ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਦੇ ਮਾਲਕ ਗਾਇਕ “ਸੁਖਬੀਰ ਰਾਣਾ”

ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਦੇ ਮਾਲਕ ਗਾਇਕ “ਸੁਖਬੀਰ ਰਾਣਾ”

ਭਾਵੇਂ ਅਜੋਕੇ ਸੰਗੀਤ ਦੀ ਦੁਨੀਆਂ ਵਿੱਚ ਬਹੁਤ ਸਾਰੇ ਨਵੇਂ ਗਾਇਕ ਉੱਭਰ ਕੇ ਮਸ਼ਹੂਰ ਹੋ ਰਹੇ ਹਨ ਪਰ ਸੁਰੀਲਾ ਗਾਉਣ ਵਾਲੇ ਫਨਕਾਰਾਂ ਵਾਲਾ ਨਜ਼ਾਰਾ ਅਜੋਕੇ ਗਾਇਕਾਂ ਵਿੱਚੋਂ ਘੱਟ ਹੀ ਸੁਣਨ ਨੂੰ ਮਿਲਦਾ ਹੈ । ਮਸ਼ਹੂਰ ਹੋਣ ਲਈ ਬਹੁਤ ਸਾਰੇ ਗਾਇਕ ਲੱਚਰਤਾ ਵਾਲੇ ਪਾਸੇ ਜਾ ਰਹੇ ਹਨ ਪ੍ਰੰਤੂ ਫਿਰ ਵੀ ਪੰਜਾਬ ਵਿੱਚ ਬਹੁਤ ਸਾਰੇ ਸੁਰੀਲਾ ਗਾਉਣ ਵਾਲੇ ਅਜਿਹੇ ਗਾਇਕ ਹਨ ਜਿੰਨ੍ਹਾਂ ਨੇ ਆਪਣੀ ਆਵਾਜ਼ ਰਾਹੀਂ ਦੁਨੀਆਂ ਤੇ ਵੱਖਰੀ ਪਹਿਚਾਣ ਹਾਸਲ ਕੀਤੀ ਹੈ । ਇੰਨ੍ਹਾਂ ਹੀ ਸੁਰੀਲੇ ਫਨਕਾਰਾਂ ਵਿੱਚ ਨਾਮ ਆਉਂਦਾ ਹੈ ਮਸ਼ਹੂਰ ਪੰਜਾਬੀ ਗਾਇਕ ‘ ਸੁਖਬੀਰ ਰਾਣਾ ‘

ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਸੁਖਬੀਰ ਰਾਣਾ ਦੀ ਸੁਰੀਲੀ ਆਵਾਜ਼ ਸ੍ਰੋਤਿਆਂ ਨੂੰ ਕੀਲ ਕੇ ਰੱਖ ਦਿੰਦੀ ਹੈ । ਉਨ੍ਹਾਂ ਦੇ ਗੀਤ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਰਹਿੰਦਾ ਹੈ । ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਦੇ ਮਾਲਕ ਮਸ਼ਹੂਰ ਪੰਜਾਬੀ ਗਾਇਕ ਸੁਖਬੀਰ ਰਾਣਾ ਦਾ ਜਨਮ ਲੁਧਿਆਣਾ ਵਿਖੇ ਪਿਤਾ ਸ. ਰਣਬੀਰ ਸਿੰਘ ਰਾਣਾ ਅਤੇ ਮਾਤਾ ਸਰਦਾਰਨੀ ਗੁਰਚਰਨ ਕੌਰ ਦੇ ਘਰ ਹੋਇਆ । ਉਨ੍ਹਾਂ ਆਪਣੀ ਬਾਰਵ੍ਹੀਂ ਜਮਾਤ ਤੱਕ ਦੀ ਪੜ੍ਹਾਈ ਕਰਨ ਉਪਰੰਤ ਗ੍ਰੈਜੂਏਸ਼ਨ ਗੌਰਮਿੰਟ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ । ਬਚਪਨ ਤੋਂ ਹੀ ਉਨ੍ਹਾਂ ਦਾ ਗਾਇਕੀ ਨਾਲ ਬਹੁਤ ਪਿਆਰ ਸੀ । ਪੰਜ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਭੂਆ ਮਸ਼ਹੂਰ ਗਾਇਕਾ ਨਰਿੰਦਰ ਬੀਬਾ ਜੀ ਤੋਂ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਅਤੇ ਉਸ ਤੋਂ ਬਾਅਦ ਕਲਾਸੀਕਲ ਪੱਧਰ ਦੀ ਸਿੱਖਿਆ ਉਸਤਾਦ ਸੁਰਿੰਦਰ ਸ਼ਰਮਾ ਤੋਂ ਹਾਸਲ ਕੀਤੀ । ਸੁਰਿੰਦਰ ਸ਼ਰਮਾ ਤੋਂ ਉਨ੍ਹਾਂ ਸੰਗੀਤ ਦੀਆਂ ਬਾਰੀਕੀਆਂ ਅਤੇ ਹਰਮੋਨੀਅਮ ਬਾਰੇ ਗਿਆਨ ਪ੍ਰਾਪਤ ਕੀਤਾ । ਸੁਖਬੀਰ ਰਾਣਾ ਅਕਸਰ ਸਕੂਲਾਂ ਅਤੇ ਕਾਲਜਾਂ ਦੇ ਫੰਕਸ਼ਨਾਂ ਵਿੱਚ ਹਿੱਸਾ ਲੈਂਦੇ ਸਨ ਜਿੱਥੋਂ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਤੋਂ ਵੀ ਕਾਫੀ ਪਿਆਰ ਮਿਲਦਾ ਸੀ । ਸੁਖਬੀਰ ਰਾਣਾ ਨੇ ਦੱਸਿਆ ਕਿ ਜਦੋਂ ਉਹ 10 ਕੁ ਸਾਲ ਦੀ ਉਮਰ ਦੇ ਸਨ ਉਨ੍ਹਾਂ ਨੂੰ ਜਲੰਧਰ ਦੂਰਦਰਸ਼ਨ ਵੱਲੋਂ ਸ਼ੁਰੂ ਕੀਤੇ ਪ੍ਰੋਗਰਾਮ ਝਿਲ-ਮਿਲ ਤਾਰੇ ਵਿੱਚ ਗਾਉਣ ਦਾ ਮੌਕਾ ਮਿਲਿਆ ਸੀ ।

ਜੇਕਰ ਗੀਤਾਂ ਦੀ ਗੱਲ ਕਰੀਏ ਤਾਂ 14 ਕੁ ਸਾਲ ਦੀ ਉਮਰ ਵਿੱਚ ਸੁਖਬੀਰ ਰਾਣਾ ਦੀ ਪਹਿਲੀ ਐਲਬਮ ” ਕਾਸ਼ੀ ਵਿੱਚ ਹੋਏ ਅਵਤਾਰ ਰਵਿਦਾਸ ” ਰਿਲੀਜ਼ ਹੋਈ । ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਪਹਿਲੀ ਰਿਕਾਰਡਿੰਗ ਉਸ ਦੇ ਉਸਤਾਦ ਸੁਰਿੰਦਰ ਸ਼ਰਮਾ ਜੀ ਦੇ ਨਾਲ ਹੀ ਕੀਤੀ ਗਈ । ਇਸ ਐਲਬਮ ‘ਚ ਉਨ੍ਹਾਂ ਦੇ ਦੋ ਸ਼ਬਦ ਸਨ ਜਿੰਨ੍ਹਾਂ ਨੂੰ ਸ੍ਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਸ ਤੋਂ ਬਾਅਦ ਉਨ੍ਹਾਂ ਦੀਆਂ ਕਈ ਐਲਬਮ ਆਈਆਂ ਜਿੰਨਾਂ ਵਿੱਚੋਂ ” ਤੇਰੀ ਬਣੀ ਤਸਵੀਰ”, “ਆ ਗਿਆ ਵਣਜਾਰਾ”, ਸੁੱਪਰ ਹਿੱਟ ਐਲਬਮ ” ਯਾਰੀ ਲੈ ਬੈਠੀ “, “ਬਾਵਰੀ”, “ਮਾਹੀਆ”, ਅਤੇ ਧਾਰਮਿਕ ਐਲਬਮ ਮਾਂ ਦੇ ਚਾਲੇ ਆਦਿ ਕੁਝ ਯਾਦਗਾਰੀ ਮਸ਼ਹੂਰ ਐਲਬਮ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਬਹੁਤ ਸਾਰੇ ਸਿੰਗਲ ਟ੍ਰੈਕ ਜਿਵੇਂ ਕਿ , ਬਰਫ਼, ਜੱਟ ਧੀ ਮੁੱਛ, ਫਰਿਆਦ, ਪੰਜਾਬ, ਫੁੱਲ ਬਰਸਾਵਾਂ, ਮਾਂ, ਮੈਂ ਤੇ ਮੇਰੀ ਜ਼ਿੰਦਗੀ, ਸਾਡਾ ਹੋਇਆ ਨਾ ਕੋਈ ਅਤੇ ਰੁੱਸੀ ਨਾ ਆਦਿ ਸਾਰੇ ਗੀਤਾਂ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ । ਇਸ ਤੋਂ ਬਾਅਦ ਸੁਖਬੀਰ ਰਾਣਾ ਨੇ ਦੁਨੀਆਂ ਤੇ ਵੱਖਰੀ ਪਹਿਚਾਣ ਬਣਾ ਲਈ ਸੀ । ਪੰਜਾਬ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਲੋਕ ਉਨ੍ਹਾਂ ਦੀ ਆਵਾਜ਼ ਦੇ ਦੀਵਾਨੇ ਬਣ ਗਏ ਸਨ ।

ਸੁਖਬੀਰ ਰਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰੇਕ ਵੰਨਗੀ ਦੇ ਗੀਤ ਗਾਏ ਹਨ ਪ੍ਰੰਤੂ ਅਜਿਹਾ ਗੀਤ ਕਦੇ ਵੀ ਨੀ ਗਾਇਆ ਜਿਸ ਨਾਲ ਸ੍ਰੋਤਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ । ਉਦਾਸ ਗੀਤ ਗਾਉਣ ਵਿੱਚ ਉਨ੍ਹਾਂ ਦੀ ਕਾਫੀ ਦਿਲਚਸਪੀ ਹੈ । ਅੰਤ ਵਿੱਚ ਮੈਂ ਉਨ੍ਹਾਂ ਦੀ ਲੰਬੀ ਉਮਰ ਲਈ ਅਰਦਾਸ ਕਰਦਾ ਹਾਂ ।

ਪੈਰੀ ਪਰਗਟ
81461-02593

Leave a Reply

Your email address will not be published. Required fields are marked *

%d bloggers like this: