Mon. May 20th, 2019

ਰੂਪਨਗਰ ਦਾ ਰੇਲਵੇ ਸਟੇਸ਼ਨ 90 ਸਾਲ ਬੀਤ ਜਾਣ ਤੋਂ ਬਾਅਦ ਵੀ ਰੇਲਵੇ ਵਿਭਾਗ ਦੀ ਅਣਦੇਖੀ ਦਾ ਕਰ ਰਿਹਾ ਹੈ ਸਾਹਮਣਾ

ਰੂਪਨਗਰ ਦਾ ਰੇਲਵੇ ਸਟੇਸ਼ਨ 90 ਸਾਲ ਬੀਤ ਜਾਣ ਤੋਂ ਬਾਅਦ ਵੀ ਰੇਲਵੇ ਵਿਭਾਗ ਦੀ ਅਣਦੇਖੀ ਦਾ ਕਰ ਰਿਹਾ ਹੈ ਸਾਹਮਣਾ

ਪੰਜਾਬ ਦਾ ਜਿਲ੍ਹਾ ਰੂਪਨਗਰ, ਆਮ ਬੋਲਚਾਲ ਵਿੱਚ ਜਿਸ ਦਾ ਨਾਮ ‘ਰੋਪੜ’ ਵਧੇਰੇ ਪ੍ਰਚਲਿਤ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਰੋਪੜ ਸ਼ਹਿਰ ਸਤਲੁਜ ਦਰਿਆ ਦੇ ਕੰਢੇ ਸਥਿਤ ਹੈ। ਇਸਦਾ ਇਤਿਹਾਸ ਹੜੱਪਾ ਸਭਿਅਤਾ ਨਾਲ ਜੁੜਦਾ ਹੈ। ਇੱਥੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਰੇਲਵੇ ਸਟੇਸ਼ਨ ਬਣਿਆ ਹੋਇਆ ਹੈ, ਜਿਸ ਦਾ ਨਿਰਮਾਣ 1927 ‘ਚ ਕੀਤਾ ਗਿਆ ਸੀ, ਇਲਾਕੇ ਦੇ ਲੋਕਾ ਦਾ ਕਹਿਣਾ ਹੈ ਕਿ 90 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਦੀ ਸਥਿਤੀ ਨੂੰ ਲੈ ਕੇ ਰੇਲਵੇ ਵਿਭਾਗ ਅਣਦੇਖੀ ਕਰ ਰਿਹਾ ਹੈ। ਜਿਸ ਵਿੱਚ ਸਟੇਸ਼ਨ ‘ਤੇ ਇਕ ਸਾਲ ਪਹਿਲਾਂ ਬਣਿਆ ਸ਼ੌਚਾਲਿਆ ਵੀ ਸ਼ੁਰੂ ਹੋਣ ਲਈ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਉਡੀਕ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਰੂਪਨਗਰ, ਜਿਸ ਦਾ ਨਿਰਮਾਣ ਅੰਗਰੇਜ਼ਾਂ ਨੇ ਕੀਤਾ ਸੀ ਅਤੇ ਉਸ ਵੇਲੇ ਇਕਾ-ਦੁੱਕਾ ਰੇਲ ਗੱਡੀਆਂ ਹੀ ਰੂਪਨਗਰ ਆਉਂਦੀਆਂ ਸਨ ਪਰ ਹੁਣ ਰੋਜ਼ਾਨਾ ਯਾਤਰੀ ਅਤੇ ਮਾਲ ਗੱਡੀਆਂ ਸਮੇਤ ਦੋ ਦਰਜਨ ਤੋਂ ਵੱਧ ਰੇਲ ਗੱਡੀਆਂ ਆਉਂਦੀਆਂ ਜਾਂਦੀਆਂ ਹਨ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ‘ਤੇ ਇਕ ਹੀ ਪਲੇਟਫਾਰਮ ਬਣਿਆ ਹੋਇਆ ਹੈ ਜਦੋਂਕਿ ਦੂਜੇ ਪਲੇਟਫਾਰਮ ਲਈ ਇਸ ਦੀ ਯੋਜਨਾ ਤਿਆਰ ਕੀਤੀ ਗਈ ਸੀ। ਜਦੋਂ ਪਹਿਲਾਂ ਉੱਚ ਅਧਿਕਾਰੀ ਰੇਲਵੇ ਸਟੇਸ਼ਨ ਦਾ ਦੌਰਾ ਕਰਨ ਲਈ ਆਏ ਸਨ ਤਾਂ ਉਨ੍ਹਾਂ ਵੱਲੋਂ ਜਲਦ ਹੀ ਦੂਜੇ ਪਲੇਟਫਾਰਮ ਅਤੇ ਓਵਰਬ੍ਰਿਜ ਦੇ ਨਿਰਮਾਣ ਦਾ ਭਰੋਸਾ ਦਿੱਤਾ ਸੀ ਪਰ ਉਕਤ ਯੋਜਨਾ ਨੂੰ ਠੰਡੇ ਬਸਤੇ ‘ਚ ਪਾ ਦਿੱਤਾ ਗਿਆ। ਉਕਤ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਲੋਕ ਜਾਨ ਜੋਖਮ ‘ਚ ਪਾ ਕੇ ਲਾਈਨ ਪਾਰ ਕਰਦੇ ਹਨ ਅਤੇ ਇਸ ਸਥਿਤੀ ਕਾਫੀ ਗੰਭੀਰ ਹੋ ਜਾਂਦੀ ਹੈ ਜਦੋਂ ਇਕੋ ਸਮੇਂ ‘ਤੇ ਦੋ ਰੇਲ ਗੱਡੀਆਂ ਆ ਕੇ ਰੁਕਦੀਆਂ ਹਨ ਅਤੇ ਲੋਕਾਂ ਨੂੰ ਗੱਡੀਆਂ ਦੇ ਵਿਚੋਂ ਹੀ ਲੰਘ ਕੇ ਆਉਣਾ-ਜਾਣਾ ਪੈਂਦਾ ਹੈ। ਬੁਕਿੰਗ ਵਿੰਡੋ ਜਲਦੀ ਬੰਦ ਹੋਣ ਨਾਲ ਯਾਤਰੀ ਪ੍ਰੇਸ਼ਾਨ:- ਭਾਜਪਾ ਯੁਵਾ ਮੋਰਚਾ ਰੂਪਨਗਰ ਦੇ ਸਕੱਤਰ ਅਭਿਜੀਤ ਆਹੂਜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੂਪਨਗਰ ਤੋਂ ਦਿੱਲੀ ਅਤੇ ਕਲਕੱਤਾ, ਬਰੇਲੀ ਆਦਿ ਸਟੇਸ਼ਨਾਂ ਲਈ ਗੱਡੀਆਂ ਚੱਲਦੀਆਂ ਹਨ, ਜਿਸ ਲਈ ਲੋਕਾਂ ਨੂੰ ਐਡਵਾਂਸ ਬੁਕਿੰਗ ਕਰਵਾਉਣੀ ਪੈਂਦੀ ਹੈ। ਬੁਕਿੰਗ ਦਾ ਟਾਈਮ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਣ ਕਾਰਨ ਅਕਸਰ ਬਾਅਦ ‘ਚ ਆਉਣ ਵਾਲੇ ਲੋਕਾਂ ਨੂੰ ਨਿਰਾਸ਼ ਮੁੜਨਾ ਪੈਂਦਾ ਹੈ। ਸ਼ਹਿਰ ‘ਚ ਬਹੁਤ ਸਾਰੇ ਪ੍ਰਵਾਸੀ ਲੋਕ ਫੈਕਟਰੀਆਂ ਅਤੇ ਹੋਰਨਾਂ ਦਫਤਰਾਂ ‘ਚ ਕੰਮ ਕਰਦੇ ਹਨ, ਜਿਨ੍ਹਾਂ ਨੂੰ ਛੁੱਟੀ ਸ਼ਾਮ 5 ਵਜੇ ਤੋਂ ਬਾਅਦ ਹੁੰਦੀ ਹੈ, ਉਦੋਂ ਤੱਕ ਬੁਕਿੰਗ ਵਿੰਡੋ ਬੰਦ ਹੋ ਚੁੱਕੀ ਹੁੰਦੀ ਹੈ। ਜਦੋਂਕਿ ਸਬੰਧਤ ਯਾਤਰੀਆਂ ਨੂੰ ਬੁਕਿੰਗ ਲਈ ਦਫਤਰਾਂ ਤੋਂ ਛੁੱਟੀ ਲੈ ਕੇ ਆਉਣਾ ਪੈਂਦਾ ਹੈ। ਉਨ੍ਹਾਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਬੁਕਿੰਗ ਵਿੰਡੋ ਦਾ ਟਾਈਮ ਦੇਰ ਸ਼ਾਮ 8 ਵਜੇ ਤੱਕ ਕੀਤਾ ਜਾਵੇ ਤਾਂ ਕਿ ਲੋੜਵੰਦ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।

Leave a Reply

Your email address will not be published. Required fields are marked *

%d bloggers like this: