ਰੋਟੀ ਧੱਕਣਾ…..

ss1

ਰੋਟੀ ਧੱਕਣਾ…..

    ਸੁਣੀ-ਸੁਣਾਈ ਗੱਲ ਹੈ ਤੇ ਓਨ੍ਹਾਂ ਵੇਲਿਆਂ ਦੀ,ਜਦੋਂ ਆਏ-ਗਏ ਦੀ ਪ੍ਰਾਹੁਣਾਚਾਰੀ ਕੱਚੜ ਰੰਗੀਨੀਆਂ ਦੀ ਥਾਂ,ਪੱਕੀਆਂ ਰੀਤਾਂ ਨਾਲ ਹੁੰਦੀ ਸੀ।ਖਾਣ-ਪੀਣ ਪ੍ਰਭਾਵ ਪਾਉਣ ਲਈ ਨਹੀਂ,ਧਰਵਾਸ ਕਰਵਾਉਣ ਲਈ ਪਰੋਸਿਆ ਜਾਂਦਾ ਸੀ।ਤੇ ਜਵਾਈ ਦੀ ਸੇਵਾ ਲਈ ਤਾਂ ਸਾਰਾ ਟੱਬਰ ਪੱਬਾਂ ‘ਤੇ ਹੋ ਕੇ ਭੱਜਦਾ।ਸਿੱਧੜ ਸੁਭਾ ਦੇ ਮੋਠੇ ਦੇ ਸਹੁਰੇ ਵੀ ਇਹੀ ਮਹੌਲ ਸੀ ਜਦ ਉਹ ਪਹਿਲੀ-ਦੂਜੀ ਵਾਰ ਉਥੇ ਗਿਆ ਸੀ।ਸ਼ਾਮੀ ਹਾਰੇ ‘ਚ ਰਿੰਨ੍ਹੀ ਧੋਵੀਂ ਮੂੰਗੀ ਦਾਲ ਤੇ ਥੱਪਣੇ ‘ਤੇ ਥੱਪੀਆਂ ਹਾਥੀ ਦੇ ਕੰਨਾਂ ਜਿੱਡੀਆਂ-ਜਿੱਡੀਆਂ ਰੋਟੀਆਂ ਨਾਲ ਸਲਾਦ ਲਈ ਇੱਕ ਸਾਬਤਾ ਗੰਢਾ ਤੇ ਸਾਬਤੀ ਮੂਲੀ ਮੁੜਵੇਂ ਕਿਨਾਰਿਆਂ ਵਾਲੇ ਮਾੜੇ ਘਰ ਦੇ ਵਿਹੜੇ ਜਿੱਡੇ ਪਿੱਤਲ ਦੇ ਥਾਲ ‘ਚ ਰੱਖ ਕੇ ਮੋਠਾ ਸਿਉਂ ਮੰਜੇ ਤੇ ਜਾ ਧਰੇ।ਉਸ ਨੇ ਵੀ ਬਿਨਾਂ ਦੇਰ ਕੀਤਿਆਂ ਗੰਢਾ ਮੰਜੇ ਦੇ ਪਾਵੇ ਤੇ ਰੱਖ ਕੇ ਉੱਤੇ ਮਾਰੀ ਮੁੱਕੀ ਤੇ ਚੱਕੋ ਬਈ….ਖਾਣ ਲਈ ਤਿਆਰ ਕਰ ਲ਼ਿਆ ਸਲਾਦ।ਮੋਠਾ ਸਿਉਂ ਅੌਹਡੀ ਬੁਰਕੀ ਮੂੰਹ ‘ਚ ਪਾ ਕੇ ਇੱਕ ਦੰਦੀ ਗੰਢੇ ਤੇ ਵੱਢਿਆ ਕਰੇ ਤੇ ਮੂਲੀ ਨਾਲ ‘ਗਾਂਹ ਧੱਕ ਲਿਆ ਕਰੇ।ਸੱਸ-ਸਾਲੀਆਂ ਕੰਧੋਲੀ ਦੇ ਮੋਰ੍ਹਿਆਂ ਵਿੱਚਦੀ ਝਾਕ-ਝਾਕ ਘੁਸਰ-ਮੁਸਰ ਕਰਨ,ਕਿ ਪ੍ਰਾਹੁਣਾ ਮੂਲੀ ਖਾਣ ਨੂੰ ਹਰੇਕ ਬੁਰਕੀ ਨਾਲ ਮੂੰਹ ‘ਚ ਪਾਉਂਦਾ,ਪਰ ਸਾਬਤੀ ਬਾਹਰ ਕੱਢ ਲਿਆਉਂਦੈ,ਪਤਾ ਨੀ ਖਾਂਦਾ ਕਿਉਂ ਨੀ?ਫਿਕਰ ਕਰੀ ਜਾਣ ਕਿ ਕਿੱਤੇ ਪੱਕੀ ਨਾ ਹੋਵੇ ਜੈ ਖਣੇ ਦੀ।ਤੇ ਥੋੜ੍ਹੇ ਚਿਰ ਪਿੱਛੋਂ ਉਨ੍ਹਾਂ ਦਾ ਸ਼ੰਕਾ ਮੋਠੇ ਦੀ ਇੱਕੋ ਗੱਲ ਨੇ ਦੂਰ ਕਰ ਦਿੱਤਾ ‘ਤੇ ਓਦੋਂ ਸਾਰਾ ਫਿਕਰ ਢਿੱਡੀਂ ਪੀੜ੍ਹਾਂ ਪਾਂਉਦੇ ਹਾਸੇ ਵਿੱਚ ਬਦਲ ਗਿਆ ਜਦ ਉਸ ਨੇ ਰੋਟੀ ਖਾਣ ਪਿੱਛੋਂ ਮੰਜੇ ਦੀ ਪੈਂਦ ‘ਚ ਟੰਗੇ ਪਿੱਤਲ ਦੇ ਗਿਲਾਸ ‘ਚ ਪਏ ਪਾਣੀ ਨਾਲ ਹੱਥ ਤੇ ਫਿਰ ਮੂਲੀ ਧੋਣ ਪਿੱਛੋਂ ਥਾਲ ‘ਚ ਰੱਖਦਿਆਂ ਬੋਲਿਆ,”ਆਹ ਲਓ ਭਾਈ ਸੋਡੇ ਭਾਂਡੇ…………ਤੇ ਆਹ ਲਉ ਸੋਡਾ ਰੋਟੀ ਧੱਕਣਾ……..।

ਕੁਲਵਿੰਦਰ ਚਾਨੀ
97807-08788

Share Button

Leave a Reply

Your email address will not be published. Required fields are marked *