ਰੇਲਵੇ ਟਰੈਕ ਜਾਮ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਘੇਰਿਆ- ਝੜਪ ‘ਚ ਦੋ ਕਿਸਾਨ ਜ਼ਖਮੀ

ਰੇਲਵੇ ਟਰੈਕ ਜਾਮ ਕਰਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਘੇਰਿਆ- ਝੜਪ ‘ਚ ਦੋ ਕਿਸਾਨ ਜ਼ਖਮੀ

ਲੌਹੁਕਾ ਖੁਰਦ ਦਾ ਮਾਮਲਾ ਗਰਮਾਇਆ

ਜ਼ਿਲ੍ਹੇ ਦੀ ਤਹਿਸੀਲ ਜ਼ੀਰਾ ਦੇ ਪਿੰਡ ਲੌਹੁਕਾ ਖੁਰਦ ਵਿਖੇ ਕੁਝ ਸਿਆਸੀ ਲੀਡਰਾਂ ਦੀ ਸ਼ਹਿ ‘ਤੇ ਢਹਿ ਢੇਰੀ ਕੀਤੇ ਮਕਾਨਾਂ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਜਿਨ੍ਹਾਂ ਪੀੜ੍ਹਤ ਪਰਿਵਾਰਾਂ ਦੇ ਮਕਾਨ ਢਹਿ ਢੇਰੀ ਕੀਤੇ ਗਏ ਸਨ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ ਕਰੀਬ 16 ਦਿਨਾਂ ਤੋਂ ਕਿਸਾਨ ਜੱਥੇਬੰਦੀਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਅੱਗੇ ਧਰਨਾ ਲਗਾਇਆ ਹੋਇਆ ਹੈ। ਪਰ ਧਰਨੇ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਨਸਾਫ਼ ਨਾ ਮਿਲਦਾ ਵੇਖ ਕੇ ਅੱਜ ਸੈਂਕੜੇ ਕਿਸਾਨਾਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਅੱਗੋਂ ਧਰਨਾ ਚੁੱਕਦਿਆਂ ਕਿਸਾਨਾਂ ਨੇ ਵੱਡੀ ਤਾਦਾਦ ਵਿੱਚ ਉੱਥੋਂ ਕੂਚ ਕਰਕੇ ਰੇਲ ਟਰੈਕ ਜਾਮ ਕਰਨ ਲਈ ਨਿਕਲੇ ਹੀ ਸਨ ਕਿ ਪੁਲਿਸ ਨੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਦੇ ਕੋਲ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਟਸ ਲਗਾਏ ਹੋਏ ਸਨ। ਜਿਵੇਂ ਹੀ ਕਿਸਾਨ ਬੈਰੀਕੇਟਸ ਤੋੜਦਿਆਂ ਅੱਗੇ ਵੱਧਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਅਤੇ ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਇੱਕ ਦੋ ਕਿਸਾਨਾਂ ਨੂੰ ਸੱਟਾਂ ਵੀ ਲੱਗੀਆਂ। ਰੇਲਵੇ ਟਰੈਕ ਫ਼ਿਰੋਜ਼ਪੁਰ, ਲੁਧਿਆਣਾ, ਜਲੰਧਰ, ਬਠਿੰਡਾ ਨੂੰ ਪੂਰੀ ਤਰ੍ਹਾਂ ਜਾਮ ਕਰਦਿਆਂ ਸੈਂਕੜੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਿਵੇਂ ਲੌਹੁਕਾ ਖੁਰਦ ਦੇ 20 ਮਜ਼ਦੂਰਾਂ ਨੂੰ ਸਰਕਾਰ ਦੀ ਪਾਲਿਸੀ ਮੁਤਾਬਿਕ ਮਿਲੇ ਪਲਾਟਾਂ ਵਿੱਚ ਬਣੇ ਘਰਾਂ ਨੂੰ ਸਿਆਸੀ ਲੋਕਾਂ ਵੱਲੋਂ ਢਹਿ ਢੇਰੀ ਕਰ ਦਿੱਤਾ ਗਿਆ ਅਤੇ ਉੱਥੇ ਮੌਜੂਦ ਸ਼ਰਾਰਤੀ ਲੋਕ ਵੱਲੋਂ 25 ਹਜ਼ਾਰ ਇੱਟ ਅਤੇ ਹੋਰ ਸਮਾਨ ਚੁੱਕ ਕੇ ਲੈ ਗਏ।

ਪੀੜ੍ਹਤਾਂ ਵੱਲੋਂ ਇਸ ਸਬੰਧੀ ਕਰਵਾਈ ਕਰਵਾਉਣ ਲਈ ਪਹਿਲੋਂ ਜ਼ੀਰਾ ਥਾਣੇ ਮੂਹਰੇ ਧਰਨਾ ਲਗਾਇਆ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚੱਲਦਿਆਂ ਪਿਛਲੇ 16 ਦਿਨਾਂ ਤੋਂ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਅੱਗੇ ਕਿਸਾਨਾਂ ਅਤੇ ਪੀੜ੍ਹਤ ਮਜ਼ਦੂਰਾਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਹੈ, ਪਰ ਹੁਣ ਤੱਕ ਮੁਲਜ਼ਮਾਂ ਖਿਲਾਫ਼ ਕੋਈ ਵੀ ਕਰਵਾਈ ਨਹੀਂ ਹੋਈ। ਕਿਸਾਨ ਆਗੂਆਂ ਨੇ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵਿਸਫੋਟਕ ਹੋਣ ਦੀ ਜ਼ਿੰਮੇਵਾਰ ਕੈਪਟਨ ਸਰਕਾਰ ਨੂੰ ਦੱਸਦਿਆਂ ਮੰਗ ਕੀਤੀ ਕਿ ਲੌਹੁਕਾ ਖੁਰਦ ਕਾਂਡ ਦੇ 12 ਮੁਲਜ਼ਮਾਂ ਅਤੇ ਸੈਂਕੜੇ ਅਣਪਛਾਤਿਆਂ ‘ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਦਾ ਸਾਰਾ ਸਮਾਨ ਬਰਾਮਦ ਕੀਤਾ ਜਾਵੇ। ਕਾਨੂੰਨੀ ਤੌਰ ਤੇ ਮਿਲੇ ਹੋਏ ਪਲਾਟਾਂ ‘ਤੇ ਮਜ਼ਦੂਰਾਂ ਦਾ ਕਬਜ਼ਾ ਕਰਵਾਇਆ ਜਾਵੇ ਅਤੇ ਚੋਣ ਵਾਅਦੇ ਮੁਤਾਬਿਕ ਪੰਜਾਬ ਭਰ ਦੇ ਸਾਰੇ ਬੇਘਰ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਤੇ ਪੰਚਾਇਤੀ ਜ਼ਮੀਨਾਂ ਵਿੱਚੋਂ 1/3 ਹਿੱਸਾ ਘੱਟ ਬੋਲੀ ‘ਤੇ ਰਾਖਵੀਂ ਜ਼ਮੀਨ ਦਿੱਤੀ ਜਾਵੇ।  ਇਸ ਮੌਕੇ ਕਿਸਾਨ ਆਗੂ ਜਸਬੀਰ ਸਿੰਘ, ਸੁਖਵੰਤ ਸਿੰਘ ਲੌਹੁਕਾ ਕਲਾਂ, ਮਨਜਿੰਦਰ ਕੌਰ ਲੌਹੁਕਾ ਖੁਰਦ, ਸਾਹਿਬ ਸਿੰਘ ਦੀਨੇਕੇ, ਸੁਰਜੀਤ ਸਿੰਘ ਗੱਟਾ ਬਾਦਸ਼ਾਹ, ਅੰਗਰੇਜ਼ ਸਿੰਘ ਬੂਟੇਵਾਲਾ, ਕਰਨੈਲ ਸਿੰਘ ਭੋਲਾ, ਧਰਮ ਸਿੰਘ ਸਿੱਧੂ, ਸੁਖਵੰਤ ਸਿੰਘ ਮਾਛੀਕੇ, ਨਰਿੰਦਰਪਾਲ ਸਿੰਘ ਜੁਤਾਲਾ, ਸਤਨਾਮ ਸਿੰਘ ਮਾਨੋਚਾਹਲ ਆਦਿ ਨੇ ਆਪਣੇ ਸੰਬੋਧਨ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਚਿਰ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਇਸੇ ਤਰ੍ਹਾਂ ਧਰਨਾ ਜਾਰੀ ਰਹੇਗਾ।

Share Button

Leave a Reply

Your email address will not be published. Required fields are marked *