Sun. Sep 15th, 2019

ਰੇਡੀਉ ਵਿਰਸਾ ਨਿਊਜ਼ੀਲੈਂਡ ਦੇ ਖ਼ਿਲਾਫ਼ ਪੰਜਾਬੀ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ 20 ਨੂੰ

ਰੇਡੀਉ ਵਿਰਸਾ ਨਿਊਜ਼ੀਲੈਂਡ ਦੇ ਖ਼ਿਲਾਫ਼ ਪੰਜਾਬੀ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ 20 ਨੂੰ
ਰੇਡੀਉ ਵਿਰਸਾ ‘ਤੇ ਨਿਊਜ਼ੀਲੈਂਡ ਵੱਸਦੇ ਭਾਰਤੀ ਮੂਲ ਦੇ ਲੋਕਾਂ ਵਿਚ ਆਪਸੀ ਨਫ਼ਰਤ ਪੈਦਾ ਕਰਨ ਦਾ ਦੋਸ਼

ਆਕਲੈਂਡ / ਅੰਮ੍ਰਿਤਸਰ 15 ਮਈ (ਨਿਰਪੱਖ ਆਵਾਜ਼ ਬਿਊਰੋ): ਗੁਰੂ ਸਾਹਿਬਾਨ, ਇਤਿਹਾਸ ਅਤੇ ਸਿਖ ਪਰੰਪਰਾਵਾਂ ਖ਼ਿਲਾਫ਼ ਗਲਤ ਟਿੱਪਣੀਆਂ ਕਾਰਨ ਚਰਚਾ ‘ਚ ਆਏ ਰੇਡੀਉ ਵਿਰਸਾ ਨਿਊਜ਼ੀਲੈਂਡ ਦੇ ਖ਼ਿਲਾਫ਼ ਪੰਜਾਬੀ ਭਾਈਚਾਰੇ ਵੱਲੋਂ 20 ਮਈ 2018 ਦੁਪਹਿਰ ਠੀਕ 2 ਵਜੇ ਰੇਡੀਉ ਵਿਰਸਾ ਦੇ ਹੈੱਡਕੁਆਟਰ 127 ਸ਼ਰਲੀ ਰੋਡ ਪਾਪਾਟੋਏਟੋਏ, ਆਕਲੈਂਡ ਵਿਖੇ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਪੂਰੇ ਨਿਊਜ਼ੀਲੈਂਡ ਵਿਚੋਂ ਸੰਗਤਾਂ ਨੂੰ ਇਸ ਮੁਜ਼ਾਹਰੇ ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ ।
ਪ੍ਰੋ: ਸਰਚਾਂਦ ਸਿੰਘ ਵੱਲੋਂ ਦਿਤੀ ਗਈ ਜਾਣਕਾਰੀ ‘ਚ ਇਹ ਐਲਾਨ ਅਜ 25 ਮੈਂਬਰੀ ਐਕਸ਼ਨ ਕਮੇਟੀ ਵੱਲੋਂ ਮੀਟਿੰਗ ਦੌਰਾਨ ਕੀਤਾ ਗਿਆ। ਜਿਸ ਵਿਚ ਭਾਈ ਗੁਰਿੰਦਰਪਾਲ ਸਿੰਘ, ਸਰਵਨ ਸਿੰਘ ਅਗਵਾਨ, ਦਲਜੀਤ ਸਿੰਘ, ਰਣਬੀਰ ਸਿੰਘ, ਗੁਰਿੰਦਰ ਸਿੰਘ ਖ਼ਾਲਸਾ, ਅਮਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਟਕਸਾਲੀ, ਭੁਪਿੰਦਰ ਸਿੰਘ, ਡਾ ਇੰਦਰਪਾਲ ਸਿੰਘ, ਗੁਰਿੰਦਰ ਸਿੰਘ ਸਾਧੀ ਪੁਰਾ, ਜਗਜੀਤ ਸਿੰਘ, ਕਰਮਜੀਤ ਸਿੰਘ, ਖੜਕ ਸਿੰਘ, ਨਵਤੇਜ ਸਿੰਘ, ਪਰਗਟ ਸਿੰਘ, ਪਰਮਿੰਦਰ ਸਿੰਘ, ਰਾਜਿੰਦਰ ਸਿੰਘ ਜਿੰਡੀ, ਉੱਤਮ ਚੰਦ, ਮੁਖ਼ਤਿਆਰ ਸਿੰਘ, ਹਰਪ੍ਰੀਤ ਸਿੰਘ, ਵੀਰਪਾਲ ਸਿੰਘ, ਸਤਿੰਦਰ ਸਿੰਘ ਚੌਹਾਨ, ਮਨਜਿੰਦਰ ਸਿੰਘ ਬਾਸੀ ਆਦਿ ਸ਼ਾਮਿਲ ਸਨ। ਆਗੂਆਂ ਨੇ ਦਸਿਆ ਕਿ ਤਕਰੀਬਨ ਪੰਜ ਕੁ ਵਰ੍ਹਿਆਂ ਪਹਿਲਾਂ ਰੇਡੀਉ ਵਿਰਸਾ (107.0 ਐਫਐਮ ) ਦਾ ਗਠਨ ਨਿਊਜ਼ੀਲੈਂਡ ਵਸਦੀ ਪੰਜਾਬੀ ਬੋਲਣ ਵਾਲੀ ਘਟ ਗਿਣਤੀ ਕੌਮ ਦੀ ਸੇਵਾ ਕਰਨ ਦੇ ਮਕਸਦ ਨਾਲ ਸ਼ੁਰੂ ਹੋਇਆ ਪਰ ਬਦਕਿਸਮਤੀ ਨਾਲ ਉਸੇ ਬੋਲੀ ਦੀਆਂ ਕਦਰਾਂ ਕੀਮਤਾਂ ਦਾ ਤੌਹੀਨ ਕਰਦਿਆਂ ਐਸੀ ਸ਼ਬਦਾਵਲੀ ਵਰਤੀ ਕਿ ਹਰ ਕੋਈ ਤਰਾਹ ਤਰਾਹ ਕਰ ਉੱਠਿਆ ।

