾਣਕ ਸੰਪਾਦਕ ਰੋਜ਼ਾਨਾ ਅਜੀਤ, ਸ੍ਰ: ਸੁਰਿੰਦਰ ਸਿੰਘ ਤੇਜ ਸੰਪਾਦਕ ਪੰਜਾਬੀ ਟ੍ਰਿਬਿਊਨ, ਸ੍ਰ: ਕਿਰਪਾਲ ਸਿੰਘ ਪੰਨੂੰ ਕਨੇਡਾ, ਸ੍ਰ: ਮਹਿੰਦਰ ਸਿੰਘ ਰੰਧਾਵਾ ਕਨੇਡਾ, ਬਰਗੇਡੀਅਰ ਕੁਲਦੀਪ ਸਿੰਘ ਕਾਹਲੋਂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਇਸ ਸਮੇਂ ਸ਼ਾਮਲ ਹੋਣਗੀਆਂ।

ਅੱਜ ਇੱਥੇ ਹੋਈ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਸਕੱਤਰ ਜਨਰਲ ਸ੍ਰ: ਜਤਿੰਦਰਪਾਲ ਸਿੰਘ ਅਤੇ ਚੀਫ਼ ਕੋਲੈਬੋਰੇਟਰ ਸ੍ਰ: ਇੰਦਰਪਾਲ ਸਿੰਘ ਨੇ ਕਿਹਾ ਕਿ ਅੱਧੀ ਸਦੀ ਪਹਿਲਾਂ ਪੰਜਾਬ ਦੇ ਪੁਰਖਿਆਂ ਨੇ ਪੰਜਾਬੀ ਭਾਸ਼ਾ ਨੂੰ ਰਾਜ ਤਖ਼ਤ ਤੇ ਬਿਠਾਉਣ ਲਈ ਪੰਜਾਬੀ ਭਾਸ਼ਾ ਤੇ ਅਧਾਰਤ ਸੂਬੇ ਦੇ ਗਠਨ ਲਈ ਕੁਰਬਾਨੀਆਂ ਦਿੱਤੀਆਂ। ਪੰਜਾਬੀ ਸੂਬੇ ਨੂੰ ਸਥਾਪਿਤ ਹੋਇਆਂ 51 ਸਾਲ ਅਤੇ ਪੰਜਾਬ ਰਾਜ ਭਾਸ਼ਾ ਐਕਟ 1967 ਨੂੰ ਪਾਸ ਹੋਇਆਂ 50 ਸਾਲ ਹੋ ਗਏ ਹਨ ਪਰ ਅਫ਼ਸੋਸ ਹੈ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਮਾਨ ਸਤਿਕਾਰ ਦਿਵਾਉਣ ਲਈ ਸੁਹਿਰਦ ਤੇ ਸੰਜੀਦਾ ਯਤਨ ਨਹੀਂ ਕੀਤੇ ਗਏ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਦੇ ਜਨਰਲ ਸਕੱਤਰ ਸ੍ਰੀ ਮਿੱਤਰ ਸੈਨ ਮੀਤ ਹੋਰਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਦਫ਼ਤਰਾਂ ਵਿਚ ਹੁੰਦੇ ਕੇਵਲ ਚਿੱਠੀ ਪੱਤਰ ਨੂੰ ਹੀ ਪੰਜਾਬੀ ਵਿਚ ਕਰਨਾ ਲਾਜ਼ਮੀ ਕੀਤਾ ਗਿਆ ਹੈ। ਇਹ ਕੰਮਕਾਜ ਸਾਰੇ ਦਫ਼ਤਰੀ ਕੰਮਕਾਜ ਦਾ ਪੰਜ ਫੀਸਦੀ ਹਿੱਸਾ ਵੀ ਨਹੀਂ ਬਣਦਾ। ਇਸੇ ਤਰ੍ਹਾਂ ਵਿਧਾਨ ਸਭਾ ਵਿਚ ਬਣਦੇ ਕਾਨੂੰਨਾਂ ਨੂੰ ਪੰਜਾਬੀ ਵਿਚ ਬਣਾਉਣ ਦੀ ਲੋੜ ਹੈ। ਇਨ੍ਹਾਂ ਕਾਨੂੰਨਾਂ ਦੇ ਪੰਜਾਬੀ ਅਨੁਵਾਦਾਂ ਨੂੰ  ਵੀ ਅਧਿਕਾਰਤ ਤੌਰ ਤੇ ਪ੍ਰਕਾਸ਼ਿਤ ਨਹੀਂ ਕੀਤਾ ਜਾਂਦਾ। ਪੰਜਾਬੀ ਭਾਸ਼ਾ ਦੀ ਇਹ ਤ੍ਰਾਸਦੀ ਹੈ ਕਿ ਰਾਜ ਭਾਸ਼ਾ ਐਕਟ 1967 ਜਿਸ ਰਾਹੀਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਅੱਜ ਤੱਕ ਪੰਜਾਬੀ ਵਿਚ ਉਪਲੱਬਧ ਨਹੀਂ ਹੈ। ਇਸੇ ਤਰ੍ਹਾਂ ਸੰਵਿਧਾਨਕ ਅਤੇ ਕੇਂਦਰ ਸਰਕਾਰ ਦੇ ਕਾਨੂੰਨਾਂ ਦੀ ਵਿਵਸਥਾ ਰਾਂਹੀ ਖੇਤਰੀ ਭਾਸ਼ਾਵਾਂ ਨੂੰ ਮਿਲੇ ਉਤਸ਼ਾਹਜਨਕ ਹੁੰਗਾਰੇ ਦੇ ਬਾਵਜੂਦ ਪੰਜਾਬੀ ਨੂੰ ਹਾਈ ਕੋਰਟ ਤਾਂ ਕੀ ਜਿਲ੍ਹਾ ਪੱਧਰੀ ਅਦਾਲਤਾਂ ਵਿਚ ਵੀ ਲਾਗੂ ਨਹੀਂ ਕੀਤਾ ਗਿਆ। ਅਦਾਲਤਾਂ ਵੱਲੋਂ ਸੁਣਾਏ ਜਾਂਦੇ ਹੁਕਮ ਅਤੇ ਫੈਸਲੇ ਅੰਗਰੇਜ਼ੀ ਵਿਚ ਹੀ ਹੁੰਦੇ ਹਨ। ਬਿਨ੍ਹਾਂ ਯੋਗ ਪੜ੍ਹਾਉਣ ਸਮੱਗਰੀ ਉਪਲੱਬਧ ਕਰਵਾਉਣ ਦੇ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਮਾਧਿਅਮ ਨੂੰ ਅੰਗਰੇਜ਼ੀ ਵਿਚ ਕੀਤਾ ਜਾ ਰਿਹਾ ਹੈ। ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਪੜ੍ਹਾਉਣੀ ਤਾਂ ਕੀ ਵਿਦਿਆਰਥੀਆਂ ਉਪਰ ਪੰਜਾਬੀ ਵਿਚ ਗੱਲਬਾਤ ਕਰਨ ਤੇ ਪਾਬੰਦੀ ਲਾਈ ਜਾਂਦੀ ਹੈ। ਇਸ ਸਾਰੇ ਨਾ-ਪੱਖੀ ਵਰਤਾਰੇ ਕਾਰਨ ਮਾਤਾ ਭਾਸ਼ਾ ਪੰਜਾਬੀ ਪਰਿਵਾਰਾਂ ਅਤੇ ਰੁਜ਼ਗਾਰਾਂ ਤੋਂ ਰੁਕਸਤ ਹੋ ਰਹੀ ਹੈ।

ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਡਾ: ਸਨੇਹ ਲਤਾ ਬਧਵਾਰ, ਚੇਅਰਪਰਸਨ ਕਾਨਫਰੰਸ ਸੁਆਗਤੀ ਕਮੇਟੀ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਰਕਾਰੀ ਕਾਲਜ ਰੋਪੜ ਨੂੰ ਇਹ ਕਾਨਫਰੰਸ ਆਯੋਜਿਤ ਕਰਨ ਦਾ ਮਾਣ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਪੰਜਾਬ ਅਤੇ ਡਾਇਰੈਕਟਰ ਸਿੱਖਿਆ ਵਿਭਾਗ ਕਾਲਜਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਨਫਰੰਸ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਸਮੂਹ ਕਾਲਜ ਸਟਾਫ ਪੂਰੀ ਤਨਦੇਹੀ ਨਾਲ ਇਸ ਕਾਨਫਰੰਸ ਦੀ ਸਫਲਤਾ ਲਈ ਦਿਨ ਰਾਤ ਇਕ ਕਰ ਰਿਹਾ ਹੈ। ਇਸ ਸਬੰਧੀ ਪ੍ਰਬੰਧਾਂ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿਚ ਉਠਾਏ ਗਏ ਮੁੱਦਿਆਂ ਤੇ ਵੱਖ-ਵੱਖ ਯੂਨੀਵਰਸਿਟੀਆਂ ਕਾਲਜਾਂ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਵਲੋਂ ਪ੍ਰਾਪਤ ਖੋਜ ਪੱਤਰ ਕਾਲਜ ਦੇ ਜਨਰਲ “ਸਤਲੁੱਜ” ਚ ਛਾਪੇ ਜਾਣਗੇ ਜੋ ਕਿ ਇਕ ਇਤਿਹਾਸਿਕ ਦਸਤਾਵੇਜ ਬਣੇਗਾ। ਇਸ ਸਬੰਧੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਵੀਂ ਦਿੱਲੀ ਦੀ ਪ੍ਰਵਾਨਗੀ ਵੀ ਮੰਗੀ ਗਈ ਹੈ।

ਕਾਨਫਰੰਸ ਦੇ ਪ੍ਰਬੰਧਕੀ ਕਨਵੀਨਰ ਡਾ: ਗੁਰਸੰਤ ਸਿੰਘ ਹੋਰਾਂ ਦੱਸਿਆ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਲਈ ਬਣੀਆਂ ਸਰਕਾਰੀ ਅਰਧ-ਸਰਕਾਰੀ ਸੰਸਥਾਵਾਂ ਤੇ ਵਿਭਾਗਾਂ ਨੂੰ ਬਣਦੀ ਮਾਲੀ ਸਹਾਇਤਾ ਅਤੇ ਸਟਾਫ ਨਾ ਦਿੱਤੇ ਜਾਣ ਕਾਰਨ ਉਹ ਸੰਸਥਾਵਾਂ ਤੇ ਵਿਭਾਗ ਆਪਣਾ ਬਣਦਾ ਯੋਗਦਾਨ ਪਾਉਣ ਤੋਂ ਅਸਮਰੱਥ ਹੋ ਚੁੱਕੇ ਹਨ। ਮੰਡੀਕਰਨ ਦੇ ਪਸਾਰ ਕਾਰਨ ਨੌਜਵਾਨਾਂ ਨੂੰ ਖਿੱਚ ਪਾਉਣ ਵਾਲੇ ਲੱਚਰ ਗੀਤਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਤੇ ਆਵਾਜ਼ ਉੱਚੀ ਹੋ ਰਹੀ ਹੈ। ਜਿਸ ਕਾਰਨ ਪੰਜਾਬ ਦੀ ਜਵਾਨੀ ਨਸ਼ਿਆਂ ਅਤੇ ਹਿੰਸਾ ਵੱਲ ਰੁਚਿਤ ਤੇ ਪ੍ਰੇਰਿਤ ਹੋ ਰਹੀ ਹੈ। ਪੰਜਾਬੀ ਦੇ ਪ੍ਰਸਾਰ ਲਈ ਆਧੁਨਿਕ ਕੰਪਿਊਟਰ ਤਕਨਾਲੋਜੀ ਨੂੰ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੰਜੀਦਾ ਤੇ ਸਮਾਂਬੱਧ ਉਪਰਾਲੇ ਕਰਨ ਦੀ ਜ਼ਰੂਰਤ ਹੈ। ਪੰਜਾਬੀ ਵਿਚ 500 ਤੋਂ ਵੱਧ ਗੁਰਮੁਖੀ ਫੌਂਟ ਪ੍ਰਚੱਲਤ ਹਨ, ਨਤੀਜੇ ਵਜੋਂ ਸਰਕਾਰੀ ਤੇ ਅਰਧ ਸਰਕਾਰੀ ਦਫਤਰਾਂ ਤੇ ਅਦਾਰਿਆਂ ਵਿਚ ਨੌਕਰੀਆਂ ਪ੍ਰਾਪਤ ਕਰਨ ਲਈ ਪੰਜਾਬੀ ਦੀ ਟਾਈਪ ਸਿੱਖਣ ਵਾਲੇ ਸਿੱਖਿਆਰਥੀਆਂ ਨੂੰ ਔਕੜ ਪੇਸ਼ ਆ ਰਹੀ ਹੈ। ਸਰਕਾਰ ਵੱਲੋਂ ਹਾਲੇ ਤੱਕ ਕਿਸੇ ਇੱਕ ਫੌਂਟ ਨੂੰ ਮਾਨਤਾ ਨਹੀਂ ਦਿੱਤੀ ਗਈ ਅਤੇ ਨਾ ਹੀ ਪੰਜਾਬੀ ਕੀਅ-ਬੋਰਡ ਦਾ ਵਿਕਾਸ ਕੀਤਾ ਗਿਆ ਹੈ।

ਪੰਜਾਬੀ ਭਾਸ਼ਾ ਵਿਕਾਸ ਤੇ ਪ੍ਰਸਾਰ ਕੇਂਦਰ ਦੇ ਪ੍ਰਧਾਨ ਡਾ: ਬਲਵਿੰਦਰਪਾਲ ਸਿੰਘ ਹੋਰਾਂ ਦੱਸਿਆ ਕਿ ਰਾਜ ਭਾਸ਼ਾ ਐਕਟ 1967 ਵਿਚ ਪ੍ਰਮੁੱਖ 13 ਤਰੁੱਟੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਚ ਹੋਣ ਵਾਲੀਆਂ 11 ਸੋਧਾਂ ਦਾ ਖਰੜਾ ਸਟੱਡੀ ਸਰਕਲ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਇੱਕ ਕਿਤਾਬਚੇ ਦੇ ਰੂਪ ਵਿਚ ਪ੍ਰਕਾਸ਼ਿਤ ਵੀ ਕੀਤਾ ਗਿਆ ਹੈ। ਲੋੜ ਹੈ ਕਿ ਇਹਨਾਂ ਸੋਧਾਂ ਨੂੰ ਵਿਧਾਨ ਸਭਾ ਵਿਚ ਪਾਸ ਕਰਕੇ ਕਾਨੂੰਨ ਦੀਆਂ ਤਰੁੱਟੀਆਂ ਦੂਰ ਕਰਕੇ ਰਾਜ ਭਾਸ਼ਾ ਐਕਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ ਤਾਂ ਜੋ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਵਿਕਾਸ ਦੇ ਰਾਹ ਪਵੇ।

ਸਟੱਡੀ ਸਰਕਲ ਦੇ ਐਡੀਸ਼ਨਲ ਚੀਫ਼ ਸਕੱਤਰ ਸ੍ਰ: ਤੇਜਿੰਦਰ ਸਿੰਘ ਖ਼ਿਜ਼ਰਾਬਾਦੀ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਸਮੁੱਚੇ ਪੰਜਾਬੀ ਪਰਿਵਾਰਾਂ ਦੇ ਮੁਖੀਆਂ ਨੂੰ ਪਰਜ਼ੋਰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਪੰਜਾਬੀ ਬੋਲਣ, ਪੰਜਾਬੀ ਲਿਖਣ ਅਤੇ ਪੰਜਾਬੀ ਪੜ੍ਹਣ ਦੀ ਮੁਹਿੰਮ ਚਲਾਉਣ। ਕਾਨਫ਼ਰੰਸ ਦੇ ਇਕ ਹੋਰ ਪ੍ਰਬੰਧਕੀ ਕਨਵੀਨਰ ਤੇ ਜ਼ੋਨਲ ਸਕੱਤਰ ਸਟੱਡੀ ਸਰਕਲ ਸ੍ਰ: ਹਰਮੋਹਿੰਦਰ ਸਿੰਘ ਨੰਗਲ ਨੇ ਕਿਹਾ ਕਿ ਪੰਜਾਬੀ ਕੰਪਿਊਟਰ ਦੇ ਵਿਕਾਸ ਲਈ ਪ੍ਰਾਇਮਰੀ ਪੱਧਰ ਤੋਂ ਪੰਜਾਬੀ ਕੰਪਿਊਟਰ ਨੂੰ ਸਲੇਬਸ ਦਾ ਅੰਗ ਬਣਾਇਆ ਜਾਵੇ। ਪੰਜਾਬੀ ਦੀ ਪੜ੍ਹਾਈ ਨੂੰ ਪਹਿਲੀ ਜਮਾਤ ਤੋਂ ਕਾਲਜ/ਯੂਨੀਵਰਸਿਟੀ ਪੱਧਰ ਤੱਕ ਸੁਨਿਸ਼ਚਿਤ ਕਰਨ ਲਈ ਕਾਨਫ਼ਰੰਸ ਉਚੇਚਾ ਧਿਆਨ ਦੁਆਵੇਗੀ।

ਇਸ ਮੌਕੇ ਡਾ: ਸਨੇਹ ਲਤਾ ਬਧਵਾਰ ਪ੍ਰਿੰਸੀਪਲ, ਡਾ: ਸੰਤ ਸੁਰਿੰਦਰਪਾਲ ਸਿੰਘ ਵਾਈਸ ਪ੍ਰਿੰਸੀਪਲ, ਡਾ: ਜਸਬੀਰ ਕੌਰ ਮੁਖੀ ਹੋਮ ਸਾਇੰਸ ਵਿਭਾਗ, ਡਾ: ਜਗਜੀਤ ਸਿੰਘ ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਪ੍ਰੋ: ਭਗਵੰਤ ਸਿੰਘ ਸਤਿਆਲ ਮੁਖੀ ਫਜਿਕਸ ਵਿਭਾਗ, ਪ੍ਰੋ: ਇੰਦਰਜੀਤ ਸਿੰਘ ਕਾਹਲੋਂ, ਪ੍ਰੋ: ਜਤਿੰਦਰ ਸਿੰਘ ਗਿੱਲ, ਡਾ: ਜਤਿੰਦਰ ਕੁਮਾਰ ਅਤੇ ਡਾ: ਸੋਨਦੀਪ ਮੋਂਗਾ  ਅਤੇ ਕਾਲਜ ਸਟਾਫ ਅਤੇ ਸਟੱਡੀ ਸਰਕਲ ਦੇ ਅਹੁਦੇਦਾਰ ਸ੍ਰ: ਬਿਕਰਮਜੀਤ ਸਿੰਘ, ਸ੍ਰ: ਜਸਪ੍ਰੀਤ ਸਿੰਘ ਅਤੇ ਸ੍ਰ: ਭੁਪਿੰਦਰ ਸਿੰਘ ਹਾਜ਼ਰ ਸਨ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਲੇਖਕਾਂ, ਵਿਦਵਾਨਾਂ, ਸ਼ੁਭ ਚਿੰਤਕਾਂ ਅਤੇ ਸਮੁੱਚੇ ਪੰਜਾਬੀਆਂ ਨੂੰ ਇਸ ਕਾਨਫ਼ਰੰਸ ਵਿਚ ਪਹੁੰਚਣ ਤੇ ਸਮੁੱਚੇ ਮੁੱਦਿਆਂ ਨੂੰ ਹੱਲਾਸ਼ੇਰੀ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *

%d bloggers like this: