ਰੁੱਤ ਆ ਗਈ ਵਿਦੇਸ਼ਾਂ ਨੂੰ ਜਾਣ ਦੀ

ss1

ਰੁੱਤ ਆ ਗਈ ਵਿਦੇਸ਼ਾਂ ਨੂੰ ਜਾਣ ਦੀ

ਜਦੋਂ ਨਤੀਜੇ ਨਿਕਲਦੇ ਹਨ ਤਾਂ ਇਵੇਂ ਲੱਗਦਾ ਹੈ ਸਾਰਾ ਪੰਜਾਬ ਵਿਦੇਸ਼ਾਂ ਨੂੰ ਜਾਣ ਲਈ ਤਿਆਰ ਬੈਠਾ ਹੈ।ਬਾਕੀ ਮੌਸਮਾ ਤੇ ਰੁੱਤਾਂ ਵਾਂਗ ਏਹ ਵੀ ਆਪਣਾ ਚੱਕਰ ਪੂਰਾ ਕਰਕੇ ਆ ਜਾਂਦਾ ਹੈ।ਹੁਣ ਇੱਕ ਵਾਰ ਫੇਰ ਵਿਦੇਸ਼ਾਂ ਵਿੱਚ ਜਾਣ ਵਾਸਤੇ ਨੌਜਵਾਨਾਂ ਨੇ ਕਮਰ ਕੱਸ ਲਈ ਹੈ।ਇਹ ਕੋਈ ਮਜ਼ਾਕ ਵਾਲੀ ਤੇ ਖੁਸ਼ ਹੋਣ ਗੱਲ ਨਹੀਂ ਹੈ।ਕਿਸੇ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ, ਕਿਸੇ ਨੇ ਇਸ ਤੇ ਵਿਚਾਰ ਕੀਤਾ ਕਿ ਸਾਡੇ ਬੱਚੇ ਵਿਦੇਸ਼ਾਂ ਵੱਲ ਕਿਉਂ ਭੱਜੇ ਜਾ ਰਹੇ ਹਨ।ਨੌਜਵਾਨ ਅਤੇ ਉਸਦੇ ਮਾਪੇ ਸਿਰਫ਼ ਪਲਸ ਟੂ ਪਾਸ ਹੋਣ ਦੀ ਝਾਕ ਵਿੱਚ ਬੈਠੇ ਹੁੰਦੇ ਹਨ।ਜਿਵੇਂ ਹੀ ਇਮਤਿਹਾਨ ਹੋ ਜਾਂਦੇ ਹਨ ਸਾਰੇ ਹੀ ਆਈ ਲੈਟਸ ਦੀਆਂ ਕੋਚਿੰਗ ਕਲਾਸਾਂ ਵੱਲ ਵਹੀਰਾਂ ਘੱਤ ਲੈਂਦੇ ਨੇ।ਥਾਂ ਥਾਂ ਤੇ ਅਜਿਹੇ ਕੋਚਿੰਗ ਸੈਂਟਰਾਂ ਦੇ ਬੋਰਡ ਵੇਖਣ ਨੂੰ ਮਿਲ ਜਾਂਦੇ ਹਨ।ਕਿਸੇ ਸਰਕਾਰ ਨੇ ਏਹ ਨਹੀਂ ਸੋਚਿਆ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ ਨੂੰ ਕਿਉਂ ਜਾ ਰਹੀ ਹੈ?ਦੇਸ਼ ਨੂੰ ਇਸ ਦਾ ਕਿੰਨਾ ਵੱਡਾ ਨੁਕਸਾਨ ਹੈ?ਇਸਦਾ ਸਮਾਜ ਉਪਰ ਕੀ ਅਸਰ ਹੋ ਰਿਹਾ ਹੈ?ਦੇਸ਼ ਦੀ ਆਰਥਿਕਤਾ ਨੂੰ ਇਸ ਦੀ ਕਿੰਨੀ ਢਾਅ ਲੱਗ ਰਹੀ ਹੈ।ਇਸਦਾ ਹਲ ਤਾਂ ਹੀ ਕਰਨਗੇ ਜੇਕਰ ਕੋਈ ਸੋਚੇਗਾ।
ਆਪਾਂ ਪਹਿਲਾਂ ਕਾਰਨ ਵੇਖਦੇ ਹਾਂ ਕਿ ਵਿਦੇਸ਼ਾਂ ਦਾ ਰੁਝਾਨ ਵੱਧ ਕਿਉਂ ਰਿਹਾ ਹੈ।ਜੇਕਰ ਆਪਾਂ ਆਪਣੀ ਸਿਖਿਆ ਪ੍ਰਣਾਲੀ ਦੀ ਗੱਲ ਕਰੀਏ ਤਾਂ ਬਹੁਤ ਹੀ ਬੁਰੀ ਹਾਲਤ ਵਿੱਚ ਹੈ।ਜਿੰਨੇ ਵੀ ਕਾਲਜ,ਯੂਨੀਵਰਸਿਟੀਆਂ ਬਣ ਗਈਆਂ ਨੇ,ਬਹੁਤੀਆਂ ਵਿੱਚ ਮਿਆਰੀ ਸਿਖਿਆ ਨਹੀਂ ਦਿੱਤੀ ਜਾ ਰਹੀ।ਮਕਸਦ ਸਿਰਫ਼ ਡਿਗਰੀਆਂ ਦੇਣਾ ਹੈ।ਨੌਜਵਾਨ ਪੀੜ੍ਹੀ ਹੱਥਾਂ ਵਿੱਚ ਡਿਗਰੀਆਂ ਫੜੀ ਸੜਕਾਂ ਤੇ ਧੱਕੇ ਖਾ ਰਹੇ ਹਨ।ਨੌਕਰੀਆਂ ਮਿਲਦੀਆਂ ਨਹੀਂ, ਜਿਹੜੇ ਕਰਦੇ ਹਨ ਉਨ੍ਹਾਂ ਨੂੰ ਕਈ ਕਈ ਮਹੀਨੇ ਤਨਖਾਹਾਂ ਹੀ ਨਹੀਂ ਮਿਲਦੀਆਂ।ਨੌਕਰੀਆਂ ਦੇਣ ਵਾਲੇ ਵੀ ਪੈਸੇ ਘੱਟ ਦਿੰਦੇ ਹਨ ਅਤੇ ਕੰਮ ਵਧੇਰੇ ਲੈਂਦੇ ਹਨ।ਨੌਕਰੀ ਵਿੱਚੋਂ ਕੱਢ ਦਿੱਤੇ ਜਾਣ ਦੀ ਤਲਵਾਰ ਹਰ ਵਕਤ ਉਨ੍ਹਾਂ ਦੇ ਸਿਰ ਤੇ ਲਟਕਦੀ ਰਹਿੰਦੀ ਹੈ।ਜ਼ਿੰਦਗੀ ਚਲਾਉਣ ਵਾਸਤੇ ਹਰ ਕਿਸੇ ਨੂੰ ਰੁਜ਼ਗਾਰ ਚਾਹੀਦਾ ਹੈ।ਸਭ ਨੂੰ ਇਵੇਂ ਲਗਦਾ ਹੈ ਕਿ ਇਥੇ ਸੜਕਾਂ ਤੇ ਧਰਨੇ ਦੇਣ,ਪੁਲਿਸ ਤੋਂ ਡੰਡੇ ਖਾਣ ਅਤੇ ਪਾਣੀ ਦੀਆਂ ਬੁਸ਼ਾਰਾਂ ਖਾਣ ਤੋਂ ਬਗੈਰ ਹੋਰ ਭਵਿੱਖ ਕੁਝ ਵੀ ਨਹੀਂ ਹੈ।ਇਥੇ ਇੱਕ ਗੱਲ ਇਹ ਹੈ ਕਿ ਉਦਯੋਗਪਤੀਆਂ ਅਤੇ ਸਿਆਸਤਦਾਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਜਾਂਦੇ ਹਨ ਤਾਂ ਉਨ੍ਹਾਂ ਦਾ ਉਥੇ ਜਾਣ ਦਾ ਕਾਰਨ ਅਤੇ ਹਾਲਤ ਵੱਖਰੀ ਹੁੰਦੀ ਹੈ।ਆਮ ਲੋਕ ਕਰਜ਼ੇ ਲੈਕੇ ਜਾਂ ਜ਼ਮੀਨਾਂ ਵੇਚਕੇ ਬੱਚਿਆਂ ਨੂੰ ਬਾਹਰ ਪੜ੍ਹਨ ਲਈ ਭੇਜ ਰਹੇ ਹਨ।ਉਥੇ ਜਾਕੇ ਜਦੋਂ ਖਰਚੇ ਪੂਰੇ ਨਹੀਂ ਹੁੰਦੇ ਤਾਂ ਬੱਚਿਆਂ ਨੂੰ ਗਲਤ ਕੰਮ ਕਰਨੇ ਪੈਂਦੇ ਹਨ।ਲੜਕੀਆਂ ਬਾਰੇ ਕੁਝ ਅਜਿਹੇ ਆਰਟੀਕਲ ਪੜ੍ਹਨ ਨੂੰ ਮਿਲੇ ਜੋ ਦਿਲ ਹਿਲਾ ਦੇਣ ਵਾਲੇ ਸਨ।ਜਦੋਂ ਕਿਸੇ ਦੇਸ਼ ਦੀ ਨੌਜਵਾਨ ਸ਼ਕਤੀ ਘੱਟ ਜਾਵੇ ਤਾਂ ਦੇਸ਼ ਕਮਜ਼ੋਰ ਹੋ ਜਾਂਦਾ ਹੈ।ਇਵੇਂ ਹੀ ਹਰ ਸਾਲ ਕਿੰਨਾ ਪੈਸਾ ਵਿਦੇਸ਼ਾਂ ਵਿੱਚ ਫੀਸ ਦੇ ਰੂਪ ਵਿੱਚ ਚਲਿਆ ਜਾਂਦਾ ਹੈ,ਉਸ ਨਾਲ ਦੇਸ਼ ਦੀ ਆਰਥਿਕਤਾ ਤੇ ਵੀ ਅਸਰ ਪੈਂਦਾ ਹੈ।ਹਰ ਇੱਕ ਦੀ ਜ਼ੁਬਾਨ ਉਪਰ ਅਤੇ ਸੋਚ ਵਿੱਚ ਵਿਦੇਸ਼ ਜਾਣਾ ਉਕਰਿਆ ਗਿਆ ਹੈ।ਇਥੇ ਸਰਕਾਰਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ।ਹਰ ਨੌਜਵਾਨ ਨੂੰ ਉਸਦੀ ਕਾਬਲੀਅਤ ਅਨੁਸਾਰ ਰੁਜ਼ਗਾਰ ਦਿਉ।ਕਿਉਂ ਸਭ ਨੂੰ ਇੰਜੀਨੀਅਰਿੰਗ ਦੀ ਡਿਗਰੀ ਵੱਲ ਤੋਰ ਰਹੇ ਹੋ,ਡਿਗਰੀ ਨੇ ਕੁਝ ਨਹੀਂ ਕਰਨਾ, ਕਾਬਲੀਅਤ ਜ਼ਰੂਰੀ ਹੈ।ਜੇਕਰ ਨੌਕਰੀਆਂ ਹੀ ਨਹੀਂ ਤਾਂ ਹਰ ਦਸ ਪੰਦਰਾਂ ਮੀਲ ਤੇ ਕਾਲਜ ਜਾਂ ਯੂਨੀਵਰਸਿਟੀ ਕਿਉਂ ਖੋਲ ਰਹੇ ਹੋ।ਸਰਕਾਰ ਦੀ ਜ਼ੁਮੇਵਾਰੀ ਹੈ ਜਾਂ ਨੌਕਰੀ ਦੇਵੇ ਜਾਂ ਬੇਰੁਜ਼ਗਾਰੀ ਭੱਤਾ ਦੇਵੇ।
ਨੌਜਵਾਨ ਪੀੜ੍ਹੀ ਜਿਵੇਂ ਦਾ ਸਿਸਟਮ ਬਣ ਗਿਆ ਹੈ ਉਸ ਤੋਂ ਤੰਗ ਪ੍ਰੇਸ਼ਾਨ ਹੈ।ਖਾਸ ਕਰਕੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨੇ ਦੇਸ਼ ਤੋਂ ਬਾਹਰ ਜਾਣ ਲਈ ਨੌਜਵਾਨ ਪੀੜ੍ਹੀ ਨੂੰ ਮਜ਼ਬੂਰ ਕਰ ਦਿੱਤਾ ਹੈ।ਇੰਟਰਨੈੱਟ ਕਰਕੇ ਹਰ ਕੋਈ ਵਿਦੇਸ਼ਾਂ ਬਾਰੇ ਜਾਣਕਾਰੀ ਰੱਖਣ ਲੱਗ ਗਿਆ ਹੈ।ਜਿਵੇਂ ਦਾ ਮਾਹੌਲ ਅਤੇ ਸਿਸਟਮ ਉਹ ਵੇਖਦੇ ਨੇ ਇੰਟਰਨੈੱਟ ਤੇ ਉਸ ਇਥੋਂ ਜਾਣਾ ਹੀ ਬਿਹਤਰ ਸਮਝਦੇ ਹਨ।
ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ।ਲੋਕ ਸਿੱਧੇ ਅਸਿੱਧੇ ਤੌਰ ਤੇ ਬਹੁਤ ਸਾਰੇ ਟੈਕਸ ਦੇ ਰਹੇ ਹਨ।ਪਰ ਸਹੂਲਤ ਦੇ ਨਾਮ ਤੇ ਕੁਝ ਵੀ ਨਹੀਂ।ਲੋਕ ਪ੍ਰਾਇਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਕੇ ਕਰਜ਼ਾਈ ਹੋ ਰਹੇ ਹਨ।ਦਵਾਈਆਂ ਨਕਲੀ ਮਿਲ ਰਹੀਆਂ ਹਨ,ਇਲਾਜ ਕਿਵੇਂ ਦਾ ਹੋ ਰਿਹਾ ਹੈ ਕਿਸੇ ਨੂੰ ਪਤਾ ਨਹੀਂ।ਐਂਬੂਲੈਂਸ ਨਹੀਂ ਨੇ,ਪੈਸੇ ਨਹੀਂ ਦਿੱਤੇ ਜਾਂਦੇ ਤਾਂ ਮਰੀਜ਼ ਦਾ ਇਲਾਜ ਨਹੀਂ ਕੀਤਾ ਜਾਂਦਾ ਸਗੋਂ ਹਸਪਤਾਲ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ।ਇੰਜ ਦਾ ਵਤੀਰਾ ਵਿਦੇਸ਼ਾਂ ਵਿੱਚ ਨਹੀਂ ਹੁੰਦਾ।ਨੌਜਵਾਨ ਪੀੜ੍ਹੀ ਇਸ ਸਭ ਤੋਂ ਨਿਕਲਣਾ ਚਾਹੁੰਦੇ ਹਨ ਅਤੇ ਮਾਪੇ ਵੀ ਇਸ ਵਿੱਚ ਹੀ ਬੇਹਤਰੀ ਸਮਝਦੇ ਹਨ ਕਿ ਉਨ੍ਹਾਂ ਦੇ ਬੱਚੇ ਇਥੋਂ ਵਿਦੇਸ਼ ਹੀ ਚਲੇ ਜਾਣ।
ਪੀਣ ਦਾ ਪਾਣੀ ਵੀ ਇੰਨਾ ਗੰਦਾ ਹੈ ਕਿ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।ਖਾਣ ਹੋਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ।ਦੁੱਧ ਨਕਲੀ,ਪਨੀਰ ਨਕਲੀ,ਹਰ ਫਲ ਕੈਮੀਕਲ ਨਾਲ ਪਕਾਇਆ ਹੋਇਆ।ਗੱਲ ਕੀ ਲੋਕਾਂ ਨੂੰ ਜ਼ਹਿਰ ਦਿੱਤੀ ਜਾ ਰਹੀ ਹੈ।ਵਿਭਾਗ ਹਨ ਪਰ ਕੋਈ ਆਪਣੀ ਜ਼ੁਮੇਵਾਰੀ ਨਹੀਂ ਨਿਭਾ ਰਿਹਾ।ਨੌਜਵਾਨ ਪੀੜ੍ਹੀ ਨੂੰ ਆਪਣਾ ਭਵਿੱਖ ਇਥੇ ਵਿਖਾਈ ਹੀ ਨਹੀਂ ਦਿੰਦਾ।ਹਰ ਵਰਗ ਅਤੇ ਹਰ ਕਾਬਲੀਅਤ ਵਾਲੇ ਨੂੰ ਰੁਜ਼ਗਾਰ ਚਾਹੀਦਾ ਹੈ।ਇਥੇ ਹਰ ਵਰਗ ਹੀ ਧਰਨਿਆਂ ਤੇ ਬੈਠਾ ਹੋਇਆ ਹੈ।
ਇਥੇ ਸਰਕਾਰਾਂ ਅਤੇ ਸਾਡੇ ਚੁਣੇ ਹੋਏ ਨੇਤਾਵਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ।ਜਿਸ ਤਰ੍ਹਾਂ ਦੀ ਸਿਖਿਆ ਹੈ ਉਸ ਨਾਲੋਂ ਤਾਂ ਪਹਿਲਾਂ ਠੀਕ ਸੀ ਘੱਟੋ ਘੱਟ ਬੱਚੇ ਖਾਨਦਾਨੀ ਕੰਮਾਂ ਤੇ ਲੱਗ ਜਾਂਦੇ ਸੀ।ਇਹ ਵਿਦੇਸ਼ ਜਾ ਰਹੀ ਨੌਜਵਾਨ ਸ਼ਕਤੀ ਦੇਸ਼ ਵਾਸਤੇ ਠੀਕ ਨਹੀਂ ਹੈ।ਸਮਾਜ ਵਾਸਤੇ ਵੀ ਘਾਤਕ ਹੈ,ਮਾਪੇ ਇਥੇ ਇਕੱਲਤਾ ਝੱਲ ਰਹੇ ਹਨ ਅਤੇ ਬੱਚੇ ਉਥੇ ਇਕੱਲਤਾ ਭੋਗ ਰਹੇ ਹਨ।ਹਰ ਸਾਲ ਬੇਤਿਹਾਸ਼ਾ ਪੈਸਾ ਫੀਸਾਂ ਦੇ ਰੂਪ ਵਿੱਚ ਵਿਦੇਸ਼ਾਂ ਵਿੱਚ ਜਾ ਰਿਹਾ ਹੈ।ਸਮਾਜ ਦਬਾਅ ਹੇਠਾਂ ਹੈ ਅਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਗਿਆ ਹੈ।ਲੋਕ ਮਜ਼ਬੂਰ ਹੋਕੇ ਵਿਦੇਸ਼ਾਂ ਨੂੰ ਬੱਚੇ ਭੇਜ ਰਹੇ ਹਨ।
ਹੁਣ ਇੱਕ ਵਾਰ ਫੇਰ ਹੋਟਲਾਂ ਵਿੱਚ ਸੈਮੀਨਰਾਂ ਦੀ ਰੁੱਤ ਆ ਗਈ ਹੈ।ਨੌਜਵਾਨਾਂ ਦੇ ਮਾਪੇ ਅਤੇ ਨੌਜਵਾਨ ਹੁਣ ਬੈਂਕਾਂ ਵਿੱਚ ਕਰਜ਼ੇ ਲੈਣ,ਟਰੈਵਲ ਏਜੰਟਾਂ ਦੇ ਚੱਕਰ ਅਤੇ ਬੱਚੇ ਨੂੰ ਜਿਵੇਂ ਕਿਵੇਂ ਵਿਦੇਸ਼ ਭੇਜਣ ਲਈ ਤੁਰਿਆ ਫਿਰਦਾ ਹੈ।ਜੇਕਰ ਆਪਾਂ ਏਹ ਕਹਿ ਲਈਏ ਕਿ ਰੁੱਤ ਆ ਗਈ ਵਿਦੇਸ਼ਾਂ ਨੂੰ ਜਾਣ ਦੀ ਤਾਂ ਗਲਤ ਨਹੀਂ ਹੈ।
ਪ੍ਰਭਜੋਤ ਕੌਰ ਢਿੱਲੋਂ
ਮੁਹਾਲੀ
9815030221
Share Button

Leave a Reply

Your email address will not be published. Required fields are marked *