ਉਨ੍ਹਾਂ ਦੋਸ਼ ਲਾਇਆ ਕਿ ਬਰੋਡਕੈਸਟ ਸਟੈਂਡਰਡਜ ਅਥੌਰਟੀ (ਬੀਐਸਏ) ਦੇ ਸੀਮਿਤ ਸਰੋਤ ਅਤੇ ਟਰਾਂਸਲੇਟਰ ਦੀ ਸੁਵਿਧਾ ਨਾ ਹੋਣ ਦਾ ਨਾਜਾਇਜ਼ ਫ਼ਾਇਦਾ ਚੁੱਕਦੇ ਹੋਏ ਰੇਡੀਉ ਵਿਰਸਾ ਬਾਰ ਬਾਰ ਨਿਯਮਾਂ ਦਾ ਉਲੰਘਣਾ ਕਰਦਾ ਰਿਹਾ ਹੈ । ਵਰਤਮਾਨ ਸਮੇਂ ਵਿਚ ਰੇਡੀਉ ਵਿਰਸਾ ਦਾ ਦੁਰਉਪਯੋਗ ਨਿਊਜ਼ੀਲੈਂਡ ਵੱਸਦੇ ਭਾਰਤੀ ਮੂਲ ਦੇ ਲੋਕਾਂ ਵਿਚ ਆਪਸੀ ਨਫ਼ਰਤ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ । ਦੁਖ ਦੀ ਗੱਲ ਇਹ ਹੈ ਕਿ ਮਾਸੂਮ ਬੱਚੇ ਅਤੇ ਮਾਣਯੋਗ ਔਰਤਾਂ ਨੂੰ ਵੀ ਇਸ ਰੇਡੀਉ ਦੇ ਚਾਲਕ ਨਹੀਂ ਬਖ਼ਸ਼ਦੇ ਅਤੇ ਵੱਧ ਤੋਂ ਵੱਧ ਕੂੜ ਪ੍ਰਚਾਰ ਇਹਨਾਂ ਪ੍ਰਤੀ ਵੀ ਕਰਦੇ ਹਨ । ਬੀ.ਐਸ.ਏ. ਨੂੰ ਰੇਡੀਉ ਵਿਰਸਾ ਦੇ ਖ਼ਿਲਾਫ਼ ਬਹੁਤ ਸ਼ਿਕਾਇਤਾਂ ਦਿੱਤੀਆਂ ਗਈਆਂ ਅਤੇ ਉਸ ਵੱਲੋਂ ਇਹਨਾਂ ਦਰਜ ਸ਼ਿਕਾਇਤਾਂ ਦੇ ਆਧਾਰ ਤੇ ਰੇਡੀਉ ਵਿਰਸਾ ਨੂੰ ਦਿੱਤੀਆਂ ਚੇਤਾਵਨੀਆਂ ਦੇ ਬਾਵਜੂਦ ਵੀ ਇਸ ਰੇਡੀਉ ਦੇ ਚਾਲਕ ਨਿਊਜ਼ੀਲੈਂਡ ਕਾਨੂੰਨ ਦੀ ਧੱਜੀਆਂ ਉਡਾਉਂਦੇ ਹੋਏ ਪਹਿਲੇ ਤੋਂ ਵੀ ਵੱਧ ਨਫ਼ਰਤ ਫੈਲਾ ਰਹੇ ਹਨ। ਮਾਸੂਮ ਬੱਚਿਆਂ ਅਤੇ ਮਾਣਯੋਗ ਔਰਤਾਂ ਦੀ ਨਿੰਦਿਆਂ ਕਰਨ ਦੇ ਨਾਲ ਨਾਲ ਇਸ ਰੇਡੀਉ ਦੇ ਚਾਲਕ ਆਪਣੇ ਲਾਈਵ ਟਾਕ ਸ਼ੋ ਰਾਹੀਂ ਵੱਖ ਵੱਖ ਸਿੱਖ , ਹਿੰਦੂ ਅਤੇ ਇਸਾਈ ਧਰਮਾਂ ਦੀਆਂ ਮਾਨਤਾਵਾਂ, ਵਿਸ਼ਵਾਸ ਅਤੇ ਇਹਨਾਂ ਧਰਮਾਂ ਦੇ ਪਵਿੱਤਰ ਗ੍ਰੰਥਾਂ ਅਤੇ ਸ਼ਾਸਤਰਾਂ ਖ਼ਿਲਾਫ਼ ਝੂਠ ਬੋਲ ਕੇ ਫ਼ਿਰਕਾਪ੍ਰਸਤ ਹਿੰਸਾ ਦੇ ਬੀਜ ਬੋਣ ਵਿਚ ਲੱਗੇ ਹੋਏ ਹਨ । ਨਿਊਜ਼ੀਲੈਂਡ ਪੁਲਿਸ ਦੇ ਸਹਿਯੋਗ ਅਤੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਨਿਊਜ਼ੀਲੈਂਡ ਦੇ 20 ਗੁਰਦਵਾਰਿਆਂ ਦੇ ਨੁਮਾਇੰਦੇ ਅਤੇ ਪੰਥਕ ਜਥੇਬੰਦੀਆਂ ਜਿਸ ਵਿਚ ਅੰਤਰਰਾਸ਼ਟਰੀ ਅਖੰਡ ਕੀਰਤਨੀ ਜਥਾ ਨਿਊਜ਼ੀਲੈਂਡ, ਅੰਤਰਰਾਸ਼ਟਰੀ ਦਮਦਮੀ ਟਕਸਾਲ, ਸਿੱਖ ਮਿਸ਼ਨਰੀ ਆਦਿ ਦੇ ਮੈਂਬਰਾਂ ਸਮੇਤ ਇਕ 25 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਰੇਡੀਉ ਵਿਰਸਾ ਖ਼ਿਲਾਫ਼ ਹਰ ਕਾਨੂੰਨੀ ਕਾਰਵਾਈ ਕਰਨ ਲਈ ਕੀਤਾ ਗਿਆ ਹੈ । ਇਸੇ 25 ਮੈਂਬਰੀ ਐਕਸ਼ਨ ਕਮੇਟੀ ਨੇ 20 ਮਈ 2018 ਦੁਪਹਿਰ ਠੀਕ 2 ਵਜੇ ਰੇਡੀਉ ਵਿਰਸਾ ਦੇ ਹੈੱਡਕੁਆਟਰ 127 ਸ਼ਰਲੀ ਰੋਡ ਪਾਪਾਟੋਏਟੋਏ ਦੇ ਬਾਹਰ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ ।
ਉਨ੍ਹਾਂ ਪੂਰੇ ਨਿਊਜ਼ੀਲੈਂਡ ਵਿਚੋਂ ਸੰਗਤਾਂ ਨੂੰ ਇਸ ਮੁਜ਼ਾਹਰੇ ਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ ।

Leave a Reply

Your email address will not be published. Required fields are marked *

%d bloggers like this: